You’re viewing a text-only version of this website that uses less data. View the main version of the website including all images and videos.
ਹਰਜੀਤ ਮਸੀਹ: 'ਇੱਥੇ ਕੋਈ ਨਾ ਮੇਰਾ ਦਰਦੀ'
- ਲੇਖਕ, ਗੁਰਪ੍ਰੀਤ ਸਿੰਘ ਚਾਵਲਾ
- ਰੋਲ, ਬੀਬੀਸੀ ਪੰਜਾਬੀ ਲਈ
ਸੋਮਵਾਰ ਨੂੰ ਇਰਾਕ ਵਿੱਚ ਅੱਤਵਾਦੀਆਂ ਹੱਥੋਂ ਮਾਰੇ ਗਏ ਨੌਜਵਾਨਾਂ ਦੀਆਂ ਅਸਥੀਆਂ ਪਹੁੰਚੀਆਂ ਹਨ ਪਰ ਗੁਰਦਾਸਪੂਰ ਦੇ ਪਿੰਡ ਕਾਲਾ ਅਫ਼ਗ਼ਾਨਾ ਦਾ ਰਹਿਣ ਵਾਲਾ ਹਰਜੀਤ ਮਸੀਹ ਬੇਹੱਦ ਗ਼ਮਗੀਨ ਹੈ।
ਹਰਜੀਤ ਇਸ ਗ਼ਮ ਵਿੱਚ ਇਕੱਲਾ ਹੈ ਅਤੇ ਉਸ ਦੀ ਇੱਕਲਤਾ ਦੀ ਇਬਾਰਤ ਉਸ ਦੀਆਂ ਅੱਖਾਂ ਵਿੱਚ ਦਰਜ ਹੈ ਜੋ ਵਾਰ-ਵਾਰ ਪਿਘਲ ਕੇ ਵਗ ਤੁਰਦੀ ਹੈ। ਇਸ ਗ਼ਮ ਵਿੱਚ ਕੋਈ ਉਸਦੇ ਪਰਿਵਾਰ ਕੋਲ ਅਫ਼ਸੋਸ ਕਰਨ ਨਹੀਂ ਗਿਆ ਅਤੇ ਨਾ ਹੀ ਕੋਈ ਉਸ ਦਾ ਦੁੱਖ ਵੰਡਾਉਣ ਆਇਆ ਹੈ।
ਹਰਜੀਤ ਆਈ.ਐੱਸ.ਆਈ.ਐੱਸ. ਦੇ ਕਬਜ਼ੇ ਵਿੱਚੋਂ ਬਚ ਕੇ ਨਿਕਲਣ ਵਾਲਾ ਇੱਕੋ-ਇੱਕ ਭਾਰਤੀ ਹੈ ਜੋ ਆਪਣੇ ਸਾਥੀਆਂ ਦੇ ਕਤਲ ਦਾ ਚਸ਼ਮਦੀਦ ਗਵਾਹ ਹੋਣ ਦਾ ਦਾਅਵਾ ਕਰਦਾ ਰਿਹਾ ਹੈ।
ਆਪਣੇ ਦੋਸਤਾਂ ਦੀ ਅਸਥੀਆਂ ਦੇ ਪਰਤਣ ਦੀ ਖ਼ਬਰ ਨਾਲ ਹਰਜੀਤ ਦੀਆਂ ਅੱਥਾਂ ਵਿੱਚੋਂ ਅੱਥਰੂ ਵਗ ਤੁਰੇ ਹਨ ਅਤੇ ਉਹ ਗੱਲ ਕਰਦਾ ਵਾਰ-ਵਾਰ ਰੋਣ ਲੱਗਦਾ ਹੈ। ਆਪਣੇ ਪਸ਼ੂਆਂ ਅਤੇ ਟੋਕੇ ਦੀ ਮਸ਼ੀਨ ਦੁਆਲਾ ਘੁੰਮਦਾ ਆਪਣੇ ਦੋਸਤ ਕਮਲਜੀਤ ਸਿੰਘ ਨੂੰ ਯਾਦਾ ਕਰਦਾ ਹੈ, 'ਅਸੀਂ ਇੱਕੋ ਥਾਲੀ ਵਿੱਚ ਰੋਟੀ ਖਾਂਦੇ ਸੀ। ਸਾਡਾ ਭਰਾਵਾਂ ਤੋਂ ਗੂੜ੍ਹਾ ਪਿਆਰ ਸੀ।'
ਭਾਵੇਂ ਹਰਜੀਤ ਆਪਣੇ ਸਾਥੀਆਂ ਦੇ ਮਾਰੇ ਜਾਣ ਦਾ ਗਵਾਹ ਹੋਣ ਦਾ ਦਾਅਵਾ ਕਰਦਾ ਹੈ ਪਰ ਇਸ ਖ਼ਬਰ ਨੇ ਉਸ ਦਾ ਮਨ ਉਛਾਲ ਦਿੱਤਾ ਹੈ। ਉਹ ਭਰੇ ਮਨ ਨਾਲ ਕਹਿੰਦਾ ਹੈ, 'ਜਿਵੇਂ ਮੈਂ ਬਚ ਗਿਆ ਉਵੇਂ ਕੋਈ ਹੋਰ ਵੀ ਬਚ ਸਕਦਾ ਸੀ। ਹੁਣ ਤਾਂ ਉਹ ਆਸ ਵੀ ਮੁੱਕ ਗਈ ਹੈ।'
ਹਰਜੀਤ ਮਸੀਹ ਦਾ ਸਾਥੀ ਕਮਲਜੀਤ ਸਿੰਘ ਲਾਗਲੇ ਪਿੰਡ ਰੂਪੋਵਾਲੀ ਦਾ ਵਾਸੀ ਸੀ। ਹਰਜੀਤ ਮਸੀਹ ਦਾ ਕਹਿਣਾ ਹੈ ਕਿ ਉਹ ਬਚ ਤਾ ਗਿਆ ਪਰ ਜਦ ਉਹ ਇਰਾਕ ਗਿਆ ਤਾ ਚੰਗੇ ਭਵਿੱਖ ਦਾ ਸੁਫ਼ਨਾ ਲੈਕੇ ਗਿਆ ਸੀ।
ਅੱਜ ਚਾਰ ਸਾਲ ਬਾਅਦ ਉਸ ਦੇ ਹਾਲਾਤ ਬਦ ਤੋਂ ਬਦਤਰ ਹਨ। ਗ਼ਰੀਬੀ ਦੀ ਮਾਰ ਝੱਲ ਰਹੇ ਹਰਜੀਤ ਨੇ ਆਖਿਆ ਕਿ ਉਹ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾ ਰਿਹਾ ਹੈ।
ਹਰਜੀਤ ਦੇ ਸਾਥੀਆਂ ਦੀਆ ਅਸਥੀਆਂ ਉਨ੍ਹਾਂ ਦੇ ਘਰਾਂ ਵਿੱਚ ਪਹੁੰਚ ਰਹੀਆਂ ਹਨ ਪਰ ਉਹ ਕਿਸੇ ਦੇ ਸਸਕਾਰ ਵਿੱਚ ਸ਼ਾਮਿਲ ਨਹੀਂ ਹੋ ਰਿਹਾ।
ਹਰਜੀਤ ਖ਼ਿਲਾਫ਼ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਦੀਆਂ ਸ਼ਿਕਾਇਤਾਂ ਉੱਤੇ 30 ਮਾਰਚ 2015 ਨੂੰ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਧਾਰਾ 420, 406, 370 ਅਤੇ ਇਮੀਗ੍ਰੇਸ਼ਨ ਐਕਟ ਅਧੀਨ ਕੇਸ ਦਰਜ ਕਰਵਾਇਆ ਗਿਆ ਸੀ।
ਹਰਜੀਤ ਨੂੰ ਜੇਲ੍ਹ ਵੀ ਜਾਣਾ ਪਿਆ ਅਤੇ ਫਿਲਹਾਲ ਹਰਜੀਤ ਜ਼ਮਾਨਤ ਉੱਤੇ ਹੈ। ਸ਼ਿਕਾਇਤ ਕਰਨ ਵਾਲਿਆਂ ਵਿੱਚ ਕਮਲਜੀਤ ਸਿੰਘ ਦੇ ਘਰ ਵਾਲੇ ਵੀ ਸ਼ਾਮਿਲ ਹਨ।
ਹਰਜੀਤ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਸਾਹਮਣੇ ਉਸ ਦੇ ਸਾਥੀਆਂ ਨੂੰ ਕਤਲ ਕੀਤਾ ਗਿਆ ਸੀ ਪਰ ਉਸ ਦੇ ਬਿਆਨ ਨੂੰ ਝੂਠ ਕਰਾਰ ਦਿੱਤਾ ਗਿਆ ਸੀ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਰਾਕ ਵਿੱਚ ਬੰਦੀਆਂ ਦੇ ਜਿਊਂਦਾ ਹੋਣ ਦਾ ਧਰਵਾਸਾ ਦਿੱਤਾ ਸੀ। ਹੁਣ ਸੁਸ਼ਮਾ ਸਵਰਾਜ ਨੇ ਬੰਦੀਆਂ ਦੀ ਮੌਤ ਦੀ ਤਸਦੀਕ ਕਰ ਦਿੱਤੀ ਹੈ ਅਤੇ ਅਸਥੀਆਂ ਘਰਦਿਆਂ ਕੋਲ ਪਹੁੰਚ ਰਹੀਆਂ ਹਨ।
ਹਰਜੀਤ ਆਪਣੇ ਸਾਥੀਆਂ ਦੀ ਮੌਤ ਦੇ ਸੋਗ ਵਿੱਚ ਇਕੱਲਾ ਅੱਥਰੂ ਵਹਾ ਰਿਹਾ ਹੈ ਅਤੇ ਆਪਣੀ ਗ਼ਰੀਬੀ ਦੇ ਨਾਲ-ਨਾਲ ਉਹ ਅਦਾਲਤ ਵਿੱਚ ਮੁਲਜ਼ਮ ਹੋਣ ਦੀ ਤ੍ਰਾਸਦੀ ਵੀ ਆਪਣੇ ਪਿੰਡੇ ਉੱਤੇ ਹੰਢਾ ਰਿਹਾ ਹੈ।