You’re viewing a text-only version of this website that uses less data. View the main version of the website including all images and videos.
ਦਾਦੀ ਨੇ ਕਿਹਾ, ਮੇਰੇ ਚਾਰ ਬੱਚਿਆਂ ਦੀਆਂ ਬਸ ਫੋਟੋਆਂ ਰਹਿ ਗਈਆਂ
- ਲੇਖਕ, ਸਰਬਜੀਤ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ, ਨੂਰਪੁਰ ਤੋਂ
ਮੰਗਲਵਾਰ ਸਵੇਰੇ ਜਦੋਂ ਬੀਬੀਸੀ ਪੰਜਾਬੀ ਦੀ ਟੀਮ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਦੇ ਪਿੰਡ ਖੁਵਾੜਾ ਪਹੁੰਚੀ ਤਾਂ ਸਾਰਾ ਪਿੰਡ ਗਮਗੀਨ ਸੀ, ਹਰ ਇੱਕ ਦੀਆਂ ਅੱਖਾਂ ਵਿਚ ਹੰਝੂ ਸਨ।
ਸੋਮਵਾਰ ਨੂੰ ਪਿੰਡ ਖੁਵਾੜਾ ਤੋਂ 500 ਮੀਟਰ ਦੀ ਦੂਰੀ 'ਤੇ ਵਜ਼ੀਰ ਰਾਮ ਸਿੰਘ ਪਠਾਣੀਆ ਮੈਮੋਰੀਅਲ ਸਕੂਲ ਦੀ ਬੱਸ ਖੱਡ ਵਿੱਚ ਡਿੱਗਣ ਕਰਕੇ 27 ਲੋਕਾਂ ਦੀ ਮੌਤ ਹੋਈ ਸੀ। ਮ੍ਰਿਤਕਾਂ ਵਿੱਚੋਂ 16 ਬੱਚੇ ਇਸੇ ਪਿੰਡ ਦੇ ਸਨ।
ਬੱਸ ਮਲਕਵਾਲ ਦੇ ਨੇੜੇ ਕਰੀਬ 400 ਫੁੱਟ ਡੂੰਘੀ ਖੱਡ ਵਿੱਚ ਡਿੱਗੀ ਸੀ।
ਮ੍ਰਿਤਕਾਂ ਵਿੱਚ 23 ਵਿਦਿਆਰਥੀ, ਬੱਸ ਡਰਾਈਵਰ , ਦੋ ਸਕੂਲ ਅਧਿਆਪਕ ਅਤੇ ਇੱਕ ਮਹਿਲਾ ਸ਼ਾਮਲ ਹੈ।
ਸੱਤ ਬੱਚਿਆਂ ਦਾ ਪਠਾਨਕੋਟ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਚਾਰ ਇਸ ਸਮੇਂ ਨੂਰਪੁਰ (ਜ਼ਿਲਾ ਕਾਂਗੜਾ) ਦੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਪਿੰਡ ਵਿੱਚ ਸਾਡੀ ਮੁਲਾਕਾਤ ਬਜ਼ੁਰਗ ਮਹਿਲਾ ਸੁਰਕਸ਼ਾ ਦੇਵੀ ਨਾਲ ਘਰ ਦੇ ਬਾਹਰ ਹੋਈ। ਉਹ ਹੱਥ ਵਿਚ ਆਪਣੇ ਦੋ ਪੋਤੇ ਅਤੇ ਦੋ ਪੋਤੀਆਂ ਦੀਆਂ ਤਸਵੀਰਾਂ ਫੜੀ ਬੇਵਸ ਖੜੀ ਸੀ।
''ਬਸ ਹੁਣ ਤਾਂ ਫ਼ੋਟੋਆਂ ਹੀ ਰਹਿ ਗਈਆਂ'', ਇਹਨਾਂ ਸ਼ਬਦਾਂ ਤੋਂ ਬਾਅਦ ਮਲਕਵਾਲ ਕਸਬੇ ਦੇ ਨੇੜਲੇ ਪਿੰਡ ਖੁਵਾੜਾ ਦੀ 70 ਸਾਲ ਦੀ ਬਜ਼ੁਰਗ ਸੁਰਕਸ਼ਾ ਦੇਵੀ ਦੇ ਬੋਲ ਜਵਾਬ ਦੇ ਗਏ।
ਸੁਰਕਸ਼ਾ ਦੇਵੀ ਦੇ ਦੋ ਪੋਤੇ ਅਤੇ ਦੋ ਪੋਤੀਆਂ ਸੋਮਵਾਰ ਨੂੰ ਵਾਪਰੇ ਸਕੂਲ ਬੱਸ ਹਾਦਸੇ ਵਿਚ ਖੋਹੇ ਗਏ ਹਨ।
ਉਹ ਕਹਿ ਰਹੀ ਸੀ, ਚਾਰ ਬੱਚਿਆਂ ਦੇ ਜਾਣ ਨਾਲ ਘਰ ਖਾਲੀ ਹੋ ਗਿਆ ਹੈ।
ਬੱਚਿਆਂ ਦੇ ਦਾਦਾ ਸਾਗਰ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰਾਂ ਦਾ ਘਰ ਉੱਜੜ ਗਿਆ।
ਸਾਗਰ ਸਿੰਘ ਨੇ ਅੱਗੇ ਦੱਸਿਆ ਕਿ ਉਹ ਬੱਚਿਆਂ ਨੂੰ ਸਵੇਰੇ ਅੱਠ ਵਜੇ ਆਪ ਸਕੂਲ ਵਿਚ ਛੱਡ ਕੇ ਆਇਆ ਸੀ ਪਰ ਨਹੀਂ ਜਾਣਦਾ ਸੀ ਕਿ ਉਨ੍ਹਾਂ ਨੇ ਘਰ ਵਾਪਸ ਨਹੀਂ ਪਰਤਣਾ।
ਸਾਗਰ ਸਿੰਘ ਨੇ ਦੱਸਿਆ ਕਿ ਤਿੰਨ ਵਜੇ ਉਹ ਸਕੂਲ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਕਿਸੇ ਨੇ ਦੱਸਿਆ ਕਿ ਬੱਸ ਪਿੰਡ ਤੋਂ ਕੁਝ ਦੂਰੀ 'ਤੇ ਖੱਡ ਵਿੱਚ ਡਿੱਗ ਗਈ ਹੈ। ਇਸ ਤੋਂ ਬਾਅਦ ਚਾਰਾਂ ਬੱਚਿਆਂ ਦੀਆਂ ਲਾਸ਼ਾਂ ਹੀ ਉਸ ਨੂੰ ਦੇਖਣ ਨੂੰ ਮਿਲੀਆਂ।
'ਸਾਡਾ ਪਿੰਡ ਪੰਜਾਹ ਸਾਲ ਪਿੱਛੇ ਚਲੇ ਗਿਆ ਹੈ'
ਸਾਗਰ ਸਿੰਘ ਦੇ ਘਰ ਤੋਂ ਕੁਝ ਹੀ ਦੂਰ ਰਾਧਵ ਸਿੰਘ ਦਾ ਘਰ ਹੈ। ਇਸ ਘਰ ਵਿਚ ਦੋ ਬੱਚਿਆਂ ਨੂੰ ਖੋਹਣ ਦਾ ਗ਼ਮ ਸਾਫ਼ ਦੇਖਿਆ ਜਾ ਸਕਦਾ ਸੀ।
45 ਸਾਲ ਦੇ ਰਾਧਵ ਸਿੰਘ ਨੇ ਆਪਣੇ 14 ਸਾਲ ਦੇ ਬੱਚੇ ਹਰਸ਼ ਪਠਾਣੀਆ ਅਤੇ ਭਤੀਜੀ ਈਸ਼ਤਾ ਪਠਾਣੀਆ ਨੂੰ ਹਾਦਸੇ ਵਿਚ ਗੁਆ ਦਿੱਤਾ ਹੈ।
ਈਸ਼ਤਾ ਦਾ ਪਿਤਾ ਵਿਕਰਮ ਸਿੰਘ ਭਾਰਤੀ ਫੌਜ ਵਿਚ ਤਾਇਨਾਤ ਹੈ। ਸਵੇਰੇ ਜਦੋਂ ਉਹ ਘਰ ਆਇਆ ਤਾਂ ਗ਼ਮ ਦੇ ਮਾਰੇ ਉਸ ਕੋਲੋਂ ਬੋਲਿਆ ਵੀ ਨਹੀਂ ਸੀ ਜਾ ਰਿਹਾ।
ਪਿੰਡ ਦੇ ਇੱਕ ਹੋਰ ਬਜ਼ੁਰਗ ਕਰਤਾਰ ਸਿੰਘ ਦਾ ਕਹਿਣਾ ਸੀ ਕਿ ਸਾਡਾ ਪਿੰਡ ਪੰਜਾਹ ਸਾਲ ਪਿੱਛੇ ਚਲੇ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਹੋਣ ਕਾਰਨ ਸਮੂਹਿਕ ਸਸਕਾਰ ਕਰਨ ਦਾ ਫ਼ੈਸਲਾ ਕੀਤਾ ਹੈ।