You’re viewing a text-only version of this website that uses less data. View the main version of the website including all images and videos.
ਅੰਨਾ ਦਾ ਮੋਰਚਾ ਸ਼ੁਰੂ : ਮੋਦੀ ਖ਼ਿਲਾਫ਼ ਮੋਰਚੇ ਤੋਂ ਪਹਿਲਾਂ ਅੰਨਾ ਹਜ਼ਾਰੇ ਦੇ 7 ਐਲਾਨ
- ਲੇਖਕ, ਆਰਤੀ ਕੁਲਕਰਨੀ
- ਰੋਲ, ਬੀਬੀਸੀ ਪੱਤਰਕਾਰ
ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਅੱਜ ਤੋਂ ਦਿੱਲੀ ਵਿੱਚ ਜਨ ਲੋਕਪਾਲ ਬਿੱਲ ਅਤੇ ਕਿਸਾਨਾਂ ਦੇ ਮੁੱਦਿਆਂ ਲਈ ਅੰਦੋਲਨ ਕਰਨਗੇ।
ਅੰਨਾ ਹਜ਼ਾਰੇ ਨੇ ਇਸ ਅੰਦੋਲਨ ਤੋਂ ਪਹਿਲਾਂ ਬੀਬੀਸੀ ਨਾਲ ਖਾਸ ਗੱਲਬਾਤ ਕੀਤੀ।
ਕੇਜਰੀਵਾਲ ਦਾ ਧੋਖਾ
ਇਸ ਮੁਲਾਕਾਤ ਵਿੱਚ ਅੰਨਾ ਨੇ ਬਹੁਤ ਸਾਰੇ ਮੁੱਦਿਆਂ 'ਤੇ ਗੋਲ ਮੋਲ ਜਵਾਬ ਦਿੱਤੇ ਪਰ ਆਪਣੇ ਕਾਰਕੁਨਾਂ ਦੇ ਸਿਆਸਤ ਵਿੱਚ ਜਾਣ ਦੇ ਮੁੱਦੇ ਤੇ ਉਨ੍ਹਾਂ ਖੁਲ੍ਹ ਕੇ ਕਿਹਾ, ''ਕੇਜਰੀਵਾਲ ਨੇ ਮੈਨੂੰ ਧੋਖਾ ਦਿੱਤਾ ਸੀ।
ਇਸ ਲਈ ਉਹ ਇਸ ਵਾਰ ਕੁਝ ਜ਼ਿਆਦਾ ਹੀ ਚੌਕਸ ਦਿਖੇ। ਇਸ ਵਾਰ ਜਿਹੜਾ ਵੀ ਸਮਾਜਿਕ ਕਾਰਕੁਨ ਅੰਦੋਲਨ ਵਿੱਚ ਆਵੇਗਾ, ਉਸ ਤੋਂ ਪਹਿਲਾਂ ਇਸ ਗੱਲ ਦਾ ਹਲਫ਼ੀਆ ਬਿਆਨ ਲਿਆ ਜਾਵੇਗਾ ਕਿ ਉਹ ਕਿਸੇ ਰਾਜਨੀਤਕ ਪਾਰਟੀ ਨਾਲ ਨਹੀਂ ਜੁੜੇਗਾ।''
ਕਿਸਾਨ ਹੋਣਗੇ ਮੁੱਖ ਮੁੱਦਾ
ਅੰਨਾ ਹਜ਼ਾਰੇ ਦਾ ਅੰਦੋਲਨ ਇਸ ਵਾਰ ਸਿਰਫ਼ ਜਨ ਲੋਕਪਾਲ ਬਿੱਲ ਨੂੰ ਉਸ ਦੀ ਭਾਵਨਾ ਮੁਤਾਬਕ ਲਾਗੂ ਕਰਵਾਉਣਾ ਹੀ ਨਹੀਂ ਹੋਵੇਗਾ ਬਲਕਿ ਉਹ ਕਿਸਾਨਾਂ ਦੇ ਮੁੱਦੇ ਨੂੰ ਮੁੱਖ ਤੌਰ ਉੱਤੇ ਉਭਾਰਨਗੇ। ਅੰਨਾ ਹਜ਼ਾਰੇ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਤੋਂ ਵੱਧ ਕਾਰਪੋਰੇਟ ਦੀ ਚਿੰਤਾ ਹੈ।
ਇਸ ਲਈ ਉਦਯੋਗਪਤੀ ਬੈਂਕਾਂ ਦੇ ਪੈਸੇ ਲੈ ਕੇ ਭੱਜ ਰਹੇ ਹਨ ਅਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣ ਘੱਟੋ ਘੱਟ ਸਮਰਥਨ ਮੁੱਲ ਦਿੱਤੇ ਜਾਣ ਨਾਲ ਗੱਲ ਨਹੀਂ ਬਣਨੀ ਬਲਕਿ ਕਿਸਾਨਾਂ ਲਈ ਦੇਸ਼ ਵਿੱਚ ਅਲੱਗ ਖੇਤੀ ਮੁੱਲ ਕਮਿਸ਼ਨ ਬਣਨਾ ਚਾਹੀਦਾ ਹੈ।
ਮੋਦੀ ਨੂੰ ਲਿਖੀਆਂ 43 ਚਿੱਠੀਆਂ
ਮੋਦੀ ਸਰਕਾਰ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਅੰਨਾ ਨੇ ਕਿਹਾ ਕਿ ਉਨ੍ਹਾਂ ਮੋਦੀ ਸਰਕਾਰ ਨੂੰ ਚਾਰ ਸਾਲ ਦਾ ਸਮਾਂ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਸਮੇਂ ਸਮੇਂ ਤੇ ਆਪਣੀਆਂ ਮੰਗਾਂ ਨੂੰ ਮੋਦੀ ਸਰਕਾਰ ਤੱਕ ਚਿੱਠੀਆਂ ਰਾਹੀਂ ਪਹੁੰਚਾਇਆ।
ਅੰਨੇ ਨੇ ਕਿਹਾ, ''ਮੈਂ ਮੋਦੀ ਸਰਕਾਰ ਨੂੰ ਹੁਣ 43 ਚਿੱਠੀਆਂ ਲਿਖ ਚੁੱਕਾ ਹਾਂ ਪਰ ਇੱਕ ਦਾ ਵੀ ਕਦੇ ਜਵਾਬ ਨਹੀਂ ਆਇਆ। ਮੋਦੀ ਜੀ ਕੋਲ ਸ਼ਾਇਦ ਸਮਾਂ ਨਾ ਹੋਵੇ ਕਿਉਂਕਿ ਉਹ ਅੱਜ ਇਸ ਦੇਸ਼ ਵਿੱਚ ਜਾਂ ਉਸ ਦੇਸ਼ ਵਿੱਚ ਹੁੰਦੇ ਹਨ ਇਸ ਲਈ ਉਨ੍ਹਾਂ ਕੋਲ ਸਮਾਂ ਕਿੱਥੇ।
ਨੋਟਬੰਦੀ 'ਤੇ ਚੁੱਪੀ ਕਿਉਂ?
ਨੋਟਬੰਦੀ ਤੇ ਅੰਨਾ ਹਜ਼ਾਰੇ ਦੀ ਚੁੱਪੀ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ''ਮੈਂ ਸਾਰੇ ਅੰਦੋਲਨ ਨਹੀਂ ਕਰ ਸਕਦਾ, ਜਨਤਾ ਨੂੰ ਵੀ ਕੁਝ ਕੰਮ ਕਰਨਾ ਚਾਹੀਦਾ ਹੈ, ਹਿੱਸਾ ਲੈਣਾ ਚਾਹੀਦਾ ਹੈ।'''
'ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਸਮੇਂ ਚੋਂ ਕੁਝ ਸਮਾਂ ਕੱਢ ਕੇ ਦੇਸ਼ ਨੂੰ ਦੇਵੋ। ਇਸ ਦੇਸ਼ ਲਈ ਬਹੁਤ ਵੱਡੇ ਬਲੀਦਾਨ ਕੀਤੇ ਗਏ, ਤੁਸੀਂ ਵੀ ਕੁਝ ਕੰਮ ਕਰੋ।''
ਕਿਵੇਂ ਚੱਲਦਾ ਖਰਚਾ ?
ਅੰਨਾ ਨੇ ਕਿਹਾ, ''ਮੈਂ ਜਿੱਥੇ ਵੀ ਜਾਂਦਾ ਹਾਂ, ਮੇਰੀ ਟਿਕਟ ਸਮਾਜਿਕ ਕਾਰਕੁਨ ਹੀ ਬੁੱਕ ਕਰਾਉਂਦੇ ਹਨ। ਮੇਰੀ ਜੇਬ ਵਿੱਚ ਸਿਰਫ਼ 200-300 ਰੁਪਏ ਹੁੰਦੇ ਹਨ। ਕਦੇ ਮੁਸੀਬਤ ਵਿੱਚ ਉਹ ਮੇਰੇ ਕੰਮ ਆ ਸਕਦੇ ਹਨ।''
ਮੀਡੀਆ ਬਾਰੇ ?
ਜੇ ਮੀਡੀਆ ਮੇਰੀ ਖ਼ਬਰ ਨਹੀਂ ਦਿੰਦਾ ਤਾਂ ਕੋਈ ਗੱਲ ਨਹੀਂ, ਸੋਸ਼ਲ ਮੀਡੀਆ ਮੇਰੇ ਲਈ ਬਹੁਤ ਹੈ। ਉਹ ਅੱਜ ਦੇ ਸਮੇਂ ਵਿੱਚ ਬਹੁਤ ਤਾਕਤਵਰ ਹੈ।
ਆਰ ਪਾਰ ਦੀ ਲੜਾਈ
ਅੰਨਾ ਹਜ਼ਾਰੇ ਨੇ ਕਿਹਾ ਕਿ ਇਸ ਵਾਰ ਉਹ ਮਰਨ ਵਰਤ ਉੱਤੇ ਬੈਠ ਰਹੇ ਹਨ। ਜਦੋਂ ਤੱਕ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤਕ ਉਹ ਅੰਦੋਲਨ ਖਤਮ ਨਹੀਂ ਕਰਨਗੇ। ਅੰਨਾ ਨੇ ਐਲਾਨ ਕੀਤਾ ਕਿ ਇਸ ਵਾਰ ਦੀ ਲੜਾਈ ਆਰ ਪਾਰ ਦੀ ਹੋਵੇਗੀ।