ਭਾਜਪਾ ਦੀ ਕੌਮੀ ਕਾਰਜਕਾਰਨੀ ਵਿੱਚ ਨਜ਼ਰ ਆਈ ਦਲਿਤਾਂ ਨੂੰ ਲੁਭਾਉਣ ਦੀ ਕਵਾਇਦ

    • ਲੇਖਕ, ਨਿਤਿਨ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ, ਦਿੱਲੀ

ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਸ਼ੁੱਕਰਵਾਰ ਤੋਂ ਦਿੱਲੀ ਵਿੱਚ ਸ਼ੁਰੂ ਹੋਈ ਬੈਠਕ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਨੂੰ ਭੁਨਾਉਣ ਅਤੇ ਦਲਿਤਾਂ ਨੂੰ ਲੁਭਾਉਣ ਦੀ ਕੋਸ਼ਿਸ਼ ਨਜ਼ਰ ਆਈ।

ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਗਰਜਦੀ ਆਵਾਜ਼ ਵਿੱਚ ਕਿਹਾ, "ਨਰਿੰਦਰ ਮੋਦੀ ਵਜੋਂ ਸਾਡੇ ਕੋਲ ਦੁਨੀਆਂ ਦਾ ਸਭ ਤੋਂ ਮਸ਼ਹੂਰ ਨੇਤਾ ਹੈ।''

ਦਿੱਲੀ ਦੇ ਇੱਕ ਨਾਮੀਂ ਪੰਜ ਤਾਰਾ ਹੋਟਲ ਕੋਲ ਅੰਬੇਡਕਰ ਇੰਟਨੈਸ਼ਨਲ ਸੈਂਟਰ ਹੈ ਜਿਸਦਾ ਉਦਘਾਟਨ ਪਿਛਲੇ ਸਾਲ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ।

ਅੰਬੇਡਕਰ ਸੈਂਟਰ ਭਾਜਪਾ ਦੇ ਭਗਵਾ ਰੰਗ ਦੇ ਬੈਨਰਾਂ ਨਾਲ ਸਜਿਆ ਹੋਇਆ ਹੈ ਅਤੇ ਹਰ ਪਾਸੇ ਮਰਹੂਮ ਆਗੂ ਅਟਲ ਬਿਹਾਰੀ ਵਾਜਪਾਈ ਦੀਆਂ ਤਸਵੀਰਾਂ ਲਟਕ ਹੋਈਆਂ ਹਨ।

ਇਹ ਵੀ ਪੜ੍ਹੋ:

ਅੰਦਰ ਹਾਲ ਵਿੱਚ ਵਾਜਪਾਈ ਦੀਆਂ ਕਵਿਤਾਵਾਂ ਤੋਂ ਇਲਾਵਾ ਪਰਵੇਜ਼ ਮੁਸ਼ਰੱਫ਼ ਨਾਲ ਹੋਈ ਉਨ੍ਹਾਂ ਦੀ ਮੁਲਾਕਾਤ, ਸੰਯੁਕਤ ਰਾਸ਼ਟਰ 'ਚ ਦਿੱਤਾ ਗਿਆ ਉਨ੍ਹਾਂ ਦਾ ਭਾਸ਼ਣ ਅਤੇ ਦਰਜਨਾਂ ਰੈਲੀਆਂ ਨੂੰ ਸੰਬੋਧਿਤ ਕਰਨ ਵਾਲੀਆਂ ਤਸਵੀਰਾਂ ਲਗਾਈਆਂ ਗਈਆਂ ਹਨ।

ਅੰਦਰ ਤੋਂ ਲੈ ਕੇ ਬਾਹਰ ਸੜਕ ਤੱਕ ਲੱਗੇ ਲਗਭਗ ਹਰ ਬੈਨਰ 'ਤੇ ਸਭ ਤੋਂ ਵੱਡੀ ਤਸਵੀਰ ਨਰਿੰਦਰ ਮੋਦੀ ਦੀ ਹੈ, ਉਸਦੇ ਠੀਕ ਨਾਲ ਹੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਤਸਵੀਰ ਹੈ।

ਰਾਜਨਾਥ ਸਿੰਘ, ਅਰੁਣ ਜੇਟਲੀ, ਸੁਸ਼ਮਾ ਸਵਰਾਜ ਅਤੇ ਨਿਤਿਨ ਗਡਕਰੀ ਦੀਆਂ ਤਸਵੀਰਾਂ ਵੀ ਇਸ ਬੈਨਰ 'ਤੇ ਹਨ, ਪਰ ਪਹਿਲੀਆਂ ਦੋ ਤਸਵੀਰਾਂ ਨਾਲੋਂ ਸਾਈਜ਼ ਵਿੱਚ ਅੱਧੀਆਂ।

ਥੋੜ੍ਹਾ ਲੱਭਣ 'ਤੇ ਲਾਲ ਕ੍ਰਿਸ਼ਣ ਆਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਦੀਆਂ ਤਸਵੀਰਾਂ ਵੀ ਇੱਕ ਬੈਨਰ 'ਤੇ ਦਿਖੀਆਂ, ਪਰ ਉਸ ਤਸਵੀਰ 'ਤੇ ਸਿਰਫ਼ ਇਹ ਦੋ 'ਮਾਰਗ ਦਰਸ਼ਕ' ਆਗੂ ਸਨ, ਕੋਈ ਹੋਰ ਨਹੀਂ।

ਦਲਿਤਾਂ 'ਤੇ ਫੋਕਸ

ਸ਼ਨੀਵਾਰ ਸਵੇਰ ਅਮਿਤ ਸ਼ਾਹ ਨੇ ਇੱਥੇ ਪਹੁੰਚਣ ਦੇ ਨਾਲ ਹੀ ਭੀਮਰਾਵ ਅੰਬੇਡਕਰ ਦੀ ਵੱਡੀ ਮੂਰਤੀ 'ਤੇ ਫੁੱਲ੍ਹ ਚੜਾਏ ਅਤੇ ਪ੍ਰਣਾਮ ਕੀਤਾ।

ਬੀਤੇ ਕਈ ਸਾਲਾਂ ਤੋਂ ਪਾਰਟੀ ਦੀ ਇਹ ਮੀਟਿੰਗ ਜੇ ਦਿੱਲੀ 'ਚ ਹੁੰਦੀ ਸੀ ਤਾਂ ਥਾਂ ਤਾਲਕਟੋਰਾ ਜਾਂ ਜਵਾਹਰ ਲਾਲ ਨਹਿਰੂ ਸਟੇਡੀਅਮ ਜਾਂ ਫ਼ਿਰ ਐਨਡੀਐਮਸੀ ਸੈਂਟਰ ਵਿੱਚ ਕਰਵਾਈ ਜਾਂਦੀ ਸੀ।

ਇਹ ਵੀ ਪੜ੍ਹੋ:

ਭੀਮਰਾਵ ਅੰਬੇਡਕਰ ਦੇ ਨਾਂ ਨਾਲ ਜੁੜੇ ਇਸ ਵੱਡੇ ਭਵਨ 'ਚ ਮੀਟਿੰਗ ਦਾ ਹੋਣਾ ਮਹਿਜ਼ ਇਤਫ਼ਾਕ ਬਿਲਕੁਲ ਨਹੀਂ ਹੈ।

ਗੁਜਰਾਤ 'ਚ ਦਲਿਤਾਂ ਉੱਤੇ ਹੋਏ ਹਿੰਸਕ ਹਮਲਿਆਂ ਤੋਂ ਲੈ ਕੇ ਉੱਤਰ ਪ੍ਰਦੇਸ਼ 'ਚ ਮਾਇਆਵਤੀ 'ਤੇ ਇੱਕ ਸੀਨੀਅਰ ਭਾਜਪਾ ਆਗੂ ਦੀ ਮਾੜੀ ਸ਼ਬਦਾਵਲੀ ਵਾਲੀ ਟਿੱਪਣੀ 'ਤੇ ਮਾਫ਼ੀ ਮੰਗਣ ਤੱਕ ਦਲਿਤ ਭਾਜਪਾ ਲਈ ਮੁਸ਼ਕਿਲ ਵਜੋਂ ਰਹੇ ਹਨ।

ਪਿਛਲੇ ਦੋ ਸਾਲਾਂ 'ਚ ਦੇਸ ਦੇ ਮਹਾਰਾਸ਼ਟਰ ਸੂਬੇ ਤੋਂ ਲੈ ਕੇ ਗੁਜਰਾਤ ਅਤੇ ਉੱਤਰ ਪ੍ਰਦੇਸ਼ ਤੱਕ ਦਲਿਤ ਭਾਈਚਾਰੇ ਦੇ ਵੱਡੇ ਵਿਰੋਧ ਪ੍ਰਦਰਸ਼ਨਾਂ ਦਾ ਸੰਤਾਪ ਵੀ ਝਲਣਾ ਪਿਆ ਹੈ।

ਇਸ ਵਿਚਾਲੇ ਭਾਜਪਾ ਸਰਕਾਰ ਨੇ ਐਸਸੀ-ਐਸਟੀ ਐਟ੍ਰੋਸਿਟੀ ਪ੍ਰਿਵੈਂਸ਼ਨ ਐਕਟ ਨੂੰ ਮੁੜ ਤੋਂ ਮੂਲ ਸਵਰੂਪ 'ਚ ਲਿਆਉਣ ਲਈ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ।

ਐਸਸੀ-ਐਸਟੀ ਐਕਟ 1989 ਦਾ ਇੱਕ ਸਪੈਸ਼ਲ ਐਕਟ ਹੈ ਜਿਸਨੂੰ ਬਣਾਉਣ ਦੀ ਵਜ੍ਹਾ ਸੀ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ ਦੇ ਬਾਵਜੂਦ ਐਸਸੀ-ਐਸਟੀ ਦੇ ਖ਼ਿਲਾਫ਼ ਜਾਤ ਦੇ ਆਧਾਰ 'ਤੇ ਹੋਣ ਵਾਲੇ ਅਪਰਾਧਾਂ ਦਾ ਘੱਟ ਨਾ ਹੋਣਾ।

ਇਸ 'ਚ ਤਤਕਾਲ ਮੁਕੱਦਮਾ ਦਾਇਰ ਹੋਣ ਅਤੇ ਮੁਕੱਦਮਾ ਦਾਇਰ ਹੋਣ ਤੋਂ ਬਾਅਦ ਤਤਕਾਲ ਗ੍ਰਿਫ਼ਤਾਰੀ ਦੀ ਤਜਵੀਜ਼ ਹੈ ਅਤੇ ਅਗਾਊਂ ਜ਼ਮਾਨਤ 'ਤੇ ਰੋਕ ਹੈ।

ਦਰਅਸਲ ਸੁਪਰੀਮ ਕੋਰਟ ਨੇ ਇਸ ਸਾਲ ਤੱਕ ਫ਼ੈਸਲੇ 'ਚ ਇਨ੍ਹਾਂ ਤਿੰਨਾਂ ਤਜਵੀਜ਼ਾਂ ਨੂੰ ਰੱਦ ਕਰ ਦਿੱਤਾ ਸੀ। ਸਰਕਾਰ ਹੁਣ ਨਵਾਂ ਕਾਨੂੰਨ ਲਿਆ ਕੇ ਅੱਤਿਆਚਾਰ ਨਿਰੋਧਕ ਕਾਨੂੰਨ ਨੂੰ ਮੂਲ ਰੂਪ 'ਚ ਬਹਾਲ ਕਰਨ ਦੀ ਯੋਜਨਾ ਬਣਾ ਚੁੱਕੀ ਹੈ।

ਜ਼ਾਹਿਰ ਹੈ, ਨਿਸ਼ਾਨਾ ਦਲਿਤ ਅਤੇ ਪੱਛੜੇ ਵਰਗਾ ਦੀ ਅਹਿਮ ਵੋਟ ਹੈ।

ਨੰਬਰ ਗੇਮ ਸ਼ੁਰੂ

ਆਉਣ ਵਾਲੀਆਂ ਪੰਜ ਵਿਧਾਨਸਭਾ ਚੋਣਾਂ ਵਿੱਚੋਂ ਤਿੰਨ ਸੂਬੇ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ, 'ਚ ਭਾਜਪਾ ਸੱਤਾ ਵਿੱਚ ਹੈ।

ਜ਼ਾਹਿਰ ਹੈ, ਜੇ 2019 ਦੀਆਂ ਆਮ ਚੋਣਾਂ 'ਚ ਭਾਜਪਾ ਨੂੰ ਮੌਜੂਦਾ ਸੀਟਾਂ ਬਰਕਰਾਰ ਵੀ ਰੱਖਣੀਆਂ ਹੋਣਗੀਆਂ ਇਸ ਲਈ ਕਰਨਾਟਕ ਸਣੇ ਇਨ੍ਹਾਂ ਤਿੰਨਾ ਸੂਬਿਆਂ ਦਾ ਨਤੀਜਾ ਬਹੁਤ ਅਹਿਮ ਹੋਵੇਗਾ।

ਕੌਮੀ ਕਾਰਜਕਾਰਣੀ ਦੇ ਪਹਿਲੇ ਦਿਨ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਸਾਰੇ ਸੂਬਿਆਂ ਦੇ ਪ੍ਰਧਾਨਾਂ ਅਤੇ ਕੌਮੀ ਅਹੁਦੇਦਾਰਾਂ ਨੂੰ ''ਸੰਗਠਨ 'ਤੇ ਧਿਆਨ ਦੇਣ ਲਈ ਕਿਹਾ ਹੈ।''

ਆਪਣਾ ਪਸੰਦੀਦਾ ਨਾਅਰਾ, ''ਬੂਥ ਜਿੱਤਿਆ, ਤਾਂ ਚੋਣ ਜਿੱਤੀ'' ਦੁਹਰਾਉਂਦੇ ਹੋਏ ਅਮਿਤ ਸ਼ਾਹ ਨੇ ਸਾਰਿਆਂ ਨੂੰ 'ਚਿਤਾਇਆ' ਹੈ ਕਿ ਚੋਣਾਂ 'ਚ ਹਰ ਵੋਟਿੰਗ ਬੂਥ 'ਤੇ ਵਿਸ਼ੇਸ਼ ਧਿਆਨ ਦੇਣਾ ਹੈ।''

ਅਮਿਤ ਸ਼ਾਹ ਨੇ ਬੈਠਕ 'ਚ ਅਗਾਊਂ ਲੋਕ ਸਭਾ ਚੋਣਾਂ ਦੇ ਟਾਰਗੇਟ ਵੀ ਤੈਅ ਕਰ ਦਿੱਤੇ ਹਨ। ਮਿਸਾਲ ਵਜੋਂ ਪੱਛਮ ਬੰਗਾਲ 'ਚ ਪਾਰਟੀ ਨੇ 2014 'ਚ 42 ਵਿੱਚੋਂ ਦੋ ਸੀਟਾਂ ਜਿੱਤੀਆਂ ਸਨ ਜਦਕਿ ਅਗਲਾ ਟਾਰਗੇਟ 22 ਦਾ ਮਿਲਿਆ ਹੈ।

ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਕੌਮੀ ਕਾਰਜਕਾਰਣੀ ਬੈਠਕ 'ਚ ਇਸ ਗੱਲ 'ਤੇ ਜ਼ੋਰ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਸੱਤਾਧਾਰੀ ਮੋਦੀ ਸਰਕਾਰ ਦੀਆਂ 'ਲਾਭਕਾਰੀ ਯੋਜਨਾਵਾਂ' ਵੋਟਰਾਂ ਤੱਕ ਕਿਵੇਂ ਪਹੁੰਚਾਈਆਂ ਜਾਣ।

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਸ਼ਾਮ ਬੈਠਕ ਖ਼ਤਮ ਹੋਣ ਤੋਂ ਪਹਿਲਾਂ ਸਾਰਿਆਂ ਨੂੰ ਮੁਖ਼ਾਤਿਬ ਹੋਣਗੇ ਪਰ ਇਸ ਸਭ ਦੇ ਵਿਚਾਲੇ ਇੱਕ ਹੋਰ ਵੱਡੀ ਚੀਜ਼ ਹੋਣ ਜਾ ਰਹੀ ਹੈ।

2014 ਦੀਆਂ ਆਮ ਚੋਣਾਂ ਤੋਂ ਬਾਅਦ ਪਾਰਟੀ ਦਾ ਸੰਗਠਨ ਚਲਾ ਰਹੇ ਪ੍ਰਧਾਨ ਅਮਿਤ ਸ਼ਾਹ ਦਾ ਕਾਰਜਕਾਲ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਫ਼ਿਰ ਵਧਣ ਵਾਲਾ ਹੈ।

ਮਤਲਬ ਭਾਰਤੀ ਜਨਤਾ ਪਾਰਟੀ ਦੀ ਕਮਾਨ ਉਨ੍ਹਾਂ ਦੇ ਕੋਲ ਹੀ ਹੈ ਜਿਨ੍ਹਾਂ ਕੋਲ 2014 ਵਿੱਚ ਸੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)