ਘੱਟ ਗਿਣਤੀਆਂ ਦੇ ਘਰਾਂ ਨੂੰ ਜਿੰਦਰੇ, ਪਿੰਡ 'ਚ ਅਣਕਹੀ ਦਹਿਸ਼ਤ

ਟਿਟੌਲੀ ਪਿੰਡ, ਰੋਹਤਕ
ਤਸਵੀਰ ਕੈਪਸ਼ਨ, (ਸੱਜੇ ਤੋਂ ਪਹਿਲੇ) ਸ਼ਿਕਾਇਤਕਰਤਾ ਸੁਰੇਸ਼ ਕੁੰਡੂ ਮੁਤਾਬਕ ਮੁਸਲਿਮ ਨੌਜਵਾਨ ਨੇ ਜਾਣਬੁੱਝ ਕੇ ਵੱਛੀ ਨੂੰ ਮਾਰਿਆ
    • ਲੇਖਕ, ਦਲੀਪ ਸਿੰਘ/ ਸਤ ਸਿੰਘ
    • ਰੋਲ, ਰੋਹਤਕ ਦੇ ਪਿੰਡ ਟਿਟੋਲੀ ਤੋਂ ਗਰਾਉਂਡ ਰਿਪੋਰਟ

22 ਅਗਸਤ 2018 ਨੂੰ ਸਾਰੀ ਦੁਨੀਆਂ ਵਿੱਚ ਈਦ ਦੀਆਂ ਰੌਣਕਾਂ ਸਨ। ਇੱਕ ਦੂਜੇ ਨੂੰ ਲੋਕ ਈਦ ਦੀਆਂ ਵਧਾਈਆਂ ਦੇ ਰਹੇ ਸਨ। ਇਸੇ ਦਿਨ ਹਰਿਆਣਾ ਦੇ ਜ਼ਿਲ੍ਹੇ ਰੋਹਤਕ ਦੇ ਪਿੰਡ ਟਿਟੌਲੀ ਵਿੱਚ ਇਸ ਘਰ ਨੂੰ ਲੱਗਿਆ ਤਾਲਾ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਿਹਾ ਸੀ।

ਇਸ ਦਰਵਾਜ਼ੇ ਉੱਤੇ ਲੱਗੇ ਤਾਲੇ ਅਤੇ ਉਸ ਤੋਂ ਪਾਰ ਧਿਆਨ ਨਾਲ ਦੇਖੀਏ ਤਾਂ ਅੰਦਰ ਬੱਚਿਆਂ ਦੇ ਸਕੂਲ ਬੈਗ, ਕੁਰਸੀਆਂ, ਅਤੇ ਕੁਝ ਭਾਂਡੇ ਇੰਝ ਪਏ ਸਨ ਜਿਵੇਂ ਜਿੰਨੀ ਜਲਦ ਹੋ ਸਕੇ ਕਿਸੇ ਨੇ ਓਨੀ ਜਲਦੀ ਘਰੋਂ ਨਿਕਲ ਜਾਣ ਦੀ ਕੋਸ਼ਿਸ਼ ਕੀਤੀ ਹੋਵੇ।

ਇਹ ਘਰ ਯਾਮੀਨ ਦਾ ਹੈ। ਉਸੇ ਨੌਜਵਾਨ ਦਾ ਘਰ, ਜਿਸ ਉੱਤੇ ਇਲਜ਼ਾਮ ਹੈ ਕਿ ਉਸਨੇ ਪਿੰਡ ਵਿੱਚ ਈਦ ਵਾਲੇ ਦਿਨ ਇੱਕ ਵੱਛੀ ਨੂੰ ਮਾਰ ਦਿੱਤਾ।

ਟਿਟੌਲੀ ਪਿੰਡ, ਰੋਹਤਕ

ਯਾਮੀਨ ਦੇ ਘਰ ਦੇ ਆਲੇ ਦੁਆਲੇ ਵੀ ਕਈ ਅਜਿਹੇ ਘਰ ਸਨ, ਜਿਨ੍ਹਾਂ ਨੂੰ ਜਿੰਦਰੇ ਲੱਗੇ ਹੋਏ ਸਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਈਦ ਵਾਲੇ ਦਿਨ ਵੱਛੀ ਦੀ ਮੌਤ ਮਗਰੋਂ ਪਿੰਡ ਵਿੱਚ ਬਹੁਗਿਣਤੀ ਭਾਈਚਾਰੇ ਦੀ ਧਾਰਮਿਕ ਭਾਵਨਾ ਭੜਕ ਗਈ।

ਦਹਿਸ਼ਤ ਵਿੱਚ ਯਾਮੀਨ ਦੇ ਪਰਿਵਾਰ ਦੇ ਨਾਲ-ਨਾਲ ਉਸਦੇ ਗੁਆਂਢੀਆਂ ਨੂੰ ਵੀ ਪਿੰਡ ਛੱਡ ਕੇ ਭੱਜਣਾ ਪਿਆ। ਟਿਟੌਲੀ ਪਿੰਡ ਵਿੱਚ ਮੁਸਲਮਾਨਾਂ ਦੇ ਤਕਰੀਬਨ 125 ਘਰ ਹਨ।

ਤਕਰੀਬਨ ਵੀਹ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਜਾਟ ਭਾਈਚਾਰਾ ਬਹੁਗਿਣਤੀ ਹੈ। ਮੁਸਲਾਮਾਨਾਂ ਦੇ ਇਲਾਕੇ ਨੂੰ ਧੋਬੀਆਂ ਦਾ ਮੁਹੱਲਾ ਕਿਹਾ ਜਾਂਦਾ ਹੈ।

ਬੀਬੀਸੀ ਦੀ ਟੀਮ ਈਦ ਦੇ ਅਗਲੇ ਦਿਨ ਟਿਟੌਲੀ ਪਿੰਡ ਪਹੁੰਚੀ। ਲਿੰਕ ਰੋਡ ਤੋਂ ਤਕਰੀਬਨ ਡੇਢ ਕਿੱਲੋਮੀਟਰ ਅੰਦਰ ਪੈਂਦੇ ਇਸ ਪਿੰਡ ਵਿੱਚ ਅਜੀਬ ਜਿਹੀ ਚੁੱਪ ਸੀ।

ਪੂਰੇ ਪਿੰਡ ਵਿੱਚ ਪੁਲਿਸ ਦੇ ਜਵਾਨ

ਟਿਟੌਲੀ ਪਿੰਡ, ਰੋਹਤਕ

ਪਹੁੰਚ ਮਾਰਗ ਤੋਂ ਲੈ ਕੇ ਪਿੰਡ ਦੇ ਅੰਦਰ ਤੱਕ ਪੁਲਿਸ ਦੀਆਂ ਜਿਪਸੀਆਂ ਪੈਟਰੋਲਿੰਗ ਕਰ ਰਹੀਆਂ ਸਨ। ਪਿੰਡ ਦੀ ਹਰ ਗਲੀ ਦੇ ਮੋੜ 'ਤੇ ਪੁਲਿਸਵਾਲੇ ਤਾਇਨਾਤ ਸਨ।

ਅਸੀਂ ਪਹੁੰਚੇ ਸਿੱਧਾ ਪਿੰਡ ਦੇ ਸਰਪੰਚ ਦੇ ਘਰ। ਹਾਲਾਂਕਿ ਪਿੰਡ ਦੀ ਸਰਪੰਚ ਪਰਮਿਲਾ ਨਾਮੀ ਮਹਿਲਾ ਸੀ ਪਰ ਉਨ੍ਹਾਂ ਦੀ ਥਾਂ 'ਤੇ ਸਾਰਾ ਕੰਮਕਾਜ ਉਨ੍ਹਾਂ ਦੇ ਜੇਠ ਸੁਰੇਸ਼ ਕੁੰਡੂ ਦੇਖਦੇ ਹਨ।ਵਿਵਹਾਰਕ ਤੌਰ 'ਤੇ ਪਿੰਡ ਦੀ ਸਰਪੰਚੀ ਉਨ੍ਹਾਂ ਕੋਲ ਹੀ ਹੈ।

ਸੁਰੇਸ਼ ਨੇ ਹੀ ਵੱਛੀ ਦੀ ਮੌਤ ਮਗਰੋਂ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਮਗਰੋਂ ਯਾਮੀਨ ਅਤੇ ਇੱਕ ਹੋਰ ਨੌਜਵਾਨ ਸ਼ੌਕੀਨ 'ਤੇ ਮਾਮਲਾ ਦਰਜ ਹੋਇਆ ਅਤੇ ਦੋਹਾਂ ਦੀ ਗ੍ਰਿਫ਼ਤਾਰੀ ਹੋਈ।

ਜਿਵੇਂ ਹੀ ਅਸੀਂ ਪਹੁੰਚੇ ਸੱਥ ਵਿੱਚ ਪਿੰਡ ਦੇ ਕੁਝ ਬਜ਼ੁਰਗ ਸਾਨੂੰ ਮਿਲੇ। ਪਿੰਡਵਾਸੀਆਂ ਦੀਆਂ ਗੱਲਾਂ ਜਾਰੀ ਸਨ ਅਤੇ ਚੁੱਪਚਾਪ ਸਾਰੇ ਮਾਹੌਲ ਉੱਤੇ ਨਜ਼ਰ ਰੱਖ ਰਹੇ ਸਨ ਇਲਾਕੇ ਦੇ ਐਸਡੀਐਮ ਅਤੇ ਡੀਐਸਪੀ।

ਇਹ ਵੀ ਪੜ੍ਹੋ:

ਟਿਟੌਲੀ ਪਿੰਡ, ਰੋਹਤਕ

ਤਸਵੀਰ ਸਰੋਤ, SAT SINGH/BBC

ਤਸਵੀਰ ਕੈਪਸ਼ਨ, ਯਾਮੀਨ ਅਤੇ ਸ਼ੌਕੀਨ ਨੂੰ ਹਰਿਆਣਾ ਗਊਵੰਸ਼ ਰੱਖਿਅਕ ਅਤੇ ਗਊਸੰਵਰਧਨਐਕਟ ਤਹਿਤ ਮਾਮਲਾ ਦਰਜ ਹੋਇਆ ਹੈ।

'ਵੱਛੀ ਜਾਣਬੁੱਝ ਕੇ ਮਾਰੀ ਸੀ'

ਈਦ ਵਾਲੇ ਦਿਨ ਕੀ ਹੋਇਆ ਸੀ, ਇਸ ਬਾਰੇ ਬਜੁਰਗਾਂ ਨੇ ਇੱਕ ਸੁਰ ਵਿੱਚ ਕਿਹਾ, ''ਵੱਛੀ ਮਰੀ ਤਾਂ ਪਿੰਡ ਦੇ ਨੌਜਵਾਨ ਜੋਸ਼ ਵਿੱਚ ਆ ਗਏ ਅਤੇ ਉਨ੍ਹਾਂ ਦਾ ਗੁੱਸਾ ਮੁਸਲਮਾਨ ਭਾਈਚਾਰੇ ਖ਼ਿਲਾਫ਼ ਨਿਕਲਿਆ ਵੀ, ਪਰ ਹੁਣ ਹਾਲਾਤ ਕਾਬੂ ਵਿੱਚ ਹਨ ਅਤੇ ਸਭ ਠੀਕ ਹੈ।''

ਇਸੇ ਦੌਰਾਨ ਖ਼ੁਦ ਨੂੰ ਪਿੰਡ ਦੇ ਸਰਪੰਚ ਕਹਿੰਦੇ ਸੁਰੇਸ਼ ਵੀ ਆ ਗਏ। ਗੱਲਬਾਤ ਦੌਰਾਨ ਵੱਛੀ ਦੀ ਮੌਤ ਨੂੰ ਲੈ ਕੇ ਉਨ੍ਹਾਂ ਦੀ ਤਲਖ਼ੀ ਸਾਫ਼ ਦੇਖੀ ਜਾ ਸਕਦੀ ਸੀ।

ਸੁਰੇਸ਼ ਨੇ ਕਿਹਾ, '' ਯਾਮੀਨ ਨੇ ਵੱਛੀ ਜਾਣਬੁੱਝ ਕੇ ਮਾਰੀ ਸੀ। ਜੇਕਰ ਉਸ ਹੱਥੋਂ ਗਲਤੀ ਹੋ ਵੀ ਗਈ ਸੀ ਤਾਂ ਉਹ ਮੰਨ ਲੈਂਦਾ। ਜੋ ਦੋਸ਼ੀ ਹੈ, ਉਸਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ। ਜੇਕਰ ਕਾਨੂੰਨ ਆਪਣਾ ਕੰਮ ਨਹੀਂ ਕਰੇਗਾ ਤਾਂ ਸਮਾਜ ਸਜ਼ਾ ਜ਼ਰੂਰ ਦੇਵੇਗਾ।''

ਇਹ ਵੀ ਪੜ੍ਹੋ:

ਟਿਟੌਲੀ ਪਿੰਡ, ਰੋਹਤਕ
ਤਸਵੀਰ ਕੈਪਸ਼ਨ, ਪਿੰਡ ਦੇ ਬਾਹਰ ਖੜੀ ਪੁਲਿਸ ਵਾਲਿਆਂ ਨੂੰ ਲੈ ਕੇ ਆਈ ਬੱਸ

'ਕਿਸੇ ਹੋਰ ਜਾਨਵਰ ਦੀ ਮੌਤ ਦਾ ਫਰਕ ਨਹੀਂ ਪੈਂਦਾ, ਗਾਂ ਨੂੰ ਮਾਂ ਦਾ ਦਰਜਾ'

ਪਿੰਡ ਦੇ ਮੁਸਲਮਾਨਾਂ ਨੂੰ ਪਿੰਡ ਛੱਡ ਦੇਣ ਦੀ ਮੰਗ ਕਿਉਂ ਉੱਠੀ? ਇਸ ਉੱਤੇ ਸੁਰੇਸ਼ ਨੇ ਕਿਹਾ ਕਿ ਪਿੰਡ ਦੇ ਨੌਜਵਾਨਾਂ ਵੱਲੋਂ ਇਹ ਮੰਗ ਚੁੱਕੀ ਗਈ ਸੀ ਪਰ ਬਾਅਦ ਵਿੱਚ ਫੈਸਲਾ ਹੋਇਆ ਕਿ ਅਜਿਹਾ ਕਰਨਾ ਠੀਕ ਨਹੀਂ ਹੈ, ਸਾਡੀ ਇੱਕੋ ਮੰਗ ਹੈ ਕਿ ਮੁਲਜ਼ਮ ਖ਼ਿਲਾਫ ਸਖ਼ਤ ਕਾਰਵਾਈ ਹੋਵੇ।

ਜੇਕਰ ਗਾਂ ਦੀ ਥਾਂ 'ਤੇ ਕੋਈ ਹੋਰ ਜਾਨਵਰ ਦੀ ਮੌਤ ਹੋਈ ਹੁੰਦੀ ਤਾਂ ਪਿੰਡ ਦੇ ਬਹੁਗਿਣਤੀ ਭਾਈਚਾਰੇ ਦਾ ਕੀ ਰੁਖ ਹੁੰਦਾ?

ਇਸ ਉੱਤੇ ਸੁਰੇਸ਼ ਕਹਿੰਦੇ ਹਨ, ''ਕਿਸੇ ਹੋਰ ਜਾਨਵਰ ਦੀ ਮੌਤ ਦਾ ਫਰਕ ਨਹੀਂ ਪੈਂਦਾ ਪਰ ਅਸੀਂ ਗਾਂ ਨੂੰ ਮਾਂ ਦਾ ਦਰਜਾ ਦਿੰਦੇ ਹਾਂ। ਸਾਨੂੰ ਧੋਬੀਆਂ ਨਾਲ ਕੋਈ ਦਿੱਕਤ ਨਹੀਂ। ਜੋ ਪਰਿਵਾਰ ਦੋਸ਼ੀ ਹੈ ,ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ''

ਟਿਟੌਲੀ ਪਿੰਡ, ਰੋਹਤਕ

ਤਸਵੀਰ ਸਰੋਤ, SAT SINGH/BBC

ਤਸਵੀਰ ਕੈਪਸ਼ਨ, 22 ਅਗਸਤ ਨੂੰ ਮਰੀ ਵੱਛੀ ਨੂੰ ਦਫ਼ਨਾਉਣ ਲਈ ਹਿੰਦੂ ਭਾਈਚਾਰੇ ਵੱਲੋਂ ਪੱਟਿਆ ਗਿਆ ਖੱਡਾ।

'ਹਿੰਦੂ ਸੰਗਠਨਾਂ ਵੱਲੋਂ ਦੰਗਾ ਭੜਕਾਉਣ ਦਾ ਡਰ'

ਉਹ ਅੱਗ ਕਹਿੰਦੇ ਹਨ ਕਿ ਅਸੀਂ ਭਾਈਚਾਰਾ ਨਹੀਂ ਵਿਗੜਨ ਦੇਵਾਂਗੇ। ਇੱਥੇ ਸਭ ਕੁਝ ਠੀਕ ਹੈ।

ਜੇਕਰ ਪਿੰਡ ਵਿੱਚ ਸਭ ਕੁਝ ਠੀਕ ਹੈ ਤਾਂ ਕੀ ਪਿੰਡ ਤੋਂ ਪੁਲਿਸ ਫੋਰਸ ਨੂੰ ਵਾਪਸ ਭੇਜਣ ਲਈ ਕੋਈ ਗੱਲ ਕੀਤੀ ਗਈ ਹੈ?

ਸੁਰੇਸ਼ ਜਵਾਬ ਦਿੰਦੇ ਹਨ, ''ਕੁਝ ਹਿੰਦੂ ਸੰਗਠਨ ਦੰਗਾ ਨਾ ਭੜਕਾ ਦੇਣ ਇਸ ਲਈ ਪੁਲਿਸ ਫੋਰਸ ਮੰਗੀ ਸੀ। ਗਊ ਰੱਖਿਅਕਾਂ ਤੇ ਕੁਝ ਹਿੰਦੂ ਸੰਗਠਨਾਂ ਦੇ ਫੋਨ ਆਏ ਸੀ ਅਤੇ ਉਹ ਕਹਿ ਰਹੇ ਸੀ ਕਿ ਅਸੀਂ ਪਿੰਡ ਵਿੱਚ ਆਵਾਂਗੇ, ਪੰਚਾਇਤ ਸੱਦੋ।''

ਇਹ ਵੀ ਪੜ੍ਹੋ:

ਟਿਟੌਲੀ ਪਿੰਡ, ਰੋਹਤਕ
ਤਸਵੀਰ ਕੈਪਸ਼ਨ, ਸ਼ਿਕਾਇਤਕਰਤਾ ਸੁਰੇਸ਼ ਕੁੰਡੂ ਮੁਤਾਬਕ ਕੁਝ ਹਿੰਦੂ ਸੰਗਠਨਾਂ ਨੇ ਪਿੰਡ ਆਉਣ ਲਈ ਫੋਨ ਕਰਕੇ ਜ਼ੋਰ ਪਾਇਆ ਸੀ।

ਮਾਹੌਲ ਸ਼ਾਂਤ ਹੋਣ ਤੱਕ ਪੁਲਿਸ ਦਾ ਪਹਿਰਾ

ਸੋਸ਼ਲ ਮੀਡੀਆ ਰਾਹੀਂ ਵੀ ਮਸਲਾ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਸਵਾਲ 'ਤੇ ਡੀਐਸਪੀ ਨਾਰਾਇਣ ਚੰਦ ਅਤੇ ਐਸਡੀਐੱਮ ਰਾਕੇਸ਼ ਕੁਮਾਰ ਨੇ ਕਿਹਾ ਕਿ ਇਸ ਕੋਈ ਸਬੂਤ ਨਹੀਂ ਮਿਲਦੇ।

ਰਾਕੇਸ਼ ਕੁਮਾਰ ਮੁਤਾਬਕ, ''ਘਟਨਾ ਵਾਪਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਕੁਝ ਲੋਕ ਡਰ ਕਰਕੇ ਪਿੰਡ ਛੱਡ ਕੇ ਚਲੇ ਗਏ, ਉਮੀਦ ਹੈ ਕਿ ਮਾਹੌਲ ਠੀਕ ਹੋਵੇਗਾ ਤਾਂ ਉਹ ਵਾਪਸ ਆ ਜਾਣਗੇ।''

ਡੀਐਸਪੀ ਨਾਰਾਇਣ ਚੰਦ ਮੁਤਾਬਕ, ''ਮਾਮਲਾ ਹੋਰ ਨਾ ਵਧੇ, ਇਸ ਲਈ ਸਾਰੇ ਭਾਈਚਾਰਿਆਂ ਨੂੰ ਮਿਲਾ ਕੇ ਇਕ ਪੀਸ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪੁਲਿਸ ਫੋਰਸ ਪਿੰਡ ਵਿੱਚੋਂ ਉਦੋਂ ਤੱਕ ਨਹੀਂ ਜਾਵੇਗੀ ਜਦੋਂ ਤੱਕ ਮਾਹੌਲ ਸ਼ਾਂਤ ਨਹੀਂ ਹੋ ਜਾਂਦਾ।''

ਟਿਟੌਲੀ ਪਿੰਡ, ਰੋਹਤਕ
ਤਸਵੀਰ ਕੈਪਸ਼ਨ, ਮੁਸਲਿਮ ਸਮਾਜ ਦੇ ਮੁਖੀ ਰਾਜਬੀਰ ਖੋਖਰ ਕਹਿੰਦੇ ਹਨ ਕਿ ਯਾਮੀਨ ਤੋਂ ਗ਼ਲਤੀ ਹੋਈ ਉਸਦੀ ਕੋਈ ਹੋਰ ਮਨਸ਼ਾ ਨਹੀਂ ਸੀ।

'ਪਿੰਡ ਦੇ ਮੰਦਿਰ 'ਚ ਦਾਨ, ਗਊਸ਼ਾਲਾ ਲਈ ਚੰਦਾ'

ਮੁਸਲਮਾਨ ਭਾਈਚਾਰੇ ਦੇ ਘਰਾਂ ਵੱਲ ਜਾਂਦਿਆਂ ਸਾਨੂੰ ਇਸੇ ਸਮਾਜ ਦੇ ਮੁਖੀ ਮੰਨੇ ਜਾਂਦੇ ਰਾਜਬੀਰ ਖੋਖਰ ਮਿਲੇ। ਹਾਲਾਂਕਿ ਰਾਜਬੀਰ ਵੀ ਉਸੇ 'ਸ਼ਾਂਤੀ' ਦੀ ਗੱਲ ਕਰ ਰਹੇ ਸਨ ਜੋ ਜਾਟ ਭਾਈਚਾਰਾ ਕਹਿ ਰਿਹਾ ਸੀ।

ਸਵਾਲ ਬਾਅਦ ਵਿੱਚ ਪੁੱਛਿਆ ਜਾਂਦਾ ਸੀ ਰਾਜਬੀਰ ਦਾ ਜਵਾਬ ਪਹਿਲਾਂ ਆ ਜਾਂਦਾ ਸੀ। ਉਹ ਵਾਰ-ਵਾਰ ਕਹਿੰਦੇ ਰਹੇ ਕਿ ਪਿੰਡ ਵਿੱਚ ਸਭ ਕੁਝ ਠੀਕ-ਠਾਕ ਹੈ, ਕੋਈ ਵੀ ਦਿੱਕਤ ਨਹੀਂ ਹੈ ਪਰ ਉਨ੍ਹਾਂ ਦੀ ਗੱਲ ਅਤੇ ਚਿਹਰੇ ਦੇ ਹਾਵ-ਭਾਵ ਮੇਲ ਨਹੀਂ ਖਾ ਰਹੇ ਸੀ।

ਰਾਜਬੀਰ ਮੁਤਾਬਕ, ''ਯਾਮੀਨ ਦਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਵੱਛੀ ਨੇ ਇੱਕ ਛੋਟੀ ਬੱਚੀ ਨੂੰ ਸੱਟ ਮਾਰੀ ਸੀ, ਇਸ ਕਰਕੇ ਯਾਸੀਨ ਨੂੰ ਗੁੱਸਾ ਆ ਗਿਆ ਤੇ ਉਸ ਨੇ ਵੱਛੀ 'ਤੇ ਵਾਰ ਕੀਤਾ ਅਤੇ ਉਹ ਮਰ ਗਈ। ਉਹ ਵੱਛੀ ਨੂੰ ਦਫਨਾਉਣ ਲਈ ਲੈ ਕੇ ਜਾ ਰਹੇ ਸੀ।''

'' ਸਾਡੀ ਪਿੰਡ ਨਾਲ ਕੋਈ ਦੁਸ਼ਮਣੀ ਨਹੀਂ ਹੈ, ਅਸੀਂ ਵੀ ਪਿੰਡ ਦੇ ਮੰਦਿਰ ਵਿੱਚ ਦਾਨ ਕਰਦੇ ਹਾਂ, ਗਊਸ਼ਾਲਾ ਲਈ ਚੰਦਾ ਦਿੰਦੇ ਹਾਂ। ਸਭ ਠੀਕ ਹੈ ਜੀ ਇੱਥੇ।''

ਟਿਟੌਲੀ ਪਿੰਡ, ਰੋਹਤਕ
ਤਸਵੀਰ ਕੈਪਸ਼ਨ, ਯਾਮੀਨ ਖੋਖਰ ਦੇ ਗੁਆਂਢੀਆਂ ਦੇ ਘਰ ਉੱਤੇ ਲੱਗਿਆ ਤਾਲਾ

ਮੁਸਲਮਾਨਾਂ ਦੇ ਘਰਾਂ ਉੱਤੇ ਕੌਣ ਹਮਲਾ ਕਰਨ ਆਇਆ ਸੀ। ਇਸ 'ਤੇ ਬਹੁਤੀ ਗੱਲ ਨਾ ਕਰਕੇ ਉਹ ਕਹਿੰਦੇ ਹਨ, ''ਮੈਨੂੰ ਨਹੀਂ ਪਤਾ ਬੱਸ ਕੁਝ ਨੌਜਵਾਨ ਜੋਸ਼ ਵਿੱਚ ਆ ਗਏ ਸਨ। ਦੋਹਾਂ ਪਾਸਿਆਂ ਦੇ ਨੌਜਵਾਨਾਂ ਨੂੰ ਸਮਝਾ ਦਿੱਤਾ ਗਿਆ ਹੈ।''

ਅਸੀਂ ਨੌਜਵਾਨਾਂ ਨਾਲ ਗੱਲ ਕਰਨਾ ਚਾਹੁੰਦੇ ਸੀ ਪਰ ਸਾਡੇ ਨਾਲ ਪੂਰੇ ਪਿੰਡ ਵਿੱਚ ਦੋਹਾਂ ਧਿਰਾਂ ਦਾ ਕੋਈ ਵੀ ਨੌਜਵਾਨ ਗੱਲ ਕਰਨ ਅੱਗੇ ਨਹੀਂ ਆਇਆ।

ਪੀਸ ਕਮੇਟੀ ਵਿੱਚ ਮੁਸਲਿਮ ਭਾਈਚਾਰੇ ਤੋਂ ਕੋਈ ਨਹੀਂ

ਕੁਝ ਪਰਿਵਾਰਾਂ ਦੇ ਘਰ ਛੱਡ ਜਾਣ ਬਾਰੇ ਰਾਜਬੀਰ ਨੇ ਕਿਹਾ ਕਿ ਕੋਈ ਕਿਤੇ ਨਹੀਂ ਗਿਆ, ਜਿੱਥੋਂ ਤੱਕ ਯਾਮੀਨ ਦੇ ਪਰਿਵਾਰ ਦਾ ਸਵਾਲ ਹੈ ਫੋਨ ਕਰ ਦਿੱਤਾ ਹੈ ਜਿੱਥੇ ਵੀ ਉਹ ਗਏ ਹਨ ਪਿੰਡ ਵਾਪਸ ਆ ਜਾਣਗੇ।

ਰਾਜਬੀਰ ਮੁਤਾਬਕ, ''ਸਾਡਾ ਮੁਸਲਿਮ ਭਾਈਚਾਰਾ ਸ਼ਾਂਤੀ ਚਾਹੁੰਦਾ ਹੈ। ਇਸ ਮੁੱਦੇ ਉੱਤੇ ਬਵਾਲ ਨਹੀਂ ਹੋਣ ਚਾਹੀਦਾ ਸੀ। ਸਾਨੂੰ ਵੱਛੀ ਮਰਨ ਦਾ ਦੁੱਖ ਹੈ। ਅਸੀਂ ਵੀ ਆਪਣੇ ਮੁੰਡਿਆਂ ਨੂੰ ਕਿਹਾ ਹੈ ਕਿ ਸ਼ਾਂਤੀ ਬਣਾ ਕੇ ਰੱਖਣ।''

ਪੀਸ ਕਮੇਟੀ ਦਾ ਕੋਈ ਮੈਂਬਰ ਮੁਸਲਿਮ ਭਾਈਚਾਰੇ ਵਿੱਚੋਂ ਹੈ? ਰਾਜਬੀਰ ਖੋਖਰ ਕਹਿੰਦੇ ਹਨ, ''ਨਹੀਂ, ਸਾਡੇ ਭਾਈਚਾਰੇ ਵਿੱਚੋਂ ਕੋਈ ਵੀ ਕਮੇਟੀ ਦਾ ਮੈਂਬਰ ਨਹੀਂ ਹੈ। ਕਾਨੂੰਨ ਆਪਣਾ ਕੰਮ ਕਰੇ, ਯਾਮੀਨ ਨੂੰ ਸਜ਼ਾ ਸੁਣਾਵੇ, ਸਬੂਤ ਨਾ ਮਿਲਿਆ ਤਾਂ ਬਰੀ ਕਰੇ।''

ਟਿਟੌਲੀ ਪਿੰਡ, ਰੋਹਤਕ

ਰਾਜਬੀਰ ਤੋਂ ਬਾਅਦ ਅਸੀਂ ਯਾਮੀਨ ਦੇ ਘਰ ਦਾ ਰੁਖ਼ ਕੀਤਾ। ਮੁਹੱਲਾ ਸੁੰਨਸਾਨ ਸੀ, ਯਾਮੀਨ ਦੇ ਘਰ ਸਣੇ ਆਲੇ ਦੁਆਲੇ ਦੇ ਘਰਾਂ ਨੂੰ ਵੀ ਤਾਲੇ ਲੱਗੇ ਸੀ।

ਯਾਮੀਨ ਦੇ ਘਰ ਲਾਗੇ ਹੀ ਚਾਰ ਪੰਜ ਪੁਲਿਸ ਵਾਲੇ ਡਿਊਟੀ ਦੇ ਰਹੇ ਸਨ। ਗਲੀਆਂ ਵਿੱਚ ਇਲਾਕੇ ਦੇ ਐਸਐਚਓ ਮਨਜੀਤ ਪੁਲਿਸ ਪਾਰਟੀ ਨਾਲ ਪੈਟਰੋਲਿੰਗ ਕਰ ਰਹੇ ਸਨ।

ਇੱਕ ਬਜ਼ੁਰਗ ਸ਼ਖਸ ਨੇ ਪੁੱਛਣ ਦੇ ਬਾਵਜੂਦ ਆਪਣਾ ਨਾਂ ਨਹੀਂ ਦੱਸਿਆ ਪਰ ਇਹ ਜ਼ਰੂਰ ਕਿਹਾ, ''ਜਦ ਲੋਕ ਘਰ ਛੱਡ ਕੇ ਜਾ ਰਹੇ ਸਨ ਤਾਂ ਮੈਂ ਰੋਕਿਆ ਵੀ ਪਰ ਉਹ ਨਹੀਂ ਰੁਕੇ।''

ਉਨ੍ਹਾਂ ਲੋਕਾਂ ਨੂੰ ਕਿਸਦਾ ਡਰ ਹੈ ਤਾਂ ਬਜ਼ੁਰਗ ਸ਼ਖਸ ਨੇ ਸਿਰਫ਼ ਇਹੀ ਕਿਹਾ, ''ਕੀ ਦੱਸਾਂ ਕਿ ਕਿਸਦਾ ਡਰ ਹੈ।''

ਕੋਲ ਹੀ ਖੜੇ 10ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਦਬੀ ਜ਼ੁਬਾਨ ਵਿੱਚ ਦੱਸਿਆ, ''ਕੁਝ ਲੋਕ ਘਰ ਛੱਡ ਕੇ ਘਟਨਾ ਵਾਲੇ ਦਿਨ ਹੀ ਭੱਜ ਗਏ ਸਨ, ਅੱਜ ਵੀ ਕੁਝ ਲੋਕ ਦੋ ਤਿੰਨ ਘੰਟੇ ਪਹਿਲਾਂ ਹੀ ਨਿਕਲ ਗਏ।''

ਇਹ ਵੀ ਪੜ੍ਹੋ:

ਟਿਟੌਲੀ ਪਿੰਡ, ਰੋਹਤਕ

ਤਸਵੀਰ ਸਰੋਤ, SAT SINGH/BBC

ਤਸਵੀਰ ਕੈਪਸ਼ਨ, ਯਾਮੀਨ ਦੇ ਘਰ ਕੋਲ ਪੁਲਿਸ ਵਾਲਿਆਂ ਦਾ ਪਹਿਰਾ

'ਇਨ੍ਹਾਂ ਨੂੰ ਪਿੰਡੋਂ ਬਾਹਰ ਕੱਢੋ'

ਮੁਸਲਿਮ ਭਾਈਚਾਰੇ ਦੇ ਮੁਹੱਲੇ ਤੋਂ ਹੁੰਦੇ ਹੋਏ ਜਦੋਂ ਅਸੀਂ ਯਾਮੀਨ ਦੇ ਘਰ ਤੋਂ ਥੋੜਾ ਅੱਗ ਵਧੇ ਤਾਂ ਪਿੰਡ ਦੇ ਬਹੁਗਿਣਤੀ ਭਾਈਚਾਰੇ ਦੀਆਂ ਕੁਝ ਔਰਤਾਂ ਮਿਲ ਗਈਆਂ।

ਈਦ ਵਾਲੇ ਦਿਨ ਕੀ ਵਾਪਰਿਆ ਸੀ ਅਤੇ ਵੱਛੀ ਦੀ ਮੌਤ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ, ਇਹ ਸਵਾਲ ਪੁੱਛਦੇ ਹੀ ਸਾਰੀਆਂ ਔਰਤਾਂ ਦਾ ਰੋਸ ਸਾਹਮਣੇ ਆ ਗਿਆ।

ਬਜ਼ੁਰਗ ਮਹਿਲਾ ਭਰਪਾਈ ਨੇ ਕਿਹਾ, ''ਇਨ੍ਹਾਂ ਜਾਣਬੁੱਝ ਕੇ ਵੱਛੀ ਮਾਰੀ, ਉਸਦਾ ਪੋਸਟਮਾਰਟਮ ਵੀ ਹੋਇਆ ਸੀ, ਅਸੀਂ ਗਊ ਦੀ ਪੂਜਾ ਕਰਦੇ ਹਾਂ, ਵੱਛੀ ਨੂੰ ਦਫ਼ਨਾਉਣ ਵੇਲੇ ਅਸੀਂ ਖ਼ੁਦ ਗਏ ਸੀ।''

ਇੱਕ ਹੋਰ ਮਹਿਲਾ ਕਮਲੇਸ਼ ਨੇ ਕਿਹਾ, ''ਮੈਂ ਚਾਹੁੰਦੀ ਹਾਂ ਕਿ ਇਨ੍ਹਾਂ ਨੂੰ ਪਿੰਡੋਂ ਬਾਹਰ ਕੱਢੋ, ਅਸੀਂ ਗਊ ਪੂਜਦੇ ਹਾਂ ਅਤੇ ਇਨ੍ਹਾਂ ਨੇ ਮਾਰ ਦਿੱਤੀ। ਜੇਕਰ ਇਹ ਇਸ ਨੂੰ ਆਪਣਾ ਪਿੰਡ ਸਮਝਦੇ ਤਾਂ ਉਹ ਸਾਡੀ ਮਾਤਾ ਨੂੰ ਕਿਉਂ ਮਾਰਦੇ।''

ਟਿਟੌਲੀ ਪਿੰਡ, ਰੋਹਤਕ

ਤਸਵੀਰ ਸਰੋਤ, SAT SINGH/BBC

ਅਣਪਛਾਤੇ ਸ਼ਖਸ ਖ਼ਿਲਾਫ਼ ਮਾਮਲਾ ਦਰਜ

ਇਸ ਮਾਮਲੇ ਵਿੱਚ ਪੋਸਟ ਗ੍ਰੈਜੁਏਟ ਇੰਸਟੀਚਿਊਟ ਆਫ਼ ਮੈਡੀਕਲ ਸਾਈਂਸਜ਼ (ਪੀਜੀਆਈਐੱਮਐੱਸ) ਪੁਲਿਸ ਸਟੇਸ਼ਨ ਵਿੱਚ ਇੱਕ ਅਣਪਛਾਤੇ ਸ਼ਖਸ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਐਸਐੱਚਓ ਦੇਵਿੰਦਰ ਮਾਨ ਮੁਤਾਬਕ, ''ਘਟਨਾ ਵਾਲੇ ਦਿਨ ਇੱਕ ਅਣਪਛਾਤੇ ਸ਼ਖਸ ਵੱਲੋਂ ਸਾਰੇ ਮਾਮਲੇ ਦਾ ਭੜਕਾਊ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਇਆ ਗਿਆ ਹੈ।''

ਹਾਲਾਂਕਿ ਉਸ ਵੀਡੀਓ ਵਿੱਚ ਕਿਸ ਤਰ੍ਹਾਂ ਦੀ ਸਮੱਗਰੀ ਹੈ, ਕਿਹੜੇ ਅਕਾਊਂਟ ਤੋਂ ਪੋਸਟ ਹੋਈ ਇਸ ਬਾਰੇ ਪੁਲਿਸ ਕੁਝ ਨਹੀਂ ਦੱਸਦੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)