You’re viewing a text-only version of this website that uses less data. View the main version of the website including all images and videos.
ਗੁਜਰਾਤ 'ਚ 300 ਦਲਿਤ ਪਰਿਵਾਰਾਂ ਨੇ ਕਿਉਂ ਅਪਣਾਇਆ ਬੁੱਧ ਧਰਮ?
ਗੁਜਰਾਤ ਦੇ ਊਨਾ ਨੇੜੇ ਮੋਟਾ ਸਮਾਧੀਆਲਾ ਪਿੰਡ ਵਿੱਚ ਕਰੀਬ 300 ਦਲਿਤ ਪਰਿਵਾਰਾਂ ਨੇ ਬੁੱਧ ਧਰਮ ਸਵੀਕਾਰ ਕਰ ਲਿਆ ਹੈ। ਇਨ੍ਹਾਂ ਪਰਿਵਾਰਾਂ ਵਿੱਚ ਊਨਾ ਵਿੱਚ ਦਲਿਤਾਂ ਨਾਲ ਕੁੱਟਮਾਰ ਕਾਂਡ ਦਾ ਪੀੜਤ ਪਰਿਵਾਰ ਵੀ ਸ਼ਾਮਲ ਹੈ।
2016 ਵਿੱਚ ਇਸੇ ਪਿੰਡ ਵਿੱਚ ਕਥਿਤ ਗਊ ਰੱਖਿਅਕਾਂ ਵੱਲੋਂ ਵਾਸ਼ਰਾਮ ਸਰਵਈਆ ਅਤੇ ਉਨ੍ਹਾਂ ਦੇ ਭਰਾਵਾਂ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਬਿਨਾਂ ਕੱਪੜਿਆਂ ਦੇ ਘੁਮਾਇਆ ਗਿਆ ਸੀ।
ਵਸ਼ਰਾਮ ਤੇ ਉਸਦੇ ਭਰਾਵਾਂ 'ਤੇ ਗਊਆਂ ਨੂੰ ਮਾਰਨ ਦਾ ਇਲਜ਼ਾਮ ਸੀ।
ਇਸ ਕਾਂਡ ਦੇ ਰੋਸ ਵਜੋਂ ਦਲਿਤ ਭਾਈਚਾਰੇ ਵੱਲੋਂ ਮੁਹਿੰਮ ਚਲਾਉਂਦੇ ਹੋਏ ਕਈ ਦਲਿਤਾਂ ਨੇ ਬੁੱਧ ਧਰਮ ਸਵੀਕਾਰ ਕਰ ਲਿਆ ਸੀ।
ਕੀ ਸੀ ਪੂਰਾ ਮਾਮਲਾ?
ਜੁਲਾਈ 2016 ਵਿੱਚ ਊਨਾ ਕੁੱਟਮਾਰ ਮਾਮਲੇ ਕਾਰਨ ਪੂਰੇ ਦੇਸ ਦੇ ਦਲਿਤ ਭਾਈਚਾਰੇ ਵਿੱਚ ਰੋਸ ਦੀ ਲਹਿਰ ਉਪਜੀ ਸੀ।
ਕਾਫੀ ਰੋਸ ਤੋਂ ਬਾਅਦ ਐਫਆਈਆਰ ਦਰਜ ਹੋਈ ਸੀ। ਰਾਹੁਲ ਗਾਂਧੀ, ਮਾਇਆਵਤੀ ਅਤੇ ਤਤਕਾਲੀ ਗੁਜਰਾਤ ਦੀ ਮੁੱਖ ਮੰਤਰੀ ਸਣੇ ਦੇਸ ਦੇ ਕਈ ਵੱਡੇ ਆਗੂਆਂ ਨੇ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਸੀ।
ਇਸ ਮਾਮਲੇ ਵਿੱਚ 45 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਨ੍ਹਾਂ ਵਿੱਚੋਂ 11 ਲੋਕ ਜੇਲ੍ਹ ਵਿੱਚ ਹਨ ਅਤੇ ਬਾਕੀ ਜ਼ਮਾਨਤ 'ਤੇ ਬਾਹਰ ਹਨ।
ਗੁਜਰਾਤ ਦੀ ਤਤਕਾਲੀ ਮੁੱਖ ਮੰਤਰੀ ਅੰਨਦੀਬੇਨ ਪਟੇਲ ਨੇ ਪੀੜਤਾਂ ਨੂੰ ਨੌਕਰੀਆਂ ਅਤੇ ਖੇਤੀ ਲਈ ਜ਼ਮੀਨ ਦੇਣ ਦਾ ਵਾਅਦਾ ਕੀਤਾ ਸੀ।
ਪਰ ਵਿਧਾਨ ਸਭਾ ਵਿੱਚ ਦਲਿਤ ਆਗੂ ਜਿਗਨੇਸ਼ ਮੇਵਾਨੀ ਵੱਲੋਂ ਇਸ ਵਾਅਦੇ ਬਾਰੇ ਪੁੱਛੇ ਜਾਣ 'ਤੇ ਗੁਜਰਾਤ ਦੀ ਸਰਕਾਰ ਨੇ ਕਿਹਾ ਸੀ ਕਿ ਅਨੰਦੀਬੇਨ ਵੱਲੋਂ ਕੋਈ ਲਿਖਤੀ ਵਾਅਦਾ ਨਹੀਂ ਕੀਤਾ ਗਿਆ ਸੀ।
ਊਨਾ ਕੁੱਟਮਾਰ ਕਾਂਡ ਦੇ ਪੀੜਤਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਹਿੰਦੂ ਧਰਮ ਨੂੰ ਛੱਡ ਕੇ ਬੁੱਧ ਧਰਮ ਧਾਰਨ ਕਰ ਰਹੇ ਹਨ।
ਉਨ੍ਹਾਂ ਦਾ ਦਾਅਵਾ ਸੀ ਕਿ ਉਹ ਅਜੇ ਵੀ ਵਿਤਕਰੇ ਦਾ ਸ਼ਿਕਾਰ ਹੋ ਰਹੇ ਹਨ ਅਤੇ ਗੁਜਰਾਤ ਸਰਕਾਰ ਉਨ੍ਹਾਂ ਦੀ ਕੋਈ ਵੀ ਮਦਦ ਨਹੀਂ ਕਰ ਰਹੀ ਹੈ।
ਅੰਬੇਡਕਰ ਦੀਆਂ 22 ਕਸਮਾਂ ਚੁੱਕੀਆਂ
ਧਰਮ ਬਦਲਣ ਦੇ ਇਸ ਸਮਾਗਮ ਨੂੰ ਸਰਵਈਆ ਪਰਿਵਾਰ ਵੱਲੋਂ ਪ੍ਰਬੰਧਿਤ ਕੀਤਾ ਗਿਆ ਸੀ ਅਤੇ ਇਸ ਵਿੱਚ ਗੁਜਰਾਤ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਦਲਿਤਾਂ ਨੇ ਹਿੱਸਾ ਲਿਆ ਸੀ।
ਊਨਾ ਕੁੱਟਮਾਰ ਕਾਂਡ ਤੋਂ ਬਾਅਦ ਸੁਰਖੀਆਂ ਵਿੱਚ ਰਹੇ ਦਲਿਤ ਆਗੂ ਜਿਗਨੇਸ਼ ਮੇਵਾਨੀ ਇਸ ਪੂਰੇ ਸਮਾਗਮ ਤੋਂ ਨਦਾਰਦ ਰਹੇ।
ਬੁੱਧ ਧਰਮ ਧਾਰਨ ਕਰ ਚੁੱਕੇ ਵਸ਼ਰਾਮ, ਰਮੇਸ਼ ਅਤੇ ਬੇਚਰ ਆਪਣੇ ਪਿਤਾ ਬਾਲੂ ਸਰਵਈਆ ਅਤੇ ਕਜ਼ਨ ਅਸ਼ੋਕ ਸਰਵਈਆ ਨੇ ਅੰਬੇਡਕਰ ਦੀਆਂ 22 ਕਸਮਾਂ ਚੁੱਕੀਆਂ।
ਕਸਮਾਂ ਵਿੱਚ ਸ਼ਾਮਿਲ ਸੀ, "ਹਿੰਦੂ ਦੇਵੀ ਤੇ ਦੇਵਤਿਆਂ ਵਿੱਚ ਵਿਸ਼ਵਾਸ ਨਹੀਂ ਕਰਨਾ ਅਤੇ ਹਿੰਦੂ ਧਰਮ ਦੇ ਰੀਤੀ ਰਿਵਾਜ਼ਾ ਨੂੰ ਵੀ ਨਹੀਂ ਮੰਨਣਾ।''
ਬਾਲੂ ਸਰਵਈਆ ਬੜੀ ਖੁਸ਼ੀ ਨਾਲ ਸਮਾਗਮ ਵਿੱਚ ਆਏ ਲੋਕਾਂ ਦਾ ਸਵਾਗਤ ਕਰ ਰਹੇ ਸੀ ਅਤੇ ਲਗਾਤਾਰ ਉਨ੍ਹਾਂ ਦੇ ਖਾਣ-ਪੀਣ ਦੀ ਵਿਵਸਥਾ ਦੀ ਦੇਖਰੇਖ ਕਰ ਰਹੇ ਸੀ।
43 ਡਿਗਰੀ ਦੀ ਤਪਦੀ ਗਰਮੀ ਵਿੱਚ ਵੀ ਲੋਕਾਂ ਨੇ ਸਮਾਗਮ ਵਿੱਚ ਆਖਿਰ ਤੱਕ ਹਿੱਸਾ ਲਿਆ। ਬੀਬੀਸੀ ਨਾਲ ਗੱਲਬਾਤ ਵਿੱਚ ਬਾਲੂ ਨੇ ਕਿਹਾ ਕਿ ਉਹ ਅੱਜ ਤੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੇ ਹਨ।
ਉਨ੍ਹਾਂ ਕਿਹਾ, "ਅਸੀਂ ਸੂਬੇ ਵਿੱਚ ਬੁੱਧ ਧਰਮ ਦੇ ਪ੍ਰਸਾਰ ਲਈ ਕੰਮ ਕਰਾਂਗੇ ਅਤੇ ਡਾ. ਬੀ ਆਰ ਅੰਬੇਡਕਰ ਦੇ ਦੱਸੇ ਰਾਹ 'ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ।''
ਸਰਵਈਆ ਭਰਾਵਾਂ ਵਿੱਚ ਵਸ਼ਰਾਮ ਸਭ ਤੋਂ ਖੁੱਲ੍ਹ ਕੇ ਬੋਲਿਆ। ਹਿੰਦੂ ਧਰਮ ਛੱਡਣ ਦੇ ਕਾਰਨਾਂ ਬਾਰੇ ਦੱਸਦੇ ਹੋਏ ਵਸ਼ਰਾਮ ਨੇ ਕਿਹਾ, "ਉਸ ਧਰਮ ਵਿੱਚ ਰਹਿਣ ਦਾ ਕੀ ਮਤਲਬ ਜਿੱਥੇ ਤੁਸੀਂ ਸਵੈਮਾਨ ਨਾਲ ਜਿੰਦਗੀ ਨਾ ਬਿਤਾ ਸਕੋ।''
ਇਸ ਸਮਾਗਮ ਦੌਰਾਨ ਪੁਲਿਸ ਵੀ ਅਲਰਟ 'ਤੇ ਸੀ। ਊਨਾ ਤੋਂ ਮੋਟਾ ਸਮਾਧੀਆਲਾ ਪਿੰਡ ਤੱਕ ਪੁਲਿਸ ਵੱਲੋਂ ਸੁਰੱਖਿਆ ਦੇ ਕਰੜੇ ਇੰਤਜ਼ਾਮ ਸਨ।
ਗਿਰ ਸੋਮਨਾਥ ਜ਼ਿਲ੍ਹੇ ਦੇ ਐਸਪੀ ਨੇ ਬੀਬੀਸੀ ਨੂੰ ਦੱਸਿਆ, "ਸਮਾਗਮ ਦੌਰਾਨ 350 ਪੁਲਿਸ ਮੁਲਾਜ਼ਮ ਤਾਇਨਾਤ ਸਨ।''
"ਤਿੰਨ ਡੀਐੱਸਪੀ ਪੁਲਿਸ ਇੰਸਪੈਕਟਰਾਂ ਨਾਲ ਅਤਿ ਨਾਜ਼ੁਕ ਥਾਵਾਂ 'ਤੇ ਤਾਇਨਾਤ ਸਨ।
ਊਨਾ ਕਾਂਡ ਦੇ ਪੀੜਤ ਹੁਣ ਗਊਆਂ ਦੀ ਖੱਲ੍ਹ ਲਾਹੁਣ ਵਾਲੀ ਥਾਂ ਦੇ ਬੌਧੀ ਮਠ ਬਣਾਉਣਾ ਚਾਹੁੰਦੇ ਹਨ।
"ਇਸ ਥਾਂ 'ਤੇ ਸਾਨੂੰ ਕੁੱਟਿਆ ਗਿਆ ਸੀ"
ਵਸ਼ਰਾਮ ਸਰਵਈਆ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਊਨਾ ਕੁੱਟਮਾਰ ਕਾਂਡ ਤੋਂ ਪਹਿਲਾਂ ਜਿੱਥੇ ਰੋਜ਼ੀ ਲਈ ਪਸ਼ੂਆਂ ਦੀ ਖੱਲ੍ਹ ਲਾਹੁਣ ਦਾ ਕੰਮ ਕਰਦੇ ਸੀ, ਉਸੇ ਥਾਂ ਵਿੱਚੋਂ ਇਸਤੇਮਾਲ ਨਹੀਂ ਹੋ ਰਹੀ ਥਾਂ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰਨਗੇ।
"ਇਸ ਥਾਂ 'ਤੇ ਸਾਨੂੰ ਕੁੱਟਿਆ ਗਿਆ ਸੀ ਅਤੇ ਹੁਣ ਇੱਥੇ ਹੀ ਬੌਧ ਵਿਹਾਰ ਬਣਾਉਣਾ ਚਾਹੁੰਦੇ ਹਾਂ। ਅਸੀਂ ਜਲਦ ਹੀ ਇਸ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰਾਂਗੇ।''
ਉਨ੍ਹਾਂ ਅੱਗੇ ਕਿਹਾ, "ਹਰ ਪਿੰਡ ਵਿੱਚ ਮਰੇ ਪਸ਼ੂਆਂ ਦੀ ਖੱਲ੍ਹ ਲਾਹੁਣ ਲਈ ਇੱਕ ਥਾਂ ਹੁੰਦੀ ਹੈ। ਜ਼ਿਆਦਾਤਰ ਅਜਿਹੀਆਂ ਥਾਂਵਾਂ ਦਲਿਤਾਂ ਨੂੰ ਸੌਂਪ ਦਿੱਤੀਆਂ ਜਾਂਦੀਆਂ ਹਨ ਅਤੇ ਅਸੀਂ ਉਸੇ ਥਾਂ ਨੂੰ ਆਪਣੇ ਧਰਮ ਲਈ ਇਸਤੇਮਾਲ ਕਰਨ ਲਈ ਹਾਸਿਲ ਕਰਨ ਦੀ ਕੋਸ਼ਿਸ਼ ਕਰਾਂਗੇ।''
ਭਾਵੇਂ ਦਲਿਤ ਭਾਈਚਾਰੇ ਦੇ ਲੋਕ ਬੁੱਧ ਧਰਮ ਅਪਣਾ ਰਹੇ ਹਨ ਪਰ ਉਨ੍ਹਾਂ ਵਿੱਚੋਂ ਕਈ ਲੋਕ ਸਰਕਾਰੀ ਰਿਕਾਰਡ ਵਿੱਚ ਹਿੰਦੂ ਹੀ ਹਨ।
ਊਨਾ ਦੇ ਦਲਿਤ ਆਗੂ ਕੇਵਲ ਸਿੰਘ ਰਾਠੌੜ ਨੇ ਦੱਸਿਆ, "2013 ਤੋਂ ਹੁਣ ਤੱਕ ਬੁੱਧ ਧਰਮ ਧਾਰਨ ਕਰ ਚੁੱਕੇ ਦਲਿਤ ਅਜੇ ਵੀ ਸਰਕਾਰੀ ਰਿਕਾਰਡ ਵਿੱਚ ਆਪਣੇ ਧਰਮ ਬਦਲਵਾਉਣ ਦੇ ਇੰਤਜ਼ਾਰ ਵਿੱਚ ਹਨ।''
ਉਨ੍ਹਾਂ ਕਿਹਾ ਕਿ ਗੁਜਰਾਤ ਦੇ ਧਰਮ ਬਦਲਣ ਵਿਰੋਧੀ ਕਾਨੂੰਨ ਗੈਰ ਸੰਵਿਧਾਨਕ ਹਨ ਅਤੇ ਉਹ ਅਜਿਹੇ ਕਾਨੂੰਨ ਨੂੰ ਅਦਾਲਤ ਵਿੱਚ ਚੁਣੌਤੀ ਦੇਣਗੇ।