ਪੱਛਮੀ ਬੰਗਾਲ: ਪੁੱਤਰ ਦੇ ਕਤਲ ਦੇ ਬਾਵਜੂਦ ਇਮਾਮ ਵੱਲੋਂ ਅਮਨ ਦੀ ਅਪੀਲ

ਪੱਛਮੀ ਬੰਗਾਲ ਦੇ ਆਸਨਸੋਲ 'ਚ ਰਾਮਨਵਮੀ ਸਮਾਗਮ ਦੌਰਾਨ ਹੋਏ ਦੰਗਿਆਂ ਵਿੱਚ ਇੱਥੋਂ ਦੇ ਇੱਕ ਇਮਾਮ ਦੇ ਬੇਟੇ ਦੀ ਮੌਤ ਹੋ ਗਈ। ਇਮਾਮ ਨੇ ਇਸ ਘਟਨਾ ਨੂੰ ਫਿਰਕੂ ਰੰਗ ਨਾ ਦੇਣ ਅਤੇ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ।

ਬੁੱਧਵਾਰ ਨੂੰ ਆਸਨਸੋਲ ਜ਼ਿਲਾ ਹਸਪਤਾਲ ਵਿੱਚ ਉਥੋਂ ਦੀ ਨੂਰਾਨੀ ਮਸਜਿਦ ਦੇ ਇਮਾਮ ਇਮਤਦੁੱਲਾਹ ਰਸ਼ੀਦ ਦੇ ਸਭ ਤੋਂ ਛੋਟੇ ਪੁੱਤਰ ਹਾਫ਼ਿਜ ਸਬਕਾਤੁੱਲਾ ਦੀ ਲਾਸ਼ ਮਿਲੀ ਸੀ। ਉਨ੍ਹਾਂ ਦੇ ਸਿਰ ਅਤੇ ਗਲੇ 'ਤੇ ਸੱਟਾਂ ਦੇ ਨਿਸ਼ਾਨ ਸਨ।

ਵੀਰਵਾਰ ਨੂੰ ਕਰੀਬ ਇੱਕ ਹਜ਼ਾਰ ਲੋਕਾਂ ਦੀ ਮੌਜੂਦਗੀ 'ਚ 16 ਸਾਲਾਂ ਦੇ ਸਬਕਾਤੁੱਲਾ ਦੀ ਲਾਸ਼ ਨੂੰ ਦਫਨਾਇਆ ਜਾ ਰਿਹਾ ਸੀ।

ਇਸ ਮੌਕੇ ਇਮਾਮ ਨੇ ਅਪੀਲ ਕੀਤੀ ਕਿ ਇਲਾਕੇ 'ਚ ਸ਼ਾਂਤੀ ਕਾਇਮ ਰੱਖਣ ਲਈ ਬਦਲੇ ਦੀ ਭਾਵਨਾ ਨਾਲ ਕੰਮ ਨਾ ਕੀਤਾ ਜਾਵੇ।

'ਸਵੇਰੇ ਪਤਾ ਲੱਗਾ ਕਿ ਮੇਰਾ ਪੁੱਤਰ ਮਰ ਗਿਆ'

ਇਮਾਮ ਨੇ ਕੋਲਕਾਤਾ ਸਥਿਤ ਬੀਬੀਸੀ ਪੱਤਰਕਾਰ ਅਮਿਤਾਭ ਭੱਟਾਸਾਲੀ ਨੂੰ ਦੱਸਿਆ, "ਸਾਡੇ ਮੁੰਡੇ ਨੇ ਇਸ ਸਾਲ ਮਿਡਲ ਦੀ ਪ੍ਰੀਖਿਆ ਦਿੱਤੀ ਸੀ। ਉਹ ਕੁਰਾਨ ਦਾ ਹਾਫਿਜ਼ ਵੀ ਹੈ।"

ਉਹ ਦੱਸਦੇ ਹਨ, "28 ਤਰੀਕ ਨੂੰ ਉਹ ਕੁਰਾਨ ਪੜ੍ਹਣ ਲਈ ਗਿਆ ਸੀ। ਜਦੋਂ ਰੌਲਾ ਪੈ ਰਿਹਾ ਸੀ ਤਾਂ ਉਹ ਦੇਖਣ ਲਈ ਗਿਆ ਕਿ ਬਾਹਰ ਕੀ ਹੋ ਰਿਹਾ ਹੈ। ਭੀੜ ਉਸ ਨੂੰ ਆਪਣੇ ਨਾਲ ਖਿੱਚ ਕੇ ਲੈ ਗਈ।"

"ਮੇਰਾ ਵੱਡਾ ਬੇਟਾ ਆਪਣੇ ਭਰਾ ਨੂੰ ਛੁਡਾਉਣ ਲਈ ਗਿਆ ਅਤੇ ਉਸ ਨੇ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ। ਪੁਲਿਸ ਨੇ ਪਹਿਲਾਂ ਛੋਟੇ ਬੇਟੇ ਦੀ ਤਸਵੀਰ ਦੀ ਤਸਦੀਕ ਕੀਤੀ ਅਤੇ ਉਸ ਤੋਂ ਬਾਅਦ ਮਦਦ ਕਰਨ ਦੀ ਥਾਂ ਗਲਤ ਕੰਮ ਕੀਤਾ ਅਤੇ ਮੇਰੇ ਵੱਡੇ ਬੇਟੇ ਨੂੰ ਹੀ ਪੁਲਿਸ ਸਟੇਸ਼ਨ 'ਚ ਬੰਦ ਕਰ ਦਿੱਤਾ। ਰਾਤ ਨੂੰ ਸਾਡੇ ਕਾਊਂਸਲਰ ਉਸ ਨੂੰ ਉਥੋਂ ਛੁਡਾ ਕੇ ਲੈ ਕੇ ਆਏ।"

"ਸਵੇਰੇ ਪਤਾ ਲੱਗਾ ਕਿ ਹਸਪਤਾਲ 'ਚ ਇੱਕ ਲਾਸ਼ ਆਈ ਹੈ। ਉਹ ਲਾਸ਼ ਮੇਰੇ ਛੋਟੇ ਬੇਟੇ ਦੀ ਸੀ।"

'ਮਾਰਿਆ, ਕੋਈ ਗੱਲ ਨਹੀਂ ਸਾੜਿਆ ਕਿਉਂ?'

ਆਪਣੇ ਬੇਟੇ ਦੀ ਲਾਸ਼ ਨੂੰ ਯਾਦ ਕਰਦੇ ਹੋਏ ਇਮਾਮ ਭਾਵੁਕ ਹੋ ਜਾਂਦੇ ਹਨ।

ਉਹ ਕਹਿੰਦੇ ਹਨ ਕਿ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਨਾ ਰੋਵਾਂ ਪਰ ਹੰਝੂ ਆਪਣੇ ਆਪ ਹੀ ਅੱਖਾਂ ਵਿੱਚ ਆ ਰਹੇ ਹਨ।

ਉਹ ਕਹਿੰਦੇ ਹਨ, "ਮੇਰੇ ਬੇਟੇ ਦੀਆਂ ਉਂਗਲਾਂ ਤੋਂ ਨਹੁੰ ਖਿੱਚ ਲਏ ਗਏ ਸਨ। ਉਸ ਨੂੰ ਸਾੜ ਦਿੱਤਾ ਗਿਆ ਸੀ। ਉਸ ਦੇ ਸਰੀਰ 'ਤੇ ਚਾਕੂ ਨਾਲ ਵਾਰ ਕੀਤੇ ਗਏ ਸਨ। ਆਮ ਤੌਰ 'ਤੇ ਆਦਮੀ ਮਰ ਜਾਂਦਾ ਹੈ ਤਾਂ ਉਸ ਦਾ ਖ਼ੂਨ ਵੱਗਣਾ ਰੁੱਕ ਜਾਂਦਾ ਹੈ ਪਰ ਉਸ ਦਾ ਖ਼ੂਨ ਲਗਾਤਾਰ ਵੱਗ ਰਿਹਾ ਸੀ।"

"ਉਨ੍ਹਾਂ ਨੇ ਉਸ ਨੂੰ ਮਾਰਿਆ ਕੋਈ ਗੱਲ ਨਹੀਂ, ਉਨ੍ਹਾਂ ਨੇ ਉਸ ਨੂੰ ਸਾੜ ਦਿੱਤਾ, ਇਹ ਠੀਕ ਨਹੀਂ ਸੀ।"

ਇਮਾਮ ਇਮਤਦੁੱਲਾ ਰਸ਼ੀਦ ਕਹਿੰਦੇ ਹਨ, "ਇਸਲਾਮ ਦਾ ਪੈਗਾਮ ਅਮਨ ਦਾ ਪੈਗਾਮ ਹੈ। ਇਹ ਕਹਿੰਦਾ ਹੈ ਕਿ ਖ਼ੁਦ ਤਕਲੀਫ਼ ਸਹਿ ਲਓ ਪਰ ਦੂਜਿਆਂ ਨੂੰ ਤਕਲੀਫ਼ ਨਾ ਦਿਓ। ਸਾਡੇ ਆਸਨਸੋਲ 'ਚ ਅਸੀਂ ਅਮਲ ਚੈਨ ਨਾਲ ਰਹਿਣਾ ਚਾਹੁੰਦੇ ਹਾਂ ਅਤੇ ਮੈਂ ਇਸਲਾਮ ਦਾ ਪੈਗਾਮ ਦੇਣਾ ਚਾਹੁੰਦਾ ਹਾਂ।"

"ਮੈਨੂੰ ਇਹ ਸਹਿਣ ਦਾ ਜੋ ਬਲ ਮਿਲਿਆ ਹੈ ਉਹ ਅੱਲਾਹ ਦਾ ਦਿੱਤਾ ਹੋਇਆ ਹੈ। ਉਸ ਨੇ ਸਾਨੂੰ ਤਾਕਤ ਦਿੱਤੀ ਹੈ ਕਿ ਅਸੀਂ ਆਪਣਾ ਦੁੱਖ ਸਹਿ ਸਕੀਏ। ਆਪਣੇ ਮੁਲਕ 'ਚ ਸ਼ਾਂਤੀ ਰਹੇ, ਦੰਗਾ-ਫਸਾਦ ਨਾ ਹੋਵੇ ਅਤੇ ਸਾਡੇ ਕਿਸੇ ਭਰਾ ਨੂੰ ਤਕਲੀਫ਼ ਨਾ ਹੋਵੇ।"

ਮੀਡੀਆ ਨੂੰ ਅਪੀਲ

ਮੀਡੀਆ ਨੂੰ ਅਪੀਲ ਹੈ ਕਿ ਉਹ ਅਮਨ ਦੇ ਪੈਗਾਮ ਨੂੰ ਲੋਕਾਂ ਕੋਲ ਲੈ ਕੇ ਜਾਓ।

ਉਹ ਕਹਿੰਦੇ ਹਨ, "15-16 ਸਾਲ ਦੇ ਬੱਚਿਆਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਫੇਰ ਉਹ ਸਾਲਾਂ ਬਾਅਦ ਬਾ-ਇੱਜ਼ਤ ਬਰੀ ਹੋ ਜਾਂਦੇ ਹਨ। ਉਨ੍ਹਾਂ ਦੀ ਖ਼ਬਰ ਦਿਖਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਹੌਂਸਲੇ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਇੱਕ ਲੰਬਾ ਵੇਲਾ ਮੁਸ਼ਕਲਾਂ 'ਚ ਗੁਜਾਰਿਆ ਪਰ ਅੱਲਾਹ ਨੇ ਉਨ੍ਹਾਂ ਨੂੰ ਜੋ ਕੁਝ ਸਿਖਾਇਆ ਹੈ ਉਸ ਨਾਲ ਉਨ੍ਹਾਂ ਨੇ ਸਮਝੌਤਾ ਨਹੀਂ ਕੀਤਾ।"

ਪੱਛਮ ਬੰਗਾਲ ਦੇ ਪੱਛਮੀ ਬਰਦਵਾਨ ਜ਼ਿਲੇ ਦੇ ਆਸਨਸੋਲ ਅਤੇ ਰਾਣੀਗੰਜ 'ਚ ਰਾਮਨਵਮੀ ਦੌਰਾਨਫਿਰਕੂ ਦੰਗੇ ਹੋਏ ਸਨ।

ਇੱਥੇ ਰਾਮਨਵਮੀ ਦੀ ਝਾਂਕੀ ਕੱਢਣ ਲਈ ਦੋ ਧਿਰਾਂ 'ਚ ਝੜਪ ਹੋ ਗਈ ਸੀ।

ਆਧਿਕਾਰਤ ਸੂਤਰਾਂ ਮੁਤਾਬਕ ਹਿੰਸਾ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਦੋ ਪੁਲਿਸ ਅਧਿਕਾਰੀ ਜਖ਼ਮੀ ਹੋਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)