You’re viewing a text-only version of this website that uses less data. View the main version of the website including all images and videos.
ਪ੍ਰੈਸ ਰਿਵੀਊ: 'ਵਜਾਓ ਢੋਲ-ਖੋਲ੍ਹੋ ਪੋਲ' 'ਚ ਸੁਖਬੀਰ ਨੂੰ ਨਹੀਂ ਮਿਲਿਆ ਹੁੰਗਾਰਾ!
ਪੰਜਾਬ ਵਿੱਚ ਮੌਜੂਦਾ ਕਾਂਗਰਸ ਸਰਕਾਰ ਖ਼ਿਲਾਫ਼ ਜਲੰਧਰ ਵਿੱਚ ਢੋਲ ਵਜਾਓ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਾਲੀ ਕੁਰਸੀਆਂ ਨੂੰ ਸੰਬੋਧਨ ਕਰਦੇ ਰਹੇ।
ਪੰਜਾਬੀ ਟ੍ਰਿਬਿਊਨ 'ਚ ਛਪੀ ਇੱਕ ਖ਼ਬਰ ਮੁਤਾਬਕ ਪੰਜਾਬ ਭਾਜਪਾ ਵੱਲੋਂ ਪ੍ਰਬੰਧਿਤ ਕੀਤੀ ਗਈ 'ਵਜਾਓ ਢੋਲ-ਖੋਲ੍ਹੋ ਪੋਲ' ਰੈਲੀ ਵਿੱਚ ਇਹ ਨਜ਼ਾਰਾ ਦੇਖਣ ਨੂੰ ਮਿਲਿਆ।
ਰੈਲੀ ਦੇ ਅਖੀਰ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਬੋਧਨ ਕਰ ਰਹੇ ਸਨ ਤਾਂ ਪੰਡਾਲ ਦਾ ਪਿਛਲਾ ਪਾਸਾ ਖ਼ਾਲੀ ਸੀ।
ਭਾਜਪਾ ਦੇ ਪ੍ਰਬੰਧਕਾਂ ਵੱਲੋਂ ਵਾਰ-ਵਾਰ ਜ਼ੋਰ ਲਗਾਉਣ 'ਤੇ ਵੀ ਕੁਰਸੀਆਂ ਨਹੀਂ ਸੀ ਭਰ ਰਹੀਆਂ।
ਖ਼ਬਰ ਮੁਤਾਬਕ ਪੰਡਾਲ ਤੋਂ ਬਾਹਰ ਵਰਤਾਏ ਜਾ ਰਹੇ ਲੰਗਰ ਨੂੰ ਵੀ ਰੋਕਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਤਾਂ ਜੋ ਪੰਡਾਲ ਭਰ ਜਾਵੇ ਪਰ ਰੈਲੀ ਦੇ ਪ੍ਰਬੰਧਕਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ।
ਉਂਝ ਸੁਖਬੀਰ ਬਾਦਲ ਦੇ ਬੋਲਣ ਤੋਂ ਪਹਿਲਾਂ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਨੇ ਮਿਹਣਾ ਮਾਰਿਆ ਸੀ ਕਿ ਰੈਲੀ ਦਾ ਇਕੱਠ ਦੇਖ ਲਵੋ, ਫਿਰ ਨਾ ਕਹਿਣਾ ਕਿ ਭਾਜਪਾ ਦੇ ਪੱਲੇ ਕੁਝ ਨਹੀਂ ਹੈ।
ਦਿ ਟ੍ਰਿਬਿਊਨ ਇੱਕ ਖ਼ਬਰ ਮੁਤਾਬਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲੋਕਾਂ ਨੂੰ ਆਰਓ ਨਾ ਵਰਤਣ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਮੁਤਾਬਕ ਇਹ ਸਲਾਹ ਆਰਓ ਖ਼ਿਲਾਫ਼ ਆਈਆਂ 10 ਰਿਪੋਰਟਾਂ ਦੀ ਫੀਡਬੈਕ 'ਤੇ ਆਧਾਰਿਤ ਹੈ।
ਪ੍ਰਦੂਸ਼ਣ ਬੋਰਡ ਮੁਤਾਬਕ ਆਰਓ ਦੀ ਵਰਤੋਂ ਸਿਰਫ਼ ਉੱਥੇ ਕਰਨੀ ਚਾਹੀਦੀ ਹੈ ਜਿੱਥੇ ਪਾਣੀ ਵਿੱਚ ਪ੍ਰਦੂਸ਼ਿਤ ਤੱਤ 750 ਐੱਮਜੀ ਪ੍ਰਤੀ ਲੀਟਰ ਤੋਂ ਜ਼ਿਆਦਾ ਘੁਲੇ ਹੋਏ ਹਨ।
ਬੋਰਡ ਨੇ ਆਪਣੇ ਚਾਰੇ ਮੁੱਖ ਇੰਜੀਨੀਅਰਾਂ ਨੂੰ ਲੋਕਾਂ ਨੂੰ ਇਨ੍ਹਾਂ ਚੀਜ਼ ਲਈ ਜਾਗਰੂਕ ਕਰਨ ਲਈ ਨਿਰਦੇਸ਼ ਦਿੱਤੇ ਹਨ।
ਹਿੰਦੁਸਤਾਨ ਟਾਈਮਜ਼ ਨੇ ਭਾਰਤ ਦੀ ਬੰਗਲਾਦੇਸ਼ ਖ਼ਿਲਾਫ਼ ਜਿੱਤ ਨੂੰ ਇੱਕ ਵੱਡੀ ਜਿੱਤ ਕਰਾਰ ਦਿੱਤਾ ਹੈ।
ਖ਼ਬਰ ਮੁਤਾਬਕ ਸ੍ਰੀਲੰਕਾ ਵਿੱਚ ਚੱਲ ਰਹੇ ਇਸ T20 ਤਿਕੋਣੇ ਟੂਰਨਾਮੈਂਟ ਵਿੱਚ ਬੰਗਲਾਦੇਸ਼ ਨੇ ਮੈਚ ਜਿੱਤਣ ਲਈ ਪੂਰੀ ਵਾਹ ਲਾ ਦਿੱਤੀ।
ਭਾਰਤ ਨੂੰ ਇਹ ਮੈਚ ਜਿੱਤਣ ਲਈ 12 ਗੇਂਦਾਂ ਵਿੱਚ 34 ਦੌੜਾਂ ਦੀ ਲੋੜ ਸੀ। ਇੰਝ ਜਾਪਦਾ ਸੀ ਜਿਵੇਂ ਭਾਰਤ ਇਹ ਮੈਚ ਹਰ ਜਾਵੇਗਾ ਪਰ ਬਾਅਦ ਵਿੱਚ ਦਿਨੇਸ਼ ਕਾਰਤਿਕ ਦੀ ਸ਼ਾਨਦਾਰ ਬੱਲੇਬਾਜ਼ੀ ਨੇ ਭਾਰਤ ਨੂੰ ਇਹ ਮੈਚ ਜਿੱਤ ਦਿੱਤਾ।
ਵਿਰੋਧ ਦੇ ਬਾਵਜੂਦ, ਸੀਬੀਆਈ ਨੇ ਕੀਤੀ ਸੀ ਲਾਲੂ ਪ੍ਰਸਾਦ ਯਾਦਵ ਖ਼ਿਲਾਫ਼ ਐੱਫਆਈਆਰ।
ਇੰਡੀਅਨ ਐਕਸਪ੍ਰੈੱਸ ਦੀ ਇੱਕ ਖ਼ਬਰ ਮੁਤਾਬਕ ਪਿਛਲੇ ਸਾਲ ਸੀਬੀਆਈ ਦੇ ਇਕਨਾਮਿਕ ਓਫੇਂਸ ਡਿਵੀਜ਼ਨ ਨੇ ਆਪਣੇ ਕਾਨੂੰਨੀ ਵਿੰਗ ਦੇ ਵਿਰੋਧ ਨਕਾਰਦੇ ਹੋਏ, ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ।
ਐੱਫਆਈਆਰ ਦੌਰਾਨ ਦਾਅਵਾ ਕੀਤਾ ਗਿਆ ਸੀ ਕਿ ਲਾਲੂ ਜੋ ਕਿ 2006 ਵਿੱਚ ਰੇਲਵੇ ਮੰਤਰੀ ਸਨ, ਨੇ ਪਟਨਾ ਵਿੱਚ ਜ਼ਮੀਨ ਦੇ ਬਦਲੇ ਦੋ ਰੇਲਵੇ ਹੋਟਲ ਨਿੱਜੀ ਫ਼ਰਮਾਂ ਨੂੰ ਦੇ ਦਿੱਤੇ।