ਸੋਸ਼ਲ: 'ਹੈਲਮਟ ਜ਼ਰੂਰ ਪਾਉਣਾ ਚਾਹੀਦਾ ਹੈ, ਭਾਵੇਂ ਮੈਂ ਵੀ ਸਿੱਖ ਪਰਿਵਾਰ ਨਾਲ ਸਬੰਧਿਤ ਹਾਂ'

ਚੰਡੀਗੜ੍ਹ ਵਿੱਚ ਹੁਣ ਦੋ ਪਹੀਆ ਵਾਹਨ ਚਲਾਉਣ ਸਮੇਂ ਔਰਤਾਂ ਨੂੰ ਹੈਲਮਟ ਪਾਉਣਾ ਜ਼ਰੂਰੀ ਹੋ ਗਿਆ ਹੈ।

ਚੰਡੀਗੜ੍ਹ ਪ੍ਰਸ਼ਾਸਨ ਦੇ ਇਸ ਫ਼ੈਸਲੇ ਤੋਂ ਬਾਅਦ ਸਿੱਖ ਮਹਿਲਾ ਆਗੂਆਂ ਨੇ ਇਸ ਸੋਧ ਦਾ ਵਿਰੋਧ ਕੀਤਾ ਹੈ।

ਚੰਡੀਗੜ੍ਹ ਪ੍ਰਸ਼ਾਸਨ ਦੇ ਇਸ ਫ਼ੈਸਲੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਿਰਨਜੀਤ ਕੌਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦਾ ਫ਼ੈਸਲਾ ਸਿੱਖ ਮਰਿਆਦਾ ਦੇ ਉਲਟ ਹੈ।

ਇਹ ਵੀ ਪੜ੍ਹੋ :

ਉੱਧਰ ਇਸ ਮੁੱਦੇ ਨੂੰ ਲੈ ਕੇ ਬੀਬੀਸੀ ਪੰਜਾਬੀ ਨੇ ਆਪਣੇ ਫੋਰਮ ਕਹੋ ਤੇ ਸੁਣੋ ਰਾਹੀਂ ਲੋਕਾਂ ਤੋਂ ਉਨ੍ਹਾਂ ਦੇ ਵਿਚਾਰ ਜਾਣਨੇ ਚਾਹੇ।

ਅਸੀਂ ਪੁੱਛਿਆ ਸੀ ਕਿ ਸਿੱਖ ਔਰਤਾਂ ਨੂੰ ਹੈਲਮਟ ਪਾਉਣਾ ਚਾਹੀਦਾ ਹੈ ਜਾਂ ਛੋਟ ਮਿਲਣੀ ਚਾਹੀਦੀ ਹੈ?

ਇਸ ਸਵਾਲ ਦੇ ਜਵਾਬ 'ਚ ਲੋਕਾਂ ਨੇ ਆਪਣੇ-ਆਪਣੇ ਵਿਚਾਰ ਰੱਖੇ।

ਕਈਆਂ ਨੇ ਕਿਹਾ ਕਿ ਇਹ ਸਭ ਲਈ ਜ਼ਰੂਰੀ ਹੈ, ਕੁਝ ਨੇ ਕਿਹਾ ਹਾਂ ਹੈਲਮਟ ਪਾਉਣਾ ਚਾਹੀਦਾ ਹੈ ਅਤੇ ਕਈਆਂ ਨੇ ਕਿਹਾ ਕਿ ਸਿੱਖ ਔਰਤਾਂ ਦਸਤਾਰ ਸਜਾਉਂਦੀਆਂ ਹਨ, ਇਸ ਲਈ ਉਨ੍ਹਾਂ ਨੂੰ ਛੋਟ ਮਿਲਣੀ ਚਾਹੀਦੀ ਹੈ।

ਅਮ੍ਰਿਤਾ ਲਿਖਦੇ ਹਨ, ''ਨਿਯਮ ਇੱਕੋ ਤਰ੍ਹਾਂ ਦੇ ਹੋਣੇ ਚਾਹੀਦੇ ਹਨ।''

ਕਮਲਪ੍ਰੀਤ ਕੌਰ ਨੇ ਲਿਖਿਆ, '' ਸਿੱਖ ਔਰਤਾਂ ਦਸਤਾਰ ਸਜਾਉਂਦੀਆਂ ਉਨ੍ਹਾਂ ਨੂੰ ਛੋਟ ਬਾਕੀ ਲਈ ਜ਼ਰੂਰੀ ਚਾਹੀਦਾ ਹੈਲਮੇਟ।''

ਕੁਲਦੀਪ ਗਿੱਲ, ਦਵਿੰਦਰ ਸਿੰਘ, ਕੇ ਪੀ ਐਸ ਸੋਹਲ ਅਤੇ ਭੁਪਿੰਦਰ ਸਿੰਘ ਦੇ ਵਿਚਾਰ ਸਨ ਕਿ ਸੁਰੱਖਿਆ ਪਹਿਲਾਂ ਹੈ ਇਸ ਲਈ ਜ਼ਰੂਰੀ ਹੈ।

ਰੁਪਿੰਦਰ ਕੌਰ ਲਿਖਦੇ ਹਨ, ''ਸੇਫ਼ਟੀ ਧਰਮ ਨਹੀਂ ਦੇਖਦੀ।''

ਪਰਮਿੰਦਰ ਸਿੰਘ ਨੇ ਲਿਖਿਆ, ''ਮੌਤ ਔਰਤ ਜਾਂ ਮਰਦ ਨਹੀਂ ਦੇਖਦੀ।''

ਕਮਲਜੀਤ ਸਿੰਘ ਮੁਤਾਬਕ, ''ਇਹ ਨਿਯਮ ਪੰਜਾਬ ਵਿੱਚ ਵੀ ਲਾਗੂ ਹੋਣਾ ਚਾਹੀਦਾ ਹੈ।''

ਵਿਨੋਦ ਸ਼ਰਮਾ ਨੇ ਆਪਣੇ ਕਮੈਂਟ 'ਚ ਲਿਖਿਆ, ''ਹਾਦਸੇ ਕਿਸੇ ਦੀ ਜਾਤ ਜਾਂ ਧਰਮ ਪੁੱਛ ਕੇ ਨਹੀਂ ਆਉਂਦੇ।''

ਇਹ ਵੀ ਪੜ੍ਹੋ:

ਸਰੀਤਾ ਵਿਰਕ ਨੇ ਲਿਖਿਆ, ''ਕਾਨੂੰਨ ਸਭ ਧਰਮਾਂ ਲਈ ਬਰਾਬਰ ਹੋਣਾ ਚਾਹੀਦਾ ਹੈ...ਹਿੰਦੂ, ਮੁਸਲਿਮ, ਸਿੱਖ, ਇਸਾਈ...ਆਪਸ ਵਿੱਚ ਭਾਈ-ਭਾਈ।''

ਰਵਿੰਦਰ ਔਲਖ ਨਾਂ ਦੇ ਫੇਸਬੁੱਕ ਯੂਜ਼ਰ ਲਿਖਦੇ ਹਨ, ''ਜ਼ਰੂਰ ਪਾਉਣਾ ਚਾਹੀਦਾ ਹੈ, ਭਾਵੇਂ ਮੈਂ ਵੀ ਸਿੱਖ ਪਰਿਵਾਰ ਨਾਲ ਸਬੰਧਿਤ ਹਾਂ।''

ਕੁਲਵਿੰਦਰ ਸਿੰਘ ਲਿਖਦੇ ਹਨ, '' ਹੁਣ ਹੈਲਮੈਟ ਮੋਰਚਾ ਲਾ ਦਿਓ।ਪਾ ਦਿਓ ਸ਼ਹੀਦੀ ਨਸ਼ਿਆ ਨਾਲ ਮਾਪਿਆ ਦੇ ਪੁੱਤ ਮਰ ਰਹੇ ਹਨ ਤਾਂ ਓਦੋਂ ਇਹ ਬੁਲਾਰੇ ਕਿੱਥੇ ਚਲੇ ਗਏ।''

ਹੈਰੀ ਚਾਹਲ ਨੇ ਲਿਖਿਆ, ''ਨਿਯਮ ਧਰਮ ਲਈ ਨਹੀਂ, ਨਾਗਰਿਕਾਂ ਲਈ ਹੁੰਦੇ ਹਨ ਤੇ ਨਾਗਰਿਕਾਂ ਦਾ ਕੋਈ ਧਰਮ ਨਹੀਂ ਹੁੰਦਾ।''

ਚੰਡੀਗੜ੍ਹ ਵਿੱਚ ਹੈਲਮਟ ਬਾਰੇ ਨਵਾਂ ਨਿਯਮ

ਚੰਡੀਗੜ੍ਹ ਟਰਾਂਸਪੋਰਟ ਮਹਿਕਮੇ ਦੇ ਸਕੱਤਰ ਬੀ ਐਲ ਸ਼ਰਮਾ ਵੱਲੋਂ ਛੇ ਜੁਲਾਈ ਨੂੰ ਚੰਡੀਗੜ੍ਹ ਵਹੀਕਲ ਰੂਲ 1990 ਦੇ ਨਿਯਮ ਨੰਬਰ 193 ਵਿੱਚ ਸੋਧ ਦਾ ਹਵਾਲਾ ਦਿੰਦੇ ਹੋਏ ਹੈਲਮਟ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤੀ ਗਿਆ ਸੀ।

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ ਔਰਤਾਂ ਨੂੰ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਤੋਂ ਛੋਟ ਸੀ। ਨਵੇਂ ਨਿਯਮਾਂ ਮੁਤਾਬਕ ਉਨ੍ਹਾਂ ਸਿੱਖ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਹੈਲਮਟ ਪਾਉਣ ਤੋਂ ਛੋਟ ਹੋਵੇਗੀ ਜੋ ਦਸਤਾਰ ਸਜਾ ਕੇ ਟੂ ਵ੍ਹੀਲਰ ਚਲਾਉਣਗੇ।

ਚੰਡੀਗੜ੍ਹ ਟਰੈਫ਼ਿਕ ਪੁਲਿਸ ਦੇ ਐਸਐਸਪੀ ਸਸ਼ਾਂਕ ਆਨੰਦ ਮੁਤਾਬਕ ਟੂ-ਵੀਲ੍ਹਰ ਸਵਾਰ ਔਰਤਾਂ ਦੇ ਸੜਕ ਹਾਦਸੇ ਵਿੱਚ ਸਿਰ ਉੱਤੇ ਲੱਗੀ ਸੱਟ ਕਾਰਨ, "ਸਾਲ 2003 ਤੋਂ ਲੈ ਕੇ ਜੂਨ 2018 ਤੱਕ 43 ਔਰਤਾਂ ਦੀ ਮੌਤ ਹੋਈ।"

SGPC ਮੈਂਬਰ ਦੀ ਦਲੀਲ

ਬੀਬੀਸੀ ਪੰਜਾਬੀ ਨਾਲ ਫ਼ੋਨ ਉੱਤੇ ਗੱਲਬਾਤ ਕਰਦਿਆਂ SGPC ਮੈਂਬਰ ਕਿਰਨਜੀਤ ਕੌਰ ਨੇ ਕਿਹਾ ਕਿ "ਲੋਹ-ਟੋਪ ਪਾਉਣਾ ਸਿੱਖ ਸਿਧਾਂਤਾਂ ਦੇ ਉਲਟ ਹੈ ਇਸ ਲਈ ਇਸ ਨੂੰ ਸਿੱਖਾਂ ਉੱਤੇ ਥੋਪਣਾ ਨਹੀਂ ਚਾਹੀਦਾ। ਹੈਲਮਟ ਪਾਉਣਾ ਜਾਂ ਨਹੀਂ ਪਾਉਣਾ ਇਹ ਵਿਅਕਤੀ ਜਾਂ ਔਰਤ ਦੀ ਇੱਛਾ ਉੱਤੇ ਛੱਡ ਦੇਣਾ ਚਾਹੀਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)