ਨਜ਼ਰੀਆ: 'ਕਰਨਾਟਕ 'ਚ ਮੋਦੀ-ਸ਼ਾਹ ਨੇ ਕਾਂਗਰਸ ਦਾ 'ਪੀਪੀਪੀ' ਕਰ ਦਿੱਤਾ'

    • ਲੇਖਕ, ਰਾਜੇਸ਼ ਪ੍ਰਿਆਦਰਸ਼ੀ
    • ਰੋਲ, ਡਿਜਿਟਲ ਐਡੀਟਰ, ਬੀਬੀਸੀ ਹਿੰਦੀ

ਜਿੱਤ ਦਾ ਕੋਈ ਬਦਲ ਨਹੀਂ ਹੁੰਦਾ, ਲੋਕਤੰਤਰ ਵਿੱਚ 'ਵਿਨਰ ਟੈਕਸ ਆਲ' ਹੁੰਦਾ ਹੈ। ਅਜਿਹਾ ਮੰਨ ਲਿਆ ਜਾਂਦਾ ਹੈ ਕਿ ਜਿੱਤਣ ਵਾਲੇ ਨੇ ਜੋ ਕੀਤਾ ਉਹੀ ਸਹੀ ਹੈ, ਹਾਰਨ ਵਾਲੇ ਨੇ ਸਭ ਕੁਝ ਗ਼ਲਤ ਕੀਤਾ।

ਅੰਕੜੇ, ਵਿਰੋਧੀ ਧਿਰ ਅਤੇ ਵਿਸ਼ਲੇਸ਼ਣ ਕੁਝ ਵੀ ਨਹੀਂ ਸੁਣਿਆ ਜਾ ਰਿਹਾ। ਮੋਦੀ ਦਾ ਕਰਿਸ਼ਮਾ ਹਰ ਤੱਥ, ਤਰਕ ਅਤੇ ਰਣਨੀਤੀ 'ਤੇ ਭਾਰੀ ਪੈਂਦਾ ਵਿਖਾਈ ਦੇ ਰਿਹਾ ਹੈ, ਜਿਵੇਂ ਕਰਨਾਟਕ ਦੀ ਜਨਤਾ ਨੇ ਮੰਨ ਲਿਆ ਹੈ ਕਿ ਨਹਿਰੂ ਨੇ ਸੱਚਮੁਚ ਜਨਰਲ ਥਮੱਈਆ ਅਤੇ ਫੀਲਡ ਮਾਰਸ਼ਲ ਕਰਿਅੱਪਾ ਦੀ ਬੇਇੱਜ਼ਤੀ ਕੀਤੀ ਸੀ।

ਗੁਜਰਾਤ ਬਚਾ ਕੇ ਅਤੇ ਕਰਨਾਟਕ ਖੋਹ ਕੇ ਭਾਜਪਾ ਨੇ ਇੱਕ ਵਾਰ ਮੁੜ ਦਿਖਾ ਦਿੱਤਾ ਹੈ ਕਿ ਚੋਣਾਂ ਕਿਵੇਂ ਲੜੀਆਂ ਤੇ ਜਿੱਤੀਆਂ ਜਾਂਦੀਆਂ ਹਨ।

ਕੁਝ ਮਹੀਨੇ ਪਹਿਲਾਂ ਰਾਹੁਲ ਗਾਂਧੀ ਨੂੰ ਲੋਕਾਂ ਨੇ ਸ਼ਾਬਾਸ਼ੀ ਦਿੱਤੀ ਕਿ ਉਨ੍ਹਾਂ ਨੇ ਗੁਜਰਾਤ ਵਿੱਚ ਭਾਜਪਾ ਨੂੰ ਮਜ਼ਬੂਤ ਟੱਕਰ ਦਿੱਤੀ ਸੀ, ਉਨ੍ਹਾਂ ਨੇ ਕਰਨਾਟਕ ਵਿੱਚ ਵੀ ਜਾਨ ਲਾ ਦਿੱਤੀ ਸੀ, ਇਸਦਾ ਮਤਲਬ ਤਾਂ ਫਿਲਹਾਲ ਇਹ ਹੈ ਕਿ ਮੋਦੀ-ਸ਼ਾਹ ਅੱਗੇ ਰਾਹੁਲ ਦਾ ਚੰਗਾ ਪ੍ਰਦਰਸ਼ਨ ਵੀ ਕਾਰਗਰ ਸਾਬਤ ਨਹੀਂ ਹੋਇਆ।

ਮੋਦੀ ਦਾ ਜਾਦੂ ਬਰਕਰਾਰ

ਕਰਨਾਟਕ ਵਿੱਚ ਭਾਜਪਾ ਪਹਿਲਾਂ ਵੀ ਜਿੱਤ ਚੁੱਕੀ ਹੈ, ਕਰਨਾਟਕ ਦੀ ਜਨਤਾ ਨੇ ਆਪਣਾ ਰਿਕਾਰਡ ਕਾਇਮ ਰੱਖਿਆ ਹੈ। 1988 ਤੋਂ ਬਾਅਦ ਉਨ੍ਹਾਂ ਨੇ ਸੂਬੇ ਦੀ ਸੱਤਾ 'ਚ ਕਿਸੇ ਨੂੰ ਮੁੜ ਆਉਣ ਨਹੀਂ ਦਿੱਤਾ ਹੈ। ਸਿੱਧਾਰਮਈਆ ਖ਼ਿਲਾਫ਼ ਕਿੰਨਾ ਰੋਸ ਹੈ ਜਾਂ ਮੋਦੀ ਨੂੰ ਜਨਤਾ ਦਾ ਕਿੰਨਾ ਸਮਰਥਨ, ਇਸ ਨੂੰ ਸਮਝਣ ਲਈ ਡੂੰਘੇ ਵਿਸ਼ਲੇਸ਼ਣ ਦੀ ਲੋੜ ਹੋਵੇਗੀ।

2014 ਤੋਂ ਬਾਅਦ ਜਿੰਨੀਆਂ ਵਿਧਾਨ ਸਭਾ ਚੋਣਾਂ ਹੋਈਆਂ ਹਨ ਉਨ੍ਹਾਂ ਵਿੱਚੋਂ ਗੁਜਰਾਤ ਅਤੇ ਬਿਹਾਰ ਨੂੰ ਛੱਡ ਕੇ ਕਾਂਗਰਸ ਨੇ ਇੱਕ-ਇੱਕ ਕਰਕੇ ਸੂਬਿਆਂ ਨੂੰ ਗੁਆਇਆ ਹੈ ਅਤੇ ਕਰਨਾਟਕ ਖੋਹਣ ਤੋਂ ਬਾਅਦ ਭਾਜਪਾ ਉਸੇ ਹਾਲਤ ਵਿੱਚ ਪਹੁੰਚ ਗਈ ਹੈ ਜਿੱਥੇ ਕਾਂਗਰਸ ਆਪਣੇ ਸੁਨਿਹਰੇ ਸਮੇਂ ਵਿੱਚ ਸੀ।

ਇਹ ਗੱਲ ਸਾਫ਼ ਹੈ ਕਿ ਮੋਦੀ ਦਾ ਜਾਦੂ ਜਨਤਾ 'ਤੇ ਬਰਕਰਾਰ ਹੈ। ਉਨ੍ਹਾਂ ਦੇ ਨਾਮ 'ਤੇ ਹੀ ਚੋਣਾਂ ਲੜੀਆਂ ਤੇ ਜਿੱਤੀਆਂ ਜਾ ਰਹੀਆਂ ਹਨ।

ਭਾਜਪਾ ਦਾ ਪ੍ਰਚਾਰ ਤੰਤਰ ਅਤੇ ਚੋਣ ਤੰਤਰ ਨਿਸ਼ਚਿਤ ਤੌਰ 'ਤੇ ਕਾਂਗਰਸ ਤੋਂ ਕਈ ਗੁਣਾ ਚੰਗਾ ਕੰਮ ਕਰ ਰਿਹਾ ਹੈ।

ਲੋਕ ਅਜੇ ਵੀ ਭਾਜਪਾ ਦੇ ਸੰਦੇਸ਼ 'ਤੇ ਕੰਮ ਕਰ ਰਹੇ ਹਨ ਕਿ ਦੇਸ ਵਿੱਚ ਸਭ ਕੁਝ ਵਿਕਾਸ ਦੇ ਰਾਹ 'ਤੇ ਚੱਲ ਰਿਹਾ ਹੈ।

ਉਨ੍ਹਾਂ ਸਾਰੇ ਵਿਸ਼ਲੇਸ਼ਕਾਂ ਨੂੰ ਸੋਚਣਾ ਹੋਵੇਗਾ ਜਿਹੜੇ ਕਹਿਣ ਲੱਗ ਗਏ ਕਿ ਸੀ ਕਿ ਮੋਦੀ ਦਾ ਜਾਦੂ ਫਿੱਕਾ ਪੈ ਗਿਆ ਹੈ।

ਦੱਖਣ ਭਾਰਤ, ਉੱਤਰ ਭਾਰਤ ਤੋਂ ਵੱਖ ਹੈ, ਜਾਂ ਫਿਰ ਰਾਹੁਲ ਗਾਂਧੀ ਪਹਿਲਾਂ ਨਾਲੋਂ ਮਜ਼ਬੂਤ ਹੋ ਗਏ ਹਨ।

ਇਹ ਅਜਿਹੀਆਂ ਧਾਰਨਾਵਾਂ ਹਨ ਜਿਨ੍ਹਾਂ ਨੂੰ ਕਰਨਾਟਕ ਨੇ ਉਲਝਣ ਵਿੱਚ ਪਾ ਦਿੱਤਾ ਹੈ।

'ਪੀ-ਪੀ-ਪੀ' ਦਾ ਦਾਅਵਾ ਸਹੀ ਸਾਬਤ

ਮੋਦੀ ਨੇ ਕਿਹਾ ਸੀ ਕਿ ਕਰਨਾਟਕ ਦੀਆਂ ਚੋਣਾਂ ਤੋਂ ਬਾਅਦ ਕਾਂਗਰਸ 'ਪੀ-ਪੀ-ਪੀ' ਰਹਿ ਜਾਵੇਗੀ ਯਾਨਿ ਸਿਰਫ਼ ਪੰਜਾਬ, ਪੁਡੁਚੇਰੀ ਅਤੇ ਪਰਿਵਾਰ।

ਮੋਦੀ ਨੇ ਕਰਨਾਟਕ ਵਿੱਚ 20 ਤੋਂ ਵਧੇਰੇ ਰੈਲੀਆਂ ਕੀਤੀਆਂ, ਕਰਨਾਟਕ ਵਿੱਚ ਵੀ ਮੋਦੀ ਨੇ ਨਹਿਰੂ ਕਾਰਡ ਖੇਡਿਆ, ਕੋਈ ਕਸਰ ਨਹੀਂ ਛੱਡ ਸੀ।

ਇਨ੍ਹਾਂ ਚੋਣਾਂ ਤੋਂ ਇੱਕ ਗੱਲ ਸਪੱਸ਼ਟ ਹੈ ਕਿ ਮੋਦੀ-ਸ਼ਾਹ ਕਿਸੇ ਵੀ ਤਿਕੋਣੇ ਮੁਕਾਬਲੇ ਵਿੱਚ ਫਾਇਦੇ 'ਚ ਰਹਿਣਗੇ, ਜਿਸ ਨੇ ਵੀ ਭਾਜਪਾ ਨਾਲ ਲੜਨਾ ਹੈ ਉਨ੍ਹਾਂ ਨੂੰ ਇਕਜੁੱਟ ਹੋਣਾ ਪਵੇਗਾ।

ਕਰਨਾਟਕ ਵਿੱਚ ਜੇਡੀ(ਐੱਸ) ਅਤੇ ਕਾਂਗਰਸ ਵਿਚਾਲੇ ਕਿਸੇ ਤਰ੍ਹਾਂ ਦੇ ਗਠਜੋੜ 'ਤੇ ਵਿਚਾਰ ਨਾ ਕੀਤਾ ਜਾਣਾ, ਸਿਆਸੀ ਕੱਚੇਪਣ ਦੀ ਨਿਸ਼ਾਨੀ ਹੈ।

ਕਾਂਗਰਸ ਦੇ ਹੱਦੋਂ ਵੱਧ ਆਤਮ-ਵਿਸ਼ਵਾਸ ਅਤੇ ਜੇਡੀ(ਐੱਸ) ਦੇ ਕਿੰਗਮੇਕਰ ਬਣਨ ਦੇ ਸੁਪਨੇ ਨੇ ਭਾਜਪਾ ਦਾ ਕੰਮ ਸੌਖਾ ਕਰ ਦਿੱਤਾ।

ਜਦੋਂ ਤੱਕ ਛੋਟੇ ਸਿਆਸੀ ਧੜੇ ਆਪਣੇ ਛੋਟੇ-ਛੋਟੇ ਮਤਲਬ ਕਰਕੇ ਵੰਡੇ ਰਹਿਣਗੇ ਭਾਜਪਾ ਦਾ ਰਸਤਾ ਸਾਫ਼ ਰਹੇਗਾ। ਇਸ ਸਮੇਂ ਭਾਜਪਾ ਅੱਗੇ ਸਾਰੇ ਸਿਆਸੀ ਧੜੇ ਛੋਟੇ ਹਨ।

ਭਾਜਪਾ ਲਈ ਇਹ ਜਿੰਨੀ ਵੱਡੀ ਜਿੱਤ ਹੈ, ਉਸ ਤੋਂ ਵੱਡੀ ਹਾਰ ਕਾਂਗਰਸ ਲਈ ਹੈ, ਖ਼ਾਸ ਤੌਰ 'ਤੇ ਰਾਹੁਲ ਗਾਂਧੀ ਲਈ।

2019 ਦੀਆਂ ਚੋਣਾਂ ਵਿੱਚ ਵਿਰੋਧੀ ਧਿਰ ਦੀ ਅਗਵਾਈ ਕਰਨ ਦੀ ਯੋਗਤਾ ਰਾਹੁਲ ਗਾਂਧੀ ਹਾਸਲ ਕਰ ਸਕਣਗੇ ਇਸ 'ਤੇ ਸ਼ੱਕ ਹੋਰ ਵਧ ਗਿਆ ਹੈ। ਸ਼ਰਦ ਪਵਾਰ ਤੇ ਮਮਤਾ ਬੈਨਰਜੀ ਰਾਹੁਲ ਦੀ ਅਗਵਾਈ ਕਿਵੇਂ ਸਵੀਕਾਰ ਕਰ ਸਕਦੇ ਹਨ।

ਇਸੇ ਤਰ੍ਹਾਂ ਕਰਨਾਟਕ ਵਿੱਚ ਜਿੱਤ ਕੇ ਮੋਦੀ-ਸ਼ਾਹ ਨੇ ਕਾਂਗਰਸ ਦੇ ਇਸ ਸਵੈ-ਭਰੋਸੇ ਨੂੰ ਡੇਗ ਦਿੱਤਾ ਹੈ ਕਿ ਰਾਜਸਥਾਨ, ਮੱਧ-ਪ੍ਰਦੇਸ਼ ਅਤੇ ਛੱਤੀਸਗੜ੍ਹ ਉਹ ਭਾਜਪਾ ਤੋਂ ਆਸਾਨੀ ਨਾਲ ਖੋਹ ਸਕਦੇ ਹਨ।

ਸਿਆਸਤ ਬਾਰੇ ਇੱਕ ਹੀ ਗੱਲ ਪੱਕੇ ਤੌਰ 'ਤੇ ਕਹੀ ਜਾ ਸਕਦੀ ਹੈ ਕਿ ਪੱਕਾ ਕੁਝ ਨਹੀਂ ਹੈ, ਇਹ ਕ੍ਰਿਕਟ ਦੀ ਤਰ੍ਹਾਂ ਅਨਿਸ਼ਚਿਤ ਸੰਭਾਵਨਾਵਾਂ ਦਾ ਖੇਡ ਹੈ।

2019 ਬਹੁਤ ਦੂਰ ਨਹੀਂ ਪਰ ਕਾਫ਼ੀ ਦੂਰ ਹੈ, ਕਰਨਾਟਕ ਦੀ ਹਾਰ ਵਿੱਚ ਵਿਰੋਧੀ ਧਿਰ ਲਈ ਕਈ ਸਬਕ ਲੁਕੇ ਹੋਏ ਹਨ, ਇਹ ਨਹੀਂ ਪਤਾ ਕਿ ਉਹ ਸਬਕ ਸਿੱਖਣਗੇ ਜਾਂ ਨਹੀਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)