You’re viewing a text-only version of this website that uses less data. View the main version of the website including all images and videos.
ਕੀ ਕਰਨਾਟਕ ਵਿੱਚ ਭਾਜਪਾ ਲਈ ਰਾਹ ਪੰਜਾਬ ਵਰਗਾ?
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਲਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਰਨਾਟਕ ਵਿੱਚ ਆਪਣੇ ਜ਼ੋਰਦਾਰ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਨਾਲ ਹੀ ਇਹ ਕੋਸ਼ਿਸ਼ ਹੈ ਕਿ ਪੰਜਾਬ ਵਰਗੀ ਮਜਬੂਤ ਕਾਂਗਰਸੀ ਲੀਡਰਸ਼ਿਪ ਵਾਲੇ ਸੂਬੇ ਵਿੱਚ ਭਾਜਪਾ ਨੂੰ ਕਿਵੇਂ ਜਿਤਾਇਆ ਜਾਵੇ।
ਚੋਣ ਪ੍ਰਚਾਰ ਖ਼ਤਮ ਹੋਣ ਨੂੰ ਡੇਢ ਹਫਤੇ ਦੇ ਕਰੀਬ ਵਕਤ ਬਚਿਆ ਹੈ। 12 ਮਈ ਨੂੰ ਕਰਨਾਟਕ ਵਿੱਚ ਵੋਟਾਂ ਪੈਣੀਆਂ ਹਨ। ਅਗਲੇ 5 ਦਿਨਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਰੈਲੀਆਂ ਨੂੰ ਸੰਬੋਧਨ ਕਰਨਗੇ।
ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਤਾਕਤਵਰ ਚੋਣ ਪ੍ਰਚਾਰ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬੀ ਐੱਸ ਯੇਦੁਰੱਪਾ ਮੌਜੂਦ ਨਹੀਂ ਹੋਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੌਰੇ ਨਾਲ ਪਾਰਟੀ ਦੇ ਕਾਡਰ ਨੂੰ ਕਾਫੀ ਉਤਸ਼ਾਹ ਮਿਲਣ ਦੀ ਉਮੀਦ ਹੈ। ਉਹ ਸੂਬੇ ਵਿੱਚ ਪਾਰਟੀ ਦੀਆਂ ਉਮੀਦਾਂ ਨੂੰ ਮਜ਼ਬੂਤੀ ਦੇਣ ਲਈ ਪ੍ਰਧਾਨ ਮੰਤਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਮੋਦੀ ਤੋਂ ਉਤਸ਼ਾਹ ਦੀ ਉਮੀਦ
ਪੰਜਾਬ ਨੂੰ ਛੱਡ ਕੇ ਭਾਜਪਾ ਨੂੰ ਬਾਕੀ ਸੂਬਿਆਂ ਵਿੱਚ ਮੁੱਖ ਮੰਤਰੀ ਸਿੱਧਾਰਮਈਆ ਵਰਗੇ ਵੱਡੇ ਆਗੂ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ।
ਭਾਜਪਾ ਦੇ ਬੁਲਾਰੇ ਡਾ. ਰਮਨ ਅਚਾਰਿਆ ਨੇ ਬੀਬੀਸੀ ਨੂੰ ਦੱਸਿਆ, "ਮੋਦੀ ਜੀ ਦੇ ਦੌਰੇ ਨਾਲ ਪਾਰਟੀ ਵਰਕਰਾਂ ਨੂੰ ਉਤਸ਼ਾਹ ਮਿਲੇਗਾ ਅਤੇ ਉਮੀਦ ਅਨੁਸਾਰ ਅਸੀਂ 150 ਤੋਂ ਵੱਧ ਸੀਟਾਂ ਜਿੱਤਾਂਗੇ।''
"ਅਜਿਹਾ ਉੱਤਰ ਪ੍ਰਦੇਸ਼ ਅਤੇ ਮਣੀਪੁਰ ਵਿੱਚ ਵੀ ਹੋਇਆ ਹੈ। ਅਸੀਂ ਹੀ ਇਸ ਸੂਬੇ ਵਿੱਚ ਵੀ ਸਰਕਾਰ ਬਣਾਵਾਂਗੇ।''
ਭਾਜਪਾ ਦੇ ਸੂਬਾ ਪ੍ਰਧਾਨ ਨੇ ਉਹ ਮੁੱਦੇ ਸਾਰਿਆਂ ਨੂੰ ਦੱਸ ਦਿੱਤੇ ਹਨ ਜਿਨ੍ਹਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੋਕਸ ਰਹੇਗਾ ਪਰ ਉਨ੍ਹਾਂ ਨੂੰ ਇਹ ਵੀ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ਦੀ ਸਰਕਾਰ 'ਤੇ ਹਮਲਾ ਬੋਲਣ ਲਈ ਆਪਣੇ ਮੁੱਦੇ ਲੈ ਕੇ ਆਉਣਗੇ।
ਕੁਝ ਮਹੀਨੇ ਪਹਿਲਾਂ ਸ਼ੁਰੂ ਹੋਈ ਚੋਣ ਪ੍ਰਚਾਰ ਮੁਹਿੰਮ ਦੇ ਮੁੱਢ ਤੋਂ ਹੀ ਭਾਜਪਾ ਨੇ ਕਾਂਗਰਸ ਨੂੰ ਭ੍ਰਿਸ਼ਟਾਚਾਰ, ਵੱਖਵਾਦੀ ਸਿਆਸਤ, ਪ੍ਰਸ਼ਾਸਨ ਦੀ ਨਾਕਾਮੀ ਅਤੇ ਹੋਰ ਮੁੱਦਿਆਂ ਉੱਤੇ ਨਿਸ਼ਾਨਾ ਬਣਾਇਆ ਹੈ।
ਟਿਕਟਾਂ ਦੀ ਵੰਡ ਕਾਰਨ ਮੁਸ਼ਕਿਲ 'ਚ
ਬੀਤੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੇ ਉਮੀਦਵਾਰਾਂ ਨਾਲ ਆਪਣੇ ਮੋਬਾਈਲ ਐਪ ਜ਼ਰੀਏ ਗੱਲਬਾਤ ਕੀਤੀ ਅਤੇ ਸਾਰੀ ਚਰਚਾ ਨੂੰ ਵਿਕਾਸ ਦੇ ਮੁੱਦੇ 'ਤੇ ਲੈ ਜਾਣ ਦੀ ਤਾਕੀਦ ਕਰਦੇ ਹੋਏ ਕਿਹਾ, "ਵਿਕਾਸ, ਵਿਕਾਸ, ਵਿਕਾਸ''
ਪਰ ਪਾਰਟੀ ਨੇ ਇੱਕੋ ਪਰਿਵਾਰ ਦੇ 7 ਮੈਂਬਰਾਂ ਅਤੇ ਗੈਰ ਕਾਨੂੰਨੀ ਮਾਈਨਿੰਗ ਮਾਫੀਆ ਗਲੀ ਜਨਾਰਦਨ ਰੈੱਡੀ ਦੇ ਦੋਸਤਾਂ ਨੂੰ ਟਿਕਟ ਦੇ ਕੇ ਖੁਦ ਨੂੰ ਮੁਸ਼ਕਿਲ ਵਿੱਚ ਪਾ ਲਿਆ ਹੈ।
ਕਾਂਗਰਸ ਨੇ ਚੋਣ ਪ੍ਰਚਾਰ ਦੌਰਾਨ ਇਸੇ ਨੂੰ ਵੱਡਾ ਮੁੱਦਾ ਬਣਾਇਆ ਹੈ।
ਨਰਿੰਦਰ ਮੋਦੀ ਦੇ ਕਰਨਾਟਕ ਪਹੁੰਚਣ 'ਤੇ ਮੁੱਖ ਮੰਤਰੀ ਸਿੱਧਾਰਮਈਆ ਨੇ ਟਵੀਟਰ 'ਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ, "ਤੁਸੀਂ ਇੱਥੇ ਹੋ ਤਾਂ ਕੰਨੜਗਸ ਤੁਹਾਡੇ ਤੋਂ ਕੁਝ ਪੁੱਛਣਾ ਚਾਹੁੰਦੇ ਹਨ। ਕਿਰਪਾ ਕਰਕੇ #jawabdijiyeModiji''
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਕਰਨਾਟਕ ਵਿੱਚ ਭ੍ਰਿਸ਼ਟਾਚਾਰ ਦੀਆਂ ਬੈਸਾਖੀਆਂ ਦੇ ਸਹਾਰੇ ਤੁਰ ਰਹੇ ਹਨ।''
'ਮੋਦੀ ਜੀ ਨੂੰ ਯੇਦੁਰੱਪਾ 'ਤੇ ਭਰੋਸਾ ਨਹੀਂ'
"ਇੱਕ ਪਾਸੇ ਉਨ੍ਹਾਂ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਯੁਦੂਰੱਪਾ ਹਨ ਤਾਂ ਦੂਜੇ ਪਾਸੇ ਰੈੱਡੀ ਭਰਾ ਹਨ , ਜੋ 8 ਸੀਟਾਂ 'ਤੇ ਚੋਣਾਂ ਲੜ ਰਹੇ ਹਨ।''
"ਹੁਣ ਮੋਦੀ ਜੀ ਆਪਣੇ ਜੁਮਲਿਆਂ ਵਿੱਚ ਹੀ ਫਸ ਗਏ ਹਨ, ਇਸ ਲਈ ਯੇਦੁਰੱਪਾ ਤੋਂ ਦੂਰੀ ਬਣਾ ਰਹੇ ਹਨ। ਕੀ ਇਹ ਉਨ੍ਹਾਂ ਦੀ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਲਈ ਗੈਰ ਭਰੋਸਗੀ ਨਹੀਂ?''
"ਮੇਰੇ ਹਿਸਾਬ ਨਾਲ ਭਾਜਪਾ ਦੀ ਹਾਰ ਬਿਲਕੁੱਲ ਤੈਅ ਹੈ। ਉਹ ਇਸ ਸਭ ਦਾ ਦੋਸ਼ ਖੁਦ ਦੇ ਸਿਰ 'ਤੇ ਨਹੀਂ ਲੈਣਾ ਚਾਹੁੰਦੇ ਇਸ ਲਈ ਇਸ ਵਕਤ ਉਹ ਇੱਥੇ ਆ ਰਹੇ ਹਨ।''
ਪਰ ਹੁਣ ਚੋਣ ਪ੍ਰਚਾਰ ਦੇ ਆਖਰੀ ਦੌਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੋਕਸ ਕਿਨ੍ਹਾਂ ਮੁੱਦਿਆਂ 'ਤੇ ਰਹੇਗਾ।
ਸਿਆਸੀ ਮਾਹਿਰ ਅਤੇ ਧਰਵਡ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸ਼ਤਰ ਦੇ ਪ੍ਰੋਫੈਸਰ ਹਰੀਸ਼ ਰਾਮਸਵਾਮੀ ਦੱਸਦੇ ਹਨ, "ਉਹ ਕੁਝ ਨਵਾਂ ਵਿਵਾਦ ਖੜ੍ਹਾ ਕਰ ਸਕਦੇ ਹਨ ਜਿਸ 'ਤੇ ਕਰਨਾਟਕ ਵਿੱਚ ਬਹਿਸ ਸ਼ੁਰੂ ਹੋ ਸਕਦੀ ਹੈ।''
"ਪਰ ਮੈਨੂੰ ਲੱਗਦਾ ਹੈ ਕਿ ਇਸ ਮੁਸ਼ਕਿਲ ਘੜੀ ਵਿੱਚ ਉਹ ਭਾਜਪਾ ਦਾ ਕੁਝ ਭਲਾ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਣਗੇ।''
ਬੀਤੀ ਸ਼ਾਮ ਨੂੰ ਨੌਜਵਾਨਾਂ ਦਾ ਵੱਡਾ ਗਰੁੱਪ 'ਜੌਬਸ ਫੋਰ ਵੋਟਸ' ਦੇ ਬੈਨਰ ਲੈ ਕੇ ਮੈਸੂਰ ਤੋਂ ਸੰਥੇਮਾਰੇਨਾਹਾਲੀ ਵੱਲ ਕੂਚ ਕਰ ਰਹੇ ਸੀ,ਜਿੱਥੇ ਪ੍ਰਧਾਨ ਮੰਤਰੀ ਦੀ ਪਹਿਲੀ ਮੀਟਿੰਗ ਹੈ।
ਉਨ੍ਹਾਂ ਨੌਜਵਾਨਾਂ ਨੇ ਕਿਹਾ, "ਅਸੀਂ ਕਾਲੇ ਝੰਡੇ ਲੈ ਕੇ ਕੋਈ ਮੁਜ਼ਾਹਰਾ ਨਹੀਂ ਕਰ ਰਹੇ ਹਾਂ। ਅਸੀਂ ਪ੍ਰਧਾਨ ਮੰਤਰੀ ਜੀ ਨਾਲ ਚਰਚਾ ਕਰਨਾ ਚਾਹੁੰਦੇ ਹਾਂ ਕਿ ਆਖਿਰ ਹਰ ਸਾਲ ਇੱਕ ਕਰੋੜ ਨੌਕਰੀਆਂ ਦੇ ਵਾਅਦੇ ਵਿੱਚੋਂ ਉਨ੍ਹਾਂ ਨੇ ਕਿੰਨੀਆਂ ਨੌਕਰੀਆਂ ਅਜੇ ਤੱਕ ਦਿੱਤੀਆਂ ਹਨ।''
"ਅਸੀਂ ਸਿਰਫ਼ ਕਹਿ ਰਹੇ ਹਾਂ ਮੋਦੀ ਦੀ ਚਰਚਾ ਕਰਦੇ ਹਾਂ।''
'ਜੌਬਸ ਫੋਰ ਵੋਟਸ' ਜਥੇਬੰਦੀ ਦੀ ਮੋਬਾਈਲ ਐਪ ਨੂੰ 33,000 ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ।
ਮੁਥਰਾਜ ਨੇ ਕਿਹਾ, "ਅਸੀਂ ਬੀਤੇ ਇੱਕ ਸਾਲ ਤੋਂ ਕਈ ਸਿਆਸੀ ਪਾਰਟੀਆਂ ਨਾਲ ਮੁਲਾਕਾਤ ਕਰਨ ਲਈ ਵਕਤ ਮੰਗਿਆ ਹੈ ਪਰ ਸਿਰਫ਼ ਕਾਂਗਰਸ ਪਾਰਟੀ ਨੇ ਸਾਡੇ ਨਾਲ ਨੌਕਰੀਆਂ ਦੇ ਮੁੱਦੇ 'ਤੇ ਚਰਚਾ ਕੀਤੀ ਹੈ। ਭਾਜਪਾ ਨੇ ਸਾਡੇ ਨਾਲ ਕੋਈ ਮੁਲਾਕਾਤ ਨਹੀਂ ਕੀਤੀ।''