You’re viewing a text-only version of this website that uses less data. View the main version of the website including all images and videos.
ਕਾਰਗਿਲ 'ਚ ਮਾਰੇ ਗਏ ਫੌਜੀ ਦਾ ਭਤੀਜਾ ਵੀ NRC 'ਚ ਸ਼ਾਮਿਲ ਨਹੀਂ
- ਲੇਖਕ, ਨਿਤਿਨ ਸ਼੍ਰੀਵਾਸਤਵ
- ਰੋਲ, ਗੁਹਾਟੀ ਤੋਂ ਬੀਬੀਸੀ ਪੱਤਰਕਾਰ
ਅਸਾਮ ਵਿੱਚ ਐਨਆਰਸੀ ਯਾਨੀ ਰਾਸ਼ਟਰੀ ਨਾਗਰਿਕ ਰਜਿਸਟਰ ਦੀ ਜਿਸ ਲਿਸਟ ਨੂੰ ਜਾਰੀ ਕੀਤਾ ਗਿਆ ਹੈ, ਉਸ ਵਿੱਚ ਕਾਰਗਿਲ ਦੀ ਲੜਾਈ ਵਿੱਚ ਮਾਰੇ ਗਏ ਇੱਕ ਫੌਜੀ ਦੇ ਭਤੀਜੇ ਦਾ ਨਾਂ ਨਹੀਂ ਹੈ।
ਗ੍ਰੇਨੇਡੀਅਰ ਚਿਨਮੌਏ ਭੌਮਿਕ ਸੂਬੇ ਦੇ ਕਛਾਰ ਇਲਾਕੇ ਦੇ ਬੋਰਖੋਲਾ ਚੋਣ ਖੇਤਰ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੀ ਮੌਤ ਕਾਰਗਿਲ ਦੀ ਲੜਾਈ ਦੌਰਾਨ 1999 ਵਿੱਚ ਹੋਈ ਸੀ।
ਚਿਨਮੌਏ ਦੇ 13 ਸਾਲ ਦੇ ਭਤੀਜੇ ਪਿਨਾਕ ਭੌਮਿਕ ਦਾ ਨਾਂ ਐਨਆਰਸੀ ਦੀ ਇਸ ਲਿਸਟ ਤੋਂ ਗਾਇਬ ਹੈ ਜਦਕਿ ਉਨ੍ਹਾਂ ਦੇ ਮਾਤਾ-ਪਿਤਾ ਅਤੇ ਪਰਿਵਾਰ ਵਾਲਿਆਂ ਦਾ ਨਾਂ ਲਿਸਟ ਵਿੱਚ ਹੈ।
ਇਹ ਵੀ ਪੜ੍ਹੋ:
ਇਸ ਪਰਿਵਾਰ ਦੇ ਤਿੰਨ ਲੋਕਾਂ ਨੇ ਭਾਰਤੀ ਫੌਜ ਵਿੱਚ ਨੌਕਰੀ ਕੀਤੀ ਹੈ ਅਤੇ ਚਿਨਮੌਏ ਦੇ ਇਲਾਵਾ ਵੱਡੇ ਭਰਾ ਸੰਤੋਸ਼ ਅਤੇ ਛੋਟੇ ਭਰਾ ਸਜਲ ਭੌਮਿਕ ਫੌਜ ਤੋਂ ਰਿਟਾਇਰ ਹੋਏ ਹਨ।
'ਐਨਆਰਸੀ ਨਾਕਾਮ ਰਿਹਾ'
ਪਿਨਾਕ ਜਰੋਲਤਾਲਾ ਪਿੰਡ ਦੇ ਨੇੜੇ ਦੇ ਸਰਕਾਰੀ ਸਕੂਲ ਦੀ ਜਮਾਤ 9ਵੀਂ ਵਿੱਚ ਪੜ੍ਹਦੇ ਹਨ ਅਤੇ ਅੱਜਕੱਲ ਪਿਤਾ ਦੇ ਵੱਡੇ ਭਰਾ ਦੇ ਨਾਲ ਪੁਸਤੈਨੀ ਮਕਾਨ ਵਿੱਚ ਰਹਿ ਰਹੇ ਹਨ।
ਉਨ੍ਹਾਂ ਦੇ ਚਾਚਾ ਸੰਤੋਸ਼ ਨੇ ਬੀਬੀਸੀ ਨੂੰ ਦੱਸਿਆ, "ਐਨਆਰਸੀ ਪ੍ਰਕਿਰਿਆ ਦਾ ਕੋਈ ਬੁਰਾ ਮਕਸਦ ਨਹੀਂ ਸੀ ਪਰ ਜਿਸ ਤਰੀਕੇ ਨਾਲ ਇਸ ਨੂੰ ਅੰਜਾਮ ਦਿੱਤਾ ਗਿਆ ਹੈ ਉਹ ਹੋਰ ਵੀ ਬਿਹਤਰ ਹੋ ਸਕਦਾ ਸੀ। 40 ਲੱਖ ਲੋਕਾਂ ਦਾ ਨਾਂ ਨਹੀਂ ਆਉਣ ਦਾ ਮਤਲਬ ਇਸਦੀ ਨਾਕਾਮੀ ਹੈ।''
ਸੂਬੇ ਵਿੱਚ ਜਾਰੀ ਕੀਤੇ ਗਏ ਤਾਜ਼ਾ ਰਜਿਸਟਰ ਦੇ ਅਨੁਸਾਰ ਦੋ ਕਰੋੜ 89 ਲੱਖ ਲੋਕ ਅਸਮ ਦੇ ਨਾਗਰਿਕ ਹਨ ਜਦਕਿ ਇੱਥੇ ਰਹਿ ਰਹੇ 40 ਲੱਖ ਲੋਕਾਂ ਦੇ ਨਾਂ ਇਸ ਸੂਚੀ ਵਿੱਚ ਨਹੀਂ ਹਨ।
ਯਾਨੀ 40 ਲੱਖ ਲੋਕਾਂ ਨੂੰ ਭਾਰਤੀ ਨਾਗਰਿਕ ਨਹੀਂ ਮੰਨਿਆ ਗਿਆ ਹੈ। ਹੁਣ ਇਨ੍ਹਾਂ ਲੋਕਾਂ ਕੋਲ ਆਪਣਾ ਦਾਅਵਾ ਪੇਸ਼ ਕਰਨ ਦਾ ਮੌਕਾ ਹੋਵੇਗਾ।
ਬਾਹਰੀ ਸਮਝਿਆ ਜਾ ਰਿਹਾ ਹੈ
ਅਸਾਮ ਵਿੱਚ ਮਾਰਚ 1971 ਤੋਂ ਪਹਿਲਾਂ ਦੇ ਰਹਿ ਰਹੇ ਲੋਕਾਂ ਨੂੰ ਰਜਿਸਟਰ ਵਿੱਚ ਥਾਂ ਮਿਲੀ ਹੈ ਜਦਕਿ ਉਸ ਤੋਂ ਬਾਅਦ ਆਏ ਲੋਕਾਂ ਦੇ ਨਾਗਰਿਕਤਾ ਦੇ ਦਾਅਵਿਆਂ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ।
ਭਾਵੇਂ ਭਾਰਤ ਸਰਕਾਰ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦਾ ਨਾਂ ਐਨਸੀਆਰ ਸੂਚੀ ਵਿੱਚ ਨਹੀਂ ਆਇਆ ਹੈ ਉਨ੍ਹਾਂ ਨੂੰ ਹਿਰਾਸਤੀ ਕੈਂਪ ਵਿੱਚ ਨਹੀਂ ਰੱਖਿਆ ਜਾਵੇਗਾ ਅਤੇ ਨਾਗਰਿਕਤਾ ਸਾਬਿਤ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਜਾਵੇਗਾ।
ਪਰ ਨਾਰਾਜ਼ ਦਿਖ ਰਹੇ ਸੰਤੋਸ਼ ਭੌਮਿਕ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਭਤੀਜੇ ਦੇ ਸਾਰੇ ਦਸਤਾਵੇਜ਼ ਸਹੀ ਸਨ ਅਤੇ ਮੈਨੂੰ ਉਮੀਦ ਹੈ ਕਿ ਅਜਿਹਾ ਹੀ ਦੂਜਿਆਂ ਦੇ ਨਾਲ ਵੀ ਹੋਇਆ ਹੋਵੇਗਾ।''
"ਹੁਣ ਜਿਨ੍ਹਾਂ ਦਾ ਨਾਂ ਨਹੀਂ ਆਇਆ ਉਨ੍ਹਾਂ ਨੂੰ ਬਾਹਰੀ ਸਮਝਿਆ ਜਾ ਰਿਹਾ ਹੈ। ਇਸ ਨਾਲ ਪੂਰੇ ਭਾਰਤ ਵਿੱਚ ਗਲਤ ਸੰਦੇਸ਼ ਜਾ ਰਿਹਾ ਹੈ। ਜਿਸ ਫੌਜੀ ਨੇ ਭਾਰਤ ਲਈ ਕਾਰਗਿਲ ਲੜਾਈ ਵਿੱਚ ਜਾਨ ਦਿੱਤੀ ਉਸਦੇ ਭਰਾ ਦਾ ਬੇਟਾ ਬਾਹਰੀ ਕਿਵੇਂ ਹੋ ਸਕਦਾ ਹੈ।''
ਐਨਆਰਸੀ ਦੀ ਲਿਸਟ ਵਿੱਚ ਨਹੀਂ ਆਏ ਲੋਕਾਂ ਨੂੰ ਆਸ
ਭਾਰਤੀ ਫੌਜ ਵਿੱਚ ਮੈਡੀਕਲ ਅਫਸਰ ਰਹੇ ਸੰਤੋਸ਼ ਭਾਰਤ ਪ੍ਰਸ਼ਾਸਿਤ ਜੰਮੂ-ਕਸ਼ਮੀਰ ਵਿਚ ਤਾਇਨਾਤ ਸਨ ਜਦੋਂ ਉਨ੍ਹਾਂ ਦੇ ਛੋਟੇ ਭਰਾ ਗ੍ਰੇਨੇਡੀਅਰ ਚਿਨਮੌਏ ਦੀ ਮੌਤ ਕਾਰਗਿਲ ਦੀ ਲੜਾਈ ਦੌਰਾਨ ਹੋਈ ਸੀ।
ਸੰਤੋਸ਼ ਨੇ ਯਾਦ ਕਰਦੇ ਹੋਏ ਦੱਸਿਆ, "ਚਿਨਮੌਏ ਦੀ ਲਾਸ਼ ਮੈਨੂੰ ਦਿੱਲੀ ਵਿੱਚ ਸੌਂਪੀ ਗਈ ਸੀ ਜਿਸ ਨੂੰ ਲੈ ਕੇ ਮੈਂ ਅਸਮ ਆਇਆ ਸੀ।''
ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈ ਕਾਰਗਿਲ ਦੀ ਲੜਾਈ 20 ਮਈ 1999 ਨੂੰ ਸ਼ੁਰੂ ਹੋਈ ਸੀ ਅਤੇ 26 ਜੁਲਾਈ ਨੂੰ ਖ਼ਤਮ ਹੋਈ ਸੀ।
ਸੰਤੋਸ਼ ਭੌਮਿਕ ਦੱਸਦੇ ਹਨ, "ਸਾਡੇ ਪਰਿਵਾਰ ਵਿੱਚ ਕਿਸੇ ਦਾ ਨਾਂ ਦਸੰਬਰ 2017 ਵਿੱਚ ਪਹਿਲੀ ਵਾਰ ਜਾਰੀ ਹੋਈ ਲਿਸਟ ਵਿੱਚ ਨਹੀਂ ਸੀ। ਸਾਰਿਆਂ ਨੂੰ ਇੰਤਜ਼ਾਰ ਇਸ ਲਿਸਟ ਦਾ ਸੀ ਪਰ ਹੁਣ ਕਾਰਗਿਲ ਵਿੱਚ ਮਾਰੇ ਗਏ ਫੌਜੀ ਦੇ ਭਤੀਜੇ ਨੂੰ ਹੀ ਇਸ ਵਿੱਚੋਂ ਭਾਹਰ ਕਰ ਦਿੱਤਾ ਗਿਆ ਹੈ।''
ਇਹ ਵੀ ਪੜ੍ਹੋ:
ਪਿਨਾਕ ਦੇ ਮਾਤਾ-ਪਿਤਾ ਪਿਛਲੇ ਕਈ ਦਿਨਾਂ ਤੋਂ ਹੈਦਰਾਬਾਦ ਵਿੱਚ ਹਨ ਜਿੱਥੇ ਮਾਂ ਦੀ ਬਿਮਾਰੀ ਦਾ ਇਲਾਜ ਚੱਲ ਰਿਹਾ ਹੈ। ਕਾਰਗਿਲ ਲੜਾਈ ਵਿੱਚ ਚਿਨਮੌਏ ਭੌਮਿਕ ਦੀ ਮੌਤ ਤੋਂ ਬਾਅਦ ਤੋਂ ਹੀ ਵੱਡੀ ਭੈਣ ਦੀਪਾਲੀ ਵੀ ਬਿਮਾਰ ਰਹੀ ਹੈ।
ਗੱਲ ਖ਼ਤਮ ਹੋਣ ਤੋਂ ਪਹਿਲਾਂ ਚਾਚਾ ਸੰਤੋਸ਼ ਭੌਮਿਕ ਨੇ ਇਨਾ ਕਿਹਾ, "ਅਸੀਂ ਤਿੰਨ ਭਰਾਵਾਂ ਵਿੱਚ ਸਿਰਫ਼ ਪਿਨਾਕਾ ਹੀ ਅਗਲੀ ਪੀੜ੍ਹੀ ਦਾ ਹੈ ਅਤੇ ਉਸਦਾ ਨਾਂ ਲਿਸਟ ਵਿੱਚ ਨਾ ਆਉਣ ਨਾਲ ਅਸੀਂ ਲੋਕ ਦੁਖੀ ਹਾਂ, ਉਮੀਦ ਹੈ ਅੱਗੇ ਕੁਝ ਤਾਂ ਹੋਵੇਗਾ।
ਕੀ ਹੈ ਐਨਆਰਸੀ?
ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਇੱਕ ਅਜਿਹੀ ਸੂਚੀ ਹੈ ਜਿਸ ਵਿੱਚ ਅਸਾਮ ਵਿੱਚ ਰਹਿਣ ਵਾਲੇ ਉਨ੍ਹਾਂ ਸਾਰਿਆਂ ਲੋਕਾਂ ਦਾ ਨਾਂ ਦਰਜ ਹੋਣਗੇ ਜਿਨ੍ਹਾਂ ਕੋਲ 24 ਮਾਰਚ 1971 ਤੱਕ ਜਾਂ ਉਸ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਅਸਮ ਵਿੱਚ ਰਹਿਣ ਦੇ ਸਬੂਤ ਮੌਜੂਦ ਹੋਣਗੇ।
ਅਸਾਮ ਦੇਸ ਦਾ ਇਕੱਲਾ ਸੂਬਾ ਹੈ ਜਿਸ ਦੇ ਲਈ ਇਸ ਤਰੀਕੇ ਦੀ ਸਿਟੀਜ਼ਨਸ਼ਿਪ ਰਜਿਸਟਰ ਦੀ ਵਿਵਸਥਾ ਹੈ। ਇਸ ਤਰੀਕੇ ਦਾ ਇਹ ਪਹਿਲਾ ਰਜਿਸਟਰੇਸ਼ਨ ਸਾਲ 1951 ਵਿੱਚ ਕੀਤਾ ਗਿਆ ਸੀ।
ਅਸਾਮ ਦੇ ਨਾਗਰਿਕਾਂ ਦੀ ਇਸ ਜਾਂਚ ਦਾ ਕੰਮ ਸੁਪਰੀਮ ਕੋਰਟ ਦੇ ਹੁਕਮ 'ਤੇ ਮਈ 2015 ਵਿੱਚ ਸ਼ੁਰੂ ਹੋਇਆ ਸੀ। ਇਸ ਦੇ ਲਈ ਰਜਿਸਟਰ ਜਨਰਲ ਨੇ ਸਮੂਚੇ ਸੂਬੇ ਵਿੱਚ ਕਈ ਐਨਆਰਸੀ ਕੇਂਦਰ ਖੋਲ੍ਹੇ ਹਨ।
ਐਨਆਰਸੀ ਵਿੱਚ ਸ਼ਾਮਿਲ ਹੋਣ ਦੀ ਯੋਗਤਾ ਅਨੁਸਾਰ ਉਨ੍ਹਾਂ ਲੋਕਾਂ ਨੂੰ ਭਾਰਤੀ ਨਾਗਰਿਕ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਦੇ ਵੱਡੇ-ਵਡੇਰਿਆਂ ਦਾ ਨਾਂ 1951 ਦੀ ਐਨਆਰਸੀ ਵਿੱਚ ਜਾਂ 24 ਮਾਰਚ 1971 ਤੱਕ ਦੇ ਕਿਸੇ ਵੋਟਰ ਲਿਸਟ ਵਿੱਚ ਮੌਜੂਦ ਹੈ।
ਜੇ ਕਿਸੇ ਵਿਅਕਤੀ ਦਾ ਨਾਂ 1971 ਤੱਕ ਕਿਸੇ ਵੀ ਵੋਟਰ ਲਿਸਟ ਵਿੱਚ ਮੌਜੂਦ ਨਾ ਹੋਵੇ ਪਰ ਕਿਸੇ ਦਸਤਾਵੇਜ਼ ਵਿੱਚ ਉਸ ਦੇ ਵੱਡੇ ਵਡੇਰਿਆਂ ਦਾ ਨਾਂ ਹੋਵੇ ਤਾਂ ਉਸ ਨੂੰ ਉਨ੍ਹਾਂ ਨਾਲ ਰਿਸ਼ਤੇਦਾਰੀ ਸਾਬਿਤ ਕਰਨੀ ਹੋਵੇਗੀ।
ਆਪਣੀ ਨਾਗਰਿਕਤਾ ਸਾਬਿਤ ਕਰਨ ਦੇ ਲਈ ਉਹ 12 ਤਰ੍ਹਾਂ ਦੇ ਸਰਟੀਫਿਕੇਟ ਜਾਂ ਦਸਤਾਵੇਜ਼, ਜਿਵੇਂ ਜਨਮ ਦਾ ਸਰਟੀਫਿਕੇਟ, ਜ਼ਮੀਨ ਦੇ ਦਸਤਾਵੇਜ਼, ਪੱਟੇਦਾਰੀ ਦੇ ਦਸਤਾਵੇਜ਼, ਸ਼ਰਾਨਰਥੀ ਪ੍ਰਮਾਣ ਪੱਤਰ, ਸਕੂਲ ਕਾਲਜ ਦੇ ਸਰਟੀਫਿਕੇਟ, ਪਾਸਪੋਰਟ, ਅਦਾਲਤ ਦੇ ਦਸਤਾਵੇਜ਼ ਪੇਸ਼ ਕਰ ਸਕਦੇ ਹਨ।
1 ਜਨਵਰੀ 2018 ਨੂੰ ਐਨਆਰਸੀ ਦੀ ਪਹਿਲੀ ਲਿਸਟ ਅਤੇ 30 ਜੁਲਾਈ ਨੂੰ ਨੈਸ਼ਨਲ ਨਾਗਰਿਕ ਰਜਿਸਟਰ ਦਾ ਦੂਜਾ ਅਤੇ ਅੰਤਿਮ ਮਸੌਦਾ ਜਾਰੀ ਕੀਤਾ ਗਿਆ।