ਸੋਸ਼ਲ: ਭਗਤ ਸਿੰਘ ਦੇ ਨਾਂ 'ਤੇ ਹੋਵੇ ਮੋਹਾਲੀ ਏਅਰਪੋਰਟ ਦਾ ਨਾਂ - ਭੱਜੀ

ਮੋਹਾਲੀ ਏਅਰਪੋਰਟ ਦੇ ਨਾਂ ਦਾ ਮਾਮਲਾ ਲਗਾਤਾਰ ਚਰਚਾ 'ਚ ਰਿਹਾ ਹੈ। ਇੱਕ ਵਾਰ ਫਿਰ ਇਹ ਮਸਲਾ ਸੁਰਖੀਆਂ 'ਚ ਹੈ ਕਿਉਂਕਿ ਕ੍ਰਿਕੇਟਰ ਹਰਭਜਨ ਸਿੰਘ ਨੇ ਇਸ ਬਾਬਤ ਅਵਾਜ਼ ਬੁਲੰਦ ਕੀਤੀ ਹੈ।

ਮਕਬੂਲ ਕ੍ਰਿਕੇਟਰ ਹਰਭਜਨ ਸਿੰਘ ਨੇ ਮੋਹਾਲੀ ਹਵਾਈ ਅੱਡੇ ਦਾ ਨਾਂ ਸਰਦਾਰ ਭਗਤ ਸਿੰਘ ਦੇ ਨਾਂ 'ਤੇ ਰੱਖਣ ਦੀ ਮੰਗ ਕੀਤੀ ਹੈ।

ਇਸ ਬਾਬਤ ਉਨ੍ਹਾਂ ਆਪਣੀ ਗੱਲ ਇੱਕ ਟਵੀਟ ਰਾਹੀਂ ਰੱਖੀ।

ਹਰਭਜਨ ਸਿੰਘ ਦਾ ਮੰਨਣਾ ਹੈ ਕਿ ਇਸ ਏਅਰਪੋਰਟ ਦਾ ਨਾਂ ਭਗਤ ਸਿੰਘ ਦੇ ਨਾਂ 'ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਜਿਸ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ ਉਸ ਲਈ ਅਸੀਂ ਬਹੁਤ ਥੋੜਾ ਮੰਗ ਰਹੇ ਹਾਂ।

ਇਸ ਲਈ ਉਨ੍ਹਾਂ ਲੋਕਾਂ ਤੋਂ ਵੀ ਰਾਏ ਮੰਗੀ ਹੈ। ਏਅਰਪੋਰਟ ਦੇ ਨਾਂ 'ਚ ਬਦਲਾਅ ਦੀ ਉਮੀਦ ਨਾਲ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਗੁਜ਼ਾਰਿਸ਼ ਕੀਤੀ ਹੈ।

ਹਰਭਜਨ ਦੀ ਇਸ ਮੰਗ ਨੂੰ ਗਾਇਕ ਤੇ ਸੰਗੀਤਕਾਰ ਸੁਖਸ਼ਿੰਦਰ ਸ਼ਿੰਦਾ ਨੇ ਵੀ ਸਾਥ ਦਿੰਦਿਆਂ ਰੀਟਵੀਟ ਕੀਤਾ ਹੈ।

ਹਰਭਜਨ ਦੀ ਇਸ ਮੰਗ ਤੋਂ ਬਾਅਦ ਟਵਿੱਟਰ 'ਤੇ ਉਨ੍ਹਾਂ ਨੂੰ ਸਾਥ ਦਿੰਦੇ ਕਈ ਲੋਕ ਵੀ ਇਸ ਸਬੰਧੀ ਆਪਣੇ ਵਿਚਾਰ ਰੱਖ ਰਹੇ ਹਨ।

ਨਮਨ ਆਪਣੇ ਟਵੀਟ 'ਚ ਲਿਖਦੇ ਹਨ, "ਮੈਂ ਸਲਾਹ ਦੇਵਾਂਗਾ ਕਿ ਏਅਰਪੋਰਟ ਦਾ ਨਾਂ ਵੀਰ ਭਗਤ ਸਿੰਘ ਏਅਰਪੋਰਟ ਹੋਵੇ।''

ਮੋਨੀਕਾ ਰਾਣਾ ਲਿਖਦੇ ਹਨ, "ਇਹ ਪੰਜਾਬ-ਹਰਿਆਣਾ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੋਵੇਗੀ।''

ਪਰਮਾਨੰਦ ਸਿੰਘ ਲਿਖਦੇ ਹਨ, "ਮੇਰੇ ਪਿੰਡ ਦੇ ਕੋਲ ਹੈ ਏਅਰਪੋਰਟ, ਅਸੀਂ ਆਪ ਇਸ ਬਾਰੇ ਮੰਗ ਕੀਤੀ ਸੀ, ਧਰਨਾ ਵੀ ਲਾਇਆ ਸੀ।''

ਰਿਟਾਇਰਡ ਕਰਨਲ ਬੇਅੰਤ ਸਿੰਘ ਲਿਖਦੇ ਹਨ, "ਜੇ ਸਰਕਾਰ ਕਰਨਾ ਚਾਹੇ ਤਾਂ ਏਅਰਪੋਰਟ ਦਾ ਨਾਂ ਭਗਤ ਸਿੰਘ ਦੇ ਨਾਂ 'ਤੇ ਕਰਨਾ ਬੜੀ ਛੋਟੀ ਗੱਲ ਹੈ।''

ਪਹਿਲਾਂ ਪੰਜਾਬ ਵਿੱਚ ਪਿਛਲੀ ਸਰਕਾਰ ਵੱਲੋਂ ਆਪਣੇ ਇਸ਼ਤਿਹਾਰਾਂ ਵਿੱਚ ਚੰਡੀਗੜ੍ਹ ਦੀ ਥਾਂ ਮੋਹਾਲੀ ਏਅਰਪੋਰਟ ਲਿਖਣ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਨੇ ਨਾਰਾਜ਼ਗੀ ਜਤਾਈ ਸੀ।

ਮਨੋਹਰ ਲਾਲ ਖੱਟਰ ਨੇ ਬਕਾਇਦਾ ਇੱਕ ਪੱਤਰ ਰਾਹੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਇਸ ਬਾਬਤ ਆਪਣਾ ਰੋਸ ਜ਼ਾਹਿਰ ਕੀਤਾ ਸੀ।

ਇਸ ਦੇ ਨਾਲ ਹੀ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਪਹਿਲਾਂ ਇਸ ਏਅਰਪੋਰਟ ਦਾ ਨਾਂ ਸੁਰਜ ਭਾਨ ਦੇ ਨਾਂ 'ਤੇ ਰੱਖਣ ਬਾਰੇ ਵੀ ਆਪਣੀ ਗੱਲ ਰੱਖੀ ਗਈ ਸੀ।

ਇਸ ਬਾਬਤ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਦੇ ਨਾਲ-ਨਾਲ ਲੋਕਾਂ ਵਿੱਚ ਇਹ ਮੁੱਦਾ ਗਰਮਾਇਆ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)