ਕੰਮ-ਧੰਦਾ: ਭਾਰਤ-ਪਾਕ ਵਿਚਾਲੇ ਕਿਹੜੀਆਂ ਚੀਜ਼ਾਂ ਦਾ ਐਕਸਪੋਰਟ-ਇੰਪੋਰਟ ਹੁੰਦਾ ਹੈ

ਕ੍ਰਿਕਟ ਖਿਡਾਰੀ ਤੋਂ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਵਾਲੇ ਇਮਰਾਨ ਖ਼ਾਨ ਪਾਕਿਸਤਾਨੀ ਲੀਡਰਸ਼ਿਪ ਦਾ ਨਵਾਂ ਚਿਹਰਾ ਬਣ ਗਏ ਹਨ।

ਕ੍ਰਿਕਟ ਦੇ ਮੈਦਾਨ 'ਤੇ ਖੁਦ ਨੂੰ ਆਲਰਾਊਂਡਰ ਸਾਬਿਤ ਕਰ ਚੁੱਕੇ ਇਮਰਾਨ ਖ਼ਾਨ ਦੇ ਸਾਹਮਣੇ ਹੁਣ ਸਿਆਸਤ ਵਿੱਚ ਆਲਰਾਊਂਡ ਪ੍ਰਦਰਸ਼ਨ ਦੀ ਚੁਣੌਤੀ ਹੈ।

ਚੋਣ ਜਿੱਤਣ ਤੋਂ ਬਾਅਦ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਉਹ ਵਪਾਰ ਦੀ ਅਹਿਮੀਅਤ ਸਮਝਦੇ ਹਨ ਅਤੇ ਭਾਰਤ ਦੇ ਨਾਲ ਵਪਾਰਕ ਰਿਸ਼ਤੇ ਸੁਧਾਰਨਾ ਚਾਹੁੰਦੇ ਹਨ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਵਪਾਰ ਕਿਸ ਤਰ੍ਹਾਂ ਹੈ ਅਤੇ ਅੱਜ ਦੇ ਦੌਰ ਵਿੱਚ ਕੀ-ਕੀ ਚੁਣੌਤੀਆਂ ਹਨ?

ਇਹ ਵੀ ਪੜ੍ਹੋ:

ਭਾਰਤ ਦੀ ਕਰੰਸੀ ਭਾਰਤੀ ਰੁਪਈਆ ਹੈ ਅਤੇ ਪਾਕਿਸਤਾਨ ਦੀ ਕਰੰਸੀ ਪਾਕਿਸਤਾਨੀ ਰੁਪਈਆ ਹੈ ਪਰ ਇਨ੍ਹਾਂ ਰੁਪਈਆਂ ਦੀ ਵੱਖਰੀ ਕਹਾਣੀ ਹੈ।

ਚੋਣਾਂ ਤੋਂ ਪਹਿਲਾਂ ਪਾਕਿਸਤਾਨ ਵਿੱਚ ਇੱਕ ਡਾਲਰ ਦੀ ਕੀਮਤ 130 ਪਾਕਿਸਤਾਨੀ ਰੁਪਏ ਹੋ ਗਈ ਸੀ। ਹੁਣ ਪਾਕਿਸਤਾਨੀ ਰੁਪਏ ਦੀ ਕੀਮਤ ਵਿੱਚ ਥੋੜ੍ਹਾ ਸੁਧਾਰ ਹੈ ਅਤੇ 122 ਤੱਕ ਪਹੁੰਚ ਗਿਆ ਹੈ।

ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ

ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਹਮੇਸ਼ਾ ਤੋਂ ਹੀ ਇਤਿਹਾਸਕ ਅਤੇ ਸਿਆਸੀ ਕਾਰਨਾਂ ਕਰਕੇ ਤਣਾਅ ਵਾਲੇ ਰਹੇ ਹਨ। ਦੋਵੇਂ ਦੇਸ ਸਾਲ 2006 ਵਿੱਚ ਰਸਮੀ ਤੌਰ 'ਤੇ ਵਪਾਰਕ ਸਾਂਝੇਦਾਰ ਬਣੇ ਜਦੋਂ ਦੋਹਾਂ ਦੇਸਾਂ ਨੇ ਦੱਖਣੀ ਏਸ਼ੀਆਈ ਮੁੱਖ ਵਪਾਰਕ ਸਮਝੌਤੇ ਯਾਨਿ ਸਾਫ਼ਟਾ 'ਤੇ ਦਸਤਖਤ ਕੀਤੇ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਵਪਾਰ ਕਾਫ਼ੀ ਘੱਟ ਹੈ। ਭਾਰਤ ਸਭ ਤੋਂ ਵੱਧ ਸਾਮਾਨ ਅਮਰੀਕਾ ਨੂੰ ਬਰਾਮਦ ਕਰਦਾ ਹੈ ਅਤੇ ਉਸ ਤੋਂ ਬਾਅਦ UAE ਨੂੰ।

ਦੱਖਣ ਏਸ਼ੀਆਈ ਦੇਸਾਂ ਵਿੱਚ ਵੀ ਭਾਰਤ ਦਾ ਸਭ ਤੋਂ ਵੱਧ ਸਾਮਾਨ ਬਰਾਮਦ ਅਫ਼ਗਾਨਿਸਤਾਨ ਨੂੰ ਹੁੰਦਾ ਹੈ। ਉਸ ਤੋਂ ਬਾਅਦ ਬੰਗਲਾਦੇਸ਼ ਅਤੇ ਭੂਟਾਨ ਹਨ ਅਤੇ ਸੱਤ ਦੇਸਾਂ ਦੀ ਸੂਚੀ ਵਿੱਚ ਪਾਕਿਸਤਾਨ ਛੇਵੇਂ ਨੰਬਰ 'ਤੇ ਹੈ।

ਪਾਕਿਸਤਾਨ ਬਣਿਆ 'ਮੋਸਟ ਫੇਵਰਡ ਨੇਸ਼ਨ'

ਭਾਰਤ ਦੇ ਕੁੱਲ ਵਿਸ਼ਵ ਵਪਾਰ ਵਿੱਚ ਪਾਕਿਸਤਾਨ ਦੇ ਨਾਲ ਉਸ ਦੇ ਵਪਾਰ ਦਾ ਹਿੱਸਾ ਅੱਧਾ ਫੀਸਦੀ ਵੀ ਨਹੀਂ ਹੈ।

ਭਾਰਤ ਨੇ ਪਾਕਿਸਤਾਨ ਨੂੰ 1996 ਵਿੱਚ 'ਮੋਸਟ ਫੇਵਰਡ ਨੇਸ਼ਨ' ਦਾ ਦਰਜਾ ਦਿੱਤਾ ਸੀ ਕਿਉਂਕਿ ਭਾਰਤ ਵਿਸ਼ਵ ਵਪਾਰ ਸੰਗਠਨ ਦਾ ਮੈਂਬਰ ਹੈ।

ਇਸ ਤੋਂ ਸਾਬਿਤ ਹੁੰਦਾ ਹੈ ਕਿ ਭਾਰਤ ਵਪਾਰ ਵਿੱਚ ਪਾਕਿਸਤਾਨ ਸਣੇ ਕਿਸੇ ਵੀ ਦੇਸ ਦੇ ਨਾਲ ਕੋਈ ਭੇਦਭਾਵ ਨਹੀਂ ਕਰੇਗਾ।

ਸਾਲ 2006-07 ਵਿੱਚ ਭਾਰਤ ਨੂੰ 167 ਕਰੋੜ ਡਾਲਰ ਬਰਾਮਦ ਹੋਇਆ ਸੀ, 2007-08 ਵਿੱਚ ਇਹ ਵਧ ਕੇ 224 ਕਰੋੜ ਡਾਲਰ ਹੋਇਆ।

ਉਸ ਤੋਂ ਬਾਅਦ ਇਨ੍ਹਾਂ ਅੰਕੜਿਆਂ ਵਿੱਚ ਬਦਲਾਅ ਨਹੀਂ ਹੋਇਆ ਹੈ। 2015-16 ਵਿੱਚ ਪਾਕਿਸਤਾਨ ਨੇ ਭਾਰਤ ਨੂੰ ਸਿਰਫ਼ 44 ਕਰੋੜ ਡਾਲਰ ਦਾ ਸਾਮਾਨ ਬਰਾਮਦ ਕੀਤਾ।

ਵਪਾਰਕ ਰਾਹ

ਹੁਣ ਤੁਹਾਨੂੰ ਦੱਸਦੇ ਹਾਂ ਕਿ ਭਾਰਤ-ਪਾਕਿਸਤਾਨ ਵਿਚਾਲੇ ਵਪਾਰ ਕਿਹੜੇ ਰਸਤਿਆਂ ਤੋਂ ਹੁੰਦਾ ਹੈ।

ਅੰਮ੍ਰਿਤਸਰ ਦੇ ਨੇੜੇ ਵਾਹਗਾ ਸਰਹੱਦ, ਭਾਰਤ ਸ਼ਾਸਿਤ ਕਸ਼ਮੀਰ ਦੇ ਇਸਲਾਮਾਬਾਦ ਤੋਂ ਮੁਜ਼ੱਫਰਾਬਾਦ ਤੱਕ, ਬਾਰਾਮੂਲਾ ਜ਼ਿਲ੍ਹੇ ਦੇ ਉੜੀ ਤੱਕ, ਪੁੰਛ ਦੇ ਚੱਕਾ ਦੀ ਬਾਗ ਤੋਂ ਰਾਵਲਾਕੋਟ ਤੱਕ ਵਪਾਰ ਕੀਤਾ ਜਾਂਦਾ ਹੈ।

ਪਾਕਿਸਤਾਨ ਨੂੰ ਭਾਰਤ ਕੀ ਕੁਝ ਬਰਾਮਦ ਕਰਦਾ ਹੈ ਅਤੇ ਪਾਕਿਸਤਾਨ ਤੋਂ ਕੀ-ਕੀ ਦਰਾਮਦ ਕਰਦਾ ਹੈ?

ਪਾਕਿਸਤਾਨ ਨੂੰ ਬਰਾਮਦ ਹੋਣ ਵਾਲਾ ਸਾਮਾਨ

  • ਪੈਟਰੋਲੀਅਮ ਤੇਲ
  • ਕਪਾਹ
  • ਜੈਵਿਕ ਰਸਾਇਣ
  • ਖਾਣ ਵਾਲੇ ਤੇਲ
  • ਪਲਾਸਟਿਕ ਦਾ ਸਾਮਾਨ
  • ਮਸ਼ੀਨਰੀ

ਪਾਕਿਸਤਾਨ ਤੋਂ ਭਾਰਤ ਇਹ ਸਭ ਦਰਾਮਦ ਕਰਦਾ ਹੈ

  • ਮੇਵੇ
  • ਪੋਰਟਲੈਂਡ ਸੀਮਿੰਟ
  • ਯੂਰੀਆ
  • ਜਿਪਸਮ
  • ਚਮੜਾ

ਇਮਰਾਨ ਖ਼ਾਨ ਦੇ ਸਾਹਮਣੇ ਹੁਣ ਸਿਆਸਤ ਵਿੱਚ ਵੀ ਆਲਰਾਉਂਡ ਪ੍ਰਦਰਸ਼ਨ ਕਰਨ ਦੀ ਚੁਣੌਤੀ ਹੈ। ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਖਾਲੀ ਹੋ ਰਿਹਾ ਹੈ ਅਤੇ ਨਵੀਂ ਸਰਕਾਰ ਨੂੰ ਵਿੱਤੀ ਤੰਗੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ:

ਕਿਆਸ ਇਹ ਵੀ ਲਾਏ ਜਾ ਰਹੇ ਹਨ ਕਿ ਪਾਕਿਸਤਾਨ ਨੂੰ ਕੌਮਾਂਤਰੀ ਮੁਦਰਾ ਕੋਸ਼ ਵਿੱਚੋਂ ਦੂਜਾ ਬੇਲਆਊਟ ਪੈਕੇਜ ਮੰਗਣਾ ਪੈ ਸਕਦਾ ਹੈ।

ਜਿੱਤ ਦਾ ਐਲਾਨ ਕਰਦਿਆਂ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਉਹ ਭਾਰਤ ਦੇ ਨਾਲ ਵਪਾਰਕ ਰਿਸ਼ਤੇ ਸੁਧਾਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਸੀ, "ਜੇ ਸਾਡੇ ਵੱਲ ਭਾਰਤ ਇੱਕ ਕਦਮ ਅੱਗੇ ਵਧਾਉਂਦਾ ਹੈ ਅਸੀਂ ਉਨ੍ਹਾਂ ਵੱਲ ਦੋ ਕਦਮ ਵਧਾਵਾਂਗੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)