You’re viewing a text-only version of this website that uses less data. View the main version of the website including all images and videos.
ਸੁਖਦੇਵ ਸਿੰਘ ਭੌਰ ਦੀ ਗ੍ਰਿਫ਼ਤਾਰੀ ਪਿੱਛੇ ਇਹ ਰਿਹਾ ਕਾਰਨ
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ ਲਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਪੰਥਕ ਫਰੰਟ ਦੇ ਕਨਵੀਨਰ ਸੁਖਦੇਵ ਸਿੰਘ ਭੌਰ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੁਖਦੇਵ ਸਿੰਘ ਭੌਰ ਦੀ ਗ੍ਰਿਫ਼ਤਾਰੀ ਨਵਾਂਸ਼ਹਿਰ ਅਤੇ ਮੁਹਾਲੀ ਪੁਲਿਸ ਵੱਲੋਂ ਕੀਤੀ ਗਈ ਹੈ।
ਸੁਖਦੇਵ ਸਿੰਘ ਭੌਰ 'ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਬਰਗਾੜੀ ਮੋਰਚੇ ਦੌਰਾਨ ਸੱਚਖੰਡ ਡੇਰਾ ਬੱਲਾਂ ਦੇ ਉਪ ਮੁਖੀ ਸੰਤ ਰਾਮਾਨੰਦ ਬਾਰੇ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ।
ਡੀਆਈਜੀ ਲੁਧਿਆਣਾ ਰੇਂਜ ਰਣਬੀਰ ਸਿੰਘ ਖਟੜਾ ਨੇ ਸੁਖਦੇਵ ਸਿੰਘ ਭੌਰ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ:
ਸੁਖਦੇਵ ਸਿੰਘ ਭੌਰ ਨੇ ਫੇਸਬੁੱਕ 'ਤੇ ਆਪਣੀ ਗਲਤੀ ਮੰਨਦਿਆਂ ਹੋਇਆਂ ਸੰਤ ਰਾਮਾਨੰਦ ਨੂੰ ਮੰਨਣ ਵਾਲੇ ਭਾਈਚਾਰੇ ਤੋਂ ਮੁਆਫੀ ਮੰਗੀ ਹੈ।
ਪੁਲਿਸ ਕੋਲ ਕੀਤੀ ਸ਼ਿਕਾਇਤ ਵਿੱਚ ਕਿਹਾ ਗਿਆ, "ਸੁਖਦੇਵ ਸਿੰਘ ਭੌਰ ਨੇ ਸ੍ਰੀ 108 ਸੰਤ ਰਾਮਾਨੰਦ ਜੀ ਮਹਾਰਾਜ ਡੇਰਾ ਸੱਚਖੰਡ ਬੱਲਾਂ ਬਾਰੇ ਬਹੁਤ ਹੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਇਸ ਸ਼ਬਦਾਵਲੀ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਧੁਰ ਅੰਦਰ ਤੱਕ ਠੇਸ ਪਹੁੰਚੀ ਹੈ। ਸਮੁੱਚੀ ਕੌਮ ਇਸ 'ਤੇ ਆਹਤ ਹੈ।''
ਰਵੀਦਾਸੀਏ ਭਾਈਚਾਰੇ ਵੱਲੋਂ ਸੁਖਦੇਵ ਸਿੰਘ ਭੌਰ ਖਿਲਾਫ ਰੋਸ ਮੁਜ਼ਾਹਰਾ ਵੀ ਕੀਤਾ।
ਭਾਈਚਾਰੇ ਵੱਲੋਂ ਸੁਖਦੇਵ ਸਿੰਘ ਭੌਰ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਸੰਤ ਰਾਮਾਨੰਦ ਜੀ ਦਾ ਵਿਆਨਾ 'ਚ ਮਈ 2009 ਵਿਚ ਕਤਲ ਕਰ ਦਿੱਤਾ ਗਿਆ ਸੀ।
ਸੁਖਦੇਵ ਸਿੰਘ ਭੌਰ ਬਰਗਾੜੀ ਮੋਰਚੇ ਵਿਚ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣ ਲਈ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਬਾਰੇ ਬੋਲ ਰਹੇ ਸਨ ਤਾਂ ਇਸੇ ਭਾਸ਼ਣ ਦੌਰਾਨ ਉਨ੍ਹਾਂ ਨੇ ਸੱਚਖੰਡ ਡੇਰਾ ਬੱਲਾਂ ਦੇ ਉਪ ਮੁਖੀ ਸੰਤ ਰਾਮਾਨੰਦ ਬਾਰੇ ਇਤਰਾਜ਼ਯੋਗ ਬੋਲਿਆ ਸੀ।
ਕੌਣ ਹਨ ਸੁਖਦੇਵ ਸਿੰਘ ਭੌਰ?
ਸੁਖਦੇਵ ਸਿੰਘ ਭੌਰ ਐਸਜੀਪੀਸੀ ਦੇ ਕਾਰਜਕਾਰੀ ਪ੍ਰਧਾਨ ਰਹਿ ਚੁੱਕੇ ਹਨ ਤੇ ਹੁਣ ਵੀ ਉਹ ਐਸਜੀਪੀਸੀ ਦੇ ਮੈਂਬਰ ਹਨ।
ਉਨ੍ਹਾਂ ਨੇ ਸਾਲ 2015 ਵਿੱਚ ਬਹਿਬਲ ਕਲਾਂ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ। ਉਨ੍ਹਾਂ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਸੀ।
ਸ਼੍ਰੋਮਣੀ ਅਕਾਲੀ ਦਲ ਛੱਡਣ ਤੋਂ ਬਾਅਦ ਸੁਖਦੇਵ ਸਿੰਘ ਭੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਉਨ੍ਹਾਂ ਨੇ ਆਪ ਦੀ ਕੇਂਦਰੀ ਲੀਡਰਸ਼ਿੱਪ ਦੀਆਂ ਨੀਤੀਆਂ ਤੋਂ ਨਾਖੁਸ਼ ਹੋ ਕੇ ਪਾਰਟੀ ਛੱਡ ਦਿੱਤੀ ਸੀ।
ਇਹ ਵੀ ਪੜ੍ਹੋ: