You’re viewing a text-only version of this website that uses less data. View the main version of the website including all images and videos.
ਆਸਾਰਾਮ ਨੂੰ ਮੌਤ ਤੱਕ ਜੇਲ੍ਹ 'ਚ ਰੱਖਣ ਦੀ ਸਜ਼ਾ, ਸ਼ਿਲਪੀ ਤੇ ਸ਼ਰਤਚੰਦਰ ਨੂੰ ਵੀ 20-20 ਸਾਲ ਦੀ ਕੈਦ
- ਲੇਖਕ, ਪ੍ਰਿਅੰਕਾ ਦੂਬੇ
- ਰੋਲ, ਬੀਬੀਸੀ ਪੱਤਰਕਾਰ
ਆਸਾਰਾਮ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਬਾਕੀ ਦੋ ਦੋਸ਼ੀਆਂ ਸ਼ਿਲਪੀ ਅਤੇ ਸ਼ਰਤਚੰਦਰ ਨੂੰ ਵੀ 20-20 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਜੋਧਪੁਰ ਦੀ ਵਿਸ਼ੇਸ਼ ਅਦਾਲਤ ਦੇ ਜੱਜ ਮਧੂਸੂਦਨ ਸ਼ਰਮਾ ਨੇ 77 ਸਾਲਾ ਆਸਾਰਾਮ ਨੂੰ ਨਾ-ਬਾਲਗ ਦੇ ਬਲਾਤਕਾਰ ਮਾਮਲੇ ਵਿੱਚ ਇਹ ਸਜ਼ਾ ਸੁਣਾਈ। ਅਦਾਲਤ ਨੇ ਪ੍ਰਕਾਸ਼ ਅਤੇ ਸ਼ਿਵਾ ਨੂੰ ਬਰੀ ਕਰ ਦਿੱਤਾ ਹੈ।
ਸ਼ਰਤਚੰਦਰ ਛਿੰਦਵਾੜਾ ਦੇ ਉਸ ਆਸ਼ਰਮ ਦਾ ਡਾਇਰੈਕਟਰ ਸੀ ਜਿੱਥੇ ਪੀੜਤ ਕੁੜੀ ਪੜ੍ਹਦੀ ਸੀ।ਸ਼ਿਲਪੀ ਛਿੰਦਵਾੜਾ ਆਸ਼ਰਮ ਦੀ ਵਾਰਡਨ ਸੀ। ਪ੍ਰਕਾਸ਼ ਆਸਾਰਾਮ ਦੇ ਆਸ਼ਰਮ ਦਾ ਰਸੋਈਆ ਹੈ ਜਦਕਿ ਸ਼ਿਵਾ ਆਸਾਰਾਮ ਦਾ ਨਿੱਜੀ ਸਹਾਇਕ ਸੀ।
ਆਸਾਰਾਮ 'ਤੇ ਇੱਕ ਨਾਬਾਲਗ ਕੁੜੀ ਨੇ ਰੇਪ ਦਾ ਇਲਜ਼ਾਮ ਲਗਾਇਆ ਸੀ ਜੋ ਮੱਧ ਪ੍ਰਦੇਸ਼ ਦੇ ਉਸ ਦੇ ਆਸ਼ਰਮ ਵਿੱਚ ਪੜ੍ਹਦੀ ਸੀ। ਆਸਾਰਾਮ ਨੇ ਇੰਨਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ।
ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ 30 ਅਪ੍ਰੈਲ ਤੱਕ ਜੋਧਪੁਰ ਵਿੱਚ ਧਾਰਾ 144 ਲਾਗੂ ਕਰਨ ਦਾ ਐਲਾਨ ਕੀਤਾ ਗਿਆ ਸੀ ।
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਹਰਿਆਣਾ ਵਰਗੀ ਹਿੰਸਾ ਰਾਜਸਥਾਨ ਵਿੱਚ ਨਾ ਹੋਵੇ, ਜ਼ਾਹਿਰ ਹੈ ਸਰਕਾਰ ਅਜਿਹਾ ਨਹੀਂ ਚਾਹੁੰਦੀ।
ਆਸਾਰਾਮ ਦੇ ਮੁੱਕਦਮੇ ਨਾਲ ਜੁੜੇ ਅਹਿਮ ਤੱਥਾਂ 'ਤੇ ਨਜ਼ਰ ਪਾਵਾਂਗੇ।
ਇਸ ਮਾਮਲੇ ਦੀ ਜਾਂਚ ਦੇ ਲਈ ਤਤਕਾਲੀ ਸੂਬਾ ਸਰਕਾਰ ਨੇ ਡੀਕੇ ਤ੍ਰਿਵੇਦੀ ਕਮਿਸ਼ਨ ਦਾ ਗਠਨ ਕੀਤਾ ਸੀ ਪਰ ਇਸ ਕਮਿਸ਼ਨ ਦੇ ਜਾਂਚ ਦੇ ਨਤੀਜੇ ਜਨਤਕ ਨਹੀਂ ਕੀਤੇ ਗਏ ਸੀ।
ਇਸੇ ਵਿਚਾਲੇ 2012 ਵਿੱਚ ਸੂਬਾ ਪੁਲਿਸ ਨੇ ਮੁਟੇਰਾ ਆਸ਼ਰਮ ਦੇ 7 ਮੁਲਾਜ਼ਮਾਂ 'ਤੇ ਗੈਰ-ਇਰਾਦਤਨ ਕਤਲ ਦੇ ਇਲਜ਼ਾਮ ਤੈਅ ਕੀਤੇ ਸੀ। ਮਾਮਲੇ ਦੀ ਸੁਣਵਾਈ ਫਿਲਹਾਲ ਅਹਿਮਦਾਬਾਦ ਦੀ ਸੈਸ਼ਨ ਅਦਾਲਤ ਵਿੱਚ ਜਾਰੀ ਹੈ।
ਜੋਧਪੁਰ ਮਾਮਲਾ
ਅਗਸਤ 2013 ਵਿੱਚ ਆਸਾਰਾਮ ਦੇ ਖਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਕਰਵਾਉਣ ਵਾਲਾ ਸ਼ਾਹਜਹਾਂਪੁਰ ਨਿਵਾਸੀ ਪੀੜੜਾ ਦਾ ਪੂਰਾ ਪਰਿਵਾਰ ਘਟਨਾ ਤੋਂ ਪਹਿਲਾਂ ਤੱਕ ਆਸਾਰਾਮ ਦਾ ਕੱਟੜ ਭਗਤ ਸੀ।
ਪੀੜਤਾ ਦੇ ਪਿਤਾ ਨੇ ਆਪਣੇ ਖਰਚੇ 'ਤੇ ਸ਼ਾਹਜਹਾਂਪੁਰ ਵਿੱਚ ਆਸਾਰਾਮ ਦਾ ਆਸ਼ਰਮ ਬਣਵਾਇਆ ਸੀ।
ਸੰਸਕਾਰੀ ਸਿੱਖਿਆ ਦੀ ਉਮੀਦ ਵਿੱਚ ਉਨ੍ਹਾਂ ਨੇ ਆਪਣੇ ਦੋ ਬੱਚਿਆਂ ਨੂੰ ਆਸਾਰਾਮ ਦੇ ਛਿੰਦਵਾੜਾ ਸਥਿਤ ਗੁਰੂਕੁਲ ਵਿੱਚ ਪੜ੍ਹਨ ਲਈ ਭੇਜਿਆ ਸੀ।
7 ਅਗਸਤ 2013 ਨੂੰ ਪੀੜਤਾ ਦੇ ਪਿਤਾ ਨੂੰ ਛਿੰਦਵਾੜਾ ਗੁਰੂਕੁਲ ਤੋਂ ਇੱਕ ਫੋਨ ਆਇਆ। ਫੋਨ 'ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ 16 ਸਾਲਾ ਧੀ ਬੀਮਾਰ ਹੈ।
ਅਗਲੇ ਦਿਨ ਜਦੋਂ ਪੀੜਤਾ ਦੇ ਮਾਤਾ-ਪਿਤਾ ਛਿੰਦਵਾੜਾ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਬੇਟੀ 'ਤੇ ਭੂਤ-ਪ੍ਰੇਤ ਦਾ ਪਰਛਾਵਾਂ ਹੈ ਜਿਸ ਨੂੰ ਆਸਾਰਾਮ ਹੀ ਠੀਕ ਕਰ ਸਕਦੇ ਹਨ।
14 ਅਗਸਤ ਨੂੰ ਪੀੜਤਾ ਦਾ ਪਰਿਵਾਰ ਆਸਾਰਾਮ ਨੂੰ ਮਿਲਣ ਦੇ ਲਈ ਉਨ੍ਹਾਂ ਦੇ ਜੋਧਪੁਰ ਆਸ਼ਰਮ ਪਹੁੰਚਿਆ।
ਮੁਕੱਦਮੇ ਵਿੱਚ ਦਾਇਰ ਚਾਰਜਸ਼ੀਟ ਅਨੁਸਾਰ ਆਸਾਰਾਮ ਨੇ 15 ਅਗਸਤ ਦੀ ਸ਼ਾਮ ਨੂੰ 16 ਸਾਲਾ ਪੀੜਤਾ ਨੂੰ ਠੀਕ ਕਰਨ ਦੇ ਬਹਾਨੇ ਆਪਣੀ ਕੁਟੀਆ ਵਿੱਚ ਬੁਲਾ ਕੇ ਬਲਾਤਕਾਰ ਕੀਤਾ।
ਪੀੜਤਾ ਦੇ ਪਰਿਵਾਰ ਦੇ ਲਈ ਇਹ ਘਟਨਾ ਉਨ੍ਹਾਂ ਦੇ ਭਗਵਾਨ ਦੇ ਸ਼ੈਤਾਨ ਵਿੱਚ ਬਦਲਣ ਵਰਗੀ ਸੀ।
ਆਪਣਾ ਵਿਸ਼ਵਾਸ ਟੁੱਟਣ ਤੋਂ ਦੁਖੀ ਇਸ ਪਰਿਵਾਰ ਨੇ ਸੁਣਵਾਈ ਦੇ ਬੀਤੇ ਪੰਜ ਸਾਲ ਆਪਣੇ ਘਰ ਵਿੱਚ ਨਜ਼ਰਬੰਦਾਂ ਵਾਂਗ ਬਿਤਾਏ ਹਨ।
ਰਿਸ਼ਵਤ ਦੀ ਪੇਸ਼ਕਸ਼ ਤੋਂ ਲੈ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਬਾਵਜੂਦ ਇਹ ਪਰਿਵਾਰ ਆਪਣੇ ਤੋਂ ਕਈ ਗੁਣਾ ਜ਼ਿਆਦਾ ਰਸੂਖਦਾਰ ਆਸਾਰਾਮ ਦੇ ਖਿਲਾਫ਼ ਜਾਰੀ ਆਪਣੀ ਕਾਨੂੰਨੀ ਲੜਾਈ ਵਿੱਚ ਹਿੰਮਤ ਨਾਲ ਡਟਿਆ ਰਿਹਾ।
ਗਵਾਹਾਂ ਦਾ ਕਤਲ
28 ਫਰਵਰੀ 2014 ਨੂੰ ਸਵੇਰ ਆਸਾਰਾਮ ਅਤੇ ਉਨ੍ਹਾਂ ਦੇ ਬੇਟੇ ਨਾਰਾਇਣ ਸਾਈਂ 'ਤੇ ਬਲਾਤਕਾਰ ਦਾ ਇਲਜ਼ਾਮ ਲਾਉਣ ਵਾਲੀ ਸੂਰਤ ਦੀਆਂ ਦੋਵੇਂ ਭੈਣਾਂ ਵਿੱਚੋਂ ਇੱਕ ਦੇ ਪਤੀ 'ਤੇ ਸੂਰਤ ਸ਼ਹਿਰ ਵਿੱਚ ਹੀ ਜਾਨਲੇਵਾ ਹਮਲਾ ਹੋਇਆ।
15 ਦਿਨਾਂ ਦੇ ਅੰਦਰ ਹੀ ਅਗਲਾ ਹਮਲਾ ਰਾਕੇਸ਼ ਪਟੇਲ ਨਾਂ ਦੇ ਆਸਾਰਾਮ ਦੇ ਵੀਡੀਓਗ੍ਰਾਫਰ 'ਤੇ ਹੋਇਆ।
ਦੂਜੇ ਹਮਲੇ ਦੇ ਕੁਝ ਦਿਨਾਂ ਦੇ ਵਿਚਾਲੇ ਹੀ ਦਿਨੇਸ਼ ਭਗਨਾਨੀ ਨਾਂ ਦੇ ਤੀਜੇ ਗਵਾਹ 'ਤੇ ਸੂਰਤ ਦੇ ਕੱਪੜਾ ਬਾਜ਼ਾਰ ਵਿੱਚ ਤੇਜ਼ਾਬ ਸੁੱਟਿਆ ਗਿਆ।
ਇਹ ਤਿੰਨੋਂ ਗਵਾਹ ਖੁਦ 'ਤੇ ਹੋਏ ਇਨ੍ਹਾਂ ਜਾਨਲੇਵਾ ਹਮਲਿਆਂ ਦੇ ਬਾਅਦ ਵੀ ਬਚ ਗਏ।
ਇਸ ਤੋਂ ਬਾਅਦ 23 ਮਈ 2014 ਨੂੰ ਆਸਾਰਾਮ ਦੇ ਨਿੱਜੀ ਸਕੱਤਰ ਦੇ ਤੌਰ 'ਤੇ ਕੰਮ ਕਰ ਚੁੱਕੇ ਅੰਮ੍ਰਿਤ ਪ੍ਰਜਾਪਤੀ 'ਤੇ ਚੌਥਾ ਹਮਲਾ ਕੀਤਾ ਗਿਆ।
ਪੁਆਈਂਟ ਬਲੈਂਕ ਰੇਂਜ ਤੋਂ ਸਿੱਧੇ ਗਲੇ ਵਿੱਚ ਮਾਰੀ ਗੋਲੀ ਦੇ ਜ਼ਖਮ ਕਾਰਨ 17 ਦਿਨਾਂ ਬਾਅਦ ਅੰਮ੍ਰਿਤ ਦੀ ਮੌਤ ਹੋ ਗਈ।
ਅਗਲਾ ਨਿਸ਼ਾਨਾ ਆਸਾਰਾਮ ਮਾਮਲੇ 'ਤੇ ਕੁੱਲ 187 ਖ਼ਬਰਾਂ ਲਿਖਣ ਵਾਲੇ ਸ਼ਾਹਜਹਾਂਪੁਰ ਦੇ ਪੱਤਰਕਾਰ ਨਰਿੰਦਰ ਯਾਦਵ 'ਤੇ ਲਾਇਆ ਗਿਆ।
ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕੀਤਾ ਪਰ ਉਹ 76 ਟਾਂਕਿਆਂ ਤੇ ਤਿੰਨ ਆਪਰੇਸ਼ਨਾਂ ਤੋਂ ਬਾਅਦ ਠੀਕ ਹੋ ਗਏ।
ਜਨਵਰੀ 2015 ਵਿੱਚ ਅਗਲੇ ਗਵਾਹ ਅਖਿਲ ਗੁਪਤਾ ਦਾ ਮੁਜ਼ੱਫਰਨਗਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਠੀਕ ਇੱਕ ਮਹੀਨੇ ਦੇ ਬਾਅਦ ਆਸਾਰਾਮ ਦੇ ਸਕੱਤਰ ਦੇ ਤੌਰ 'ਤੇ ਕੰਮ ਕਰ ਚੁੱਕੇ ਰਾਹੁਲ ਸਚਾਨ 'ਤੇ ਜੋਧਪੁਰ ਅਦਾਲਤ ਵਿੱਚ ਗਵਾਹੀ ਦੇਣ ਦੇ ਫੌਰਨ ਬਾਅਦ ਅਦਾਲਤ ਵਿੱਚ ਹੀ ਜਾਨਲੇਵਾ ਹਮਲਾ ਹੋਇਆ।
ਰਾਹੁਲ ਉਸ ਵੇਲੇ ਤਾਂ ਬਚ ਗਏ ਪਰ 25 ਨਵੰਬਰ 2015 ਤੋਂ ਲੈ ਕੇ ਹੁਣ ਤੱਕ ਲਾਪਤਾ ਹਨ।
ਇਸ ਮਾਮਲੇ ਵਿੱਚ ਅੱਠਵਾਂ ਸਨਸਨੀਖੇਜ਼ ਹਮਲਾ 13 ਮਈ 2015 ਨੂੰ ਗਵਾਹ ਮਹਿੰਦਰ ਚਾਵਲਾ 'ਤੇ ਪਾਣੀਪਤ ਵਿੱਚ ਹੋਇਆ।
ਹਮਲੇ ਵਿੱਚ ਵਾਲ-ਵਾਲ ਬਚੇ ਮਹਿੰਦਰ ਅੱਜ ਵੀ ਆਂਸ਼ਿਕ ਅਪਾਹਜ ਹਨ। ਇਸ ਹਮਲੇ ਦੇ ਤਿੰਨ ਮਹੀਨਿਆਂ ਦੇ ਅੰਦਰ ਜੋਧਪੁਰ ਮਾਮਲੇ ਵਿੱਚ ਗਵਾਹ 35 ਸਾਲਾ ਕਿਰਪਾਲ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਆਪਣੇ ਕਤਲ ਤੋਂ ਕੁਝ ਹਫ਼ਤਿਆਂ ਪਹਿਲਾਂ ਹੀ ਉਨ੍ਹਾਂ ਨੇ ਪੀੜਤਾ ਦੇ ਪੱਖ ਵਿੱਚ ਆਪਣੀ ਗਵਾਹੀ ਦਰਜ ਕਰਵਾਈ ਸੀ।
2008 ਦਾ ਮੁਟੇਰਾ ਆਸ਼ਰਮ ਕਾਂਡ
5 ਜੁਲਾਈ 2008 ਨੂੰ ਆਸਾਰਾਮ ਦੇ ਮੁਟੇਰਾ ਆਸ਼ਰਮ ਦੇ ਬਾਹਰ ਮੌਜੂਦ ਸਾਬਰਮਤੀ ਨਦੀ ਵਿੱਚ 10 ਸਾਲਾ ਅਭਿਸ਼ੇਕ ਵਾਘੇਲਾ ਅਤੇ 11 ਸਾਲਾ ਦੀਪੇਸ਼ ਵਾਘੇਲਾ ਦੀਆਂ ਜਲੀਆਂ ਲਾਸ਼ਾਂ ਬਰਾਮਦ ਹੋਈਆਂ।
ਅਹਿਮਦਾਬਾਦ ਵਿੱਚ ਰਹਿਣ ਵਾਲੇ ਇਨ੍ਹਾਂ ਚਚੇਰੇ ਭਰਾਵਾਂ ਦੇ ਮਾਪਿਆਂ ਨੇ ਮੌਤ ਤੋਂ ਕੁਝ ਦਿਨਾਂ ਪਹਿਲਾਂ ਹੀ ਉਨ੍ਹਾਂ ਦਾ ਦਾਖਲਾ ਆਸਾਰਾਮ ਦੇ ਗੁਰੂਕੁਲ ਨਾਂ ਦੇ ਸਕੂਲ ਵਿੱਚ ਕਰਵਾਇਆ ਸੀ।
ਆਸਾਰਾਮ ਦੇ ਪੱਖ ਵਿੱਚ ਲੜਨ ਵਾਲੇ ਵਕੀਲ
ਬੀਤੇ ਪੰਜ ਸਾਲਾਂ ਵਿੱਚ ਸੁਣਵਾਈ ਦੌਰਾਨ ਆਸਾਰਾਮਰ ਨੇ ਖੁਦ ਨੂੰ ਬਚਾਉਣ ਦੇ ਲਈ ਦੇਸ ਦੇ ਸਭ ਤੋਂ ਵੱਡੇ ਅਤੇ ਮਹਿੰਗੇ ਵਕੀਲਾਂ ਦਾ ਸਹਾਰਾ ਲਿਆ ਹੈ।
ਆਸਾਰਾਮ ਦੇ ਬਚਾਅ ਵਿੱਚ ਵੱਖ-ਵੱਖ ਅਦਾਲਤਾਂ ਵਿੱਚ ਜ਼ਮਾਨਤ ਦੀਆਂ ਅਰਜ਼ੀਆਂ ਲਾਉਣ ਵਾਲੇ ਵਕੀਲਾਂ ਵਿੱਚ ਰਾਮ ਜੇਠਮਲਾਨੀ, ਰਾਜੂ ਰਾਮਚੰਦਰਨ, ਸੁਬਰਮਨੀਅਮ ਸਵਾਮੀ, ਸਿਧਾਰਥ ਲੂਥਰਾ, ਸਲਮਾਨ ਖੁਰਸ਼ੀਦ, ਕੇਟੀਐੱਸ ਤੁਲਸੀ ਅਤੇ ਯੂਯੂ ਲਲਿਤ ਵਰਗੇ ਨਾਂ ਸ਼ਾਮਿਲ ਹਨ।
ਅੱਜ ਤੱਕ ਵੱਖ-ਵੱਖ ਅਦਾਲਤਾਂ ਨੇ ਆਸਾਰਾਮ ਦੀਆਂ ਜ਼ਮਾਨਤ ਦੀਆਂ ਅਰਜ਼ੀਆਂ ਕੁੱਲ 11 ਵਾਰ ਖਾਰਿਜ਼ ਕੀਤੀਆਂ ਹਨ।