ਸੋਸ਼ਲ: 'ਸਰਜੀਕਲ ਸਟ੍ਰਾਈਕ ਸੀਰੀਅਲ ਦਾ ਨਵਾਂ ਐਪੀਸੋਡ ਰਿਲੀਜ਼'

ਸਤੰਬਰ 2016 ਵਿੱਚ ਭਾਰਤੀ ਫੌਜ ਵੱਲੋਂ ਪਾਕਿਸਤਾਨ 'ਤੇ ਕੀਤੀ ਗਈ ਕਥਿਤ ਸਰਜੀਕਲ ਸਟ੍ਰਾਈਕ ਦਾ ਵੀਡੀਓ ਜਾਰੀ ਕੀਤਾ ਗਿਆ ਹੈ।

ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਵਿਵਾਦ ਹੈ ਅਤੇ ਵੱਖ ਵੱਖ ਲੋਕ ਆਪਣੀਆਂ ਪ੍ਰਤਿਕਿਰਿਆਵਾਂ ਦੇ ਰਹੇ ਹਨ।

ਵਿਰੋਧੀ ਪਾਰਟੀ ਕਾਂਗਰਸ ਨੇ ਇਸ ਵੀਡੀਓ ਨੂੰ ਜਾਰੀ ਕਰਨ ਦਾ ਵਿਰੋਧ ਕੀਤਾ ਹੈ।

ਕਾਂਗਰਸ ਦੇ ਐਮਐਲਏ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ''ਕੀ ਮੋਦੀ ਸਰਕਾਰ ਨੂੰ ਫੌਜ ਦੀ ਵੀਰਤਾ ਤੋਂ ਪਬਲੀਸਿਟੀ ਲੈਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ? ਕੀ ਸਰਕਾਰ ਦਾ ਸਰਜੀਕਲ ਸਟ੍ਰਾਈਕ ਲਈ ਰਾਜਨੀਤਕ ਸ਼ਰੇਅ ਲੈਣਾ ਗਲਤ ਨਹੀਂ ਹੈ?''

ਹਾਲਾਂਕਿ ਇਸ ਦੇ ਜਵਾਬ ਵਿੱਚ ਟਵੀਟ ਆਇਆ ਕਿ ਵੀਡੀਓ ਦੀ ਮੰਗ ਵੀ ਕਾਂਗਰਸ ਵੱਲੋਂ ਹੀ ਕੀਤੀ ਗਈ ਸੀ। ਮਨੀਸ਼ ਨਾਂ ਦੇ ਯੂਜ਼ਰ ਨੇ ਟਵੀਟ ਕੀਤਾ, ''ਕੀ ਕਾਂਗਰਸ ਨੂੰ ਸਰਜੀਕਲ ਸਟ੍ਰਾਈਕ ਦਾ ਸਬੂਤ ਮੰਗਣ ਲਈ ਮੁਆਫੀ ਨਹੀਂ ਮੰਗਣੀ ਚਾਹੀਦੀ ਹੈ?''

ਕੁਝ ਯੂਜ਼ਰਸ ਨੇ ਵੀਡੀਓ ਨੂੰ ਦੇਸ਼ਭਗਤੀ ਦਾ ਸਬੂਤ ਮੰਨਿਆ ਅਤੇ ਸ਼ੱਕ ਕਰਨ ਵਾਲੀਆਂ ਲਈ ਸਜ਼ਾ ਦੀ ਮੰਗ ਕੀਤੀ। ਅਸ਼ੋਕ ਪੰਡਿਤ ਨੇ ਟਵੀਟ ਕੀਤਾ, ''ਇਸ ਵੀਡੀਓ ਨੰ ਵੇਖ ਕੇ ਮੈਨੂੰ ਭਾਰਤੀ ਫੌਜ 'ਤੇ ਮਾਣ ਮਹਿਸੂਸ ਹੁੰਦਾ ਹੈ।''

ਪ੍ਰੀਆ ਦੇਸ਼ਮੁੱਖ ਨੇ ਲਿਖਿਆ, ''ਸਰਜੀਕਲ ਸਟ੍ਰਾਈਕ ਨੂੰ ਝੂਠਾ ਕਹਿਣ ਵਾਲਿਆਂ 'ਤੇ ਕੇਸ ਹੋਣਾ ਚਾਹੀਦਾ ਹੈ।''

ਹਾਲਾਂਕਿ ਕੁਝ ਸਰਕਾਰ ਦੇ ਇਸ ਫੈਸਲੇ ਤੋਂ ਨਾਰਾਜ਼ ਵੀ ਨਜ਼ਰ ਆਏ। ਸੰਦੀਪ ਜੈਨ ਨੇ ਲਿਖਿਆ, ''ਕੀ ਇਹ ਸੁਰੱਖਿਆ ਦਾ ਮਸਲਾ ਨਹੀਂ ਹੈ? ਸਿਰਫ ਨੰਬਰ ਬਣਾਉਣ ਲਈ ਵੀਡੀਓ ਜਾਰੀ ਕਰਨਾ ਬੇਹੱਦ ਸ਼ਰਮਨਾਕ ਗੱਲ ਹੈ।''

ਕੀ ਕਹਿ ਰਹੇ ਪਾਕਿਸਤਾਨੀ?

ਹਿੰਦੁਸਤਾਨੀਆਂ ਤੋਂ ਇਲਾਵਾ ਸਰਜੀਕਲ ਸਟ੍ਰਾਈਕ ਦਾ ਵੀਡੀਓ ਪਾਕਿਸਤਾਨੀਆਂ ਵਿੱਚ ਵੀ ਚਰਚਾ ਦਾ ਮੁੱਦਾ ਰਿਹਾ। ਰਮਸ਼ਾ ਅਮਜਦ ਨੇ ਲਿਖਿਆ, ''ਇਹ ਝੂਠਾ ਵੀਡੀਓ ਸਿਰਫ ਕਾਂਗਰਸ ਨੂੰ ਚੁੱਪ ਕਰਾਉਣ ਲਈ ਹੈ।''

ਯੁਸਰਾ ਅਫਜ਼ਾਲ ਨੇ ਟਵੀਟ ਕੀਤਾ, ''ਭਾਰਤੀ ਮੀਡੀਆ ਆਪਣੇ ਦਰਸ਼ਕਾਂ ਨੂੰ ਇਸ ਕਲਿੱਪ ਰਾਹੀਂ ਬੇਵਕੂਫ ਬਣਾ ਸਕਦੀ ਹੈ ਪਰ ਦੁਨੀਆਂ ਭਰ ਦੇ ਦਰਸ਼ਕਾਂ ਨੂੰ ਨਹੀਂ। ਇਹ ਕਲਿੱਪ ਨਕਲੀ ਹੈ।''

ਪਾਕਿਸਤਾਨੀ ਮਹਿਨੂਰ ਮੁਘਲ ਨੇ ਟਵੀਟ ਕੀਤਾ, ''ਡਰਾਮਾ ਸੀਰੀਅਲ ਸਰਜੀਕਲ ਸਟ੍ਰਾਈਕ ਦਾ ਨਵਾਂ ਐਪੀਸੋਡ ਰਿਲੀਜ਼ ਹੋ ਗਿਆ ਹੈ ਜਿਸਨੂੰ ਭਾਰਤੀ ਫੌਜ ਤੇ ਮੋਦੀ ਸਰਕਾਰ ਨੇ ਸਪੌਂਸਰ ਕੀਤਾ ਹੈ।''

2016 ਵਿੱਚ ਭਾਰਤੀ ਫੌਜ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਲਾਈਨ ਆਫ ਕੰਟ੍ਰੋਲ ਤੇ ਪਾਕਿਸਤਾਨ ਪ੍ਰਸ਼ਾਸਤ ਕਸ਼ਮੀਰ 'ਤੇ ਸਰਜੀਕਲ ਸਟ੍ਰਾਈਕ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)