ਸੋਸ਼ਲ - 'ਪਹਿਲਾਂ ਕਹਿੰਦੇ ਸੀ ਪਰਿਵਾਰਵਾਦ ਖ਼ਤਮ ਕਰਾਂਗੇ ਹੁਣ...'

"ਕੈਪਟਨ ਸਾਹਿਬ ਉਹ ਵਾਅਦਾ ਕਿੱਥੇ ਹੈ ਜੋ ਤੁਸੀਂ ਚੋਣਾਂ ਤੋਂ ਪਹਿਲਾਂ ਕੀਤਾ ਸੀ ਕਿ ਇੱਕ ਪਰਿਵਾਰ ਵਿੱਚੋਂ ਸਿਰਫ਼ ਇੱਕ ਹੀ ਅਹੁਦਾ ਦਿੱਤਾ ਜਾਵੇਗਾ?"

ਇਹ ਸਵਾਲ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਟਵਿੱਟਰ 'ਤੇ ਪ੍ਰਭ ਸਿਮਰਨ ਨਾਮ ਦੇ ਇੱਕ ਸੱਜਨ ਨੇ ਪੁੱਛਿਆ ਹੈ। ਇਹ ਸਵਾਲ ਪੁੱਛਿਆ ਕਿਉਂ ਗਿਆ ਹੈ ਇਹ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ।

ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੂੰ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੀ ਡਾਇਰੈਕਟਰ ਅਤੇ ਚੇਅਰਪਰਸਨ ਬਣਾ ਦਿੱਤਾ ਹੈ। ਇਸ ਸਬੰਧੀ ਬਕਾਇਦਾ ਉਨ੍ਹਾਂ ਨੇ ਵਧਾਈ ਦਿੰਦਿਆਂ ਸਿੱਧੂ ਜੋੜੇ ਨਾਲ ਇੱਕ ਫੋਟੋ ਟਵਿੱਟਰ 'ਤੇ ਸ਼ੇਅਰ ਵੀ ਕੀਤੀ।

ਜਿਸ ਤੋਂ ਬਾਅਦ ਕਈ ਲੋਕਾਂ ਨੇ ਡਾ. ਸਿੱਧੂ ਨੂੰ ਵਧਾਈ ਦਿੱਤੀ ਤਾਂ ਕਈ ਲੋਕ ਪਰਿਵਾਰਵਾਦ ਸਬੰਧੀ ਸਵਾਲ ਵੀ ਖੜ੍ਹੇ ਕਰ ਰਹੇ ਹਨ। ਕੁਝ ਪ੍ਰਤਿਕਰਮ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ।

ਪਰਾਗ ਨਾਮ ਦੇ ਟਵਿੱਟਰ ਅਕਾਉਂਟ ਤੋਂ ਲਿਖਿਆ ਗਿਆ ਹੈ, "ਇੱਕ ਹੋਰ ਪਰਿਵਾਰ ਰਾਜ। ਪਤੀ ਮੰਤਰੀ, ਪਤਨੀ ਚੇਅਰਪਰਸਨ। ਕੀ ਇਨ੍ਹਾਂ ਦਾ ਕੋਈ ਬਾਲਗ ਪੁੱਤਰ ਵੀ ਹੈ?"

ਗੋਰਾ ਨਾਭਾ ਨੇ ਟਵੀਟ ਕੀਤਾ, "ਉੰਝ ਤਾਂ ਕਹਿੰਦੇ ਸੀ ਕਿ ਪਰਿਵਾਰਵਾਦ ਬੰਦ ਕਰਾਂਗੇ ਹੁਣ ਕੁਝ ਦੇਖਦੇ ਨਹੀਂ।"

ਹਾਲਾਂਕਿ ਅਜੀਤ ਵਧਵਾ ਨੇ ਉਮੀਦ ਜਤਾਉਂਦਿਆਂ ਟਵੀਟ ਕੀਤਾ, "ਸਿੱਧੂ ਜੋੜਾ ਇਮਾਨਦਾਰ ਹੈ। ਡਾ. ਸਿੱਧੂ ਦੀ ਸ਼ਮੂਲੀਅਤ ਨਾਲ ਪਾਰਦਰਸ਼ਿਤਾ ਆਵੇਗੀ ਅਤੇ ਲਟਕੇ ਹੋਏ ਮਾਮਲੇ ਜਲਦੀ ਹੱਲ ਹੋਣਗੇ।"

ਸ਼ਸ਼ੀ ਭੂਸ਼ਨ ਨਾਮ ਦੇ ਇੱਕ ਟਵਿੱਟਰ ਅਕਾਉਂਟ ਤੋਂ ਤਾਂ ਸੁਝਾਅ ਦਿੱਤਾ ਗਿਆ ਹੈ, "ਕਿਰਪਾ ਕਰਕੇ ਉਨ੍ਹਾਂ ਦੇ ਪ੍ਰੋਫੈਸ਼ਨ ਦੇ ਹਿਸਾਬ ਨਾਲ ਅਹੁਦਾ ਦਿੱਤਾ ਜਾਵੇ। ਉਹ ਸਿਹਤ ਦੇ ਖੇਤਰ ਵਿੱਚ ਚੰਗਾ ਕਰ ਸਕਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)