ਭਾਰਤ ਦਾ ਰੋਸ - ਪਾਕਿਸਤਾਨ ਨੇ ਸਿੱਖ ਸ਼ਰਧਾਲੂਆਂ ਨੂੰ ਭਾਰਤੀ ਅਫਸਰਾਂ ਨਾਲ ਮਿਲਣ ਤੋਂ ਰੋਕਿਆ

Sikh Pilgrims

ਤਸਵੀਰ ਸਰੋਤ, Ravinder Singh Robin/BBC

ਭਾਰਤ ਨੇ ਪਾਕਿਸਤਾਨ ਕੋਲ ਇਸ ਗੱਲ ਦਾ ਵਿਰੋਧ ਦਰਜ ਕਰਵਾਇਆ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਅਤੇ ਹੋਰ ਅਧਕਾਰੀਆਂ ਨੂੰ ਮਿਲਣ ਤੋਂ ਰੋਕਿਆ ਗਿਆ।

ਪੀਟੀਆਈ ਦੇ ਮੁਤਾਬਕ ਐਤਵਾਰ ਨੂੰ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨਾਲ ਮਿਲਣ ਨਹੀਂ ਦਿੱਤਾ ਗਿਆ।

ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਇਸ ਸਬੰਧੀ ਪਾਕਿਸਤਾਨ ਨਾਲ ਸਖ਼ਤ ਰੋਸ ਜ਼ਾਹਿਰ ਕੀਤਾ ਹੈ।

ਗੁਰਦੁਆਰਾ ਪੰਜਾ ਸਾਹਿਬ

ਤਸਵੀਰ ਸਰੋਤ, Getty Images

ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ, "1800 ਸਿੱਖ ਸ਼ਰਧਾਲੂਆਂ ਦਾ ਇੱਕ ਜੱਥਾ 12 ਅਪ੍ਰੈਲ ਤੋਂ ਦੁਵੱਲੇ ਕਰਾਰਨਾਮੇ ਦੇ ਤਹਿਤ ਪਾਕਿਸਤਾਨ ਦੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਗਿਆ ਹੋਇਆ ਹੈ। ਨੇਮਾਂ ਦੇ ਤਹਿਤ ਭਾਰਤੀ ਹਾਈ ਕਮਿਸ਼ਨ ਦੀ ਇੱਕ ਟੀਮ ਉਨ੍ਹਾਂ ਨਾਲ ਸੰਪਰਕ ਵਿੱਚ ਰਹਿੰਦੀ ਹੈ।"

"ਇਸ ਸਾਲ ਉਸ ਟੀਮ ਨੂੰ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ ਗਿਆ। ਟੀਮ ਨੂੰ ਸ਼ਰਧਾਲੂਆਂ ਨੂੰ 12 ਅਪ੍ਰੈਲ ਨੂੰ ਵਾਹਗਾ ਰੇਲਵੇ ਸਟੇਸ਼ਨ 'ਤੇ ਅਤੇ ਫੇਰ 14 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਪਹੁੰਚਣ 'ਤੇ ਮਿਲਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਇਸ ਤਰ੍ਹਾਂ ਉਨ੍ਹਾਂ ਨੂੰ ਬੁਨਿਆਦੀ ਪ੍ਰੋਟੋਕਾਲ ਕਾਰਜ ਕਰਨ ਤੋਂ ਰੋਕ ਦਿੱਤਾ ਗਿਆ।"

ਮੰਤਰਾਲੇ ਨੇ ਅੱਗੇ ਕਿਹਾ ਹੈ ਕਿ ਭਾਰਤੀ ਸ਼ਰਧਾਲੂਆਂ ਨੂੰ ਵਿਸਾਖੀ ਦੇ ਮੌਕੇ 'ਤੇ ਵਧਾਈ ਦੇਣ ਗਏ ਹਾਈ ਕਮਿਸ਼ਨਰ ਨੂੰ ਸ਼ਰਧਾਲੂਆਂ ਨੂੰ ਬਿਨਾਂ ਮਿਲੇ ਹੀ ਵਾਪਸ ਭੇਜ ਦਿੱਤਾ ਗਿਆ।

ਪਾਕਿਸਤਾਨ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਇਸ ਗੱਲ ਤੋਂ ਇਨਕਾਰ ਕੀਤਾ ਹੈ। ਪਾਕਿਸਤਾਨ ਨੇ ਕਿਹਾ ਕਿ ਪ੍ਰੋਟੋਕਾਲ ਦੇ ਮੁੱਦੇ ਨੂੰ ਗਲਤ ਤਰੀਕੇ ਨਾਲ ਕੇਸ਼ ਕੀਤਾ ਜਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)