BBC TOP 5꞉ ਪਾਕਿਸਤਾਨ ਦਾ ਐੱਸਜੀਪੀਸੀ ਦੇ ਜੱਥੇ ਨੂੰ ਵੀਜ਼ੇ ਤੋਂ ਇਨਕਾਰ

ਨਾਨਕਸ਼ਾਹੀ ਕੈਂਲਡਰ ਦੇ ਵਿਵਾਦ ਕਰਕੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦਾ ਪੂਰਬ ਮਨਾਉਣ ਲਈ ਜਾਣ ਵਾਲੇ ਜੱਥੇ ਨੂੰ ਪਾਕਿਸਤਾਨ ਵੱਲੋਂ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਦੇ ਉਲਟ ਜਿਹੜੀਆਂ ਸੰਸਥਾਵਾਂ ਨਾਨਕਸ਼ਾਹੀ ਕੈਲੰਡਰ ਦੀ ਪਾਲਣਾ ਕਰਦੀਆਂ ਹਨ ਉਨ੍ਹਾਂ ਨੂੰ ਵੀਜ਼ਾ ਮਿਲ ਗਿਆ ਹੈ। ਇਨ੍ਹਾਂ ਸੰਸਥਾਵਾਂ ਦੇ ਜੱਥੇ ਸ਼ੁੱਕਰਵਾਰ ਨੂੰ ਰਵਾਨਾ ਹੋਣਗੇ।

ਸ਼੍ਰੋਮਣੀ ਕਮੇਟੀ ਸੋਧੇ ਹੋਇਆ ਨਾਨਕਸ਼ਾਹੀ ਕੈਲੰਡਰ ਮੁਤਾਬਕ 17 ਜੂਨ ਨੂੰ ਪੰਜਵੇਂ ਗੁਰੂ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾ ਰਹੀ ਹੈ।

"ਸ਼ਾਂਤੀ, ਸਦਭਾਵਨਾ ਤੇ ਖੁਸ਼ੀ ਲਈ ਕੰਮ ਕਰੋ"

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਨਾਗਪੁਰ ਵਿੱਚ ਰਾਸ਼ਟਰੀ ਸਵੈ ਸੇਵਕ ਸੰਘ ਦੇ ਸਿਖਲਾਈ ਕੈਂਪ ਦੇ ਸਮਾਪਤੀ ਸਮਾਗਮ ਵਿੱਚ ਕਿਹਾ ਕਿ ਰਾਸ਼ਟਰਵਾਦ ਕਿਸੇ ਧਰਮ ਜਾਂ ਭਾਸ਼ਾਂ ਵਿੱਚ ਵੰਡਿਆ ਨਹੀਂ।

ਉਨ੍ਹਾਂ ਕਿਹਾ ਕਿ ਆਰਥਿਕ ਤਰੱਕੀ ਨੂੰ ਲੋਕਾਂ ਦੀ ਖੁਸ਼ੀ ਵਿੱਚ ਬਦਲਣਾ ਹੋਵੇਗਾ ਇਸ ਲਈ ਸ਼ਾਂਤੀ, ਸਦਭਾਵਨਾ ਤੇ ਖੁਸ਼ੀ ਲਈ ਕੰਮ ਕਰੋ।

ਸ਼ਲਾਂਗ ਵਿੱਚ "ਮਾਹੌਲ ਠੀਕ ਹੈ"

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਹਾਲ ਹੀ ਵਿੱਚ ਸ਼ਿਲਾਂਗ ਦੇ ਹਾਲਾਤ ਦਾ ਜਾਇਜ਼ਾ ਲੈ ਕੇ ਆਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਨਾ ਤਾਂ ਉਸ ਲੜਕੀ ਨੂੰ ਮਿਲ ਸਕੇ ਅਤੇ ਨਾ ਹੀ ਖਾਸੀ ਭਾਈਚਾਰੇ ਦਾ ਕੋਈ ਨੁਮਇੰਦਾ ਉਨ੍ਹਾਂ ਨੂੰ ਮਿਲਣ ਆਇਆ।

ਉਨ੍ਹਾਂ ਨੇ ਬੀਬੀਸੀ ਪੰਜਾਬੀ ਨੂੰ ਕਿਹਾ ਕਿ ਉੱਥੇ ਹੁਣ ਕੋਈ ਤਣਾਅ ਨਹੀਂ ਹੈ ਪਰ ਰਾਤ ਦਾ ਕਰਫਿਊ ਅਜੇ ਵੀ ਲੱਗਿਆ ਹੋਇਆ ਹੈ।

ਰਾਏ ਮੁਤਾਬਕ ਜਿਸ ਥਾਂ 'ਤੇ ਆਬਾਦੀ ਵਸੀ ਹੋਈ ਹੈ, ਉਹ ਕਮਰਸ਼ੀਅਲ ਤੌਰ 'ਤੇ ਪ੍ਰਾਈਮ ਲੋਕੇਸ਼ਨ ਹੈ ਜਿਸ ਕਰਕੇ ਕੁਝ ਸ਼ਰਾਰਤੀ ਅਨਸਰ ਉਨ੍ਹਾਂ ਨੂੰ ਉੱਥੋ ਹਟਾਉਣਾ ਚਾਹੁੰਦੇ ਹਨ।

ਕਿਮ ਨੂੰ ਅਮਰੀਕਾ ਬੁਲਾ ਸਕਦਾ ਹਾਂ-ਟਰੰਪ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਜੇ ਸਿੰਗਾਪੁਰ ਦੀ ਬੈਠਕ ਠੀਕ-ਠਾਕ ਰਹੀ ਤਾਂ ਉਹ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੂੰ ਵ੍ਹਾਈਟ ਹਾਊਸ ਵੀ ਸੱਦਣ ਬਾਰੇ ਵਿਚਾਰ ਕਰ ਸਕਦੇ ਹਨ।

ਇਹ ਵਿਚਾਰ ਉਨ੍ਹਾਂ ਨੇ ਜਪਾਨੀ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨਾਲ ਸਿੰਗਾਪੂਰ ਦੀ ਬੈਠਕ ਬਾਰੇ ਗੱਲਬਾਤ ਕਰਨ ਮਗਰੋਂ ਜ਼ਾਹਰ ਕੀਤੇ। ਉਨ੍ਹਾਂ ਇਸ ਗੱਲ ਦੀ ਵੀ ਉਮੀਦ ਪ੍ਰਗਟ ਕੀਤੀ ਕਿ ਬੈਠਕ ਵਿੱਚ ਕੋਰੀਆਈ ਜੰਗ ਦੇ ਖਾਤਮੇ ਲਈ ਵੀ ਕੋਈ ਸਹਿਮਤੀ ਬਣ ਸਕਦੀ ਹੈ।

ਸਚਿਨ ਦੇ ਪੁੱਤਰ ਨੂੰ ਭਾਰਤ ਦੀ ਅੰਡਰ 19 ਟੀਮ ਵਿੱਚ ਥਾਂ

ਪ੍ਰਸਿੱਧ ਭਾਰਤੀ ਕ੍ਰਿਕਟ ਖਿਡਾਰੀ ਸਚਿਨ ਤੰਦੂਲਕਰ ਦੇ ਬੇਟੇ ਅਰਜੁਨ ਤੈਂਦੂਲਕਰ ਨੂੰ ਦੇਸ ਦੀ ਅੰਡਰ 19 ਕ੍ਰਿਕਟ ਟੀਮ ਵਿੱਚ ਥਾਂ ਦਿੱਤੀ ਗਈ ਹੈ।

ਅਰਜੁਨ ਇੱਕ ਤੇਜ਼ ਗੇਂਦਬਾਜ਼ ਹਨ ਅਤੇਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਪਿਤਾ ਦਾ ਤੇਜ਼ ਗੇਂਦਬਾਜ਼ ਬਣਨ ਦਾ ਸੁਪਨਾ ਪੂਰਾ ਕਰ ਸਕਣਗੇ ਜੋ ਉਹ ਨਹੀਂ ਕਰ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)