ਹਰਿਆਣਵੀ ਗਾਇਕਾ ਮਮਤਾ ਸ਼ਰਮਾ ਦੇ ਕਤਲ ਦੇ ਮੁਲਜ਼ਮ ਗ੍ਰਿਫ਼ਤਾਰ

    • ਲੇਖਕ, ਮਨੋਜ ਢਾਕਾ
    • ਰੋਲ, ਬੀਬੀਸੀ ਪੰਜਾਬੀ ਦੇ ਲਈ

ਮਮਤਾ ਸ਼ਰਮਾ ਕਤਲ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਮੁਤਾਬਕ ਮਮਤਾ ਸ਼ਰਮਾ ਦੇ ਸਹਿਯੋਗੀ ਮੋਹਿਤ ਨੇ ਹੀ ਮਮਤਾ ਦਾ ਕਤਲ ਕੀਤਾ ਹੈ।

ਪੁਲਿਸ ਨੇ ਮੋਹਿਤ ਦੇ ਦੋਸਤ ਸੰਦੀਪ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਮੋਹਿਤ ਦੇ ਨਾਲ ਮਿਲ ਕੇ ਸੰਦੀਪ ਨੇ ਲਾਸ਼ ਨੂੰ ਟਿਕਾਣੇ ਲਾਇਆ ਸੀ।

15 ਜਨਵਰੀ ਤੋਂ ਲਾਪਤਾ 40 ਸਾਲਾ ਮਮਤਾ ਸ਼ਰਮਾ ਜਗਰਾਤੇ ਲਾਉਂਦੀ ਸੀ ਅਤੇ ਵੀਰਵਾਰ ਨੂੰ ਉਸ ਦੀ ਲਾਸ਼ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਜੱਦੀ ਪਿੰਡ ਦੇ ਖੇਤਾਂ 'ਚੋ ਬਰਾਮਦ ਹੋਈ ਸੀ।

ਰੋਹਤਕ ਦੇ ਐਸਪੀ ਪੰਕਜ ਨੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ 27 ਸਾਲਾ ਮੋਹਿਤ ਪਿਛਲੇ 3 ਸਾਲਾਂ ਤੋਂ ਗਾਇਕਾ ਨਾਲ ਕੰਮ ਕਰ ਰਿਹਾ ਸੀ। ਉਹ ਲੋੜ ਪੈਣ 'ਤੇ ਕਿਰਾਏ 'ਤੇ ਗੱਡੀ ਦਾ ਇੰਤਜ਼ਾਮ ਕਰਦਾ ਸੀ।

ਉਹ ਅਕਸਰ ਗੁਆਂਢੀ ਦੀ ਗੱਡੀ ਲੇ ਕੇ ਜਾਂਦਾ ਸੀ ਤੇ ਆਪ ਹੀ ਚਲਾਉਂਦਾ ਹੁੰਦਾ ਸੀ।

ਰਾਹ ਵਿੱਚ ਹੋਈ ਬਹਿਸ

ਐੱਸ ਪੀ ਪੰਕਜ ਨੈਨ ਨੇ ਦੱਸਿਆ, "ਕਤਲ ਵਾਲੀ ਰਾਤ ਵੀ ਮਮਤਾ ਨੂੰ ਮੋਹਿਤ ਲੈਣ ਗਿਆ ਸੀ ਪਰ ਕਿਸੇ ਮਸਲੇ 'ਤੇ ਦੋਹਾਂ ਵਿੱਚ ਬਹਿਸ ਹੋ ਗਈ ਤੇ ਮੋਹਿਤ ਨੇ ਮਮਤਾ ਦੀ ਧੌਣ 'ਤੇ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ।''

ਪੁਲਿਸ ਮੁਤਾਬਕ ਰੋਹਤਕ ਵੱਲ ਜਾਂਦਿਆਂ ਰਾਹ ਵਿੱਚ ਮੋਹਿਤ ਨੇ ਸੰਦੀਪ ਨੂੰ ਆਪਣੇ ਕਾਰੇ ਬਾਰੇ ਦੱਸਿਆ। ਦੋਵੇਂ ਜਣਿਆਂ ਨੇ ਭਾਲੀ ਪਿੰਡ ਤੋਂ ਪਹਿਲੇ ਚੌਂਕ 'ਤੇ ਲਾਸ਼ ਸੁੱਟ ਦਿੱਤੀ ਤੇ ਭੱਜ ਗਏ।

ਵਾਰਦਾਤ ਵਿੱਚ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਕਤਲ ਦੇ ਹਥਿਆਰ ਦੀ ਭਾਲ ਅਜੇ ਜਾਰੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)