ਤਸਵੀਰਾਂ꞉ ਕਾਲੇ ਪਾਣੀ ਦੇ ਹੈੱਡਕੁਆਟਰ 'ਤੇ ਹੁਣ ਕੁਦਰਤ ਦਾ ਕਬਜ਼ਾ

    • ਲੇਖਕ, ਨੀਲਿਮਾ ਵਲੰਗੀ
    • ਰੋਲ, ਬੀਬੀਸੀ ਟਰੈਵਲ ਦੇ ਲਈ

ਅੰਡੇਮਾਨ ਦੀਪ ਸਮੂਹ ਵਿੱਚ ਬਰਤਾਨੀਆ ਦਾ ਇੱਕ ਤਿਆਗਿਆ ਹੋਇਆ ਅੱਡਾ ਹੈ। ਹੁਣ ਕੁਦਰਤ ਇਸ 'ਤੇ ਮੁੜ ਕਬਜ਼ਾ ਕਰ ਰਹੀ ਹੈ।

ਸੁਹੱਪਣ ਨਾਲ ਭਰਪੂਰ ਭਾਰਤੀ ਦੀਪ꞉ ਬੰਗਾਲ ਦੀ ਖਾੜੀ ਵਿੱਚ ਅੰਡੇਮਾਨ ਤੇ ਨਿਕੋਬਾਰ 572 ਦੀਪਾਂ ਦਾ ਇੱਕ ਸਮੂਹ ਹੈ। ਵਰਤਮਾਨ ਵਿੱਚ ਇਨ੍ਹਾਂ ਵਿੱਚੋਂ ਸਿਰਫ 38 'ਤੇ ਹੀ ਮਨੁੱਖੀ ਆਬਾਦੀ ਹੈ।

ਸਮੁੰਦਰ ਵਿੱਚ ਇਨ੍ਹਾਂ ਦੀਪਾਂ ਦੀ ਸਥਿਤੀ ਦੇਖੀ ਜਾਵੇ ਤਾਂ ਇਹ ਭਾਰਤ ਦੇ ਮੁਕਾਬਲੇ ਦੱਖਣੀ ਏਸ਼ੀਆ ਦੇ ਵਧੇਰੇ ਨਜ਼ਦੀਕ ਹਨ।

ਇਹ ਦੀਪ ਆਪਣੇ ਕੁਦਰਤੀ ਖ਼ੂਬਸੂਰਤੀ ਕਰਕੇ ਜਾਣੇ ਜਾਂਦੇ ਹਨ ਪਰ ਇਨ੍ਹਾਂ ਦਾ ਇੱਕ ਕਾਲਾ ਅਤੀਤ ਵੀ ਹੈ। (ਧੰਨਵਾਦ- ਨੀਲਿਮਾ ਵਲੰਗੀ)

ਬਸਤੀਵਾਦ ਦੇ ਖੰਡਰ꞉ ਇਨ੍ਹਾਂ ਦੀਪਾਂ ਵਿੱਚ ਇੱਕ ਦੀਪ ਹੈ, ਰੋਜ਼ ਦੀਪ। ਇਹ ਦੀਪ ਅਸਚਰਜ ਰੂਪ ਵਿੱਚ ਭੂਤੀਆ ਹੈ। ਇੱਥੇ 19 ਸਦੀ ਦੇ ਬਰਤਾਨਵੀਂ ਰਾਜ ਦੇ ਖੰਡਰ ਹਨ।

ਅੰਗਰੇਜ਼ਾਂ ਨੇ ਇਹ ਦੀਪ 1940 ਵਿੱਚ ਤਿਆਗ ਦਿੱਤਾ ਸੀ। ਹੁਣ ਕੁਦਰਤ ਇਸ 'ਤੇ ਆਪਣਾ ਕਬਜ਼ਾ ਮੁੜ ਬਹਾਲ ਕਰਨ ਵਿੱਚ ਲੱਗੀ ਹੋਈ ਹੈ। ਕਦੇ ਇੱਥੇ ਬੰਗਲੇ, ਚਰਚ ਤੇ ਇੱਕ ਕਬਰਿਸਤਾਨ ਵੀ ਹੁੰਦਾ ਸੀ।

ਇੱਕ ਸਜ਼ਾ ਦੇਣ ਲਈ ਵਸਾਈ ਬਸਤੀ 1857 ਦੀ ਬਗਾਵਤ ਤੋਂ ਬਾਅਦ ਅੰਗਰੇਜ਼ਾਂ ਨੇ ਬਾਗੀਆਂ ਨੂੰ ਮੁੱਖ-ਭੂਮੀ ਤੋਂ ਦੂਰ ਰੱਖਣ ਲਈ ਇਹ ਦੂਰ ਦੇ ਦੀਪ ਚੁਣੇ।

ਜਦੋਂ 1857 ਵਿੱਚ ਇੱਥੇ 200 ਕੈਦੀ ਲਿਆਂਦੇ ਗਏ ਸਨ ਤਾਂ ਇੱਥੇ ਇੱਕ ਸੰਘਣਾ ਜੰਗਲ ਸੀ। ਰੋਜ਼ ਦੀਪ ਭਾਵੇ ਮਹਿਜ਼ 0.3 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਸੀ ਪਰ ਪਾਣੀ ਹੋਣ ਕਰਕੇ ਇਸਦੀ ਚੋਣ ਕਰ ਲਈ ਗਈ।

ਕੈਦੀ ਜੰਗਲ ਸਾਫ਼ ਕਰਨ ਵਿੱਚ ਲਾਏ ਗਏ ਜਦ ਕਿ ਅਧਿਕਾਰੀ ਕਿਸ਼ਤੀਆਂ ਵਿੱਚ ਰਹਿੰਦੇ (ਧੰਨਵਾਦ- ਨੀਲਿਮਾ ਵਲੰਗੀ)

ਨਵੀਂ ਸ਼ੁਰੂਆਤ꞉ ਕਾਲੇ ਪਾਣੀ ਲਈ ਬਣਾਈ ਬਸਤੀ ਦਾ ਵਿਸਥਾਰ ਹੋਇਆ ਤਾਂ ਕੈਦੀਆਂ ਨੂੰ ਦੂਜੇ ਦੀਪਾਂ 'ਤੇ ਭੇਜ ਦਿੱਤੇ ਗਏ ਤਾਂ ਰੋਜ਼ ਦੀਪ ਪ੍ਰਸ਼ਾਸ਼ਕੀ ਟਿਕਾਣਾ ਬਣਾ ਦਿੱਤਾ ਗਿਆ।

ਇਸ ਦੀਪ 'ਤੇ ਉੱਚ ਅਧਿਕਾਰੀ ਪਰਿਵਾਰਾਂ ਸਮੇਤ ਰਹਿੰਦੇ ਸਨ ਪਰ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਦੀ ਭਰਮਾਰ ਵੀ ਸੀ।

ਇਸ ਲਈ ਇਸ ਨੂੰ ਰਹਿਣ ਦੇ ਹਿਸਾਬ ਨਾਲ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਤਸਵੀਰ ਵਿੱਚ ਪਰਿਸਬਿਟੇਰੀਅਨ ਚਰਚ ਦੇਖਿਆ ਜਾ ਸਕਦਾ ਹੈ।(ਧੰਨਵਾਦ- ਨੀਲਿਮਾ ਵਲੰਗੀ)

ਆਖ਼ਰੀ ਕੂਚ꞉ ਉੱਪਰਲੀ ਤਸਵੀਰ ਵਿੱਚ ਇੱਕ ਛੋਟਾ ਬਿਜਲੀ ਘਰ ਦੇਖਿਆ ਜਾ ਸਕਦਾ ਹੈ, ਜਿੱਥੇ ਡੀਜ਼ਲ ਨਾਲ ਚੱਲਣ ਵਾਲਾ ਇੱਕ ਜਰਨੇਟਰ ਰੱਖਿਆ ਗਿਆ ਸੀ।

1938 ਤੱਕ ਇੱਥੇ ਰੱਖੇ ਗਏ ਸਾਰੇ ਸਿਆਸੀ ਕੈਦੀ ਰਿਹਾ ਕਰ ਦਿੱਤੇ ਗਏ ਸਨ। ਇਸ ਟਾਪੂ 'ਤੇ 1942 ਵਿੱਚ ਕੋਈ ਗਤੀਵਿਧੀ ਨਹੀਂ ਸੀ।

ਜੋ ਥੋੜੇ ਬਹੁਤ ਅੰਗਰੇਜ਼ ਫ਼ੌਜੀ ਇੱਥੇ ਰਹਿੰਦੇ ਸਨ ਉਹ ਵੀ ਜਾਪਾਨੀ ਹਮਲੇ ਕਾਰਨ ਇੱਥੋਂ ਭੱਜ ਗਏ। ਭਾਰਤ ਦੀ ਆਜ਼ਾਦੀ ਮਗਰੋਂ ਦੀਪ ਨੂੰ ਇਸ ਦੀ ਹੋਣੀ 'ਤੇ ਛੱਡ ਦਿੱਤਾ ਗਿਆ।

ਫਿਰ 1979 ਵਿੱਚ ਭਾਰਤੀ ਸਮੁੰਦਰੀ ਨੇ ਇਸ ਨੂੰ ਦੁਬਾਰਾ ਸਾਂਭ ਲਿਆ।(ਧੰਨਵਾਦ- ਨੀਲਿਮਾ ਵਲੰਗੀ)

ਕੁਦਰਤ ਦਾ ਕੁਦਰਤੀ ਰਾਹ꞉ ਉਹ ਹਿੱਸੇ ਜਿੱਥੇ ਹਾਲੇ ਕੁਦਰਤ ਨੇ ਆਪਣਾ ਅਸਰ ਨਹੀਂ ਦਿਖਇਆ ਉੱਥੇ ਹਾਲੇ ਵੀ ਜ਼ਾਲਮ ਬਸਤੀਵਾਦੀ ਅਤੀਤ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ।

ਹਾਲਾਂਕਿ ਕਾਫ਼ੀ ਕੁਝ ਕੁਦਰਤ ਵਿੱਚ ਰਚ-ਮਿਚ ਗਿਆ ਹੈ ਫਿਰ ਵੀ ਕਮਿਸ਼ਨਰ ਦੇ ਬੰਗਲੇ, ਸਬੋਰਡੀਨੇਟਜ਼ ਕਲੱਬ ਤੇ ਪਰਿਸਬਿਟੇਰੀਅਨ ਚਰਚ ਦੇ ਖੰਡਰ ਦੇਖੇ ਜਾ ਸਕਦੇ ਹਨ। (ਧੰਨਵਾਦ- ਨੀਲਿਮਾ ਵਲੰਗੀ)

ਸ਼ਿਕਾਰ ਦੇ ਮੈਦਾਨ꞉ 1900 ਦੇ ਦਹਾਕੇ ਦੇ ਸ਼ੁਰੂ ਵਿੱਚ ਬਰਤਾਨਵੀਂ ਅਧਿਕਾਰੀਆਂ ਨੇ ਸ਼ਿਕਾਰ ਖੇਡਣ ਦੇ ਇਰਾਦੇ ਨਾਲ ਇੱਥੇ ਹਿਰਨਾਂ ਦੀਆਂ ਕਈ ਪ੍ਰਜਾਤੀਆਂ ਲਿਆਂਦੀਆਂ।

ਕੋਈ ਕੁਦਰਤੀ ਸ਼ਿਕਾਰੀ ਨਾ ਹੋਣ ਕਰਕੇ ਹਿਰਨ ਇੱਥੇ ਖੂਬ ਵਧੇ ਫ਼ੁਲੇ। ਉਨ੍ਹਾਂ ਨੇ ਜੰਗਲ ਦੇ ਵਾਧੇ 'ਤੇ ਰੋਕ ਲਾ ਕੇ ਰੱਖੀ। (ਧੰਨਵਾਦ- ਨੀਲਿਮਾ ਵਲੰਗੀ)

ਭਵਿੱਖ ਦੀ ਝਲਕ꞉ ਸਬੋਰਡੀਨੇਟਜ਼ ਕਲੱਬ (ਤਸਵੀਰ) ਜੂਨੀਅਰ ਅਫ਼ਸਰਾਂ ਦੇ ਮਨੋਰੰਜਨ ਲਈ ਬਣਾਇਆ ਗਿਆ ਸੀ।

ਟੀਕ ਦੀ ਲੱਕੜ ਦੇ ਬਣੇ ਫ਼ਰਸ਼ ਤੇ' ਕਿਸੇ ਸਮੇਂ ਅਧਿਕਾਰੀ ਸੰਗੀਤ ਦੀਆਂ ਧੁਨਾਂ 'ਤੇ ਥਿਰਕਦੇ ਰਹੇ ਹੋਣਗੇ। ਹੁਣ ਤਾਂ ਇਸ ਦੀਆਂ ਟੁੱਟੀਆਂ ਕੰਧਾਂ ਤੇ ਪੰਛੀਆਂ ਦੇ ਤਰਾਨੇ ਗੂੰਜਦੇ ਹਨ।

ਅੱਠ ਦਹਾਕੇ ਹੋ ਗਏ ਅੰਡੇਮਾਨ ਨਿਕੋਬਾਰ ਦੀ ਇਸ ਕਾਲੇ ਪਾਣੀ ਦੇ ਨਾਂ ਨਾਲ ਜਾਣੀ ਜਾਂਦੀ ਕਲੋਨੀ ਨੂੰ ਖਾਲੀ ਹੋਇਆਂ। ਇਸ ਦੇ ਨਾਲ ਹੀ ਭਾਰਤ ਦੇ ਕਾਲੇ ਬਸਤੀਵਾਦੀ ਇਤਿਹਾਸ ਦਾ ਇੱਕ ਅਧਿਆਏ ਵੀ ਮੁੱਕਿਆ ਸੀ।

ਹੁਣ ਰੋਜ਼ ਦੀਪ ਹਿੰਦ ਮਹਾਂ ਸਾਗਰ ਵਿੱਚ ਇੱਕ ਛੋਟਾ ਜਿਹਾ ਬਿੰਦੂ ਹੈ। ਹੁਣ ਤਾਂ ਇਸ ਤੋਂ ਇਹੀ ਪਤਾ ਚਲਦਾ ਹੈ ਕਿ ਮਨੁੱਖ ਦੀ ਗੈਰ-ਹਾਜ਼ਰੀ ਵਿੱਚ ਕੁਦਰਤ ਆਪਣੀ ਤਾਕਤ ਨਾਲ ਕੀ ਕੁਝ ਕਰਦੀ ਹੈ।(ਧੰਨਵਾਦ- ਨੀਲਿਮਾ ਵਲੰਗੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)