'ਇੱਕ ਸਾਲ ਦੇ ਮਾਸੂਮ ਦਾ ਚਿਹਰਾ ਦੇਖ ਕੇ ਕੀਤੀ ਨਸ਼ੇ ਤੋਂ ਤੌਬਾ'

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ

"ਨਸ਼ੇ-ਪੱਤੇ 'ਚ ਥਾਣੇ ਕਚਹਿਰੀਆਂ 'ਚ ਬਹੁਤ ਪੈਸੇ ਖ਼ਰਾਬ ਕੀਤੇ ਮਾਪਿਆਂ ਦੀ ਫਜ਼ੂਲ ਖਰਚੀ ਦਾ ਤਾਂ ਹਿਸਾਬ ਹੀ ਕੋਈ ਨਹੀਂ। ਸਾਡਾ ਡੇਅਰੀ ਦਾ ਕੰਮ ਸੀ, ਉਹ ਵੀ ਬੰਦ ਹੋ ਗਿਆ। ਸਾਡੇ 25-30 ਪਸ਼ੂ ਸਨ ਉਹ ਵੀ ਵੇਚਣੇ ਪਏ, ਪੜ੍ਹਾਈ ਵਿਚਾਲੇ ਰਹਿ ਗਈ।"

ਇਹ ਸ਼ਬਦ ਬਲਵਿੰਦਰ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਹੇ। ਇਸ ਵੇਲੇ ਉਨ੍ਹਾਂ ਦਾ ਸਾਰਾ ਪਰਿਵਾਰ ਕੈਨੇਡਾ 'ਚ ਰਹਿੰਦਾ ਹੈ ਅਤੇ ਉਹ ਇਕੱਲੇ ਹੀ ਬਰਨਾਲੇ ਸ਼ਹਿਰ ਵਿੱਚ ਰਹਿੰਦੇ ਹਨ।

ਸਾਲ 1992 ਤੋਂ 2002 ਤੱਕ ਬਲਵਿੰਦਰ ਸਿੰਘ ਨੂੰ ਬਿੰਦਾ ਰਾਇਸਰੀਆ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਹ 17-18 ਸਾਲ ਦੀ ਉਮਰ ਵਿੱਚ ਹੀ ਲੜਾਈ ਝਗੜੇ ਵਰਗੀਆਂ ਬੁਰਾਈਆਂ ਵਿੱਚ ਸ਼ਾਮਲ ਹੋ ਗਏ ਸਨ।

ਇਹ ਵੀ ਪੜ੍ਹੋ :

ਬਲਵਿੰਦਰ ਦਾ ਇਹ ਉਹ ਕਦਮ ਸੀ ਜਿਹੜਾ ਉਸ ਨੂੰ ਨਸ਼ਿਆਂ ਦੀ ਦਲਦਲ ਵੱਲ ਲੈ ਗਿਆ। ਬਲਵਿੰਦਰ ਉਸ ਸਮੇਂ ਵਿੱਚ ਮੁੰਡਿਆਂ ਦੇ ਇੱਕ ਗਰੁੱਪ ਵਿੱਚ ਨਾਮੀ ਬੰਦਾ ਰਿਹਾ ਹੈ, ਜਦੋਂ ਗੈਂਗਸਟਰ ਸ਼ਬਦ ਖ਼ੂਨੀ ਲੜਾਈਆਂ ਲੜਨ ਵਾਲੇ ਗ਼ੁਮਰਾਹ ਹੋਏ ਮੁੰਡਿਆਂ ਲਈ ਨਹੀਂ ਵਰਤਿਆ ਜਾਂਦਾ ਸੀ।

ਬਲਵਿੰਦਰ ਸਿੰਘ ਦੀ ਰਹਾਇਸ਼ ਸ਼ਹਿਰ ਦੇ ਉੱਕ ਵਿਕਸਤ ਇਲਾਕੇ ਵਿੱਚ ਹੈ। ਘਰ ਦੀ ਦਿੱਖ ਤੋਂ ਹੀ ਪਰਿਵਾਰ ਦੀ ਮੱਧਵਰਗੀ ਆਰਥਿਕਤਾ ਦਾ ਅੰਦਾਜ਼ਾ ਹੋ ਜਾਂਦਾ ਹੈ। ਪਛਾਣ ਦੱਸੇ ਜਾਣ ਉੱਤੇ ਹੀ ਘਰ ਦਾ ਦਰਵਾਜ਼ਾ ਖੁੱਲ੍ਹਦਾ ਹੈ।

ਪਛਾਣ ਦੱਸੇ ਜਾਣ 'ਤੇ ਖੁੱਲ੍ਹਦਾ ਹੈ ਦਰਵਾਜ਼ਾ

ਜਦੋਂ ਅਸੀਂ ਉਨ੍ਹਾਂ ਦੇ ਘਰ ਗਏ ਤਾਂ ਬਲਵਿੰਦਰ ਸਿੰਘ ਘਰ ਦੇ ਡਰਾਇੰਗ ਰੂਮ ਵਿੱਚ ਬੈਠੇ ਕੋਈ ਕਿਤਾਬ ਪੜ੍ਹ ਰਹੇ ਸਨ। ਉਨ੍ਹਾਂ ਦੇ ਮਿਲਣਸਾਰ ਸੁਭਾਅ ਤੋਂ ਇਹ ਅੰਦਾਜ਼ਾ ਲਾਉਣਾ ਔਖਾ ਹੈ ਕਿ ਕਦੇ ਇਹ ਬੰਦਾ ਸਮਾਜ ਵਿੱਚ ਡਰ ਦਾ ਕਾਰਨ ਰਿਹਾ ਹੋਵੇਗਾ।

ਬਲਵਿੰਦਰ ਆਪਣੀ ਜਵਾਨੀ ਦੇ ਦੌਰ ਬਾਰੇ ਦੱਸਦੇ ਹਨ, "ਲੜਾਈਆਂ-ਝਗੜਿਆਂ ਵਿੱਚ ਪੈਣ ਕਰਕੇ ਹੌਲੀ-ਹੌਲੀ ਸਾਡਾ ਕਾਫ਼ੀ ਵੱਡਾ ਗਰੁੱਪ ਬਣ ਗਿਆ। ਸੀਨੀਅਰ ਮੁੰਡਿਆਂ ਦੀ ਸੰਗਤ ਵਿੱਚ ਸ਼ੀਸ਼ੀਆਂ ਪੀਣ ਦੀ ਆਦਤ ਪੈ ਗਈ।

ਪਹਿਲਾਂ ਸ਼ੁਗਲ-ਸ਼ੁਗਲ ਵਿੱਚ ਸ਼ੁਰੂ ਕੀਤਾ ਪਰ ਫਿਰ ਤਾਂ ਬਸ ਸਾਰਾ ਦਿਨ ਨਸ਼ੇ ਵਿੱਚ ਹੀ ਰਹਿੰਦੇ ਸੀ। ਸਾਡੇ ਗਰੁੱਪ ਦਾ ਸ਼ਾਇਦ ਹੀ ਕੋਈ ਅਜਿਹਾ ਮੁੰਡਾ ਹੋਵੇ ਜਿਹੜਾ ਸ਼ੀਸ਼ੀਆਂ ਨਾ ਪੀਂਦਾ ਹੋਵੇ ਜਾਂ ਗੋਲੀਆਂ ਨਾ ਖਾਂਦਾ ਹੋਵੇ।"

ਇਹ ਵੀ ਪੜ੍ਹੋ :

ਉਹ ਅੱਗੇ ਦੱਸਦੇ ਹਨ, "ਉਦੋਂ ਉਮਰ ਹੀ ਅਜਿਹੀ ਸੀ। ਨਸ਼ੇ ਦੀ ਹਾਲਤ ਵਿੱਚ ਸਹੀ ਫ਼ੈਸਲਾ ਅਸੀਂ ਕੀ ਲੈਣਾ ਸੀ। ਕਿਸੇ ਨਾ ਕਿਸੇ ਦਾ ਪੰਗਾ ਪਿਆ ਰਹਿੰਦਾ ਉਂਝ ਹੀ ਲੋਕਾਂ ਨਾਲ ਲੜਦੇ ਰਹਿਣਾ, ਦੁਸ਼ਮਣੀਆਂ ਪੈ ਜਾਣੀਆਂ। ਬਸ ਫਿਰ 8-10 ਪਰਚੇ ਦਰਜ ਹੋ ਗਏ। ਬਹੁਤੇ ਮਾਮਲਿਆਂ ਵਿੱਚ ਮੈਂ ਸ਼ਾਮਿਲ ਵੀ ਨਹੀਂ ਸੀ ਹੁੰਦਾ, ਬਸ ਗਰੁੱਪ ਦੇ ਬੰਦਿਆਂ ਕਰਕੇ ਪਰਚਿਆਂ ਵਿੱਚ ਨਾਂ ਪੈ ਜਾਣਾ।"

5 ਵਾਰ ਬੰਦ ਹੋਈ ਫੇਸਬੁੱਕ ਆਈਡੀ

ਉਨ੍ਹਾਂ ਮੁਤਾਬਕ "ਮੈਂ ਹੁਣ ਇਸੇ ਕਰਕੇ ਨਸ਼ਿਆਂ ਖ਼ਿਲਾਫ਼ ਪ੍ਰਚਾਰ ਕਰਦਾ ਹਾਂ ਕਿ ਕੋਈ ਹੋਰ ਇਸ ਤਰ੍ਹਾਂ ਦੀ ਜ਼ਿੰਦਗੀ ਵਿੱਚ ਨਾ ਪਵੇ।"

ਬਲਵਿੰਦਰ ਸਿੰਘ ਸੋਸ਼ਲ ਮੀਡੀਆ ਉੱਤੇ ਨਸ਼ਿਆਂ ਨੂੰ ਲੈ ਕੇ ਸਿਆਸੀ ਲੀਡਰਾਂ ਉੱਤੇ ਤਿੱਖੇ ਕੁਮੈਂਟ ਕਰਦੇ ਹਨ। ਇਸ ਬਾਰੇ ਉਹ ਦੱਸਦੇ ਹਨ, "ਨਸ਼ਿਆਂ ਲਈ ਸਿਆਸੀ ਲੀਡਰ ਹੀ ਜ਼ਿੰਮੇਵਾਰ ਹਨ, ਇਹ ਮੇਰਾ ਨਿੱਜੀ ਤਜ਼ਰਬਾ ਹੈ। ਸਾਨੂੰ ਵੀ ਸਿਆਸੀ ਲੀਡਰ ਆਪਣੇ ਮੁਫ਼ਾਦਾਂ ਲਈ ਵਰਤਦੇ ਰਹੇ ਹਨ। ਨਸ਼ਿਆਂ ਖ਼ਿਲਾਫ਼ ਬੋਲਣ ਕਰਕੇ ਹੀ ਮੇਰੀ ਫੇਸਬੁੱਕ ਆਈਡੀ ਪੰਜ ਵਾਰ ਬੰਦ ਕਰਵਾਈ ਜਾ ਚੁੱਕੀ ਹੈ।"

ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲਣ ਬਾਰੇ ਬਲਵਿੰਦਰ ਸਿੰਘ ਜਜ਼ਬਾਤੀ ਹੋ ਜਾਂਦੇ ਹਨ, "ਮੈਂ ਕਿਸੇ ਕੇਸ ਵਿੱਚ ਜੇਲ੍ਹ ਵਿੱਚ ਸੀ, ਉੱਥੇ ਕਿਤਾਬਾਂ ਨਾਲ ਵਾਹ ਪੈ ਗਿਆ। ਸਾਹਿਤ ਨਾਲ ਜੁੜਨ ਦਾ ਵੀ ਕਾਫ਼ੀ ਅਸਰ ਪਿਆ। ਫੇਰ ਮੇਰਾ ਵੱਡਾ ਭਰਾ ਆਪਣੇ ਇੱਕ ਸਾਲ ਦੇ ਪੁੱਤਰ ਨੂੰ ਮੇਰੇ ਕੋਲ ਛੱਡ ਕੇ ਵਿਦੇਸ਼ ਚਲਾ ਗਿਆ।"

ਉਨ੍ਹਾਂ ਨੇ ਕਿਹਾ ਕਿ ਉਸ ਦਾ ਮਾਸੂਮ ਚਿਹਰਾ ਦੇਖ ਕੇ ਮਨ ਪਸੀਜ ਗਿਆ। ਉਸ ਬੱਚੇ ਨੇ ਜ਼ਿੰਮੇਵਾਰੀ ਦਾ ਅਜਿਹਾ ਅਹਿਸਾਸ ਕਰਵਾਇਆ ਕਿ ਉਨ੍ਹਾਂ ਨੇ ਨਸ਼ਿਆਂ ਤੋਂ ਤੌਬਾ ਕਰ ਲਈ ਅਤੇ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਨਾਲ ਦੇ ਕਈ ਮੁੰਡਿਆਂ ਦਾ ਨਸ਼ਾ ਛੁਡਵਾਇਆ।

"ਜਿਨ੍ਹਾਂ ਨਾਲ ਜਵਾਨੀ ਵੇਲੇ ਲੜਦੇ ਰਹਿੰਦੇ ਸੀ, ਉਨ੍ਹਾਂ ਨੂੰ ਵੀ ਚੁੱਕ-ਚੁੱਕ ਕੇ ਘਰ ਛੱਡ ਆਉਂਦਾ ਰਿਹਾ। ਫਿਰ ਵੀ ਕਈ ਮੁੰਡੇ ਜਵਾਨੀ ਵੇਲੇ ਨਸ਼ਿਆਂ ਦੇ ਭੇਂਟ ਚੜ੍ਹ ਕੇ ਮੌਤ ਦੇ ਮੂੰਹ ਵਿੱਚ ਚਲੇ ਗਏ। ਕਈ ਹਾਲੇ ਵੀ ਇਸੇ ਨਰਕ ਵਿੱਚ ਜਿਉਂ ਰਹੇ ਹਨ।"

ਬਲਵਿੰਦਰ ਸਿੰਘ ਬਰਨਾਲਾ ਅੱਜ-ਕੱਲ੍ਹ ਬਰਨਾਲਾ ਵਿੱਚ ਹੀ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ ਅਤੇ ਖੇਤੀਬਾੜੀ ਕਰਕੇ ਆਪਣਾ ਪਰਿਵਾਰ ਚਲਾ ਰਹੇ ਹਨ।

ਬਰਨਾਲਾ ਪੁਲਿਸ ਦੇ ਡੀਐਸਪੀ (ਡੀ) ਕੁਲਦੀਪ ਸਿੰਘ ਵਿਰਕ ਮੁਤਾਬਕ, "ਬਲਵਿੰਦਰ ਸਿੰਘ ਉਰਫ ਬਿੰਦਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਛੇ ਪਰਚੇ ਦਰਜ ਸਨ ਜਿਨ੍ਹਾਂ ਵਿੱਚੋਂ ਉਹ ਬਰੀ ਹੋ ਚੁੱਕੇ ਹਨ। ਫ਼ਿਲਹਾਲ ਉਸ ਦੇ ਖ਼ਿਲਾਫ਼ ਕੋਈ ਪਰਚਾ ਦਰਜ ਨਹੀਂ ਹੈ। ਪੁਰਾਣੇ ਰਿਕਾਰਡ ਕਰਕੇ ਉਸ ਨੂੰ ਗੈਂਗਸਟਰਾਂ ਦੀ ਕੈਟੇਗਰੀ ਵਿੱਚ ਰੱਖਿਆ ਗਿਆ ਹੈ।"

ਇਹ ਵੀ ਪੜ੍ਹੋ;

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)