ਮਾਲੇਰਕੋਟਲਾ ਦੇ ਹੁਨਰ ਦੀ ਸੰਯੁਕਤ ਰਾਸ਼ਟਰ ਵਿੱਚ ਮੰਗ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ

ਮਾਲੇਰਕੋਟਲਾ ਦੇ ਕਾਰੀਗਰਾਂ ਦਾ ਹੁਨਰ ਭਾਰਤੀ ਫੌਜ, ਨੀਮ ਫੌਜੀ ਬਲਾਂ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ (United Nations Peace Keeping Forces) ਦੇ ਮੋਢਿਆਂ, ਟੋਪੀਆਂ/ਪੱਗਾਂ ਅਤੇ ਹਿੱਕਾਂ ਉੱਤੇ ਸਜਦਾ ਹੈ।

ਜੇ ਵਰਦੀਆਂ ਉੱਤੇ ਲੱਗੇ ਬੈਜ ਵਰਦੀਧਾਰੀਆਂ ਦੀ ਸ਼ਨਾਖ਼ਤ ਦਾ ਨਿਸ਼ਾਨ ਬਣਦੇ ਹਨ ਤਾਂ ਇਹ ਮਲੇਰਕੋਟਲਾ ਦੀ ਕਾਰੀਗਰੀ ਦੀ ਵੀ ਹਾਮੀ ਭਰਦੇ ਹਨ। ਬੈਜ ਬਣਾਉਣਾ ਮਾਲੇਰਕੋਟਲਾ ਵਾਸੀਆਂ ਦਾ ਜੱਦੀ-ਪੁਸ਼ਤੀ ਕਿੱਤਾ ਹੈ।

ਰਵਾਇਤ ਦਾ ਮੁੱਢ ਭਾਵੇਂ ਹੱਥੀਂ ਬੈਜ ਬਣਾਉਣ ਵਾਲੇ ਕਾਰੀਗਰਾਂ ਨੇ ਬੰਨ੍ਹਿਆ ਸੀ ਪਰ ਵਧਦੀ ਮੰਗ ਕਾਰਨ ਹੁਣ ਇਹ ਕੰਮ ਮਸ਼ੀਨਾਂ ਰਾਹੀਂ ਹੁੰਦਾ ਹੈ। ਕਾਰੀਗਰਾਂ ਦਾ ਕੰਮ ਹੁਣ ਸਨਅਤ ਬਣ ਗਿਆ ਹੈ।

ਇਸ ਧੰਦੇ ਨਾਲ ਜੁੜੀਆਂ ਜ਼ਿਆਦਾਤਰ ਦੁਕਾਨਾਂ ਮਾਲੇਰਕੋਟਲਾ ਦੇ ਕਮਲ ਸਿਨੇਮਾ ਰੋਡ ਉੱਤੇ ਹਨ।

ਅਜਿਹੀ ਹੀ ਇੱਕ ਦੁਕਾਨ ਦੇ ਮਾਲਕ ਰਮੀਜ਼ ਰਾਜਾ ਕਹਿੰਦੇ ਹਨ, "ਯੂ.ਐੱਨ. ਓ. ਦੇ ਬੈਜ ਕਈ ਤਰ੍ਹਾਂ ਦੇ ਹੁੰਦੇ ਹਨ। ਵਰਦੀ ਦੇ ਮੋਢੇ ਅਤੇ ਟੋਪੀ ਉੱਤੇ ਲੱਗਣ ਵਾਲੇ ਬੈਜ, ਦਫ਼ਤਰ ਵਿੱਚ ਟੰਗਣ ਵਾਲੇ ਝੰਡੇ, ਇੱਕ ਬੈਨਰ ਜਿਹੜਾ ਅਫ਼ਸਰਾਂ ਦੀ ਕੁਰਸੀ ਦੇ ਪਿੱਛੇ ਲਗਾਇਆ ਜਾਂਦਾ ਹੈ। ਭਾਰਤੀ ਹਵਾਈ ਫ਼ੌਜ, ਜਲ ਸੈਨਾ ਅਤੇ ਥਲ ਸੈਨਾ ਸਮੇਤ ਨੀਮ ਫੌਜੀ ਬਲਾਂ ਅਤੇ ਸੂਬਿਆਂ ਦੀ ਪੁਲਿਸ ਦੇ ਬੈਜ ਅਤੇ ਝੰਡੇ ਇੱਥੇ ਹੀ ਬਣਦੇ ਹਨ।"

ਵਿਦੇਸ਼ੀ ਫੌਜਾਂ ਦੇ ਬੈਜ ਵੀ ਹੁੰਦੇ ਹਨ ਤਿਆਰ

ਰਮੀਜ਼ ਦੀ ਦੁਕਾਨ ਉੱਤੇ ਕਈ ਤਰ੍ਹਾਂ ਦੇ ਬੈਜ ਹਨ ਜਿਨ੍ਹਾਂ ਬਾਬਤ ਉਹ ਦੱਸਦੇ ਹਨ, "ਵਿਦੇਸ਼ੀ ਸੈਨਾ ਅਤੇ ਨਿੱਜੀ ਕੰਪਨੀਆਂ ਦੇ ਬੈਜ ਅਤੇ ਚਿੰਨ੍ਹ ਵੀ ਇੱਥੇ ਬਣਦੇ ਹਨ।"

ਸਮੇਂ ਦੇ ਨਾਲ ਇਸ ਕੰਮ 'ਚ ਖਾਸਾ ਬਦਲਾਅ ਆਇਆ ਹੈ। ਰਮੀਜ਼ ਦੱਸਦੇ ਹਨ, "ਇਹ ਕੰਮ ਮਸ਼ੀਨਾਂ ਰਾਹੀਂ ਅਤੇ ਹੱਥਾਂ ਨਾਲ ਹੁੰਦਾ ਹੈ। ਮਸ਼ੀਨਾਂ ਵਾਲਾ ਕੰਮ ਅਸੀਂ ਖ਼ੁਦ ਕਰਦੇ ਹਾਂ ਅਤੇ ਹੱਥਾਂ ਵਾਲਾ ਕੰਮ ਔਰਤਾਂ ਨੂੰ ਦਿੰਦੇ ਹਾਂ ਜੋ ਘਰਾਂ ਵਿੱਚ ਕੰਮ ਕਰਦੀਆਂ ਹਨ। ਇਹ ਮਾਲੇਰਕੋਟਲਾ ਦਾ ਰਵਾਇਤੀ ਕੰਮ ਹੈ।"

ਪਹਿਲਾਂ ਹੱਥ ਦਾ ਕੰਮ ਜ਼ਿਆਦਾ ਚੱਲਦਾ ਸੀ ਪਰ ਹੁਣ ਮੰਗ ਜ਼ਿਆਦਾ ਆਉਂਦੀ ਹੈ ਅਤੇ ਗਾਹਕ ਕਾਹਲੇ ਰਹਿੰਦੇ ਹਨ ਜਿਸ ਕਾਰਨ ਮਸ਼ੀਨਾਂ ਰਾਹੀਂ ਜ਼ਿਆਦਾ ਕੰਮ ਕੀਤਾ ਜਾਂਦਾ ਹੈ।

ਭਾਰਤੀ ਫ਼ੌਜ ਵੱਲੋਂ ਇਨ੍ਹਾਂ ਸਾਰੇ ਕੰਮਾਂ ਲਈ ਵੱਖ-ਵੱਖ ਟੈਂਡਰ ਕੱਢੇ ਜਾਂਦੇ ਹਨ ਜਿਸਦੇ ਆਧਾਰ ਉੱਤੇ ਹੀ ਦੁਕਾਨਦਾਰਾਂ ਨੂੰ ਕੰਮ ਮਿਲਦਾ ਹੈ।

ਭਾਰਤ ਦੇ ਰਾਸ਼ਟਰਪਤੀ ਵੱਲੋਂ ਭਾਰਤੀ ਫ਼ੌਜ ਦੀਆਂ ਯੂਨਿਟਾਂ ਨੂੰ ਵਿਸ਼ੇਸ਼ ਪ੍ਰਾਪਤੀਆਂ ਬਦਲੇ ਦਿੱਤਾ ਜਾਣ ਵਾਲਾ ਸਨਮਾਨ (President Standard Presentation Colour Flag) ਵਾਲਾ ਝੰਡਾ ਵੀ ਇੱਥੇ ਹੀ ਬਣਦਾ ਹੈ।

GST ਲੱਗਣ ਨਾਲ ਕੰਮ 'ਤੇ ਪਿਆਰ ਅਸਰ

ਮਾਲੇਰਕੋਟਲਾ ਵਿੱਚ ਵਿਦੇਸ਼ੀ ਫੌਜਾਂ, ਪੁਲਿਸ ਅਤੇ ਨਿੱਜੀ ਕੰਪਨੀਆਂ ਦੇ ਬੈਜ ਵੀ ਤਿਆਰ ਕਰਕੇ ਦਰਾਮਦ ਕੀਤੇ ਜਾਂਦੇ ਸਨ ਪਰ ਹੁਣ ਕੁਝ ਮੁਸ਼ਕਲਾਂ ਸਾਹਮਣੇ ਆ ਗਈਆਂ ਹਨ।

ਰਮੀਜ਼ ਦੱਸਦੇ ਹਨ, " ਅਸੀਂ ਕੁਵੈਤ, ਸੁਡਾਨ ਅਤੇ ਮਲੇਸ਼ੀਆ ਆਦਿ ਦੀਆਂ ਫ਼ੌਜਾਂ ਦੇ ਬੈਜ ਹੱਥੀਂ ਬਣਾਉਂਦੇ ਸੀ। ਵਿਦੇਸ਼ੀ ਨਿੱਜੀ ਕਲੱਬਾਂ ਅਤੇ ਕੰਪਨੀਆਂ ਦੇ ਬੈਜ ਵੀ ਬਣਾਉਂਦੇ ਸੀ ਪਰ ਜੀ.ਐੱਸ.ਟੀ. ਲੱਗਣ ਕਰਕੇ ਸਾਡੇ ਕੰਮ 'ਤੇ ਅਸਰ ਪੈ ਗਿਆ। ਫ਼ਿਲਹਾਲ ਅਸੀਂ ਵਿਦੇਸ਼ੀ ਕੰਮ ਬੰਦ ਕੀਤਾ ਹੋਇਆ ਹੈ।"

ਇਸ ਕੰਮ ਵਿੱਚ ਲੱਗੀਆਂ ਔਰਤਾਂ ਘਰਾਂ ਵਿੱਚ ਹੱਥੀਂ ਕਢਾਈ ਕਰਦੀਆਂ ਹਨ। ਸਾਹਿਲਾ ਬਾਨੋ ਦੱਸਦੀ ਹੈ, "ਇਸ ਕੰਮ ਵਿੱਚ ਨਿਗਾਹ ਬਹੁਤ ਲੱਗਦੀ ਹੈ। ਜੇ ਕੋਈ ਸਿੱਖਣਾ ਚਾਹੇ ਤਾਂ ਇੱਕ ਮਹੀਨਾ ਤਾਂ ਹੱਥ ਸਾਫ਼ ਕਰਨ ਉੱਤੇ ਹੀ ਲੱਗਦਾ ਹੈ। ਮੈਂ ਮੇਰੇ ਅੱਬਾ ਤੋਂ ਇਹ ਕੰਮ ਸਿੱਖਿਆ ਸੀ। ਅਸੀਂ ਯੂ.ਐੱਨ.ਓ. ਦੇ ਬੈਜ ਬਣਾਉਂਦੇ ਹਾਂ। ਭਾਰਤੀ ਫ਼ੌਜ ਦੇ ਹੋਰ ਵੀ ਬੈਜ ਅਸੀਂ ਬਣਾਉਂਦੇ ਹਾਂ।"

ਵਕੀਲਾ ਬੀਬੀ ਇਹ ਕੰਮ ਪਿਛਲੇ ਤਿੰਨ ਦਹਾਕਿਆਂ ਤੋਂ ਕਰਦੀ ਹੈ। ਵਕੀਲਾ ਬੀਬੀ ਦੱਸਦੀ ਹੈ, "ਜ਼ਿਆਦਾਤਰ ਔਰਤਾਂ ਇਹੀ ਕੰਮ ਕਰਦੀਆਂ ਹਨ। ਪਹਿਲਾਂ ਇਸ ਕੰਮ ਵਿੱਚ ਜ਼ਿਆਦਾ ਆਮਦਨ ਹੁੰਦੀ ਸੀ ਪਰ ਹੁਣ ਘੱਟ ਹੈ। ਕੰਮ ਤਾਂ ਪਹਿਲਾਂ ਜਿੰਨਾ ਹੀ ਹੈ ਪਰ ਉਜਰਤ ਘੱਟ ਹੋ ਗਈ ਹੈ। ਕਈ ਔਰਤਾਂ ਇਹ ਕੰਮ ਛੱਡ ਕੇ ਫੈਕਟਰੀਆਂ ਵਿੱਚ ਕੰਮ ਕਰਨ ਲੱਗ ਪਈਆਂ ਹਨ।"

ਸਨਅਤ ਅਤੇ ਵਪਾਰ ਵਿਭਾਗ, ਪੰਜਾਬ ਦੇ ਜ਼ਿਲ੍ਹਾ ਉਦਯੋਗ ਕੇਂਦਰ ਮਾਲੇਰਕੋਟਲਾ ਦੇ ਸੁਪਰਡੈਂਟ ਮੁਹੰਮਦ ਸ਼ਾਹਿਦ ਨੇ ਜਾਣਕਾਰੀ ਦਿੰਦਿਆਂ ਦੱਸਿਆ, "ਸਾਡੇ ਕੋਲ ਇਸ ਕਿੱਤੇ ਨਾਲ ਸਬੰਧਿਤ 48 ਦੁਕਾਨਦਾਰ ਰਜਿਸਟਰਡ ਹਨ ਅਤੇ 400 ਦੇ ਕਰੀਬ ਔਰਤਾਂ ਘਰਾਂ ਵਿੱਚ ਹੱਥੀ ਕਢਾਈ ਦਾ ਕੰਮ ਕਰਦੀਆਂ ਹਨ। ਮਾਲੇਰਕੋਟਲਾ ਵਿੱਚ ਹਰ ਸਾਲ ਇਸ ਕਿੱਤੇ ਰਾਹੀਂ 10 ਤੋਂ 12 ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)