ਮਨੁੱਖੀ ਲੜੀ ਬਣਾ ਕੇ ਖੱਡ 'ਚੋਂ ਕੱਢੀਆਂ ਲਾਸ਼ਾਂ - ਪ੍ਰਤੱਖਦਰਸ਼ੀ

    • ਲੇਖਕ, ਸਰਬਜੀਤ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ, ਨੂਰਪੁਰ ਤੋਂ

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਨੂਰਪੁਰ ਵਿੱਚ ਇੱਕ ਸਕੂਲ ਬੱਸ ਖੱਡ ਵਿੱਚ ਡਿੱਗ ਗਈ। ਹਾਦਸੇ ਵਿੱਚ 27 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਮਰਨ ਵਾਲਿਆਂ ਵਿੱਚ 23 ਬੱਚੇ, ਇੱਕ ਡਰਾਈਵਰ ਅਤੇ 2 ਟੀਚਰ ਸ਼ਾਮਲ ਹਨ ਜਦਕਿ ਇੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਬੱਸ ਵਿੱਚ 60 ਬੱਚੇ ਸਵਾਰ ਸਨ।

ਕਾਂਗੜਾ ਦੇ ਐਸਪੀ ਸੰਤੋਸ਼ ਪਟਿਆਲ ਅਨੁਸਾਰ ਮ੍ਰਿਤਕ ਡਰਾਈਵਰ ਮਦਨ ਲਾਲ ਦੀ ਉਮਰ 67 ਸਾਲ ਸੀ

ਨੂਰਪੁਰ ਦੇ ਸਿਵਲ ਹਸਪਤਾਲ ਵਿੱਚ ਤਾਇਨਾਤ ਡਾ. ਆਰਤੀ ਅਨੁਸਾਰ ਹੁਣ ਤੱਕ ਇਸ ਹਾਦਸੇ ਵਿੱਚ 27 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਡਾ. ਆਰਤੀ ਨੇ ਦੱਸਿਆ ਕਿ ਨੂਰਪੁਰ ਵਿੱਚ 4 ਵਿਅਕਤੀ ਜੇਰੇ ਇਲਾਜ ਹਨ ਅਤੇ 2 ਵਿਅਕਤੀਆਂ ਨੂੰ ਟਾਂਡਾ ਰੈਫਰ ਕੀਤਾ ਗਿਆ ਹੈ ਅਤੇ 6 ਵਿਅਕਤੀਆਂ ਦਾ ਪਠਾਨਕੋਟ ਵਿੱਚ ਇਲਾਜ ਚੱਲ ਰਿਹਾ ਹੈ।

ਇਹ ਘਟਨਾ ਪੰਜਾਬ ਦੇ ਨਾਲ ਲੱਗਦੀ ਸਰਹੱਦ ਨੇੜਲੇ ਪਿੰਡ ਮਲਕਵਾਲ ਵਿੱਚ ਵਾਪਰੀ ਹੈ। ਇਹ ਬੱਸ 350 ਫੁੱਟ ਡੂੰਘੀ ਖੱਡ ਵਿੱਚ ਚੱਕੀ ਦਰਿਆ ਨੇੜੇ ਡਿੱਗੀ ਸੀ। ਇਹ ਬੱਸ ਇਲਾਕੇ ਦੇ ਹੀ ਵਜ਼ੀਰ ਰਾਮ ਸਿੰਘ ਸਕੂਲ ਦੀ ਸੀ।

ਮਰਨ ਵਾਲੇ ਬੱਚੇ 4-12 ਸਾਲ ਦੇ

ਕਾਂਗੜਾ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਮੁਤਾਬਕ ਜਿੰਨ੍ਹਾ 23 ਬੱਚਿਆਂ ਦੀ ਮੌਤ ਹੋਈ ਹੈ, ਉਨ੍ਹਾਂ ਦੀ ਉਮਰ 4 ਤੋਂ 12 ਸਾਲ ਸੀ। ਇੰਨ੍ਹਾਂ 'ਚੋਂ 13 ਲੜਕੇ ਅਤੇ 10 ਲੜਕੀਆਂ ਸਨ।

ਬੀਬੀਸੀ ਲਈ ਪਠਾਨਕੋਟ ਤੋਂ ਗੁਰਪ੍ਰੀਤ ਚਾਵਲਾ ਨੇ ਦੱਸਿਆ ਕਿ ਅਮਨਦੀਪ ਹਸਪਤਾਲ ਵਿੱਚ ਲਿਆਂਦੇ ਗਏ 10 ਬੱਚਿਆਂ ਵਿੱਚੋਂ 3 ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ।

ਬੱਸ ਹੁਣ ਤਾਂ ਫ਼ੋਟੋਆਂ ਹੀ ਰਹਿ ਗਈਆਂ

ਮਲਕਵਾਲ ਕਸਬਾ ਨੇੜਲੇ ਪਿੰਡ ਖੁਵਾੜਾ ਦੀ 70 ਸਾਲ ਦੀ ਬਜ਼ੁਰਗ ਸੁਰਕਸ਼ਾ ਦੇਵੀ ਦੇ ਬੋਲ ਜਵਾਬ ਦੇ ਗਏ।

ਸੁਰਕਸ਼ਾ ਦੇਵੀਆਪਣੇ ਦੋ ਪੋਤੇ ਅਤੇ ਦੋ ਪੋਤੀਆਂ ਨੂੰ ਸੋਮਵਾਰ ਨੂੰ ਹੋਏ ਸਕੂਲ ਬੱਸ ਹਾਦਸੇ ਵਿੱਚ ਗੁਆ ਬੈਠੇ ਹਨ

ਇਸ ਬੱਸ ਹਾਦਸੇ ਵਿੱਚ ਇਸੇ ਪਿੰਡ ਦੇ 16 ਬੱਚਿਆਂ ਦੀ ਮੌਤ ਹੋਈ ਹੈ।

ਫਤਿਹਪੁਰ ਦੇ ਰਹਿਣ ਵਾਲੇ ਜੋਗਿੰਦਰ ਨੇ ਗੁਰਪ੍ਰੀਤ ਚਾਵਲਾ ਨੂੰ ਦੱਸਿਆ, "ਸਾਰੇ ਮਾਪੇ ਆਪਣੇ ਬੱਚਿਆਂ ਨੂੰ ਲੱਭ ਰਹੇ ਸਨ। ਸਾਨੂੰ ਇੱਕ ਘੰਟੇ ਬਾਅਦ ਪਤਾ ਲੱਗਿਆ ਕਿ ਮੇਰੇ ਭਰਾ ਦੀ ਬੇਟੀ ਦੇ ਦੋਵੇਂ ਬੱਚੇ ਕਿਸ ਹਸਪਤਾਲ ਵਿੱਚ ਹਨ। ਉਸ ਦੀ ਇੱਕ ਕੁੜੀ ਤੇ ਇੱਕ ਮੁੰਡਾ ਸੀ। ਦੋਵਾਂ ਦੀ ਮੌਤ ਹੋ ਚੁੱਕੀ ਹੈ।''

ਬੱਚਿਆਂ ਨੂੰ ਕੱਢਣ ਵਿੱਚ ਔਕੜਾਂ

ਬੀਬੀਸੀ ਦੀ ਟੀਮ ਮੰਗਲਵਾਰ ਨੂੰ ਉਸ ਥਾਂ ਉੱਤੇ ਵੀ ਗਈ ਜਿੱਥੇ ਸੋਮਵਾਰ ਸ਼ਾਮੀ ਹਾਦਸਾ ਵਾਪਰਿਆ ਸੀ। ਸੜਕ ਦੇ ਕੰਢੇ ਬੱਚਿਆਂ ਦੇ ਸਕੂਲ ਬੈਗ ਪਏ ਸਨ।

ਪ੍ਰਤੱਖਦਰਸ਼ੀ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਬੱਸ ਨੂੰ ਕੱਟ ਕੇ ਲਾਸ਼ਾਂ ਅਤੇ ਜ਼ਖਮੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ ਗਿਆ ਕਿਉਂਕਿ ਚੜ੍ਹਾਈ ਇੱਕ ਦਮ ਸਿੱਧੀ ਸੀ ਅਤੇ ਕੋਈ ਪਗਡੰਡੀ ਵੀ ਨਹੀਂ ਸੀ।

ਬਚਾਅ ਕਾਰਜਾਂ ਵਿਚ ਕਾਫ਼ੀ ਦਿੱਕਤਾਂ ਆਈਆਂ।

ਪਿੰਡ ਵਾਸੀਆਂ ਅਤੇ ਆਸ - ਪਾਸ ਦੇ ਲੋਕਾਂ ਨੇ ਆਪਣੀ ਹਿੰਮਤ ਨਾਲ ਖੱਡ ਵਿਚੋਂ ਜ਼ਖਮੀਆਂ ਨੂੰ ਬਾਹਰ ਕੱਢ ਕੇ ਸੜਕ ਉੱਤੇ ਲਿਆਉਂਦਾ।

ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਮਲਕਪੁਰ ਅਤੇ ਖੁਵਾੜਾ ਪਿੰਡ ਵਿਚਾਲੇ ਵਾਪਰਿਆ ਸੀ। ਇਸ ਲਈ ਸਭ ਤੋਂ ਪਹਿਲਾਂ ਸਥਾਨਕ ਲੋਕਾਂ ਨੇ ਮਨੁੱਖੀ ਚੈਨ ਬਣਾ ਕੇ ਲੋਕਾਂ ਨੂੰ ਬਾਹਰ ਕੱਢਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)