ਜੇ ਡੇ ਕਤਲ ਕੇਸ ਵਿੱਚ ਛੋਟਾ ਰਾਜਨ ਸਣੇ 9 ਮੁਲਜ਼ਮਾਂ ਨੂੰ ਉਮਰ ਕੈਦ

    • ਲੇਖਕ, ਜਾਹਨਵੀ ਮੂਲੇ
    • ਰੋਲ, ਬੀਬੀਸੀ ਪੱਤਰਕਾਰ

ਪੱਤਰਕਾਰ ਜਿਉਤਿਰਮੇਯ ਡੇ ਦੇ ਕਤਲ ਕੇਸ ਵਿੱਚ ਅੱਜ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਛੋਟਾ ਰਾਜਨ ਸਣੇ 9 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾ ਅੱਜ ਇਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਜਦ ਕਿ ਜਿਗਨਾ ਵੋਰਾ ਨੂੰ ਬਰੀ ਕਰ ਦਿੱਤਾ ਹੈ।

ਮੁੰਬਈ ਵਾਸੀ ਜਿਉਤਿਰਮੇਯ ਡੇ, ਮਿੱਡ ਡੇ ਨਿਊਜ਼ ਵਿੱਚ ਸੀਨੀਅਰ ਕ੍ਰਾਈਮ ਰਿਪੋਰਟਰ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਦਾ ਕਲਮੀ ਨਾਮ ਜੇਡੇ ਸੀ।

ਉਹ ਮੋਟਰਸਾਈਕਲ 'ਤੇ ਜਾ ਰਹੇ ਸਨ ਜਦੋਂ ਚਾਰ ਬੰਦੂਕਧਾਰੀਆਂ ਨੇ ਉਨ੍ਹਾਂ ਦਾ 11 ਜੂਨ 2011 ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਸਮੇਂ ਉਨ੍ਹਾਂ ਦੀ ਉਮਰ 56 ਸਾਲ ਸੀ।

ਉਨ੍ਹਾਂ ਦੀ ਮੌਤ ਮਗਰੋਂ ਪੱਤਰਕਾਰਾਂ ਨੇ ਧਰਨੇ ਕਰ ਕੇ ਵਧੇਰੇ ਸੁਰੱਖਿਆ ਦੀ ਮੰਗ ਕੀਤੀ। ਇਸ ਕੇਸ ਬਾਰੇ ਫੈਸਲਾ ਵਿਸ਼ਵ ਪ੍ਰੈਸ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਆ ਰਿਹਾ ਹੈ।

ਮਿੱਡ ਡੇ ਵਿੱਚ ਖੋਜੀ ਪੱਤਰਕਾਰ ਵਜੋਂ ਜੁਆਇਨ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਇੰਡੀਅਨ ਐਕਸਪ੍ਰੈਸ ਅਤੇ ਹਿੰਦੁਸਤਾਨ ਟਾਈਮਜ਼ ਵਿੱਚ ਵੀ ਕੰਮ ਕੀਤਾ ਸੀ।

ਖ਼ਬਰਾਂ ਤੇ ਯਕੀਨ ਕੀਤਾ ਜਾਵੇ ਤਾਂ ਉਨ੍ਹਾਂ ਦਾ ਕਤਲ ਤੇਲ ਮਾਫੀਏ ਬਾਰੇ ਕੀਤੀਆਂ ਕਹਾਣੀਆਂ ਕਰਕੇ ਹੋਇਆ।

ਛੋਟਾ ਰਾਜਨ 'ਤੇ ਚੱਲ ਰਹੇ 17 ਹੋਰ ਕੇਸ

ਅਖੌਤੀ ਅੰਡਰਵਰਡ ਸਰਗਨਾ ਰਾਜਿੰਦਰ ਸਦਾਸ਼ਿਵ ਨਿਖਾਲਜੇ ਉਰਫ ਛੋਟਾ ਰਾਜਨ ਅਤੇ ਮੁੰਬਈ ਵਿੱਚ ਉਸ ਸਮੇਂ ਏਸ਼ੀਅਨ ਏਜ ਦੇ ਡਿਪਟੀ ਬਿਊਰੋ ਚੀਫ਼ ਜਿਗਨਾ ਵੋਰਾ ਇਸ ਕੇਸ ਦੇ ਮੁੱਖ ਮੁਜਰਿਮ ਸਨ।

ਆਪਣੇ ਫੈਸਲੇ ਵਿੱਚ ਅਦਾਲਤ ਨੇ ਛੋਟਾ ਰਾਜਨ ਨੂੰ ਮੁਜਰਮ ਕਰਾਰ ਦਿੱਤਾ ਹੈ ਜਦਕਿ ਪੱਤਰਕਾਰ ਜਿਗਨਾ ਵੋਰਾ ਨੂੰ ਬਰੀ ਕਰ ਦਿੱਤਾ ਹੈ।

ਸਰਕਾਰੀ ਵਕੀਲ ਪ੍ਰਦੀਪ ਧਾਰਾਤ ਮੁਤਾਬਕ ਛੋਟਾ ਰਾਜਨ ਤੇ ਕਤਲ ਦਾ ਇਲਜ਼ਾਮ ਸੀ। ਪ੍ਰਦੀਪ ਨੇ ਕਿਹਾ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਦੋਵੇਂ ਮੁਜਰਮ ਲਗਾਤਾਰ ਇੱਕ ਦੂਜੇ ਦੇ ਸੰਪਰਕ ਵਿੱਚ ਸਨ ਅਤੇ ਪੱਤਰਕਾਰ ਨੇ ਹੀ ਰਾਜਨ ਨੂੰ ਕਤਲ ਲਈ ਉਕਸਾਇਆ ਸੀ।

ਛੋਟਾ ਰਾਜਨ ਫਿਲਹਾਲ ਤਿਹਾੜ ਜੇਲ੍ਹ ਵਿੱਚ ਕੈਦ ਹੈ। ਉਸ ਨੂੰ ਸਾਲ 2015 ਵਿੱਚ ਇੰਡੋਨੇਸ਼ੀਆ ਦੇ ਬਾਲੀ ਤੋਂ ਵਾਪਸ ਲਿਆਂਦਾ ਗਿਆ ਸੀ। ਉਸ ਖਿਲਾਫ ਇਸ ਕੇਸ ਸਮੇਤ ਕਤਲ ਦੇ 17 ਹੋਰ ਕੇਸ ਚੱਲ ਰਹੇ ਹਨ।

ਇਨ੍ਹਾਂ ਤੋਂ ਇਲਾਵਾ ਉਨ੍ਹਾਂ ਤੇ ਨਸ਼ੀਲੀਆਂ ਦਵਾਈਆ ਦੀ ਤਸਕਰੀ, ਕਬਜ਼ੇ ਅਤੇ ਗੈਰ-ਕਾਨੂੰਨੀ ਹਥਿਆਰ ਵਰਤਣ ਦੇ ਕੇਸ ਵੀ ਹਨ।

ਰਾਜਨ ਮੁੰਬਈ ਦੇ ਪੜ੍ਹੇ-ਲਿਖੇ ਪਰ ਜਵਾਨੀ ਵਿੱਚ ਹੀ ਉਨ੍ਹਾਂ ਦਾ ਨਾਮ ਕਈ ਕੇਸਾਂ ਵਿੱਚ ਆ ਗਿਆ। ਜਿਸ ਮਗਰੋਂ ਉਹ ਕਈ ਗਿਰੋਹਾਂ ਦੇ ਸਰਗਨਾ ਬਣ ਗਏ।

ਇਸ ਕੇਸ ਵਿੱਚ ਰੋਹਿਤ ਥੰਗਪੱਨ ਜੋਸਫ ਉਰਫ ਸਤੀਸ਼ ਕਾਲੀਆ (ਜਿਸਨੇ ਗੋਲੀ ਚਲਾਈ ਸੀ), ਅਭੀਜੀਤ ਕਾਸ਼ਾਰਾਮ ਛਿੰਦੇ, ਅਰੁਣ ਜਨਾਰਦਨ ਡਾਕੇ, ਸਚਿਨ ਸੁਰੇਸ਼ ਗਾਇਕਵਾੜ, ਅਨਿਲ ਭਾਨੁਦਾਸ ਵਾਘਮੋੜੇ, ਨਿਲੇਸ਼ ਨਾਰਾਇਣ ਸ਼ੇਂਗਦੇ, ਮੰਗਲੇਸ਼ ਦਾਮੋਦਰ ਅਗਾਵਨੇ, ਦੀਪਕ ਸਿਸੋਦੀਆ (ਜਿਸ ਨੇ ਦੇਹਰਾਦੂਨ ਤੋਂ ਹਥਿਆਰ ਸਰਪਲਾਈ ਕੀਤੇ ਸੀ), ਜੋਸਫ਼ ਫ਼ਲਸਨ ਅਤੇ ਵਿਨੋਦ ਚੋਂਬਰ ਹੋਰ ਮੁਜਰਿਮ ਹਨ।

ਇਸ ਕੇਸ ਵਿੱਚ ਚੋਂਬਰ ਹੀ ਉਹ ਵਿਅਕਤੀ ਸੀ ਜਿਸ ਨੇ ਹਮਲਾਵਰਾਂ ਨੂੰ ਜੇ ਡੇ ਦੀ ਪਹਿਚਾਣ ਕਰਵਾਈ ਸੀ। ਹਾਲਾਂਕਿ ਅਪ੍ਰੈਲ 2015 ਵਿੱਚ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।

ਕਿਵੇਂ ਰਹੀ ਕੇਸ ਦੀ ਪੈਰਵਾਈ?

ਮੁੰਬਈ ਪੁਲਿਸ ਨੇ ਸ਼ੁਰੂਆਤੀ ਜਾਂਚ ਮਾਹਾਰਾਸ਼ਟਰ ਕੰਟ੍ਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਏਕਟ (ਮਕੋਕਾ) ਦੇ ਤਹਿਤ ਕੀਤੀ ਪਰ ਛੋਟਾ ਰਾਜਨ ਦੀ ਗ੍ਰਿਫ਼ਤਾਰੀ ਮਗਰੋਂ ਸੀਬੀਆਈ ਇਸ ਕੇਸ ਵਿੱਚ ਸ਼ਾਮਲ ਹੋ ਗਈ।

ਕੇਸ ਦੀ ਸੁਣਵਾਈ ਇੱਕ ਵਿਸ਼ੇਸ਼ ਮਕੋਕਾ ਅਦਾਲਤ ਨੇ ਹੀ ਕੀਤੀ ਹੈ।

ਵਿਸ਼ੇਸ਼ ਅਦਾਲਤ ਨੇ ਕੁੱਲ 155 ਗਵਾਹਾਂ ਨੇ ਗਵਾਹੀ ਦਿੱਤੀ ਪਰ ਕੋਈ ਵੀ ਚਸ਼ਮਦੀਦ ਸਾਹਮਣੇ ਨਹੀਂ ਆਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)