ਪ੍ਰੈੱਸ ਰਿਵੀਊ꞉ ਅਕਾਲੀ ਦਲ ਵੱਲੋਂ ਹਰਿਆਣਾ ਚੋਣਾਂ ਵਿੱਚ ਇਕੱਲਿਆਂ ਨਿੱਤਰਨ ਦਾ ਫੈਸਲਾ

ਸ਼੍ਰੋਮਣੀ ਅਕਾਲੀ ਦਲ ਹਰਿਆਣਾ ਵਿੱਚ ਆਗਾਮੀ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਇਕੱਲਿਆਂ ਲੜੇਗਾ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਸੂਬੇ ਵਿੱਚ ਆਪਣਾ ਚੋਣ ਪ੍ਰਚਾਰ 19 ਅਗਸਤ ਨੂੰ ਪਿਪਲੀ ਵਿੱਚ ਰੈਲੀ ਤੋਂ ਸ਼ੁਰੂ ਕਰੇਗੀ।

ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੇ ਆਪਣੀ ਸਹਿਯੋਗੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਮਿਲ ਕੇ ਲੜਦਿਆਂ ਦੋ ਸੀਟਾਂ ਉੱਪਰ ਆਪਣੇ ਉਮੀਦਵਾੜ ਖੜ੍ਹੇ ਕੀਤੇ ਸਨ ਅਤੇ ਕਾਲਿਆਂਵਾਲੀ ਸੀਟ ਉੱਪਰ ਜਿੱਤ ਦਰਜ ਕੀਤੀ ਸੀ।

ਡੇਰਾ ਪ੍ਰੇਮੀਆਂ ਤੋਂ ਦੇਸ਼-ਧਰੋਹ ਦੇ ਇਲਜ਼ਾਮ ਹਟੇ

ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਚਕੂਲਾ ਹਿੰਸਾ ਦੇ ਮਾਮਲੇ ਵਿੱਚ 19 ਡੇਰਾ ਪ੍ਰੇਮੀਆਂ ਤੋਂ ਦੇਸ-ਧਰੋਹ ਦੇ ਇਲਜ਼ਾਮ ਹਟਾ ਦਿੱਤੇ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਬਲਾਤਕਾਰ ਕੇਸ ਵਿੱਚ ਗ੍ਰਿਫ਼ਤਾਰੀ ਅਤੇ ਸਜ਼ਾ ਮਗਰੋਂ ਪਿਛਲੇ ਸਾਲ ਡੇਰਾ ਪ੍ਰੇਮੀਆਂ ਵੱਲੋਂ ਕੀਤੀ ਹਿੰਸਾ ਵਿੱਚ 36 ਮੌਤਾਂ ਹੋਈਆਂ ਸਨ ਅਤੇ 200 ਲੋਕ ਫੱਟੜ ਹੋਏ ਸਨ।

ਖ਼ਬਰ ਮੁਤਾਬਕ ਅਹਿਮ ਗੱਲ ਇਹ ਹੈ ਕਿ ਪੁਲਿਸ ਨੇ ਸਰਕਾਰ ਕੋਲੋਂ ਦੇਸ ਧਰੋਹ ਦੇ ਇਲਜ਼ਾਮਾਂ ਤਹਿਤ ਕਾਰਵਾਈ ਕਰਨ ਲਈ ਵਾਰ-ਵਾਰ ਮੰਗ ਕੀਤੀ ਜੋ ਕਿ ਸਰਕਾਰ ਵੱਲੋਂ ਪ੍ਰਵਾਨ ਨਹੀਂ ਕੀਤੀ ਗਈ।

ਭਾਰਤ ਦਾ ਪਹਿਲਾ ਸਵਦੇਸ਼ੀ ਨੋਟ

ਭਾਰਤੀ ਰਿਜ਼ਰਵ ਬੈਂਕ ਨੇ ਮਹਾਤਮਾਂ ਗਾਂਧੀ ਲੜੀ ਵਿੱਚ ਸੌ ਰੁਪਏ ਦਾ ਨਵਾਂ ਨੋਟ ਜਾਰੀ ਕੀਤਾ ਹੈ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਹ ਨੋਟ ਪੂਰਨ ਤੌਰ 'ਤੇ ਦੇਸ ਵਿੱਚ ਹੀ ਤੋਂ ਤਿਆਰ ਕੀਤੀ ਗਈ ਸਮਗਰੀ ਨਾਲ ਛਾਪਿਆ ਗਿਆ ਹੈ।

ਨੀਲੇ-ਜਾਮਣੀ ਭਾਹ ਮਾਰਦੇ ਰੰਗ ਦਾ ਇਹ ਨੋਟ ਮੌਜੂਦਾ ਇਸੇ ਮੁੱਲ ਦੇ ਨੋਟ ਨਾਲੋਂ ਵੱਖਰੇ ਆਕਾਰ ਦਾ ਹੈ।

ਖ਼ਬਰ ਮੁਤਾਬਕ ਮੌਜੂਦਾ ਏਟੀਐਮ ਮਸ਼ੀਨਾਂ ਵਿੱਚ ਲੋੜੀਂਦੀ ਤਬਦੀਲੀ ਹੋਣ ਤੱਕ ਇਹ ਨੋਟ ਉਨ੍ਹਾਂ ਰਾਹੀਂ ਨਹੀਂ ਮਿਲ ਸਕੇਗਾ। ਇਸ ਦੀ ਸਿਆਹੀ ਤੋਂ ਲੈ ਕੇ ਕਾਗਜ਼ ਅਤੇ ਸੁਰੱਖਿਆ ਫੀਚਰ ਸਭ ਕੁਝ ਦੇਸੀ ਹਨ।

ਦਿੱਲੀ ਦੇ ਸਕੂਲ ਵਿੱਚ ਵਿਦਿਆਰਥੀ ਦਾ ਕਤਲ

ਦਿੱਲੀ ਦੇ ਇੱਕ ਸਕੂਲ ਵਿੱਚ ਇੱਕ 17 ਸਾਲਾ ਵਿਦਿਆਰਥੀ ਨੂੰ ਸਕੂਲ ਦੇ ਅੰਦਰ ਹੀ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਰਾਜਧਾਨੀ ਦੇ ਜਯੋਤੀ ਨਗਰ ਇਲਾਕੇ ਵਿੱਚ ਵਾਪਰੀ ਇਸ ਘਟਨਾ ਵਿੱਚ 10ਵੀਂ ਜਮਾਤ ਦੇ ਵਿਦਿਆਰਥੀ ਗੌਰਵ ਦੀ ਮੌਤ ਹੋ ਗਈ। ਗੌਰਵ ਬਾਬਰਪੁਰ ਦਾ ਰਹਿਣ ਵਾਲਾ ਸੀ ਅਤੇ ਕਿਸੇ ਕੰਮ ਕਰਕੇ ਸਕੂਲ ਆਪਣੇ ਅਧਿਆਪਕ ਨੂੰ ਮਿਲਣ ਗਿਆ ਸੀ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)