'ਪੰਚਾਇਤੀ ਸਮਝੌਤੇ ਤੋਂ ਪੰਜ ਘੰਟੇ ਬਾਅਦ ਮਾਂ-ਧੀ ਦੀ ਲਾਸ਼ ਮਿਲੀ'

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬਰਨਾਲਾ ਤੋਂ ਬੀਬੀਸੀ ਪੰਜਾਬੀ ਲਈ

ਸੰਗਰੂਰ ਜ਼ਿਲ੍ਹੇ ਦੇ ਪਿੰਡ ਭੁੱਲਰਹੇੜੀ ਦੀ ਰਜਿੰਦਰ ਕੌਰ ਅਤੇ ਉਸ ਦੀ ਸਾਢੇ ਤਿੰਨ ਮਹੀਨਿਆਂ ਦੀ ਬੱਚੀ ਦੀਆਂ ਲਾਸ਼ਾਂ 23 ਅਪ੍ਰੈਲ ਨੂੰ ਬੱਬਨਪੁਰ ਪਿੰਡ ਕੋਲੋਂ ਲੰਘਦੀ ਨਹਿਰ ਵਿੱਚੋਂ ਮਿਲੀਆਂ ਸਨ।

ਉਸ ਦਿਨ ਉਹ ਭਲਵਾਨ ਪੁਲਿਸ ਚੌਕੀ ਵਿੱਚ ਪੇਕਿਆਂ, ਸਹੁਰਿਆਂ ਅਤੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਆਪਣੇ ਪਤੀ ਨਾਲ ਦਸ ਮਹੀਨਿਆਂ ਬਾਅਦ ਸਹੁਰੇ ਪਿੰਡ ਜਾ ਰਹੀ ਸੀ।

ਤਕਰੀਬਨ ਚਾਰ ਵਜੇ ਸ਼ਾਮ ਨੂੰ ਉਹ ਪੁਲਿਸ ਚੌਕੀ ਵਿੱਚੋਂ ਆਪਣੇ ਪਤੀ ਅਤੇ ਬੱਚੀ ਨਾਲ ਸਹੁਰੇ ਪਿੰਡ ਲਈ ਰਵਾਨਾ ਹੋਈ ਸੀ ਅਤੇ ਪੰਜ ਘੰਟਿਆਂ ਬਾਅਦ ਮਾਂ-ਧੀ ਦੀਆਂ ਲਾਸ਼ਾਂ ਨਹਿਰ ਵਿੱਚੋਂ ਮਿਲੀਆਂ ਸਨ।

ਪੁਲਿਸ ਨੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਜੀਆਂ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕੀਤਾ ਸੀ।

ਜਦੋਂ ਪਿੰਡ ਭੁੱਲਰਹੇੜੀ ਦੇ ਬਾਹਰ ਇੱਕ ਦੁਕਾਨ ਉੱਤੇ ਖੜ੍ਹੇ ਨੌਜਵਾਨ ਨੂੰ ਰਜਿੰਦਰ ਕੌਰ ਦੇ ਘਰ ਦਾ ਰਾਹ ਪੁੱਛਿਆ ਤਾਂ ਦੋ ਜਣੇ ਬਿਨਾ ਕੁਝ ਕਹੇ ਬੀਬੀਸੀ ਦੀ ਟੀਮ ਨੂੰ ਮ੍ਰਿਤਕ ਲੜਕੀ ਦੇ ਘਰ ਤੱਕ ਛੱਡ ਕੇ ਆਉਣ ਲਈ ਤਿਆਰ ਹੋ ਗਏ।

ਗਰਭਪਾਤ ਕਰਵਾਉਣ ਲਈ ਕਰਦੇ ਸੀ ਮਜਬੂਰ

ਇਨ੍ਹਾਂ ਦੋਹਾਂ ਗਰਾਈਆਂ ਦੇ ਚਿਹਰੇ ਉੱਤੇ ਪਰਿਵਾਰ ਨਾਲ ਹਮਦਰਦੀ ਦੇ ਭਾਵ ਸਾਫ਼ ਪੜ੍ਹੇ ਜਾ ਸਕਦੇ ਸਨ।

ਘਰ ਵਿੱਚ ਪਰਿਵਾਰ ਤੋਂ ਇਲਾਵਾ ਇੱਕ ਦੋ ਵਿਅਕਤੀ ਹੋਰ ਮੌਜੂਦ ਹਨ, ਜੋ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਪਿੰਡ ਦੇ ਕੁਝ ਮੋਹਤਬਰਾਂ ਨਾਲ ਗੱਲ ਕਰਨ ਲਈ ਕਹਿੰਦੇ ਹੋਏ ਤਰਕ ਦਿੰਦੇ ਹਨ, "ਇਹ ਤਾਂ ਵਿਚਾਰੇ ਅਨਪੜ੍ਹ ਨੇ ਜੀ, ਉਹ ਥੋਨੂੰ ਜ਼ਿਆਦਾ ਦੱਸ ਸਕਦੇ ਹਨ।"

ਰਜਿੰਦਰ ਕੌਰ ਦਾ ਵਿਆਹ ਨੇੜਲੇ ਪਿੰਡ ਮੀਰਹੇੜੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਲ 18 ਮਹੀਨੇ ਪਹਿਲਾਂ ਹੋਇਆ ਸੀ। ਰਜਿੰਦਰ ਜਦੋਂ ਦੋ ਮਹੀਨੇ ਦੀ ਗਰਭਵਤੀ ਸੀ ਤਾਂ ਪਤੀ ਪਤਨੀ ਵਿੱਚ ਝਗੜਾ ਰਹਿਣ ਲੱਗ ਪਿਆ।

ਰਜਿੰਦਰ ਦੇ ਪਿਤਾ ਰਣਜੀਤ ਸਿੰਘ ਮੁਤਾਬਕ, "ਉਹ ਸਾਡੀ ਕੁੜੀ ਨੂੰ ਗਰਭਪਾਤ ਕਰਵਾਉਣ ਲਈ ਦਬਾਅ ਪਾ ਰਿਹਾ ਸੀ। ਜਦੋਂ ਇਹ ਨਾ ਮੰਨੀ ਤਾਂ ਉਸ ਨੇ ਇਸਦਾ ਦੋ ਵਾਰ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕੀਤੀ। ਫਿਰ ਅਸੀਂ ਆਪਣੀ ਧੀ ਨੂੰ ਪਿੰਡ ਲੈ ਆਏ।''

"ਇਥੇ ਹੀ ਉਸ ਨੇ ਕੁੜੀ ਨੂੰ ਜਨਮ ਦਿੱਤਾ। ਹੁਣ ਸਾਲ ਬਾਅਦ ਪੁਲਿਸ ਚੌਕੀ ਵਿੱਚ ਹੋਏ ਸਮਝੌਤੇ ਮਗਰੋਂ ਸਾਡਾ ਜਵਾਈ ਸਹਿਮਤੀ ਨਾਲ ਕੁੜੀ ਨੂੰ ਨਾਲ ਲੈ ਕੇ ਗਿਆ ਸੀ। ਸਾਨੂੰ ਕੀ ਪਤਾ ਸੀ ਕਿ ਉਹ ਇਹ ਕਾਰਾ ਕਰਨਗੇ।"

ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਕਰਮ ਸਿੰਘ ਦੱਸਦੇ ਹਨ, "ਅਸੀਂ ਪੁੱਛਿਆ ਤਾਂ ਕੁੜੀ ਆਪਣੇ ਸਹੁਰੇ ਘਰ ਵੱਸਣਾ ਚਾਹੁੰਦੀ ਸੀ। ਜੇ ਕੁੜੀ ਭੋਰਾ ਵੀ ਨਾਂਹ ਨੁੱਕਰ ਕਰਦੀ ਤਾਂ ਅਸੀਂ ਕੁੜੀ ਤੋਰਨ ਲਈ ਸਹਿਮਤ ਨਾ ਹੁੰਦੇ।"

23 ਅਪ੍ਰੈਲ ਨੂੰ ਇਸ ਮਾਮਲੇ ਵਿੱਚ ਤੀਜਾ ਪੰਚਾਇਤੀ ਇਕੱਠ ਹੋਇਆ ਸੀ।

3 ਮਹੀਨਿਆਂ 'ਚ 250 ਪਰਿਵਾਰਕ ਕਲੇਸ਼ ਦੇ ਮਾਮਲੇ

ਰਜਿੰਦਰ ਕੌਰ ਦੇ ਸਹੁਰੇ ਪਿੰਡ ਵਿੱਚ ਕੋਈ ਵੀ ਉਸ ਦੇ ਸਹੁਰਿਆਂ ਦੇ ਘਰ ਦਾ ਪਤਾ ਦੱਸਣ ਲਈ ਰਾਜ਼ੀ ਨਹੀਂ ਸੀ। ਆਖ਼ਰ ਇੱਕ ਨੌਜਵਾਨ ਦੂਰੋਂ ਇਸ਼ਾਰਾ ਕਰਕੇ ਘਰ ਦੱਸਦਾ ਹੈ। ਰਜਿੰਦਰ ਦੇ ਸਹੁਰਿਆਂ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਹੈ।

ਪੁਲਿਸ ਨੇ ਮ੍ਰਿਤਕਾ ਦੇ ਵਾਰਿਸਾਂ ਦੇ ਬਿਆਨਾਂ ਉੱਤੇ ਰਜਿੰਦਰ ਕੌਰ ਦੇ ਪਤੀ, ਜੇਠ ਅਤੇ ਜੇਠਾਣੀ ਸਮੇਤ ਚਾਰ ਲੋਕਾਂ ਉੱਤੇ ਸਾਜਿਸ਼ ਰਚਣ ਅਤੇ ਸਬੂਤ ਖੁਰਦ-ਬੁਰਦ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਥਾਣਾ ਧੂਰੀ ਦੇ ਇੰਚਾਰਜ ਗੁਰਪ੍ਰਤਾਪ ਸਿੰਘ ਮੁਤਾਬਕ ਮ੍ਰਿਤਕ ਰਜਿੰਦਰ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਅਤੇ ਜੇਠ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸੰਗਰੂਰ ਪੁਲਿਸ ਦੀ ਮਹਿਲਾ ਵਿੰਗ ਦੀ ਇੰਚਾਰਜ ਹਰਸ਼ਜੋਤ ਕੌਰ ਦੱਸਦੇ ਹਨ, "ਪਿਛਲੇ ਤਿੰਨ ਮਹੀਨਿਆਂ ਵਿੱਚ ਸਾਡੇ ਕੋਲ ਤਕਰੀਬਨ 250 ਅਜਿਹੇ ਪਰਿਵਾਰਕ ਝਗੜਿਆਂ ਦੇ ਮਾਮਲੇ ਆਏ ਹਨ ਜਿਨ੍ਹਾਂ ਵਿੱਚੋਂ 121 ਕੇਸ ਸੁਲਝਾ ਦਿੱਤੇ ਗਏ।

"ਇਨ੍ਹਾਂ ਵਿੱਚੋਂ ਸਿਰਫ਼ ਇੱਕ ਮਾਮਲਾ ਸਾਡੇ ਕੋਲ ਦੁਬਾਰਾ ਆਇਆ ਹੈ। ਬਾਕੀ ਮਾਮਲੇ ਉਪਰਲੇ ਅਧਿਕਾਰੀਆਂ ਕੋਲ ਕਾਰਵਾਈ ਲਈ ਭੇਜੇ ਜਾਂਦੇ ਹਨ। ਕੁਝ ਮਾਮਲੇ ਐੱਸ.ਐੱਸ.ਪੀ. ਦਫ਼ਤਰ ਤੋਂ ਸਿੱਧੇ ਫੈਮਿਲੀ ਵੈਲਫੇਅਰ ਕਮੇਟੀ ਕੋਲ ਜਾਂਦੇ ਹਨ। ਜੇ ਉੱਥੇ ਨਿਬੇੜਾ ਨਹੀਂ ਹੁੰਦਾ ਤਾਂ ਅੱਗੇ ਇਹ ਅਦਾਲਤ ਵਿੱਚ ਭੇਜੇ ਜਾਂਦੇ ਹਨ।"

ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਵਕੀਲ ਦਿਵਿਆ ਗੋਦਾਰਾ ਪਰਿਵਾਰਕ ਝਗੜੇ ਦੂਰ ਕਰਨ ਲਈ ਟਰੇਂਡ ਮੀਡੀਏਟਰ ਦੇ ਤੌਰ 'ਤੇ ਕੰਮ ਕਰਦੇ ਹਨ।

ਉਨ੍ਹਾਂ ਮੁਤਾਬਕ, "ਸਾਡੇ ਕੋਲ ਪੁਲਿਸ ਕੋਲੋਂ ਵੀ ਘਰੇਲੂ ਹਿੰਸਾ ਦੇ ਮਾਮਲੇ ਸੁਲਝਾਉਣ ਲਈ ਆਉਂਦੇ ਹਨ। ਅਜਿਹੇ ਮਾਮਲੇ ਵੀ ਆਉਂਦੇ ਹਨ, ਜਿਨ੍ਹਾਂ ਦਾ ਤਲਾਕ ਜਾਂ ਪਰਿਵਾਰਕ ਝਗੜਾ ਅਦਾਲਤ ਵਿੱਚ ਚੱਲ ਰਿਹਾ ਹੁੰਦਾ ਹੈ।"

ਕਈ ਵਾਰ ਸਮਝੌਤਾ ਬਣਦਾ ਹੈ ਮਜਬੂਰੀ

ਦਿਵਿਆ ਨੇ ਅੱਗੇ ਦੱਸਿਆ, "ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਦੋਹੇਂ ਧਿਰਾਂ ਆਪਸੀ ਸਹਿਮਤੀ ਨਾਲ ਗਿਲੇ ਸ਼ਿਕਵੇ ਦੂਰ ਕਰਕੇ ਇਕੱਠੇ ਰਹਿਣ ਲਈ ਸਹਿਮਤ ਹੋ ਸਕਣ ਤਾਂ ਜੋ ਪਰਿਵਾਰ ਟੁੱਟਣ ਤੋਂ ਬਚਾਇਆ ਜਾ ਸਕੇ।''

"ਤਿੰਨ ਮਹੀਨਿਆਂ ਵਿੱਚ ਸਾਡੇ ਕੋਲ ਜੇ ਦੋਵੇਂ ਧਿਰਾਂ ਕਿਸੇ ਸਹਿਮਤੀ ਉੱਤੇ ਨਹੀਂ ਪਹੁੰਚਦੀਆਂ ਤਾਂ ਅੱਗੇ ਇਹ ਕੇਸ ਅਦਾਲਤਾਂ ਵਿੱਚ ਚਲੇ ਜਾਂਦੇ ਹਨ।"

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੀਡੀਏਸ਼ਨ ਸੈਂਟਰ ਵਿੱਚ ਜਨਵਰੀ 2017 ਤੋਂ ਲੈ ਕੇ ਦਸੰਬਰ 2017 ਤੱਕ 2365 ਅਜਿਹੇ ਪਰਿਵਾਰਕ ਝਗੜਿਆਂ ਦੇ ਕੇਸ ਆਏ ਜਿਨ੍ਹਾਂ ਵਿੱਚੋਂ 456 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਇਆ ਗਿਆ।

ਦਿਵਿਆ ਗੋਦਾਰਾ ਮੁਤਾਬਕ 15 ਫ਼ੀਸਦੀ ਮਾਮਲਿਆਂ ਵਿੱਚ ਜੋੜੇ ਦੋਬਾਰਾ ਇਕੱਠੇ ਹੋ ਜਾਂਦੇ ਹਨ ਜਦਕਿ 20 ਫ਼ੀਸਦੀ ਮਾਮਲਿਆਂ ਵਿੱਚ ਤਲਾਕ ਉੱਤੇ ਆਪਸੀ ਸਹਿਮਤੀ ਹੁੰਦੀ ਹੈ। ਬਾਕੀ ਮਾਮਲੇ ਅਦਾਲਤ ਵਿੱਚ ਚਲੇ ਜਾਂਦੇ ਹਨ।

ਪਤੀ-ਪਤਨੀ ਦੇ ਪਰਿਵਾਰਕ ਝਗੜਿਆਂ ਵਿੱਚ ਤਲਾਕ ਲੈਣ ਦੀ ਲੰਮੀ ਕਾਰਵਾਈ ਕਾਰਨ ਔਰਤਾਂ ਵਿਆਹ ਅੰਦਰਲੀ ਹਿੰਸਾ ਨੂੰ ਬਰਦਾਸ਼ਤ ਕਰਨ ਜਾਂ ਸਮਝੌਤਾ ਕਰਨ ਲਈ ਮਜਬੂਰ ਹੁੰਦੀਆਂ ਹਨ।

ਕਤਲ ਤੋਂ ਘੱਟ ਦੀ ਹਿੰਸਾ

ਇਸ ਮਾਮਲੇ ਵਿੱਚ ਦਿਵਿਆ ਦਾ ਕਹਿਣਾ ਹੈ, "ਜੇ ਪਰਿਵਾਰ ਦੀ ਸੋਚ ਕੁੜੀ ਪ੍ਰਤੀ ਪਰਾਏ ਧਨ ਵਾਲੀ ਹੀ ਹੈ ਤਾਂ ਕਈ ਵਾਰ ਕੁੜੀਆਂ ਘੁਟਣਭਰੀ ਜ਼ਿੰਦਗੀ ਨੂੰ ਹੀ ਪ੍ਰਵਾਨ ਕਰ ਲੈਂਦੀਆਂ ਹਨ। ਅੱਜ ਦੇ ਸਮੇਂ ਵਿੱਚ ਅਜਿਹਾ ਬਹੁਤ ਘੱਟ ਹੁੰਦਾ ਹੈ।"

ਸਮਾਜ-ਸ਼ਾਸਤਰੀ ਮਨਜੀਤ ਸਿੰਘ ਦਾ ਇਸ ਮਾਮਲੇ ਵਿੱਚ ਕਹਿਣਾ ਹੈ, "ਕਾਨੂੰਨੀ ਅਦਾਰੇ ਆਵਾਮ ਨੂੰ ਸੇਵਾ ਦੇਣ ਨਾਲੋਂ ਕਾਗ਼ਜ਼ੀ ਕਾਰਵਾਈ ਕਰਨ ਵਿੱਚ ਵਧੇਰੇ ਦਿਲਚਸਪੀ ਰੱਖਦੇ ਹਨ। ਇਸ ਕਰਕੇ ਸਮਾਜਿਕ ਸਮਝੌਤਿਆਂ ਵਿੱਚੋਂ ਅਜਿਹੇ ਫ਼ੈਸਲੇ ਲਏ ਜਾਂਦੇ ਹਨ ਜੋ ਪੀੜਤ ਧਿਰ ਦੇ ਹਿੱਤ ਵਿੱਚ ਨਹੀਂ ਹੁੰਦੇ।''

"ਪੇਕੇ ਅਤੇ ਸਹੁਰਾ ਪਰਿਵਾਰਾਂ ਦੀ ਔਰਤ ਨੂੰ ਆਪਣੀ ਜਾਇਦਾਦ ਸਮਝਣ ਵਾਲੀ ਸੋਚ ਵੀ ਜੋੜਿਆਂ ਨੂੰ ਨਰੜੀ ਰੱਖਣ ਵਿੱਚ ਅਹਿਮ ਕਾਰਨ ਬਣਦੀ ਹੈ।"

ਰਜਿੰਦਰ ਕੌਰ ਦੇ ਪੇਕਿਆਂ ਦੇ ਖਸਤਾ ਹਾਲ ਇੱਕ ਕਮਰੇ ਵਾਲੇ ਘਰ ਵਿੱਚ ਹੀ ਉਸ ਦੇ ਮਾਪੇ ਅਤੇ ਇੱਕ ਭਰਾ ਰਹਿੰਦੇ ਹਨ। ਪਸ਼ੂ ਵੀ ਇਸੇ ਥਾਂ ਬੰਨ੍ਹੇ ਹਨ।

ਪਰਿਵਾਰ ਕੋਲ ਮਹਿਜ਼ ਤਿੰਨ ਵਿੱਘੇ ਜ਼ਮੀਨ ਹੈ। ਇਸ ਘਰ ਵਿੱਚ ਵਿਆਹ ਨਾਲ ਜੁੜੇ ਕਲੇਸ਼ ਦਾ ਕਿੰਨਾ ਦਬਾਅ ਰਜਿੰਦਰ ਕੌਰ ਉੱਤੇ ਰਿਹਾ ਹੋਵੇਗਾ?

ਇਹ ਅੰਦਾਜ਼ਾ ਲਗਾਉਣਾ ਦਾ ਉਪਰਾਲਾ ਕਰਨਾ ਵੀ ਕਿਸੇ ਨੂੰ ਅਸਹਿਜ ਕਰ ਸਕਦਾ ਹੈ ਪਰ ਥਾਣਿਆਂ, ਮੋਹਤਬਰਾਂ ਅਤੇ ਸਲਾਹਕਾਰ ਕਮੇਟੀਆਂ ਦੀ ਕਾਰਵਾਈ ਵਿੱਚ ਇਸ ਦਬਾਅ ਦਾ ਅੰਦਾਜ਼ਾ ਨਹੀਂ ਹੁੰਦਾ।

ਉਂਝ ਵੀ ਸਮਝੌਤਿਆਂ, ਤਲਾਕਾਂ ਅਤੇ ਲੰਮੀਆਂ ਅਦਾਲਤੀ ਕਾਰਵਾਈਆਂ ਦੇ ਅੰਕੜਿਆਂ ਵਿੱਚੋਂ ਵਿਆਹ ਵਿਚਲੀ ਕਤਲ ਤੋਂ ਘੱਟ ਰਹਿ ਗਈ ਹਿੰਸਾ ਦਾ ਜ਼ਿਕਰ ਪਿੱਛੇ ਹੀ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)