ਪ੍ਰੈੱਸ ਰਿਵੀਊ: ਭਾਰਤੀ ਸੁਪਰੀਮ ਕੋਰਟ ਦਾ ਸਵਾਲ, 'ਦਸਤਾਰ ਸਜਾਉਣਾ ਜ਼ਰੂਰੀ ਜਾਂ ਸਿਰ ਢੱਕਣਾ ਕਾਫ਼ੀ?'

ਹਿੰਦੁਸਤਾਨ ਟਾਈਮਜ਼ ਮੁਤਾਬਕ ਸੁਪਰੀਮ ਕੋਰਟ ਨੇ ਸਵਾਲ ਪੁੱਛਿਆ ਹੈ ਕਿ ਕੀ ਸਿੱਖਾਂ ਲਈ ਦਸਤਾਰ ਸਜਾਉਣਾ ਜ਼ਰੂਰੀ ਹੈ ਜਾਂ ਫਿਰ ਸਿਰ ਢਕਣ ਨਾਲ ਹੀ ਮਕਸਦ ਪੂਰਾ ਹੋ ਜਾਵੇਗਾ। ਇਹ ਸਵਾਲ 50 ਸਾਲਾ ਸਾਈਕਲਿਸਟ ਜਗਦੀਪ ਸਿੰਘ ਪੁਰੀ ਵੱਲੋਂ ਦਾਇਰ ਪਟੀਸ਼ਨ ਤੋਂ ਬਾਅਦ ਪੁੱਛਿਆ ਗਿਆ ਹੈ।

ਜਗਦੀਪ ਸਿੰਘ ਨੇ ਸਥਾਨਕ ਸਾਈਕਲਿੰਗ ਐਸੋਸੀਏਸ਼ਨ ਦੇ ਨਿਯਮ ਦੇ ਖਿਲਾਫ਼ ਪਟੀਸ਼ਨ ਦਾਖਿਲ ਕਰਦਿਆਂ ਕਿਹਾ ਸੀ ਕਿ ਉਹ ਹੈਲਮੈਟ ਨਹੀਂ ਪਾ ਸਕਦੇ ਕਿਉਂਕਿ ਸਿੱਖ ਹੋਣ ਕਾਰਨ ਉਨ੍ਹਾਂ ਲਈ ਪੱਗ ਬੰਨ੍ਹਣੀ ਜ਼ਰੂਰੀ ਹੈ।

ਦਿ ਟ੍ਰਿਬਿਊਨ ਮੁਤਾਬਕ ਕਾਂਗਰਸ ਨੇ ਪੰਜਾਬ ਵਜ਼ਾਰਤ ਵਿੱਚ ਵਾਧਾ ਕਰਦਿਆਂ ਹਿੰਦੂ ਚਿਹਰਿਆਂ ਨੂੰ ਵਧੇਰੇ ਥਾਂ ਦਿੱਤੀ ਹੈ। 2019 ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਿੰਦੂ ਵੋਟ ਬੈਂਕ ਲਈ ਸੰਗਰੂਰ ਤੋਂ ਵਿਜੇ ਇੰਦਰ ਸਿੰਗਲਾ, ਲੁਧਿਆਣਾ ਤੋਂ ਭਾਰਤ ਭੂਸ਼ਨ ਆਸ਼ੂ, ਹੁਸ਼ਿਆਰਪੁਰ ਤੋਂ ਸੁੰਦਰ ਸ਼ਾਮ ਅਰੋੜਾ ਅਤੇ ਅੰਮ੍ਰਿਤਸਰ ਕੇਂਦਰੀ ਤੋਂ ਓਪੀ ਸੈਣੀ ਦਾ ਨਾਮ ਫਾਈਨਲ ਕੀਤਾ ਹੈ।

ਹਾਲਾਂਕਿ ਕੈਬਨਿਟ ਦਾ ਵਿਸਥਾਰ ਕਰਦਿਆਂ ਕਿਸੇ ਵੀ ਦਲਿਤ ਜਾਂ ਓਬੀਸੀ ਚਿਹਰਾ ਅੱਗੇ ਨਹੀਂ ਲਿਆਂਦਾ ਗਿਆ। ਪਾਰਟੀ ਨੇ ਉਮਰ ਧਰਮ ਅਤੇ ਖੇਤਰ ਦਾ ਧਿਆਨ ਰੱਖਿਆ ਹੈ।

ਇੰਡੀਅਨ ਐਕਸਪ੍ਰੈੱਸ ਮੁਤਾਬਕ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ 12 ਸਾਲ ਤੱਕ ਦੇ ਬੱਚਿਆਂ ਨਾਲ ਜਬਰ-ਜਨਾਹ ਦੇ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਦੇਣ ਸਬੰਧੀ ਪੋਕਸੋ ਐਕਟ ਵਿੱਚ ਸੋਧ ਕਰਨ ਲਈ ਵਿਚਾਰ ਕੀਤਾ ਜਾ ਰਿਹਾ ਹੈ।

ਉਨਾਓ ਅਤੇ ਕਠੂਆ 'ਚ ਵਾਪਰੀਆਂ ਘਟਨਾਵਾਂ ਮਗਰੋਂ ਦੇਸ਼ ਭਰ 'ਚ ਫੈਲੇ ਗੁੱਸੇ ਨੂੰ ਦੇਖਦਿਆਂ ਸਰਕਾਰ ਵੱਲੋਂ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣ ਸਬੰਧੀ ਐਕਟ (ਪੋਕਸੋ)'ਚ ਸੋਧ ਲਈ ਆਰਡੀਨੈਂਸ ਲਿਆਉਣ ਦੀ ਯੋਜਨਾ ਹੈ। ਕੈਬਨਿਟ ਦੀ ਹੋਣ ਵਾਲੀ ਬੈਠਕ ਦੌਰਾਨ ਆਰਡੀਨੈਸ ਲਿਆਂਦਾ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)