ਤਰਨਤਾਰਨ 'ਛੇੜਖਾਨੀ' ਮਾਮਲੇ' ਦੀ ਨਿਆਂਇਕ ਜਾਂਚ ਹੋਵੇ - ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਰਨਤਾਰਨ ਵਿੱਚ ਹੋਏ ਕਥਿਤ ਛੇੜਖਾਨੀ ਦੇ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।

ਕੁਝ ਦਿਨ ਪਹਿਲਾਂ ਤਰਨਤਾਰਨ ਵਿੱਚ ਦੁਕਾਨਦਾਰਾਂ ਨਾਲ ਕੁੱਟਮਾਰ ਕਰਨ ਆਏ ਇੱਕ ਗਰੁੱਪ ਵੱਲੋਂ ਉੱਥੇ ਸਥਾਨਕ ਗੁਰਦੁਆਰੇ ਮੱਥਾ ਟੇਕਣ ਆਈਆਂ ਕੁੜੀਆਂ ਨਾਲ ਕਥਿਤ ਤੌਰ 'ਤੇ ਛੇੜਖਾਨੀ ਕਰਨ ਦਾ ਵੀਡੀਓ ਵਾਇਰਲ ਹੋਇਆ ਸੀ।

ਹਾਲਾਂਕਿ ਪੁਲਿਸ ਅਨੁਸਾਰ ਇਸ ਪੂਰੇ ਮਾਮਲੇ ਵਿੱਚ ਕਿਸੇ ਨਾਲ ਕੋਈ ਛੇੜਖਾਨੀ ਨਹੀਂ ਹੋਈ।

ਸੁਖਬੀਰ ਸਿੰਘ ਬਾਦਲ ਨੇ ਟਵਿੱਟਰ 'ਤੇ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਇਸ ਪੂਰੀ ਘਟਨਾ ਦੀ ਨਿਆਂਇਕ ਜਾਂਚ ਦੀ ਮੰਗ ਕਰਦਾ ਹੈ।

ਉਨ੍ਹਾਂ ਨੇ ਲਿਖਿਆ, "ਤਰਨਤਾਰਨ ਦੇ ਐੱਸਐੱਸਪੀ ਸਣੇ ਹੋਰ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ, ਜੋ ਦੁਕਾਨਦਾਰਾਂ ਅਤੇ ਕੁੜੀਆਂ ਦੀ ਸਹਾਇਤਾ ਨਾ ਕਰਕੇ ਆਪਣੀ ਡਿਊਟੀ ਵਿੱਚ ਕੁਤਾਹੀ ਵਰਤ ਰਹੇ ਸਨ।"

ਡੀਐੱਸਪੀ ਪੱਟੀ (ਸ਼ਹਿਰ) ਸਤਨਾਮ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਇਸ ਸਬੰਧੀ ਹੁਣ ਤੱਕ ਧਾਰਾ 307 (ਜਾਨ ਤੋਂ ਮਾਰਨ ਦੀ ਕੋਸ਼ਿਸ਼), 452 (ਦੁਕਾਨ 'ਤੇ ਜਾ ਕੇ ਹਮਲਾ ਕਰਨ), 427 (ਭੰਨਤੋੜ ਕਰਨ), 379 ਬੀ(ਚੋਰੀ ਕਰਨ) ਅਤੇ 148-149 (4-5 ਬੰਦਿਆਂ ਤੋਂ ਵੱਧ ਇਕੱਠੇ ਹੋ ਕੇ ਜਾਣਾ) ਦੇ ਤਹਿਤ 4 ਗ੍ਰਿਫ਼ਤਾਰੀਆਂ ਹੋਈਆਂ ਹਨ।"

ਡੀਐੱਸਪੀ ਨੇ ਅੱਗੇ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਛੇੜਖਾਨੀ ਦੀ ਕੋਈ ਵਾਰਦਾਤ ਸਾਹਮਣੇ ਨਹੀਂ ਆਈ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਜੋ ਦੋ ਕੁੜੀਆਂ ਵੀਡੀਓ 'ਚ ਨਜ਼ਰ ਆ ਰਹੀਆਂ ਹਨ ਉਨ੍ਹਾਂ 'ਚੋਂ ਇੱਕ ਮੁੱਖ ਮੁਲਜ਼ਮ ਦੀ ਪਤਨੀ ਅਤੇ ਦੂਜੀ ਉਸ ਦੀ ਕੁੜੀ ਹੈ, ਜੋ ਉਸ ਨੂੰ ਝਗੜਾ ਕਰਨ ਤੋਂ ਰੋਕ ਰਹੀਆਂ ਸਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)