ਤਿੰਨ ਮਹੀਨੇ ਅੰਦਰ 5 'ਵਿਸ਼ਵ ਪੱਧਰੀ' ਪੰਜਾਬੀ ਕਾਨਫ਼ਰੰਸਾਂ ਦੇ ਕੀ ਮਾਅਨੇ ਹਨ?

- ਲੇਖਕ, ਸਰਬਜੀਤ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਕੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਾਲ 2018 ਹੀ ਹੈ? ਇਹ ਸਵਾਲ ਇਸ ਲਈ ਉੱਠਦਾ ਹੈ ਕਿਉਂਕਿ ਇਸ ਸਾਲ ਦੇ ਤੀਜੇ ਮਹੀਨੇ ਵਿੱਚ ਹੁਣ ਤੱਕ ਪੰਜ ਪੰਜਾਬੀ ਕਾਨਫ਼ਰੰਸਾਂ ਹੋ ਚੁੱਕੀਆਂ ਹਨ।
ਸਾਰੀਆਂ ਹੀ ਕਾਨਫ਼ਰੰਸਾਂ ਵਿੱਚ "ਵਿਸ਼ਵ ਪੱਧਰੀ" ਸ਼ਬਦ ਦੀ ਵਰਤੋਂ ਹੋਈ ਹੈ।
ਇਹ ਕਾਨਫ਼ਰਸਾਂ ਵਾਕਈ ਪੰਜਾਬੀ ਭਾਸ਼ਾ ਦਾ ਵਿਕਾਸ ਲਈ ਹਨ ਜਾਂ ਫਿਰ ਸਾਹਿਤਕ ਮੇਲ ਜੋਲ ਖਾਤਰ।
ਇਹਨਾਂ ਕਾਨਫ਼ਰੰਸਾਂ ਨਾਲ ਹਾਸਲ ਕੀ ਹੁੰਦਾ ਹੈ ਇਸ ਬਾਰੇ ਅਸੀਂ ਗੱਲ ਕੀਤੀ ਪੰਜਾਬੀ ਭਾਸ਼ਾ ਦੇ ਵਿਦਵਾਨਾਂ ਅਤੇ ਕਾਨਫ਼ਰੰਸ ਵਿੱਚ ਸ਼ਾਮਲ ਹੋਏ ਲੋਕਾਂ ਨਾਲ।
ਪਦਮਸ਼੍ਰੀ ਅਤੇ ਉੱਘੇ ਕਵੀ ਸੁਰਜੀਤ ਪਾਤਰ ਨੇ ਇਸ ਬਾਰੇ ਬੀਬੀਸੀ ਨੂੰ ਦੱਸਿਆ, "ਮੈਂ ਆਮ ਤੌਰ 'ਤੇ ਪੰਜਾਬੀ ਦੇ ਨਾਮ ਉੱਤੇ ਹੋਣ ਵਾਲੀਆਂ ਕਾਨਫ਼ਰੰਸਾਂ ਤੋਂ ਦੂਰ ਹੀ ਰਹਿੰਦਾ ਹਾਂ, ਪਰ ਇਸ ਵਾਰ ਦੀ ਕਾਨਫ਼ਰੰਸ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਸਾਹਿਤ ਦੇ ਨਾਲ ਨਾਲ ਪੰਜਾਬ ਦੇ ਬੁਨਿਆਦੀ ਮੁੱਦਿਆਂ ਜਿਵੇਂ ਆਰਥਿਕਤਾ, ਕਿਸਾਨੀ ਅਤੇ ਸਿੱਖਿਆ ਦੇ ਵਿਸ਼ੇ ਉੱਤੇ ਗੱਲ ਹੋ ਰਹੀ ਹੈ।

ਉਨ੍ਹਾਂ ਅੱਗੇ ਕਿਹਾ, "ਸਾਹਿਤਕਾਰ ਵੀ ਇੱਥੇ ਹਨ ਪਰ ਨਾਲ ਨਾਲ ਵੱਖ ਵੱਖ ਵਿਸ਼ਿਆਂ ਦੇ ਮਾਹਿਰ ਵੀ ਸਾਹਿਤਕਾਰਾਂ ਨਾਲ ਸੰਵਾਦ ਰਚਾ ਰਹੇ ਹਨ ਜੋ ਨਵੀਂ ਪਹਿਲ ਹੈ।"
ਵਰਲਡ ਪੰਜਾਬੀ ਕਾਨਫ਼ਰੰਸ ਸੰਸਥਾ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਚੰਡੀਗੜ੍ਹ ਵਿੱਚ ਦੋ ਦਿਨਾਂ 6ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਕਰਵਾਈ ਜਾ ਰਹੀ ਹੈ।
ਪਾਤਰ ਮੁਤਾਬਕ ਪੰਜਾਬੀ ਦੇ ਨਾਮ 'ਤੇ ਇੱਕ ਤੋਂ ਬਾਅਦ ਇੱਕ ਕਾਨਫ਼ਰੰਸਾਂ ਦਾ ਹੋਣਾ ਚੰਗੀ ਗੱਲ ਹੈ ਪਰ ਸਭ ਤੋਂ ਜ਼ਰੂਰੀ ਹੈ ਇਹਨਾਂ ਦਾ ਸਹੀ ਵਿਸ਼ਾ ਹੋਵੇ।
ਕਾਨਫ਼ਰੰਸ ਦੇ ਸੱਦੇ ਪੱਤਰ ਮੁਤਾਬਕ ਇਸ ਵਿੱਚ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਪਾਕਿਸਤਾਨ ਤੋਂ ਪੰਜਾਬੀ ਭਾਸ਼ਾ ਦੇ ਵਿਦਵਾਨ ਹਿੱਸਾ ਲੈ ਰਹੇ ਹਨ।
ਪਾਕਿਸਤਾਨ ਦੇ ਵਿਦਵਾਨ ਇਸ ਤੋਂ ਦੂਰ ਹਨ। ਕਾਰਨ ਹੈ ਵੀਜ਼ੇ ਦਾ ਨਾ ਮਿਲਣਾ।
ਉੱਘੇ ਲੇਖਕ ਅਤੇ ਵੈਟਰਨ ਪੱਤਰਕਾਰ ਗੁਲਜ਼ਾਰ ਸੰਧੂ ਨੂੰ ਪਾਕਿਸਤਾਨ ਤੋਂ ਬਿਨਾਂ ਕਾਨਫ਼ਰੰਸ ਅਧੂਰੀ ਲੱਗ ਰਹੀ ਹੈ।
ਸੰਧੂ ਮੁਤਾਬਕ "ਅਸਲੀ ਪੰਜਾਬ ਤਾਂ ਉੱਧਰ ਹੀ ਹੈ। ਕਾਰਨ ਪੁੱਛੇ ਜਾਣ ਉੱਤੇ ਉਨ੍ਹਾਂ ਆਖਿਆ ਕਿ ਉਹ ਲੋਕ ਸਾਡੇ ਨਾਲੋਂ ਜ਼ਿਆਦਾ ਵਧੀਆ ਪੰਜਾਬੀ ਬੋਲਦੇ ਹਨ।
ਕੁਝ ਲੋਕਾਂ ਦਾ ਸੰਮੇਲਨ ਵਿਸ਼ਵ ਪੱਧਰੀ ਇਕੱਠ ਨਹੀਂ
ਕਾਨਫ਼ਰੰਸ ਵਿੱਚ ਕੈਨੇਡਾ ਤੋਂ ਆਏ ਸੁੱਖੀ ਬਾਠ ਨੇ ਦੱਸਿਆ ਕਿ ਇੱਕ ਥਾਂ ਉੱਤੇ 500 ਤੋਂ ਜ਼ਿਆਦਾ ਲੋਕ ਇੱਕ ਭਾਸ਼ਾ ਅਤੇ ਖ਼ਿੱਤੇ ਤੋਂ ਸ਼ਾਮਲ ਹੁੰਦੇ ਹਨ ਤਾਂ ਇਹ ਚੰਗੀ ਗੱਲ ਹੈ।
ਹਾਲਾਂਕਿ, ਕਾਨਫ਼ਰੰਸ ਨਾਲ 'ਵਿਸ਼ਵ' ਸ਼ਬਦ ਜੋੜਨ ਉੱਤੇ ਉਨ੍ਹਾਂ ਨੂੰ ਇਤਰਾਜ਼ ਹੈ।
ਸੁੱਖੀ ਬਾਠ ਮੁਤਾਬਕ ਜੇਕਰ ਅਸਲ ਵਿੱਚ ਕਾਨਫ਼ਰੰਸ ਵਿੱਚ ਵੱਖ ਵੱਖ ਦੇਸਾਂ ਤੋਂ ਲੋਕ ਸ਼ਾਮਲ ਹੁੰਦੇ ਹਨ ਤਾਂ ਇਹ ਵਿਸ਼ਵ ਪੱਧਰੀ ਹੋ ਸਕਦੀ ਹੈ ਪਰ ਜੇਕਰ ਕੁਝ ਲੋਕ ਇਕੱਠ ਹੋ ਕੇ ਸੰਮੇਲਨ ਕਰਵਾਉਂਦੇ ਹਨ ਤਾਂ ਉਹ ਵਿਸ਼ਵ ਪੱਧਰੀ ਇਕੱਠ ਨਹੀਂ ਹੋ ਸਕਦਾ। ਇਸ ਲਈ ਇਸ ਸ਼ਬਦ ਨੂੰ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਮਰਹੂਮ ਸਾਹਿਤਕਾਰ ਡਾਕਟਰ ਮਹੀਪ ਸਿੰਘ ਦੇ ਕੈਨੇਡਾ ਰਹਿੰਦੇ ਬੇਟੇ ਜੈਦੀਪ ਸਿੰਘ ਨੇ ਦੱਸਿਆ ਕਿ ਕੈਨੇਡਾ ਵਿੱਚ ਪੰਜਾਬੀ ਦੇ ਨਾਮ 'ਤੇ ਕਾਨਫ਼ਰੰਸਾਂ ਹੋਣ ਲੱਗੀਆਂ ਹਨ ਪਰ ਉੱਥੇ ਭਾਸ਼ਾ ਦਾ ਵਿਕਾਸ ਘੱਟ ਆਪਸੀ ਮੇਲ ਜੋਲ ਵੱਧ ਹੈ।
ਦੋ ਦਿਨਾਂ ਕਾਨਫ਼ਰੰਸ ਵਿੱਚ ਸਾਹਿਤ ਦੇ ਨਾਲ ਨਾਲ ਪੰਜਾਬ ਦੀਆਂ ਬੁਨਿਆਦੀ ਸਮੱਸਿਆਵਾਂ ਜਿਵੇਂ, ਸਿੱਖਿਆ, ਆਰਥਿਕਤਾ, ਕਿਸਾਨੀ ਅਤੇ ਖੁਦਕੁਸ਼ੀਆਂ,ਪਰਵਾਸੀ ਪੰਜਾਬੀ ਅਤੇ ਰਾਜਨੀਤਿਕ ਵਿਚਾਰਾਂ ਦਾ ਵਿਸ਼ਾ ਰੱਖਿਆ ਗਿਆ ਹੈ ਜਿਸ ਵਿੱਚ ਸੂਬੇ ਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਨਾਲ ਵਿਚਾਰ ਵਟਾਂਦਰਾ ਰੱਖਿਆ ਗਿਆ ਹੈ।
ਸੰਵਾਦ ਪੰਜਾਬੀ ਦੀ ਤਰੱਕੀ ਲਈ ਜ਼ਰੂਰੀ
ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਦੇ ਪ੍ਰੋਫੈਸਰ ਡਾਕਟਰ ਰਵੇਲ ਸਿੰਘ ਮੁਤਾਬਕ ਸਾਹਿਤ ਦੇ ਵਿਸ਼ੇ 'ਤੇ ਬਹੁਤ ਗੱਲਾਂ ਹੋ ਚੁੱਕੀਆਂ ਹੁਣ ਸਮਾਂ ਪੰਜਾਬ ਦੇ ਮਸਲਿਆਂ ਅਤੇ ਸਮੱਸਿਆਵਾਂ ਉੱਤੇ ਮਾਹਿਰਾਂ ਨਾਲ ਸੰਵਾਦ ਰਚਾਉਣ ਦਾ ਹੈ ਅਤੇ ਉਮੀਦ ਹੈ ਕਿ ਭਵਿੱਖ ਵਿੱਚ ਇਸ ਨਾਲ ਹੋਰ ਲੋਕਾਂ ਨੂੰ ਵੀ ਸੇਧ ਮਿਲੇਗੀ।
ਡਾਕਟਰ ਦੀਪਕ ਮੁਤਾਬਕ, "ਮੈ ਹਮੇਸ਼ਾ ਪੰਜਾਬੀ ਕਾਨਫ਼ਰੰਸਾਂ ਦੀ ਅਹਿਮੀਅਤ ਅਤੇ ਸਾਰਥਿਕਤਾ ਦੀ ਵਕਾਲਤ ਕਰਦਾ ਹਾਂ ਕਿਉਂਕਿ ਇਸ ਨਾਲ ਸੰਵਾਦ ਹੁੰਦਾ ਜੋ ਪੰਜਾਬੀ ਦੀ ਤਰੱਕੀ ਲਈ ਜ਼ਰੂਰੀ ਹੈ।"

ਵਰਲਡ ਪੰਜਾਬੀ ਸੈਂਟਰ ਦੇ ਸਾਬਕਾ ਡਾਇਰੈਕਟਰ ਅਤੇ ਪਟਿਆਲਾ ਯੂਨੀਵਰਸਿਟੀ ਦੇ ਸੀਨੀਅਰ ਫੈਲੋ ਡਾਕਟਰ ਦੀਪਕ ਮਨਮੋਹਨ ਸਿੰਘ ਮੁਤਾਬਕ ਉਨ੍ਹਾਂ ਨੇ ਕਾਫ਼ੀ ਕਾਨਫ਼ਰੰਸਾਂ ਦੇਖੀਆਂ ਅਤੇ ਅਟੈਂਡ ਕੀਤੀਆਂ ਹਨ। ਉਨ੍ਹਾਂ ਅਨੁਸਾਰ ਜਿੰਨੀਆਂ ਜ਼ਿਆਦਾ ਕਾਨਫ਼ਰੰਸਾਂ ਹੋਣਗੀਆਂ ਉੰਨਾ ਹੀ ਪੰਜਾਬੀ ਭਾਸ਼ਾ ਲਈ ਚੰਗੀ ਗੱਲ ਹੈ।
ਉਨ੍ਹਾਂ ਦੱਸਿਆ ਕਿ 1980 ਵਿੱਚ ਪਹਿਲੀ ਵਿਸ਼ਵ ਕਾਨਫ਼ਰੰਸ ਲੰਡਨ ਵਿੱਚ ਹੋਈ ਸੀ ਜੋ ਦੋ ਹਫ਼ਤੇ ਤੱਕ ਚੱਲਦੀ ਰਹੀ। ਉਸ ਤੋਂ ਬਾਅਦ ਕੁਝ ਹੋਰ ਸੰਸਥਾਵਾਂ ਵੱਲੋਂ ਵੀ ਕਾਨਫ਼ਰੰਸ ਕਰਵਾਈਆਂ ਗਈਆਂ ਜਿਸ ਦਾ ਸਿਲਸਿਲਾ ਅਜੇ ਤੱਕ ਜਾਰੀ ਹੈ।
ਇਸ ਸਾਲ ਹੋਈਆਂ ਕਾਨਫ਼ਰੰਸਾਂ ਦਾ ਵੇਰਵਾ
ਜਨਵਰੀ - ਵਿਸ਼ਵ ਪੰਜਾਬੀ ਭਾਸ਼ਾ ਵਿਕਾਸ ਕਾਨਫ਼ਰੰਸ, ਰੋਪੜ
ਜਨਵਰੀ - ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ, ਜਲੰਧਰ
ਫਰਵਰੀ - ਵਿਸ਼ਵ ਪੰਜਾਬੀ ਵਿਕਾਸ ਕਾਨਫ਼ਰੰਸ, ਪਟਿਆਲਾ
ਫਰਵਰੀ- ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ, ਦਿੱਲੀ
ਮਾਰਚ - 6ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ, ਚੰਡੀਗੜ੍ਹ












