ਬਿਨਾਂ ਤਨਖਾਹਾਂ ਦੇ ਕਿੰਨੀ ਮੁਸ਼ਕਿਲ ਹੋਈ ਪੰਜਾਬ ਦੇ ਕਈ ਸਰਕਾਰੀ ਮੁਲਾਜ਼ਮਾਂ ਦੀ ਜ਼ਿੰਦਗੀ?

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਟੀਚਰ ਚਾਨਣ ਸਿੰਘ ਦੇ ਘਰ ਉਸ ਵੇਲੇ ਹਨੇਰਾ ਛਾ ਗਿਆ ਜਦੋਂ ਉਸ ਨੇ ਪਿਛਲੇ ਹਫ਼ਤੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਕਾਰਨ ਸੀ ਚਾਰ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਦੀ ਪ੍ਰੇਸ਼ਾਨੀ।

ਉੱਥੇ ਹੀ ਜ਼ਿਲ੍ਹਾ ਫ਼ਰੀਦਕੋਟ ਦੀ ਇੱਕ ਹੋਰ ਅਧਿਆਪਕਾ ਪ੍ਰੇਸ਼ਾਨ ਹੈ। ਨਵਾਂ-ਨਵਾਂ ਵਿਆਹ ਹੋਇਆ ਹੈ, ਸਹੁਰੇ ਵਾਲੇ ਸਮਝਦੇ ਹਨ ਕਿ ਕੁੜੀ ਵਾਲਿਆਂ ਨੇ ਝੂਠ ਬੋਲ ਕੇ ਵਿਆਹ ਕੀਤਾ ਹੈ ਕਿ ਕੁੜੀ ਟੀਚਰ ਹੈ ਤੇ 42,000 ਤਨਖ਼ਾਹ ਲੈਂਦੀ ਹੈ।

ਅਜਿਹਾ ਇਸ ਲਈ ਕਿਉਂਕਿ ਪਿਛਲੇ ਪੰਜ ਮਹੀਨਿਆਂ ਤੋਂ ਇਸ ਲੜਕੀ ਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਉਸ ਨੂੰ ਹਾਲੇ ਤਨਖ਼ਾਹ ਨਹੀਂ ਮਿਲੀ। ਉਸਨੂੰ ਸਹੁਰੇ ਵਾਲਿਆਂ ਦੀਆਂ ਕਈ ਗੱਲਾਂ ਸੁਣਨੀਆਂ ਪੈ ਰਹੀਆਂ ਹਨ।

ਮੰਗਲਵਾਰ ਨੂੰ ਵਕੀਲ ਐੱਚਸੀ ਅਰੋੜਾ ਵਲੋਂ ਦਾਇਰ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ 31 ਮਈ ਨੂੰ ਤਲਬ ਕੀਤਾ ਹੈ। ਪਟੀਸ਼ਨਕਰਤਾ ਨੇ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਤੱਕ ਸਬੰਧਤ ਸੈਕਟਰੀਆਂ ਤੇ ਉੱਚ ਅਧਿਕਾਰੀਆਂ ਦੀਆਂ ਵੀ ਤਨਖਾਹਾਂ ਰੋਕਣ ਦੀ ਮੰਗ ਕੀਤੀ ਹੈ।

ਫ਼ਰੀਦਕੋਟ ਦੇ ਹੀ ਗਗਨ ਪਾਹਵਾ ਵੀ ਪਿਛਲੇ ਪੰਜ ਮਹੀਨਿਆਂ ਤੋਂ ਤਨਖ਼ਾਹ ਨਾ ਮਿਲ਼ਣ ਕਰ ਕੇ ਪ੍ਰੇਸ਼ਾਨ ਹਨ।

ਹਰ ਮਹੀਨੇ 15 ਹਜ਼ਾਰ ਰੁਪਏ ਦੀ ਮਕਾਨ ਦੇ ਲੋਨ ਦੀ ਕਿਸ਼ਤ ਜਾਂਦੀ ਹੈ। ਤਿੰਨ ਸਾਲ ਦੀ ਬੱਚੀ ਨੇ ਸਕੂਲ ਜਾਣਾ ਹੀ ਸ਼ੁਰੂ ਕੀਤਾ ਹੈ ਤੇ ਫ਼ੀਸ ਦੇਣੀ ਮੁਸ਼ਕਿਲ ਲੱਗ ਰਹੀ ਹੈ।

ਦੂਜੇ ਪਾਸੇ ਮਾਂ ਦੀਆਂ ਦਵਾਈਆਂ ਵਾਸਤੇ ਪੈਸੇ ਦੀ ਲੋੜ ਹੁੰਦੀ ਹੈ ਇਸ ਕਾਰਨ ਤਨਖ਼ਾਹ ਨਾ ਮਿਲਣ ਕਰ ਕੇ ਬੜੀ ਤੰਗੀ ਹੋ ਰਹੀ ਹੈ।

ਕਈ ਲੋਕਾਂ ਦੀ ਕਿਸ਼ਤਾਂ ਰੁਕੀਆਂ

ਕੁਝ ਸਾਲਾਂ ਤੋਂ ਪੰਜਾਬ ਦੀ ਆਰਥਿਕ ਤੰਗੀ ਜਾਂ ਕੇਂਦਰ ਸਰਕਾਰ ਤੋਂ ਪੈਸੇ ਨਾ ਮਿਲੇ ਹੋਣ, ਕਾਰਨ ਭਾਵੇਂ ਕੋਈ ਵੀ ਹੋਵੇ ਪਰ ਪੰਜਾਬ ਦੇ ਸਰਬ ਸਿੱਖਿਆ ਅਧਿਆਪਕਾਂ ਦੀ ਹਾਲਤ ਖਸਤਾ ਹੈ।

ਖਰੜ ਦੇ ਇੱਕ ਸਕੂਲ ਵਿਚ ਕੰਮ ਕਰ ਰਹੇ ਬਲਜੀਤ ਸਿੰਘ ਕਹਿੰਦੇ ਹਨ, "ਸਾਲ 2016 ਵਿੱਚ ਸਰਕਾਰ ਨੇ ਜਦੋਂ ਇਸ ਗੱਲ ਦਾ ਭਰੋਸਾ ਦਵਾਇਆ ਕਿ ਮੇਰੀ ਤਨਖ਼ਾਹ ਸੁਰੱਖਿਅਤ ਹੈ ਤਾਂ ਮੈਂ ਇੱਕ ਫਲੈਟ ਖ਼ਰੀਦ ਲਿਆ।''

"ਹਰ ਮਹੀਨੇ 20,000 ਰੁਪਏ ਦੀ ਕਿਸ਼ਤ ਜਾਂਦੀ ਹੈ ਪਰ ਪਿਛਲੇ ਪੰਜ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰ ਕੇ ਕਿਸ਼ਤ ਨਹੀਂ ਦਿੱਤੀ ਜਾ ਰਹੀ। ਅੱਜ ਬੈਂਕ ਵਾਲੇ ਸਾਨੂੰ ਡਿਫਾਲਟਰ ਬਣਾਉਣ ਨੂੰ ਫਿਰਦੇ ਹਨ।''

ਯੂਨੀਅਨ ਦੇ ਕਨਵੀਨਰ ਰਾਮ ਭਜਨ ਦੱਸਦੇ ਹਨ, "ਕੁੱਲ 14,000 ਅਧਿਆਪਕਾਂ ਨੂੰ ਨਵੰਬਰ ਮਹੀਨੇ ਤੋਂ ਲੈ ਕੇ ਹਾਲੇ ਤੱਕ ਤਨਖ਼ਾਹ ਨਾ ਮਿਲਣ ਕਾਰਨ ਕਈਆਂ ਦੇ ਘਰਾਂ ਵਿੱਚ ਤਾਂ ਖਾਣੇ ਦੇ ਵੀ ਲਾਲੇ ਪਏ ਹਨ। ਅਧਿਕਾਰੀ ਇਹੀ ਕਹਿੰਦੇ ਹਨ ਕਿ ਜਲਦੀ ਹੀ ਤਨਖ਼ਾਹ ਮਿਲ ਜਾਵੇਗੀ।"

ਪੰਚਾਇਤ ਸਕੱਤਰਾਂ ਦਾ ਵੀ ਮਾੜਾ ਹਾਲ

ਇਕੱਲੇ ਟੀਚਰਾਂ ਦੀ ਹਾਲਤ ਖ਼ਰਾਬ ਨਹੀਂ ਹੈ ਸਗੋਂ ਪੇਂਡੂ ਵਿਭਾਗ ਦੇ ਪੰਚਾਇਤ ਸਕੱਤਰਾਂ ਦਾ ਹਾਲ ਇਸ ਨਾਲੋਂ ਵੀ ਮਾੜਾ ਹੈ।

ਪੰਚਾਇਤ ਸਕੱਤਰ ਯੁਨੀਅਨ ਦੇ ਪ੍ਰਧਾਨ ਰਵਿੰਦਰ ਸਿੰਘ ਨੇ ਦੱਸਿਆ, "ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਬਣਨ ਤੋਂ ਅਗਲੇ ਮਹੀਨੇ ਤੋਂ ਹੀ ਸਾਨੂੰ ਤਨਖ਼ਾਹ ਨਹੀਂ ਮਿਲੀ ਹੈ।''

"ਕੁੱਲ ਮਿਲਾ ਕੇ ਸੂਬੇ ਵਿਚ 2500 ਸਕੱਤਰ ਹਨ ਜਿੰਨ੍ਹਾਂ ਵਿੱਚੋਂ ਤਕਰੀਬਨ 1200 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨਹੀਂ ਮਿਲੀਆਂ ਹਨ। ਹਰ ਸਕੱਤਰ ਨੂੰ ਕਰੀਬ 42000 ਮਹੀਨੇ ਦੀ ਤਨਖ਼ਾਹ ਮਿਲਦੀ ਹੈ।''

ਉਨ੍ਹਾਂ ਕਿਹਾ, "ਸਾਡੇ ਕਈ ਸਾਥੀ ਬੜੀ ਮੁਸ਼ਕਿਲ ਜ਼ਿੰਦਗੀ ਜੀ ਰਹੇ ਹਨ। ਸਾਡੇ ਸਾਥੀ ਭੁਪਿੰਦਰ ਸਿੰਘ ਪਿਛਲੇ ਇੱਕ ਸਾਲੇ ਤੋਂ ਬਿਮਾਰੀ ਕਾਰਨ ਲੁਧਿਆਣਾ ਦੇ ਹਸਪਤਾਲ ਵਿੱਚ ਭਰਤੀ ਹਨ।''

"ਪਿਛਲੇ ਦਿਨੀਂ ਭੁੱਖ ਹੜਤਾਲ ਵੀ ਕੀਤੀ ਜੋ ਸਰਕਾਰ ਦੇ ਭਰੋਸੇ ਤੋਂ ਬਾਅਦ ਖ਼ਤਮ ਕੀਤੀ ਸੀ।''

ਕੀ ਕਹਿੰਦੇ ਹਨ ਅਧਿਕਾਰੀ?

ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਇੰਨਾ ਅਧਿਆਪਕਾਂ ਦੀ ਤਨਖ਼ਾਹ ਦੀ ਦੇਰੀ ਦੇ ਦੋ ਕਾਰਨ ਹੈ: ਪੁਰਾਣਾ ਬੈਕਲਾਗ ਯਾਨੀ ਇਨ੍ਹਾਂ ਨੂੰ ਕਈ ਮਹੀਨਿਆਂ ਤੋਂ ਖੜੀ ਤਨਖ਼ਾਹ ਅਤੇ ਪਿੱਛੋਂ ਪੈਸੇ ਦਾ ਦੇਰੀ ਨਾਲ ਆਉਣਾ।''

ਮੰਗਲਵਾਰ ਸ਼ਾਮ ਤੱਕ ਸਰਕਾਰ ਨੇ ਇੰਨਾ ਦੇ ਖਾਤਿਆਂ ਵਿੱਚ ਪੈਸੇ ਪਾਉਣੇ ਸ਼ੁਰੂ ਕਰ ਦਿੱਤੇ ਸਨ ਪਰ ਯੂਨੀਅਨ ਲੀਡਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)