ਆਮ ਆਦਮੀ ਪਾਰਟੀ ਨੇ ਕਿਹਾ ਸੁਖਪਾਲ ਖਹਿਰਾ ਦੀ ਬਠਿੰਡਾ ਰੈਲੀ ਪਾਰਟੀ ਵਿਰੋਧੀ - ਪ੍ਰੈੱਸ ਰਿਵੀਊ

ਹਿੰਦੁਸਤਾਨ ਟਾਈਮਜ਼ ਮੁਤਾਬਕ ਆਮ ਆਦਮੀ ਪਾਰਟੀ ਨੇ 2 ਅਗਸਤ ਨੂੰ ਹੋਣ ਵਾਲੀ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਬਠਿੰਡਾ ਰੈਲੀ ਨੂੰ ਪਾਰਟੀ ਵਿਰੋਧੀ ਰੈਲੀ ਕਰਾਰ ਦਿੱਤਾ ਹੈ।

ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਮਨੀਸ਼ ਸਿਸੋਦੀਆ ਨੇ ਸੂਬੇ ਦੇ 40 ਆਗੂਆਂ ਨੂੰ ਦੱਸਿਆ ਹੈ ਕਿ ਇਹ ਰੈਲੀ ਪਾਰਟੀ ਦਾ ਸਮਾਗਮ ਨਹੀਂ ਹੋਵੇਗੀ।

ਪੰਜਾਬ ਵਿੱਚ ਪਾਰਟੀ ਦੇ ਉੱਪ ਪ੍ਰਧਾਨ ਬਲਬੀਰ ਸਿੰਘ ਨੇ ਕਿਹਾ, "ਇਹ ਸਮਾਗਮ ਜਾਂ ਮਾਫੀਆ ਜਾਂ ਪਾਰਟੀ ਦੇ ਖ਼ਿਲਾਫ਼ ਹੋ ਰਿਹਾ ਹੈ।"

ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਜੇਕਰ ਕੋਈ ਆਮ ਆਦਮੀ ਪਾਰਟੀ ਦਾ ਆਗੂ ਖਹਿਰਾ ਦੇ ਸੱਦੇ ਉੱਤੇ ਜਾਂਦਾ ਹੈ ਤਾਂ ਪਾਰਟੀ ਇਸ 'ਤੇ ਕਾਰਵਾਈ ਕਰੇਗੀ ਤਾਂ ਉਨ੍ਹਾਂ ਨੇ ਕਿਹਾ ਇਹ ਹਾਈ ਕਮਾਨ ਦੇ ਹੱਥ ਵਿੱਚ ਹੋਵੇਗਾ।

ਇਹ ਵੀ ਪੜ੍ਹੋ:

ਕੋਟਕਪੂਰਾ ਤੇ ਬਹਿਬਲ ਕਲਾਂ ਪੁਲਿਸ ਗੋਲੀਕਾਂਡ ਦੀ ਜਾਂਚ ਸੀਬੀਆਈ ਕਰੇਗੀ

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 2015 ਵਿੱਚ ਕੋਟਕਪੂਰਾ ਤੇ ਬਹਿਬਲ ਕਲਾਂ 'ਚ ਹੋਈ ਪੁਲਿਸ ਗੋਲੀਬਾਰੀ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਮਾਮਲੇ ਦੀ ਅਗਲੀ ਜਾਂਚ ਲਈ ਜਸਟਿਸ (ਰਿਟਾ.) ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਮਨਜ਼ੂਰ ਕੀਤਾ ਹੈ।

ਪੰਜਾਬ ਪੁਲਿਸ ਇਸ ਕੇਸ ਦੀ ਅਗਲੀ ਜਾਂਚ ਨਹੀਂ ਕਰਨ ਦੇ ਸੰਬੰਧ ਵਿੱਚ ਅਮਰਿੰਦਰ ਨੇ ਕਿਹਾ ਕਿ ਕਮਿਸ਼ਨ ਨੇ "ਕੁਝ ਬਹੁਤ ਸੀਨੀਅਰ ਪੁਲਿਸ ਅਫਸਰਾਂ" ਨੂੰ ਇਸ ਵਿੱਚ ਦੋਸ਼ੀ ਠਹਿਰਾਇਆ ਹੈ ਅਤੇ ਕਿਸੇ ਵੀ ਅਫ਼ਸਰ ਲਈ ਆਪਣੇ ਸੀਨੀਅਰ ਸਹਿਕਰਮੀਆਂ ਦੀ ਇਸ ਵਿੱਚ ਭੂਮਿਕਾ ਦੀ ਜਾਂਚ ਕਰਨ ਲਈ ਇਹ ਉਚਿਤ ਨਹੀਂ ਸੀ।

ਦਰਅਸਲ ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਇੱਥੇ ਪੁਲਿਸ ਗੋਲਬਾਰੀ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਸੀ।

ਮੋਦੀ ਨੇ ਦਿੱਤੀ ਇਮਰਾਨ ਖ਼ਾਨ ਨੂੰ ਵਧਾਈ

ਪਾਕਿਸਤਾਨੀ ਅਖ਼ਬਾਰ ਦਿ ਐਕਸਪ੍ਰੈਸ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਵਿੱਚ ਇਮਰਾਨ ਖ਼ਾਨ ਨੂੰ ਚੋਣਾਂ ਵਿੱਚ ਹਾਸਿਲ ਕੀਤੀ ਜਿੱਤ ਲਈ ਫੋਨ 'ਤੇ ਵਧਾਈ ਦਿੱਤੀ।

ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਮੋਦੀ ਨੇ ਇਮਰਾਨ ਚੋਣਾਂ ਦੀ ਜਿੱਤਣ ਦੀ ਵਧਾਈ ਦੇ ਨਾਲ-ਨਾਲ ਪਾਕਿਸਤਾਨ ਨਾਲ ਸੰਬੰਧ ਸੁਧਾਰਨ ਲਈ ਵੀ ਸਪੱਸ਼ਟ ਇੱਛਾ ਜ਼ਾਹੀਰ ਕੀਤੀ।

ਅਖ਼ਬਾਰ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਭਾਰਤ ਪਾਕਿਸਤਾਨ ਨਾਲ ਪ੍ਰਗਤੀਸ਼ੀਲ ਸੰਬੰਧ ਚਾਹੁੰਦਾ ਹੈ।"

ਹਾਲਾਂਕਿ ਇਮਰਾਨ ਖ਼ਾਨ ਦੀ ਪਾਰਟੀ ਅਜੇ ਵੀ ਆਜ਼ਾਦ ਉਮੀਦਵਾਰਾਂ ਅਤੇ ਛੋਟੇ ਦਲਾਂ ਨਾ ਰਾਬਤਾ ਕਾਇਮ ਕਰ ਕੇ ਨੈਸ਼ਨਲ ਅਸੈਂਬਲੀ ਵਿੱਚ ਸਾਧਾਰਨ ਬਹੁਮਤ ਪੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)