You’re viewing a text-only version of this website that uses less data. View the main version of the website including all images and videos.
ਸੁਖਪਾਲ ਖਹਿਰਾ ਮਾਮਲੇ 'ਤੇ ਭਗਵੰਤ ਮਾਨ ਦੀ ਟਿੱਪਣੀ 'ਤੇ ਸੋਸ਼ਲ ਮੀਡੀਆ 'ਤੇ ਖਫਾ ਲੋਕ
ਸੁਖਪਾਲ ਸਿੰਘ ਖ਼ਹਿਰਾ ਨੂੰ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਆਗੂ ਦੇ ਅਹੁਦੇ ਤੋਂ ਹਟਾਏ ਜਾਣ ਦੇ ਫੈਸਲੇ 'ਤੇ ਸੰਗਰੂਰ ਤੋਂ ਐੱਮਪੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਟਿੱਪਣੀ ਕੀਤੀ।
ਭਗਵੰਤ ਮਾਨ ਨੇ ਲਿਖਿਆ, ''ਆਪਣੇ ਖ਼ੂਨ ਪਸੀਨੇ ਨਾਲ ਬਣਾਈ ਪਾਰਟੀ 'ਚ ਸੰਕਟ ਦੇਖਕੇ ਮਨ ਉਦਾਸ ਹੈ...ਵਿਰੋਧੀ ਜ਼ਰੂਰ ਖੁਸ਼ ਹੁੰਦੇ ਹੋਣਗੇ, ਦੁੱਖ ਹੈ ਕਿ ਮੇਰੇ ਅਧਿਕਾਰ ਵਿੱਚ ਕੁਝ ਵੀ ਨਹੀਂ ਕਿਉਂਕਿ ਇਹ ਸਾਰਾ ਹੱਕ ਚੁਣੇ MLAs ਦਾ ਏ।''
''ਖਹਿਰਾ ਸਾਹਬ ਮੇਰੇ ਵੱਡੇ ਭਰਾ ਨੇ ਤੇ ਬਹੁਤ ਬੇਖੌਫ ਤੇ ਬੇਬਾਕ ਨੇਤਾ ਨੇ ਮੈਨੂੰ ਉਮੀਦ ਐ ਕਿ ਓਹ ਸਾਰਿਆਂ ਨਾਲ ਮਿਲ ਕੇ ਸੰਕਟ ਦਾ ਹੱਲ ਕੱਢ ਲੈਣਗੇ।''
ਭਗਵੰਤ ਮਾਨ ਦੇ ਸੋਸ਼ਲ ਮੀਡੀਆ ਉੱਤੇ ਵਿਅਕਤ ਕੀਤੇ ਗਏ ਦੁੱਖ 'ਤੇ ਲੋਕਾਂ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ। ਕਈਆਂ ਦਾ ਇਹ ਵੀ ਕਹਿਣਾ ਹੈ ਕਿ ਭਗਵੰਤ ਮਾਨ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ।
ਜਤਿੰਦਰ ਸਿੰਘ ਗਰੇਵਾਲ ਨੇ ਲਿਖਿਆ ਕਿ ਭਗਵੰਤ ਮਾਨ ਦੋ ਸ਼ਬਦ ਬੋਲ ਦੇਣ ਕਿ ਕੌਣ ਸਹੀ ਆ ਤੇ ਕੌਣ ਗਲਤ ਹੈ।
ਦਰਸ਼ਨ ਸਿੰਘ ਗਿੱਲ ਨੇ ਲਿਖਿਆ, ''ਦਿੱਲੀ ਵਾਲੇ ਪੰਜਾਬੀਆਂ ਤੋਂ ਫੰਡ ਇਕੱਠਾ ਕਰਨ ਲਈ ਹਨ, ਕੀ ਪੰਜਾਬ ਵਾਲੇ ਦਿੱਲੀ ਵਾਲਿਆਂ ਦੇ ਗੁਲਾਮ ਹਨ, ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਦਿੱਲੀ ਵਾਲਿਆਂ ਨੂੰ ਪਤਾ ਚਲ ਜਾਵੇਗਾ ਉਹ ਕਿੰਨੇ ਪਾਣੀ ਵਿੱਚ ਹਨ।''
ਗੋਬਿੰਦ ਸੇਖੋਂ ਨੇ ਲਿਖਿਆ, ''ਆ ਗਈ ਜਾਗ ਤੁਹਾਨੂੰ ਮਾਨ ਸਾਬ੍ਹ, ਸ਼ੁਕਰ ਹੈ ਕਿ ਤੁਹਾਨੂੰ ਵੀ ਕਿਸੇ ਨੇ ਦੱਸ ਦਿੱਤਾ ਕਿ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ। ਜਿਹੜਾ ਫੈਸਲਾ ਹਾਈ ਕਮਾਨ ਨੇ ਪੰਜਾਬੀਆਂ 'ਤੇ ਥੋਪਿਆ ਹੈ, ਉਹ ਸਹੀ ਹੈ ਜਾਂ ਗਲਤ?''
ਐਰਐਸਬੀ ਨੇ ਟਵੀਟ ਕੀਤਾ, ''ਬਹੁਤ ਹੀ ਗੈਰਜੁੰਮੇਵਾਰੀ ਭਰਿਆ ਬਿਆਨ ਹੈ, ਸਟੇਟ ਕਨਵੀਨਰ ਅਜਿਹਾ ਬਿਆਨ ਕਿਵੇਂ ਦੇ ਸਕਦਾ ਹੈ। ਜੇ ਕੁਝ ਕਰ ਨਹੀਂ ਸਕਦੇ ਤਾਂ ਸਿਆਸਤ ਛੱਡ ਕੇ ਦੁਬਾਰਾ ਮਰਾਸੀ ਬਣਕੇ ਲੋਕਾਂ ਦਾ ਮਨੋਰੰਜਨ ਕਰਿਆ ਕਰੋ ਮਾਨ ਸਾਹਿਬ।''
ਹਾਲਾਂਕਿ ਕੁਝ ਯੂਜ਼ਰਜ਼ ਨੇ ਖਹਿਰਾ ਖਿਲਾਫ ਲਏ ਗਏ ਫੈਸਲੇ ਨੂੰ ਸਹੀ ਦੱਸਿਆ। ਰਾਹੁਲ ਥਾਪਰ ਨੇ ਲਿਖਿਆ, ''ਸਹੀ ਫੈਸਲਾ, ਖਹਿਰਾ ਸਾਬ੍ਹ ਨੂੰ ਪਾਰਟੀ ਵਿੱਚ ਕੀ ਚਲ ਰਿਹਾ ਹੈ, ਇਸ ਦਾ ਪਤਾ ਨਹੀਂ ਸੀ। ਪਾਰਟੀ ਤੋਂ ਵੱਡਾ ਕੋਈ ਨਹੀਂ ਹੁੰਦਾ।''
ਮਨਪ੍ਰੀਤ ਸਪਾਈਡੀ ਨੇ ਲਿਖਿਆ, ''ਕੇਜਰੀਵਾਲ ਦੀ ਸੋਚ ਨਾਲ ਜੁੜੋ, ਕਿਸੇ ਬੰਦੇ ਦੀ ਨਹੀਂ, ਖਹਿਰਾ ਸਾਬ ਪਹਿਲਾਂ ਕਾਂਗਰਸ ਵਿੱਚ ਸੀ, ਕੱਲ ਨੂੰ ਫੇਰ ਜਾ ਸਕਦੇ ਹਨ।''
ਆਮ ਆਦਮੀ ਪਾਰਟੀ ਦੇ ਇੱਕ ਆਗੂ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਸੁਖਪਾਲ ਖਹਿਰਾ ਦੇ ਰੈਂਫਰੈਂਡਮ-2020 ਵਰਗੇ ਮੁੱਦਿਆਂ ਉੱਤੇ ਬੜਬੋਲੇਪਣ ਕਾਰਨ ਪਾਰਟੀ ਦੀ ਕੌਮੀ ਪੱਧਰ ਉੱਤੇ ਹੋਈ ਫਜ਼ੀਹਤ ਤੋਂ ਪਾਰਟੀ ਨਰਾਜ਼ ਸੀ।
ਕੀ ਹੈ ਵਿਵਾਦ
ਆਮ ਆਦਮੀ ਪਾਰਟੀ ਨੇ ਕੁਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਦੀ ਛੁੱਟੀ ਕਰ ਦਿੱਤੀ ਸੀ।
ਪਾਰਟੀ ਨੇ ਵਿਧਾਨ ਸਭਾ ਹਲਕਾ ਦਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਥਾਪਿਆ ਹੈ।
ਇਸ ਦਾ ਐਲਾਨ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਇੱਕ ਟਵੀਟ ਰਾਹੀ ਕੀਤਾ ਸੀ।
ਮਨੀਸ਼ ਸਿਸੋਦੀਆ ਨੇ ਸੁਖਪਾਲ ਸਿੰਘ ਖਹਿਰਾ ਨੂੰ ਹਟਾਏ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਸੀ।
ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਵੀ ਟਵੀਟ ਕਰਕੇ ਕਿਹਾ ਸੀ, ''ਮੈਂ ਵਿਰੋਧੀ ਧਿਰ ਦੇ ਆਗੂ ਵਜੋਂ ਆਪਣੀ ਡਿਊਟੀ ਪੂਰੇ ਸਮਰਪਣ ਅਤੇ ਬਿਨ੍ਹਾਂ ਕਿਸੇ ਡਰ ਦੇ ਨਿਭਾਈ। ਪੰਜਾਬ ਲਈ ਮੈਂ ਅਜਿਹੇ 100 ਅਹੁਦੇ ਛੱਡਣ ਲਈ ਤਿਆਰ ਹਾਂ। ਪਾਰਟੀ ਨੇ ਉਹੀ ਕੀਤਾ ਜੋ ਕਾਂਗਰਸ, ਭਾਜਪਾ ਤੇ ਅਕਾਲੀ ਦਲ ਚਾਹੁੰਦੀ ਸੀ।''
ਖਹਿਰਾ ਨੇ ਇਸ ਤੋਂ ਬਾਅਦ 9 ਵਿਧਾਇਕਾਂ ਨਾਲ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਉਹ ਪਾਰਟੀ ਨਹੀਂ ਛੱਡਣਗੇ ਪਰ ਇਸ ਮਾਮਲੇ ਸਣੇ ਪੰਜਾਬ ਦੇ ਬਾਕੀ ਮਸਲਿਆਂ ਉੱਤੇ ਸੰਘਰਸ਼ ਦੀ ਰਣਨੀਤੀ ਲਈ ਪੰਜਾਬ ਵਿਚ ਪਾਰਟੀ ਕਾਡਰ ਨੂੰ ਇਕਜੁਟ ਕਰਨਗੇ।
ਉਨ੍ਹਾਂ ਪੰਜਾਬ 2 ਅਗਸਤ ਨੂੰ ਬਠਿੰਡਾ ਵਿਚ ਰੈਲੀ ਕਰਨ ਦਾ ਐਲਾਨ ਕੀਤਾ ਹੋਇਆ ਹੈ ਅਤੇ ਉਹ ਤੀਜੇ ਬਦਲ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੁੰਦੇ ਹਨ।