'3 ਸਾਲ ਦੇ ਬੇਟੇ ਨੂੰ 3 ਦਿਨ ਪਹਿਲਾਂ ਸਕੂਲ ਦਾਖਲ ਕਰਵਾਇਆ ਸੀ, ਵਾਪਸ ਨਹੀਂ ਆਇਆ'

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਪੰਜਾਬੀ ਲਈ

ਰਘੁਨਾਥ ਸਿੰਘ ਨੇ ਆਪਣੇ 3 ਸਾਲ ਦੇ ਬੇਟੇ ਨੂੰ ਤਿੰਨ ਦਿਨ ਪਹਿਲਾਂ ਸਕੂਲ ਵਿੱਚ ਦਾਖਲ ਕਰਵਾਇਆ ਸੀ। ਉਹ ਆਪਣੇ ਬੇਟੇ ਅਤੇ 6 ਸਾਲ ਦੀ ਬੇਟੀ ਦੇ ਘਰ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਪਤਾ ਲਗਿਆ ਕਿ ਉਨ੍ਹਾਂ ਦੀ ਸਕੂਲ ਬੱਸ ਖੱਡ ਵਿੱਚ ਡਿੱਗ ਗਈ ਹੈ।

ਹਾਦਸੇ ਵਿੱਚ ਰਘੁਨਾਥ ਦੇ ਬੇਟੇ ਦੀ ਮੌਤ ਹੋ ਗਈ ਅਤੇ ਉਸ ਦੀ ਬੇਟੀ ਦਾ ਇਲਾਜ ਪਠਾਨਕੋਟ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਹੈ।

ਰਘੁਨਾਥ ਨੇ ਦੱਸਿਆ, "ਮੈਂ ਆਪਣੇ ਪਿੰਡ ਦੇ ਬਾਹਰਵਾਰ ਸੜਕ ਕਿਨਾਰੇ ਆਪਣੇ ਕਰੀਬ 3 ਸਾਲ ਦੇ ਬੇਟੇ ਅਤੇ 6 ਸਾਲ ਦੀ ਬੇਟੀ ਦੇ ਸਕੂਲ ਤੋਂ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਅਚਾਨਕ ਕਿਸੇ ਨੇ ਅਵਾਜ ਦਿੱਤੀ ਕਿ ਸਕੂਲ ਬੱਸ ਖੱਡ 'ਚ ਜਾ ਡਿਗੀ ਹੈ।"

ਰਘੁਨਾਥ ਨੇ ਕਿਹਾ, "ਜਾ ਕੇ ਦੇਖਿਆ ਤਾ ਜੋ ਮਨ 'ਚ ਡਰ ਸੀ ਉਹ ਸੱਚ ਨਿਕਲਿਆ। ਉਹੀ ਬੱਸ ਸੀ ਜਿਸ 'ਚ 6 ਸਾਲ ਦੀ ਬੇਟੀ ਅਤੇ ਤਿੰਨ ਦਿਨ ਪਹਿਲਾਂ ਸਕੂਲ 'ਚ ਦਾਖਿਲ ਕਰਵਾਇਆ ਕਰੀਬ ਤਿੰਨ ਸਾਲ ਦਾ ਬੇਟਾ ਸੀ।"

"ਦੋਸਤਾਂ ਨੇ ਮਦਦ ਕੀਤੀ ਅਤੇ ਬੇਟੀ ਮਿਲੀ ਜਿਸ ਨੂੰ ਪਠਾਨਕੋਟ ਇਲਾਜ ਲਈ ਐਮਬੂਲੈਂਸ ਭੇਜ ਦਿਤਾ। ਪਰ ਬੇਟਾ ਨਹੀਂ ਮਿਲਿਆ। ਬਾਅਦ 'ਚ ਦੋਸਤਾਂ ਨੇ ਦੱਸਿਆ ਕਿ ਬੇਟਾ ਨਹੀਂ ਰਿਹਾ ਅਤੇ ਨਾ ਹੀ ਇਸ ਗੱਲ ਦੀ ਜਾਣਕਾਰੀ ਘਰ 'ਚ ਦਿਤੀ ਹੈ।"

ਪਠਾਨਕੋਟ ਸਿਵਲ ਹਸਪਤਾਲ ਵਿੱਚ ਦਾਖਲ ਨੂਰਪੁਰ ਬੱਸ ਹਾਦਸੇ ਦੇ ਸ਼ਿਕਾਰ 7 ਦਾਖਲ ਹਨ।

ਨੂਰਪੁਰ ਸਿਵਲ ਹਸਪਤਾਲ ਵਿਖੇ ਹੁਣ ਵੀ ਚਾਰ ਬੱਚੇ ਜ਼ੇਰੇ ਇਲਾਜ ਹਨ ਅਤੇ 7 ਬੱਚਿਆਂ ਦਾ ਇਲਾਜ ਪਠਾਨਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।

ਡਾਕਟਰ ਆਖ ਰਹੇ ਹਨ ਕਿ ਬੱਚਾ ਜਲਦ ਸਲਾਮਤ ਹੋ ਜਾਵੇਗਾ

ਜਸਵਿੰਦਰ ਸਿੰਘ ਪਠਾਨੀਆ ਪਿੰਡ ਖ਼ਵਾਰਾ ਦੇ ਰਹਿਣ ਵਾਲੇ ਹਨ ਆਪਣੇ 9 ਸਾਲਾ ਲੜਕੇ ਦੀ ਸਲਾਮਤੀ ਲਈ ਬੀਤੀ ਸ਼ਾਮ ਤੋਂ ਅਰਦਾਸਾਂ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਬੇਟੇ ਬੀਤੀ ਸ਼ਾਮ ਤੋਂ ਬੇਹੋਸ਼ ਹੈ ਪਰ ਡਾਕਟਰ ਕਹਿ ਰਹੇ ਹਨ ਕਿ ਬੱਚਾ ਜਲਦ ਸਲਾਮਤ ਹੋ ਜਾਵੇਗਾ।

ਭਾਗ ਸਿੰਘ ਜੰਮੂ ਤੋਂ ਆਪਣੀ ਭਤੀਜੀ ਦੇ ਬੱਚਿਆਂ ਦੀ ਸੁਧ ਲੈਣ ਲਈ ਇਥੇ ਹਸਪਤਾਲ ਪਹੁੰਚੇ।

ਭਾਗ ਸਿੰਘ ਨੇ ਰੋਂਦਿਆਂ ਆਖਿਆ ਕਿ ਉਨ੍ਹਾਂ ਦੀ ਭਤੀਜੀ ਦੀ ਇਕ ਬੇਟੀ ਇਸ ਦੁਨੀਆਂ 'ਚ ਨਹੀਂ ਰਹੀ ਅਤੇ ਇੱਕ ਜ਼ੇਰੇ ਇਲਾਜ ਹੈ। ਉਸਦੇ ਘਰ 'ਚ ਹੀ 3 ਬੱਚਿਆਂ ਦੀ ਮੌਤ ਹੋਈ ਹੈ ਜਿਨ੍ਹਾਂ ਚੋਂ ਇਕ ਬੱਚੇ ਨੂੰ ਮਹਿਜ ਤਿੰਨ ਦਿਨ ਪਿਹਲਾਂ ਹੀ ਨਰਸਰੀ 'ਚ ਸਕੂਲ 'ਚ ਦਾਖਿਲ ਕਰਵਾਇਆ ਸੀ।

ਮੁੱਖ ਮੰਤਰੀ ਪਹੁੰਚੇ ਪਠਾਨਕੋਟ

ਇਨ੍ਹਾਂ ਬੱਚਿਆਂ ਦਾ ਹਾਲਚਾਲ ਪਤਾ ਕਰਨ ਲਈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਪਠਾਨਕੋਟ ਪਹੁੰਚੇ।

ਉਨ੍ਹਾਂ ਨਾਲ ਕੇਂਦਰੀ ਮੰਤਰੀ ਜੇ ਪੀ ਨੱਡਾ ਅਤੇ ਭਾਜਪਾ ਨੇਤਾ ਸ਼ਾਂਤਾ ਕੁਮਾਰ ਵੀ ਮੌਜੂਦ ਸਨ।

ਇਸ ਮੌਕੇ ਉਨ੍ਹਾਂ ਨੇ ਜ਼ੇਰੇ ਇਲਾਜ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਬੱਚਿਆਂ ਦੇ ਠੀਕ ਹੋਣ ਦਾ ਭਰੋਸਾ ਦਿੱਤਾ।

ਹਿਮਾਚਲ ਦੇ ਨੂਰਪੁਰ ਵਿੱਚ ਇਹ ਹਾਦਸਾ ਹੋਇਆ ਇਨ੍ਹਾਂ ਜ਼ਬਰਦਸਤ ਸੀ ਕਿ 27 ਬੱਚਿਆਂ ਸਮੇਤ ਕਈਆਂ ਦੀ ਜਾਨ ਚਲੀ ਗਈ ਸੀ।

ਸਕੂਲਾਂ ਦੀ ਟ੍ਰਾਂਸਪੋਰਟ ਸਹੂਲਤਾਂ ਦਾ ਗੰਭੀਰਤਾ ਨਾਲ ਜਾਇਜ਼ਾ ਲਿਆ ਜਾਵੇਗਾ

ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਹਾਦਸਾ ਬਹੁਤ ਦਰਦਨਾਕ ਸੀ ਅਤੇ ਇਸ ਹਾਦਸੇ 'ਚ ਛੋਟੇ ਛੋਟੇ ਬੱਚੇ ਸਨ ਜਿਸਨੂੰ ਲੈਕੇ ਜਿਥੇ ਪੂਰੇ ਪ੍ਰਦੇਸ਼ 'ਚ ਮਾਤਮ ਹੈ ਉਥੇ ਹੀ ਪੂਰਾ ਦੇਸ਼ 'ਚ ਦੁੱਖ ਦੀ ਲਹਿਰ ਹੈ।

ਮੁੱਖ ਮੰਤਰੀ ਨੇ ਆਖਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਹਿਮਾਚਲ ਸਰਕਾਰ ਵਲੋਂ ਦੇ ਦਿੱਤੇ ਗਏ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਪ੍ਰਦੇਸ਼ ਦੇ ਪ੍ਰਾਈਵੇਟ ਸਕੂਲਾਂ ਦੀ ਟ੍ਰਾਂਸਪੋਰਟ ਸਹੂਲਤਾਂ ਦਾ ਗੰਭੀਰਤਾ ਨਾਲ ਜਾਇਜ਼ਾ ਲੈਣ ਲਈ ਵੀ ਸੂਬੇ ਦੀ ਉੱਚ ਪੱਧਰੀ ਮੀਟਿੰਗ ਬੁਲਾਈ ਗਈ ਹੈ।

ਇਸ ਸੰਬੰਧੀ ਕਮੀਆਂ ਨੂੰ ਦਰੁਸਤ ਕਰਨ ਲਈ ਸਰਕਾਰ ਵਲੋਂ ਕਦਮ ਚੁੱਕੇ ਜਾਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)