ਲਾਪਤਾ 6 ਪੰਜਾਬੀ ਮੁੰਡਿਆਂ 'ਚੋਂ ਇੱਕ ਦੇ ਮਿਲਣ ਦੀ ਬੱਝੀ ਆਸ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਟਰੈਵਲ ਏਜੰਟਾਂ ਵੱਲੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜੇ ਜਾਣ ਸਮੇਂ ਸੁਰੀਨਾਮ ਤੋਂ ਲਾਪਤਾ ਹੋਏ 6 ਪੰਜਾਬੀ ਨੌਜਵਾਨਾਂ ਦੀ ਭਾਲ ਲਈ ਜਮਾਇਕਾ ਵਿਚਲੇ ਭਾਰਤੀ ਦੂਤਾਵਾਸ ਨੇ ਦਖ਼ਲ ਦਿੱਤਾ ਹੈ।

ਜਮਾਇਕਾ ਵਿੱਚ ਭਾਰਤੀ ਰਾਜਦੂਤ ਐਮ. ਸੇਵਾਲਾ ਨਾਇਕ ਨੇ ਲਾਪਤਾ ਛੇ ਨੌਜਵਾਨਾਂ ਵਿੱਚੋਂ ਇੱਕ ਜਸਵਿੰਦਰ ਸਿੰਘ ਦੇ ਭਰਾ ਅਰਵਿੰਦਰ ਸਿੰਘ ਔਲਖ ਨੂੰ ਟਵੀਟ ਕਰਕੇ ਜਸਵਿੰਦਰ ਬਾਰੇ ਵਿਸਥਾਰ 'ਚ ਜਾਣਕਾਰੀ ਮੰਗੀ ਹੈ।

ਨਾਇਕ ਨੇ ਟਵੀਟ ਵਿੱਚ ਲਿਖਿਆ ਹੈ, ''ਪਿਆਰੇ ਅਰਵਿੰਦਰ, ਤੁਸੀਂ ਸਾਨੂੰ ਆਪਣੇ ਭਰਾ ਤੇ ਦੂਜਿਆਂ ਬਾਰੇ ਡਿਟੇਲ ਜਾਣਕਾਰੀ ਭੇਜੋ ਕਿ ਉਹ ਬਹਾਮਾਸ ਰਾਹੀਂ ਸਫ਼ਰ ਕਰ ਰਹੇ ਸਨ, ਜਾਂ ਉਹ ਬਹਾਮਾਸ ਵਿੱਚ ਕਦੋਂ ਆਏ ਸਨ। ਇਸ ਜਾਣਕਾਰੀ ਸਾਨੂੰ ਭੇਜੋ।''

ਇਹ ਵੀ ਪੜ੍ਹੋ:

ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਇਸ ਮਾਮਲੇ ਬਾਰੇ ਨੋਟਿਸ ਲੈਕੇ ਸਰਗਰਮ ਹੋਣ ਨਾਲ ਪੀੜਤ ਪਰਿਵਾਰਾਂ ਨੂੰ ਨਵੀਂ ਆਸ ਦੀ ਕਿਰਨ ਦਿਖਾਈ ਦੇਣ ਲੱਗੀ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਅਰਵਿੰਦਰ ਸਿੰਘ ਔਲਖ ਨੇ ਕਿਹਾ ਕਿ ਉਸ ਨੇ ਨਾਇਕ ਨੂੰ ਜਰੂਰੀ ਦਸਤਾਵੇਜ਼ ਭੇਜ ਦਿੱਤੇ ਹਨ।

ਅਰਵਿੰਦਰ ਨੇ ਦੱਸਿਆ ਨੇ ਉਸ ਨੇ ਪਹਿਲਾਂ ਇਹ ਜਾਣਕਾਰੀ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਰਾਜ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਟਵੀਟ ਦਿੱਤੀ ਸੀ।

ਸੁਖਬੀਰ ਨੇ ਇਹ ਜਾਣਕਾਰੀ ਸੁਸ਼ਮਾ ਸਵਰਾਜ ਨੂੰ ਭੇਜ ਕੇ ਦਖ਼ਲ ਦੀ ਮੰਗ ਕੀਤੀ ਸੀ , ਜਿਸ ਦੇ ਜਵਾਬ ਵਿੱਚ ਸੁਸ਼ਮਾ ਸਵਰਾਜ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ।

ਲਾਪਤਾ 28 ਸਾਲ ਜਸਵਿੰਦਰ ਸਿੰਘ ਦੇ ਲਾਚਾਰ ਪਰਿਵਾਰ ਨੇ ਮਦਦ ਲਈ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਗੁਹਾਰ ਲਾਈ ਸੀ, ਤਾਂ ਜੋ ਦੇਰ ਹੋਣ ਤੋਂ ਪਹਿਲਾਂ ਕਦਮ ਚੁੱਕਿਆ ਜਾਵੇ।

ਇਹ ਵੀ ਪੜ੍ਹੋ:

ਅਰਵਿੰਦਰ ਨੇ ਮੰਗ ਕੀਤੀ ਕਿ ਜਿਵੇਂ ਇਰਾਕ ਮਾਮਲੇ ਵਿੱਚ ਕੇਂਦਰੀ ਵਿਦੇਸ਼ ਮੰਤਰੀ ਨੇ ਗੰਭੀਰਤਾ ਨਾਲ ਯਤਨ ਕੀਤੇ ਸਨ, ਉਹ ਇਸ ਮਾਮਲੇ ਵਿੱਚ ਵੀ ਉਵੇਂ ਹੀ ਰੂਚੀ ਲੈਣ ਅਤੇ ਇਸ ਬਾਰੇ ਅਮਰੀਕੀ ਸਰਕਾਰ ਨਾਲ ਵੀ ਕੂਟਨੀਤਿਕ ਪੱਧਰ ਉੱਤੇ ਗੱਲਬਾਤ ਚਲਾਉਣ।

ਅਰਿਵੰਦਰ ਮੁਤਾਬਕ ਏਜੰਟ ਨੇ ਜਸਵਿੰਦਰ ਨੂੰ ਅਮਰੀਕਾ ਪਹੁੰਚਾਉਣ ਲਈ 26.50 ਲੱਖ ਰੁਪਏ ਲਏ ਸਨ। ਪਰ ਉਸਦੇ ਲਾਪਤਾ ਹੋਣ ਤੋਂ ਬਾਅਦ ਏਜੰਟ ਨੇ 26 ਲੱਖ ਭਾਵੇਂ ਪਰਿਵਾਰ ਨੂੰ ਵਾਪਸ ਕਰ ਦਿੱਤੇ ਪਰ ਜਸਵਿੰਦਰ ਦਾ ਕੋਈ ਥਹੁੰ ਪਤਾ ਨਹੀਂ ਲੱਗ ਸਕਿਆ ਹੈ।

ਜਸਵਿੰਦਰ ਨੇ ਆਪਣੇ ਭਰਾ ਨੂੰ ਦੱਸਿਆ ਸੀ ਕਿ ਉਹ 23 ਫਰਵਰੀ 2017 ਨੂੰ ਭਾਰਤ ਤੋਂ ਸੁਰੀਨਾਮ ਗਿਆ ਸੀ। ਜਿੱਥੇ ਉਹ ਪੰਜ ਮਹੀਨੇ ਰਿਹਾ ਅਤੇ ਫਿਰ ਬਹਾਮਾਸ ਪਹੁੰਚ ਗਿਆ ਤੇ ਫਿਰ ਉਹ ਬਹਾਮਾਸ ਪੰਜ ਦਿਨ ਰਹਿਣ ਤੋਂ ਬਾਅਦ ਫਰੀਪੋਰਟ ਆਇਰਲੈਂਡ ਲਈ ਅਗਸਤ 2, 2017 ਨੂੰ ਰਵਾਨਾ ਹੋਇਆ ਸੀ।

ਜਸਵਿੰਦਰ ਦੀ ਮਾਂ ਜਸਵੰਤ ਕੌਰ ਮੁਤਾਬਕ ਇੱਥੋਂ ਹੀ 2 ਅਗਸਤ 2017 ਨੂੰ ਉਨ੍ਹਾਂ ਨੂੰ ਆਖ਼ਰੀ ਫੋਨ ਕੀਤਾ ਗਿਆ ਸੀ, ਉਸ ਨੇ ਫੋਨ ਵਿੱਚ ਕਿਹਾ ਸੀ ਕਿ ਉਹ ਮਿਆਮੀ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ:

ਜਸਵੰਤ ਕੌਰ ਮੁਤਾਬਕ ਰਸਤੇ ਵਿੱਚ ਹੀ ਉਸਨੂੰ 5 ਹੋਰ ਪੰਜਾਬੀ ਨੌਜਵਾਨ ਮਿਲੇ ਸਨ, ਜਿਨ੍ਹਾਂ ਨੂੰ ਇਸੇ ਤਰ੍ਹਾਂ ਦੀ ਹੋਣੀ ਦਾ ਸਾਹਮਣਾ ਕਰਨਾ ਪਿਆ। ਯੂਕੇ ਵਿੱਚ ਕੰਮ ਕਰ ਚੁੱਕੇ ਅਰਵਿੰਦਰ ਸਿੰਘ ਨੂੰ ਖ਼ਦਸ਼ਾ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਸਮੇਂ ਅਮਰੀਕੀ ਕੋਸਟ ਗਾਰਡ ਨੇ ਗ੍ਰਿਫ਼ਤਾਰ ਕਰ ਲਏ ਹੋਣਗੇ ਜਾਂ ਫਿਰ ਉਨ੍ਹਾਂ ਨਾਲ ਰਸਤੇ ਵਿੱਚ ਕੋਈ ਭਾਣਾ ਵਰਤ ਗਿਆ ਹੋਵੇਗਾ। ਜੇ ਉਹ ਫੜ੍ਹੇ ਗਏ ਹੁੰਦੇ ਤਾਂ ਉਨ੍ਹਾਂ ਕੋਲ ਘਰ ਫੋਨ ਕਰਨ ਦੀ ਸੁਵਿਧਾ ਹੋਣੀ ਸੀ, ਪਰ ਉਨ੍ਹਾਂ ਕਦੇ ਵੀ ਫੋਨ ਨਹੀਂ ਕੀਤਾ।

ਇਸ ਤੋਂ ਪਹਿਲਾਂ ਨਵੰਬਰ 2017 ਵਿੱਚ ਪੀੜਤ ਪਰਿਵਾਰਾਂ ਨੇ ਵਿਦੇਸ਼ ਮੰਤਰਾਲੇ ਨੂੰ ਇੱਕ ਪੱਤਰ ਵੀ ਲਿਖਿਆ ਸੀ।

ਹੋਰ ਨੌਜਵਾਨ ਵੀ ਨੇ ਗਾਇਬ

ਬੀਬੀਸੀ ਪੰਜਾਬੀ ਨੇ 13 ਜੁਲਾਈ ਨੂੰ ਜਸਵਿੰਦਰ ਸਣੇ ਗਾਇਬ ਪੰਜਾਬ ਦੇ 4 ਹੋਰ ਨੌਜਵਾਨਾਂ ਬਾਰੇ ਇੱਕ ਖ਼ਬਰ ਵਿੱਚ ਦੱਸਿਆ ਸੀ। ਜਿਸ ਵਿੱਚ ਗੁਰਦਾਸਪੁਰ ਤੋਂ ਗੁਰਦੀਪ, ਮੁਕੇਰੀਆਂ ਨੇੜਲੇ ਪਿੰਡ ਪੁਰੀਕਾ ਦਾ ਸਰਬਜੀਤ ਸਿੰਘ, ਭੁੱਲਥ ਨੇੜਲੇ ਪਿੰਡ ਮਾਨਾ ਤਲਵੰਡੀ ਦਾ ਜਸਪ੍ਰੀਤ ਸਿੰਘ ਅਤੇ ਉਸ ਦਾ ਹੀ ਇੱਕ ਨਜ਼ਦੀਕੀ ਰਿਸ਼ਤੇਦਾਰ ਭੰਡਾਲ ਦੋਨੇ ਦਾ ਨਵਦੀਪ ਸਿੰਘ ਸਿੱਧੂ ਅਦਿ ਸ਼ਾਮਿਲ ਹਨ।

25 ਸਾਲਾ ਸਰਬਜੀਤ ਸਿੰਘ ਦੀ ਮਾਂ ਸਤਪਾਲ ਕੌਰ ਨੇ ਦੱਸਿਆ, "ਤਿੰਨ ਮਹੀਨੇ ਹੋ ਗਏ ਆ ਹੁਣ ਕਿਸੇ ਪੁਲੀਸ ਵਾਲੇ ਅਧਿਕਾਰੀ ਜਾਂ ਥਾਣੇਦਾਰ ਨੂੰ ਮਿਲਣ ਨਹੀਂ ਗਏ। ਉਹ ਅੱਗੇ ਗੱਲਾਂ ਹੀ ਹੋਰ ਦੀਆਂ ਹੋਰ ਕਰਦੇ ਰਹਿੰਦੇ ਹਨ। ਪੁਲੀਸ ਵਾਲੇ ਤਾਂ ਇੱਥੋਂ ਤੱਕ ਕਹਿਣ ਤੱਕ ਚਲੇ ਗਏ ਕਿ ਤੁਸੀਂ ਮੁੰਡਾ ਕਿਹੜਾ ਸਾਨੂੰ ਦੱਸ ਕੇ ਭੇਜਿਆ ਸੀ। ਡੀਐਸਪੀ ਤਾਂ ਠੀਕ ਬੋਲਦਾ ਆ ਪਰ ਐਸਐਚਓ ਅਵੈੜਾ ਬੋਲਦਾ ਆ। ਹੁਣ ਤਾਂ ਘਰ ਚੁਪ ਕਰਕੇ ਬਹਿ ਗਏ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)