ਕਸੌਲੀ ਗੋਲੀਕਾਂਡ: ਜੇਕਰ ਤੁਸੀਂ ਲੋਕਾਂ ਨੂੰ ਮਾਰੋਗੇ ਤਾਂ ਅਸੀਂ ਹੁਕਮ ਦੇਣੇ ਬੰਦ ਕਰ ਦੇਵਾਂਗੇ, ਸੁਪਰੀਮ ਕੋਰਟ ਦੀ ਸਖ਼ਤੀ

ਤਸਵੀਰ ਸਰੋਤ, Reuters
ਸੁਪਰੀਮ ਕੋਰਟ ਨੇ ਕਸੌਲੀ ਵਿੱਚ ਇੱਕ ਮਹਿਲਾਅਧਿਕਾਰੀ ਨੂੰ ਕਥਿਤ ਤੌਰ 'ਤੇ ਹੋਟਲ ਮਾਲਿਕ ਵੱਲੋਂ ਗੋਲੀ ਮਾਰੇ ਜਾਣ ਦਾ ਸਖਤ ਨੋਟਿਸ ਲਿਆ ਹੈ। ਇਹ ਅਧਿਕਾਰੀ ਅਦਾਲਤ ਦੇ ਆਦੇਸ਼ 'ਤੇ ਹੋਟਲ ਦੇ ਗ਼ੈਰ ਕਾਨੂੰਨੀ ਨਿਰਮਾਣ ਨੂੰ ਸੀਲ ਕਰਨ ਪਹੁੰਚੀ ਸੀ।
ਪੀਟੀਆਈ ਮੁਤਾਬਕ ਜਸਟਿਸ ਮਦਨ ਬੀ ਲੋਕਰ ਅਤੇ ਦੀਪਕ ਗੁਪਤਾ ਦੀ ਬੈਂਚ ਨੇ ਇਸ ਹਾਦਸੇ ਨੂੰ ਬੇਹੱਦ ਗੰਭੀਰਤਾ ਨਾਲ ਲਿਆ । ਅਦਲਾਤ ਨੇ ਕਿਹਾ ਹੈ ਕਿ ਸਰਕਾਰੀ ਅਧਿਕਾਰੀ ਗ਼ੈਰਕਾਨੂੰਨੀ ਨਿਰਮਾਣ ਨੂੰ ਸੀਲ ਕਰਨ ਲਈ ਅਦਾਲਤ ਦੇ ਆਦੇਸ਼ ਦੀ ਪਾਲਣਾ ਕਰਨ ਉੱਥੇ ਗਏ ਸਨ।

ਤਸਵੀਰ ਸਰੋਤ, Pankaj sharma /BBC
ਅਸਿਸਟੈਂਟ ਟਾਊਨ ਅਤੇ ਕੰਟਰੀ ਪਲੈਨਰ ਸ਼ੈਲਬਾਲਾ ਸ਼ਰਮਾ ਕਸੌਲੀ ਦੇ ਨਾਰਾਇਨੀ ਗੈਸਟ ਹਾਊਸ ਦੇ ਗ਼ੈਰ ਕਾਨੂੰਨੀ ਨਿਰਮਾਣ ਨੂੰ ਸੀਲ ਕਰਨ ਗਈ ਸੀ। ਜਿੱਥੇ ਹੋਟਲ ਦੇ ਮਾਲਿਕ ਵਿਜੈ ਸਿੰਘ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ।
ਬੈਂਚ ਨੇ ਸਵਾਲ ਕੀਤਾ, "ਜੇਕਰ ਤੁਸੀਂ ਲੋਕਾਂ ਨੂੰ ਮਾਰਨਾ ਹੈ ਤਾਂ ਅਸੀਂ ਆਦੇਸ਼ ਜਾਰੀ ਕਰਨਾ ਬੰਦ ਕਰ ਦਿਆਂਗੇ।" ਅਦਾਲਤ ਨੇ ਪੁੱਛਿਆ ਕਿ ਜਦੋਂ ਹੋਟਲ ਮਾਲਕ ਨੇ ਗੋਲੀ ਮਾਰੀ ਉਦੋਂ ਪੁਲਿਸ ਕੀ ਕਰ ਰਹੀ ਸੀ।
ਘਟਨਾ ਬਾਰੇ ਨੋਟਿਸ ਲੈਂਦਿਆਂ ਬੈਂਚ ਨੇ ਕਿਹਾ ਕਿ ਇਹ ਮਾਮਲਾ ਚੀਫ ਜਸਟਿਸ ਦੀਪਕ ਮਿਸ਼ਰਾ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ, ਤਾਂ ਜੋ ਵੀਰਵਾਰ ਇਸ ਨੂੰ ਇੱਕ ਉਚਿਤ ਬੈਂਚ ਸਾਹਮਣੇ ਪੇਸ਼ ਕੀਤਾ ਜਾ ਸਕੇ।
ਇਸ ਦੌਰਾਨ ਅਦਾਲਤ ਨੇ ਸਵਾਲ ਕੀਤਾ ਕਿ ਜਦੋਂ ਉਸ ਹੋਟਲ ਮਾਲਿਕ ਨੇ ਕਥਿਤ ਤੌਰ 'ਤੇ ਗੋਲੀ ਚਲਾਈ ਤਾਂ ਪੁਲਿਸ ਟੀਮ ਕੀ ਕਰ ਰਹੀ ਸੀ, ਜੋ ਉਸ ਵੇਲੇ ਅਧਿਕਾਰੀ ਨਾਲ ਗ਼ੈਰ ਕਾਨੂੰਨੀ ਨਿਰਮਾਣ ਸੀਲ ਕਰਵਾਉਣ ਗਈ ਸੀ।
ਹਿਮਾਚਲ ਪ੍ਰਦੇਸ਼ ਵੱਲੋਂ ਅਦਾਲਤ ਚ ਪੇਸ ਹੋਏ ਵਕੀਲ ਨੇ ਕਿਹਾ ਕਿ ਮੁਲਜ਼ਮ ਗੋਲੀ ਚਲਾ ਕੇ ਉੱਥੋਂ ਭੱਜ ਗਿਆ ਸੀ ਅਤੇ ਇਸ ਮਾਮਲੇ ਵਿੱਚ ਇੱਕ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵੀ ਜਖ਼ਮੀ ਹੋ ਗਏ ਸਨ।












