ਬਲਾਗ: ਕੁਮਾਰਸਵਾਮੀ ਦੀ ਦੂਜੀ ਪਤਨੀ 'ਤੇ ਸਵਾਲ, ਪਰ ਜੇ ਮਹਿਲਾ ਆਗੂ ਦੇ ਦੋ ਪਤੀ ਹੋਣ ਤਾਂ?

ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ ਜਿਸ 'ਚ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੂੰ ਇੱਕ ਛੋਟੀ ਬੱਚੀ ਅਤੇ ਰਾਧਿਕਾ ਕੁਮਾਰਸਵਾਮੀ ਨਾਲ ਦੇਖਿਆ ਜਾ ਸਕਦਾ ਹੈ।
ਵੱਟਸਐਪ 'ਤੇ ਆ ਰਹੇ ਚੁਟਕੁਲਿਆਂ 'ਚ ਕਈ ਸਵਾਲ ਚੁੱਕੇ ਜਾ ਰਹੇ ਹਨ। ਰਾਧਿਕਾ ਕੁਮਾਰਸਵਾਮੀ ਦੀ ਖ਼ੂਬਸੂਰਤੀ ਨੂੰ ਉਹ ਗੂੰਦ ਦੱਸਿਆ ਜਾ ਰਿਹਾ ਹੈ ਜਿਸ 'ਚ ਕਾਂਗਰਸ ਅਤੇ ਜਨਤਾ ਦਲ ਸੈਕੂਲਰ ਜੁੜੇ ਹਨ।
ਇਹ ਉਹ ਮਾੜਾ ਵਰਤਾਰਾ ਹੈ ਜਿਹੜਾ ਮਜ਼ਾਕ ਦੇ ਨਾਂ 'ਤੇ 'ਸਭ ਚਲਦਾ ਹੈ' ਦੀ ਸੋਚ ਨਾਲ ਪੜ੍ਹਿਆ ਜਾਂਦਾ ਹੈ, ਸ਼ੇਅਰ ਵੀ ਕੀਤਾ ਜਾਂਦਾ ਹੈ।
ਇਸ ਵਿੱਚ ਲੁਕੀ ਉਤਸੁਕਤਾ ਇਹ ਜਾਣਨ ਦੀ ਹੈ ਕਿ ਕੀ ਐਚ ਡੀ ਕੁਮਾਰਸਵਾਮੀ ਨੇ ਦੂਜਾ ਵਿਆਹ ਕੀਤਾ ਜਾਂ ਅਦਾਕਾਰਾ ਰਾਧਿਕਾ ਕੁਮਾਰਸਵਾਮੀ ਨਾਲ ਉਨ੍ਹਾਂ ਦੇ 'ਨਾਜਾਇਜ਼ ਸਬੰਧ' ਸੀ?
ਕੀ ਉਨ੍ਹਾਂ ਦੇ ਰਿਸ਼ਤੇ ਤੋਂ ਇੱਕ ਧੀ ਵੀ ਪੈਦਾ ਹੋਈ? ਕੀ ਉਹ ਸਾਰੇ ਇੱਕਠੇ ਰਹਿੰਦੇ ਹਨ?

ਤਸਵੀਰ ਸਰੋਤ, Reuters
ਐਚ ਡੀ ਕੁਮਾਰਸਵਾਮੀ ਨੇ ਇਨ੍ਹਾਂ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ ਦਿੱਤੇ ਆਪਣੇ ਹਲਫ਼ਨਾਮੇ 'ਚ ਸਿਰਫ਼ ਆਪਣੀ ਪਹਿਲੀ ਪਤਨੀ ਅਨੀਤਾ ਦਾ ਨਾਂ ਲਿਖਿਆ ਹੈ ਅਤੇ ਜਨਤਕ ਤੌਰ 'ਤੇ ਕਦੇ ਰਾਧਿਕਾ ਕੁਮਾਰਸਵਾਮੀ ਨੂੰ ਆਪਣੀ ਪਤਨੀ ਨਹੀਂ ਦੱਸਿਆ ਹੈ।
ਕੁਮਾਰਸਵਾਮੀ ਹੀ ਕਿਉਂ ਭਾਰਤੀ ਰਾਜਨੀਤੀ 'ਚ ਕਈ ਨੇਤਾ ਹਨ ਜਿਨ੍ਹਾਂ ਨੇ ਜਾਂ ਤਾਂ ਪਹਿਲੀ ਪਤਨੀ ਰਹਿੰਦੇ ਹੋਏ ਪ੍ਰੇਮ ਸਬੰਧ ਬਣਾਏ ਅਤੇ ਉਹ ਔਰਤ ਉਨ੍ਹਾਂ ਦੇ ਘਰ ਵੀ ਰਹੀ ਜਾਂ ਉਨ੍ਹਾਂ ਦੂਜਾ ਵਿਆਹ ਕਰ ਲਿਆ।
ਲੋਕ ਸਭਾ ਮੈਂਬਰ ਕਣੀਮੋਈ, ਦ੍ਰਵਿੜ ਮੁਨੇਤ੍ਰ ਕੜਗਮ (ਡੀਐਮਕੇ) ਦੇ ਸੀਨੀਅਰ ਨੇਤਾ ਕਰੁਣਾਨਿਧੀ ਦੇ ਤੀਜੇ ਵਿਆਹ ਤੋਂ ਹੋਈ ਔਲਾਦ ਹੈ।

ਡੀਐਮਕੇ ਨੇਤਾ ਟੀ ਆਰ ਬਾਲੂ ਨੇ ਵੀ ਆਪਣੇ ਹਲਫ਼ਨਾਮੇ 'ਚ ਆਪਣੀਆਂ ਦੋ ਪਤਨੀਆਂ ਦੇ ਨਾਂ ਲਿਖੇ ਹਨ।
ਪਰ ਅਜਿਹੀ ਕੋਈ ਮਹਿਲਾ ਨੇਤਾ ਦਾ ਨਾਂ ਤੁਹਾਡੇ ਜ਼ਿਹਨ 'ਚ ਨਹੀਂ ਆਵੇਗਾ ਜਿਸ ਨੇ ਆਪਣੇ ਪਹਿਲੇ ਪਤੀ ਦੇ ਜ਼ਿੰਦਾ ਰਹਿੰਦਿਆਂ ਅਤੇ ਬਿਨਾਂ ਉਸ ਨੂੰ ਤਲਾਕ ਦਿੱਤੇ ਹੋਏ ਇੱਕ ਦੂਜੇ ਮਰਦ ਦੇ ਨਾਲ ਪ੍ਰੇਮ ਸਬੰਧ ਬਣਾਇਆ ਹੋਵੇ, ਉਸ ਨਾਲ ਇੱਕ ਘਰ ਵਿੱਚ ਰਹੀ ਹੋਵੇ ਜਾਂ ਉਨ੍ਹਾਂ ਨਾਲ ਵਿਆਹ ਕਰ ਲਿਆ ਹੋਵੇ।
ਹੈਰਾਨ ਹੋ ਗਏ ਨਾ? ਇਹ ਖ਼ਿਆਲ ਹੀ ਅਜੀਬ ਲੱਗ ਰਿਹਾ ਹੋਵੇਗਾ? ਮਹਿਲਾ ਨੇਤਾ ਦੇ ਕਿਰਦਾਰ ਉੱਤੇ ਮਨ 'ਚ ਸਵਾਲ ਆ ਗਏ ਹੋਣਗੇ?
ਠੀਕ ਉਸੇ ਤਰ੍ਹਾਂ ਹੀ ਜਿਵੇਂ ਮਰਦ ਨੇਤਾ ਦੀ ਮਹਿਲਾ ਮਿੱਤਰਾਂ ਦੇ ਕਿਰਦਾਰ, ਮਨਸ਼ਾ ਅਤੇ ਸਰੀਰ 'ਤੇ ਚੁੱਕੇ ਜਾਂਦੇ ਰਹੇ ਹਨ?
ਪਰ ਮਰਦ ਨੇਤਾ 'ਤੇ ਸਵਾਲ ਨਹੀਂ ਉੱਠਦੇ, ਜੇਕਰ ਚਰਚਾ ਹੋਵੇ ਤਾਂ ਉਹ ਕੁਝ ਦਿਨ ਸੋਸ਼ਲ ਮੀਡੀਆ 'ਤੇ ਚੱਕਰ ਲਗਾ ਕੇ ਗੁਆਚ ਜਾਂਦੀ ਹੈ।
ਕੀ ਕਿਸੇ ਮਹਿਲਾ ਨੇਤਾ ਨੇ ਅਜਿਹਾ ਕੀਤਾ ਹੋਵੇ ਤਾਂ ਉਸਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਵੇਗਾ?
ਮਰਦ ਨੇਤਾ ਪ੍ਰੇਮ ਸਬੰਧ ਬਣਾਉਂਦੇ ਜਾਂ ਦੂਜਾ ਵਿਆਹ ਕਰਦੇ ਰਹੇ ਹਨ ਅਤੇ ਜਨਤਾ ਉਨ੍ਹਾਂ ਨੂੰ ਸਵੀਕਾਰ ਕਰਦੀ ਰਹੀ ਹੈ, ਸਗੋਂ ਵਾਰ-ਵਾਰ ਚੁਣਦੀ ਵੀ ਰਹੀ ਹੈ।
ਪਹਿਲੇ ਪਤੀ ਜਾਂ ਪਤਨੀ ਦੇ ਜ਼ਿੰਦਾ ਰਹਿੰਦਿਆਂ ਅਤੇ ਬਗੈਰ ਉਸਨੂੰ ਤਲਾਕ ਦਿੱਤੇ ਹੋਏ ਦੂਜਾ ਵਿਆਹ ਇੰਡੀਅਨ ਪੀਨਲ ਕੋਡ ਦੀ ਧਾਰਾ 494 ਤਹਿਤ ਗ਼ੈਰ-ਕਾਨੂੰਨੀ ਹੈ।

ਤਸਵੀਰ ਸਰੋਤ, Getty Images
ਇਸਦੇ ਬਾਵਜੂਦ ਕਰੁਣਾਨਿਧੀ ਅਤੇ ਟੀ ਆਰ ਬਾਲੂ ਵਰਗੇ ਕਈ ਮਰਦ ਦੂਜਾ ਵਿਆਹ ਕਰ ਲੈਂਦੇ ਹਨ ਅਤੇ ਉਨ੍ਹਾਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ।
ਇਸਦਾ ਕਾਰਨ ਹੈ ਕਿ ਇਹ ਕਾਨੂੰਨ 'ਕਾਗਨਿਜ਼ੇਬਲ' ਨਹੀਂ ਹੈ, ਯਾਨਿ ਪੁਲਿਸ ਖ਼ੁਦ ਸੰਗਿਆਨ ਲੈ ਕੇ ਕਿਸੇ ਮਰਦ ਜਾਂ ਔਰਤ ਨੂੰ ਦੂਜਾ ਵਿਆਹ ਕਰਨ ਦੇ ਜ਼ੁਰਮ ਵਿੱਚ ਗ੍ਰਿਫ਼ਤਾਰ ਨਹੀਂ ਕਰ ਸਕਦੀ।
ਅਜਿਹੇ ਮਰਦ ਜਾਂ ਔਰਤ 'ਤੇ ਕਾਨੂੰਨੀ ਕਾਰਵਾਈ ਉਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਪਹਿਲੀ ਪਤਨੀ ਜਾਂ ਪਤੀ ਇਸਦੀ ਸ਼ਿਕਾਇਤ ਕਰੇ।
ਇਹ ਕਾਨੂੰਨ ਮੁਸਲਮਾਨ ਔਰਤਾਂ 'ਤੇ ਤਾਂ ਲਾਗੂ ਹੁੰਦਾ ਹੈ ਪਰ ਮੁਸਲਮਾਨ ਮਰਦਾਂ ਨੂੰ 'ਮੁਸਲਿਮ ਪਰਸਨਲ ਲਾਅ' ਤਹਿਤ ਚਾਰ ਵਿਆਹ ਕਰਨ ਦੀ ਛੋਟ ਹੈ।
ਉਹ ਪੰਜਵਾਂ ਵਿਆਹ ਕਰਨ ਤਾਂ ਇਸ ਕਾਨੂੰਨ ਤਹਿਤ ਗ਼ੈਰ-ਕਾਨੂੰਨੀ ਹੋਵੇਗਾ ਅਤੇ ਪਹਿਲੀ ਪਤਨੀ ਸ਼ਿਕਾਇਤ ਕਰੇ ਤਾਂ ਕਾਰਵਾਈ ਵੀ ਹੋ ਸਕਦੀ ਹੈ।
ਮੁੱਦੇ ਦੀ ਗੱਲ ਇਹ ਹੈ ਕਿ ਪਹਿਲੀ ਪਤਨੀ ਸ਼ਿਕਾਇਤ ਕਰੇ ਜਾਂ ਨਾਂਹ ਕਰੇ, ਦੂਜੇ ਵਿਆਹ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਹੈ।
ਦੂਜੀ ਪਤੀ ਨਾ ਤਾਂ ਪਤੀ ਦੀ ਜੱਦੀ ਜਾਇਦਾਦ ਦੇ ਹਿੱਸੇ ਦੀ ਹੱਕਦਾਰ ਹੈ ਅਤੇ ਜੇ ਉਹ ਆਪਣੀ ਵਸੀਅਤ 'ਚ ਨਾ ਲਿੱਖ ਕੇ ਜਾਵੇ ਤਾਂ ਨਾ ਹੀ ਉਸਦੀ ਆਪਣੀ ਜਾਇਦਾਦ ਦੀ ਹੱਕਦਾਰ ਹੈ।
ਉਸਨੂੰ ਪਤੀ ਤੋਂ ਗੁਜ਼ਾਰਾ ਭੱਤਾ ਮੰਗਣ ਦਾ ਵੀ ਕਾਨੂੰਨੀ ਹੱਕ ਨਹੀਂ ਹੈ।
ਸਾਲ 2009 'ਚ 'ਲਾਅ ਕਮਿਸ਼ਨ ਆਫ਼ ਇੰਡੀਆ' ਨੇ ਸਿਫ਼ਾਰਿਸ਼ ਕੀਤੀ ਸੀ ਕਿ ਇਸ ਕਾਨੂੰਨ ਨੂੰ 'ਕਾਗਨਿਜ਼ੇਬਲ' ਬਣਾ ਦਿੱਤਾ ਜਾਵੇ ਤਾਂ ਜੋ ਪਹਿਲੀ ਪਤਨੀ ਕਿਸੇ ਦਬਾਅ ਤਹਿਤ ਸ਼ਿਕਾਇਤ ਨਾ ਵੀ ਕਰ ਸਕੇ ਤਾਂ ਦੂਜਾ ਵਿਆਹ ਕਰਨ ਵਾਲੇ ਮਰਦ ਦੇ ਖ਼ਿਲਾਫ਼, ਪੁਲਿਸ ਖ਼ੁਦ ਜਾਣਕਾਰੀ ਲੈ ਕੇ ਕਾਰਵਾਈ ਕਰ ਸਕੇ।

ਤਸਵੀਰ ਸਰੋਤ, Getty Images
ਪਰ ਇਹ ਅਜੇ ਤੱਕ ਹੋਇਆ ਨਹੀਂ ਹੈ ਅਤੇ ਜਨਤਾ ਦੀ ਨਜ਼ਰ ਵਿੱਚ ਹੋਣ ਦੇ ਬਾਵਜੂਦ ਮਰਦ ਨੇਤਾ ਅਜਿਹੇ ਰਿਸ਼ਤੇ ਬਣਾ ਰਹੇ ਹਨ।
ਗ਼ੌਰ ਫਰਮਾਓ ਕਿ ਮੈਂ ਦੂਜੀ ਪਤਨੀ ਦੀ ਹੀ ਗੱਲ ਕਰਦੀ ਜਾ ਰਹੀ ਹਾਂ, ਜਦ ਕਿ ਇਹ ਸਭ ਦੂਜੇ ਪਤੀ 'ਤੇ ਵੀ ਲਾਗੂ ਹੁੰਦਾ ਹੈ।
ਪਰ ਰਾਜਨੀਤੀ 'ਚ ਬਹੁਤ ਸਾਰੀਆਂ ਦਹਿਲੀਜ਼ਾਂ ਪਾਰ ਕਰਕੇ ਅੱਗੇ ਵਧੀਆਂ ਔਰਤਾਂ ਸ਼ਾਇਦ ਅਜਿਹਾ ਖ਼ਤਰਾ ਲੈਣ ਦਾ ਜ਼ੋਖ਼ਿਮ ਚੁੱਕ ਹੀ ਨਹੀਂ ਸਕਦੀਆਂ।
ਜਨਤਾ ਨੇ ਉਨ੍ਹਾਂ ਨੂੰ ਅਜਿਹਾ ਵਿਸ਼ਵਾਸ ਕਦੇ ਦਿੱਤਾ ਹੀ ਨਹੀਂ ਕਿ ਉਹ ਪ੍ਰੇਮ ਸਬੰਧ ਜਾਂ ਦੂਜੇ ਵਿਆਹ ਦੀ ਸੋਚ ਨੂੰ ਆਪਣੇ ਮਨ 'ਚ ਥਾਂ ਦੇਣ।
ਤੁਸੀਂ ਹੀ ਦੱਸੋ ਕਿਸੇ ਮਹਿਲਾ ਨੇਤਾ ਦੇ ਅਜਿਹੇ ਰਿਸ਼ਤੇ ਨੂੰ ਨਜ਼ਰਅੰਦਾਜ਼ ਕਰ ਸਕੋਗੇ ਤੁਸੀਂ?












