ਸੋਸ਼ਲ -'ਜੱਜ ਹੀ ਮੰਗ ਰਹੇ ਨੇ ਚੀਫ਼ ਜਸਟਿਸ ਤੋਂ ਨਿਆਂ'

ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਸ਼ੁਕਰਵਾਰ ਨੂੰ ਦਿੱਲੀ 'ਚ ਪ੍ਰੈੱਸ ਕਾਨਫਰੰਸ ਬੁਲਾਈ। ਸੁਪਰੀਮ ਕੋਰਟ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ।

ਪ੍ਰੈੱਸ ਕਾਨਫਰੰਸ ਕਰਨ ਵਾਲੇ ਚਾਰ ਜੱਜ ਸਨ-ਜਸਟਿਸ ਜੇ.ਚੇਲਮੇਸ਼ਵਰ, ਜਸਟਿਸ ਰੰਜਨ ਗੋਗੋਈ, ਜਸਟਿਸ ਮਦਨ ਲੋਕੁਰ ਅਤੇ ਜਸਟਿਸ ਕੁਰਿਅਨ ਜੋਸਫ਼।

ਆਪਣੇ ਨਿਵਾਸ 'ਤੇ ਬੁਲਾਈ ਗਈ ਇਸ ਕਾਨਫਰੰਸ ਵਿੱਚ ਸੁਪਰੀਮ ਕੋਰਟ ਦੇ ਨੰਬਰ ਦੋ ਦੇ ਜਸਟਿਸ ਜੇ ਚੇਲਮੇਸ਼ਵਰ ਨੇ ਕਿਹਾ, "ਅਸੀਂ ਚਾਰੇ ਇਸ ਗੱਲ 'ਤੇ ਸਹਿਮਤ ਹਾਂ ਕਿ ਇਸ ਸੰਸਥਾ ਨੂੰ ਬਚਾਇਆ ਨਾ ਗਿਆ ਤਾਂ ਇਸ ਦੇਸ ਵਿੱਚ ਜਾਂ ਕਿਸੇ ਵੀ ਦੇਸ 'ਚ ਲੋਕਤੰਤਰ ਜ਼ਿੰਦਾ ਨਹੀਂ ਰਹੇਗਾ। ਅਜ਼ਾਦ ਅਤੇ ਨਿਰਪੱਖ ਨਿਆਂਪਾਲਿਕਾ ਚੰਗੇ ਲੋਕਤੰਤਰ ਦੀ ਨਿਸ਼ਾਨੀ ਹੈ।"

ਸੋਸ਼ਲ ਮੀਡੀਆ 'ਤੇ ਚਰਚਾ

ਸੁਪਰੀਮ ਕੋਰਟ ਦੇ ਜੱਜਾਂ ਦੀ ਇਸ ਪ੍ਰੈੱਸ ਕਾਨਫਰੰਸ ਬਾਰੇ ਚਰਚਾ ਸੋਸ਼ਲ ਮੀਡੀਆ 'ਤੇ ਵੀ ਜ਼ੋਰਸ਼ੋਰ ਨਾਲ ਹੋ ਰਹੀ ਹੈ।

ਪ੍ਰੈੱਸ ਕਾਨਫਰੰਸ ਹੋਣ ਦੇ ਨਾਲ ਹੀ ਚੀਫ਼ ਜਸਟਿਸ ਅਤੇ ਪ੍ਰੈੱਸ ਕਾਨਫਰੰਸ ਦੇ ਹੈਸ਼ਟੈਗ ਟ੍ਰੈਂਡ ਕਰਨ ਲੱਗੇ ਹਨ। ਇਸ ਦੇ ਨਾਲ ਹੀ ਜਸਟਿਸ ਚੇਲਮੇਸ਼ਵਰ ਦਾ ਨਾਂ ਟੋਪ 'ਤੇ ਟ੍ਰੈਂਡ ਕਰ ਰਿਹਾ ਹੈ।

ਇਸ਼ਕਰਨ ਸਿੰਘ ਭੰਡਾਰੀ ਨੇ ਟਵੀਟ ਕੀਤਾ ਹੈ, "ਕੀ ਹੁਣ ਚੀਫ਼ ਜਸਟਿਸ ਵੀ ਦੇਸ ਦੇ ਸਾਹਮਣੇ ਆਪਣੇ ਪੱਖ ਰੱਖਣ ਲਈ ਪ੍ਰੈੱਸ ਕਾਨਫਰੰਸ ਕਰਨਗੇ।"

ਰੁਚਿਰਾ ਚਤੁਰਵੇਦੀ ਨੇ ਟਵੀਟ ਕਰਕੇ ਕਿਹਾ, "ਕੀ ਚੀਫ਼ ਜਸਟਿਸ ਦੀਪਕ ਮਿਸ਼ਰਾ 'ਤੇ ਮਹਾਦੋਸ਼ ਚਲਾਇਆ ਜਾਵੇਗਾ? ਜਸਟਿਸ ਚੇਲਮੇਸ਼ਵਰ ਨੇ ਕਿਹਾ ਕਿ ਅਸੀਂ ਫ਼ੈਸਲਾ ਕਰਨ ਵਾਲੇ ਕੌਣ ਹਾਂ, ਦੇਸ ਇਸ ਦਾ ਫ਼ੈਸਲਾ ਕਰੇਗਾ।"

ਸੰਦੀਪ ਘੋਸ਼ ਨੇ ਟਵੀਟ ਕੀਤਾ, "ਕੀ ਜਸਟਿਸ ਚੇਲਮੇਸ਼ਵਰ ਦੀ ਅਗਵਾਈ 'ਚ ਇਹ ਪ੍ਰੈੱਸ ਕਾਨਫਰੰਸ ਸੰਵਿਧਾਨਿਕ ਸੰਕਟ ਵੱਲ ਤਾਂ ਨਹੀਂ ਜਾ ਰਹੀ? ਸ਼ਾਇਦ ਅਜਿਹਾ ਹੋ ਸਕਦਾ ਹੈ। ਜੇਕਰ ਇਹ ਲੋਕ ਅਦਾਲਤਾਂ 'ਚ ਜਾਰੀ ਰਹਿਣਗੇ ਤਾਂ ਰੁਕਾਵਟਾਂ ਬਰਕਰਾਰ ਰਹਿਣਗੀਆਂ।"

ਸੁਪਰੀਮ ਕੋਰਟ ਦੇ ਵਕੀਲ ਅਤੇ ਕਾਂਗਰਸ ਆਗੂ ਜੈਅਵੀਰ ਸ਼ੇਰਗਿੱਲ ਨੇ ਟਵੀਟ ਕੀਤਾ, "ਲੋਕਤੰਤਰ ਲਈ ਮਾੜਾ ਦਿਨ ਹੈ ਜਿਸ ਨੇ ਨਿਆਂਪ੍ਰਣਾਵੀ ਵਿੱਚ ਨਾਗਰਿਕਾਂ ਦੇ ਵਿਸ਼ਵਾਸ ਨੂੰ ਹਿਲਾ ਦਿੱਤਾ ਹੈ, ਜਿਸ ਦੀ ਇਮਾਰਤ ਇਮਾਨਦਾਰੀ ਅਤੇ ਪਾਰਦਰਸ਼ਿਤਾ ਉੱਤੇ ਟਿਕੀ ਹੋਈ ਹੈ।"

ਲਾਸੁਨ ਯੁਨਾਇਟੇਡ ਨਾਂ ਦੇ ਟਵੀਟਰ ਹੈਂਡਲ ਤੋਂ ਕੀਤੇ ਗਏ ਟਵੀਟ ਮੁਤਾਬਕ, "ਜੱਜ ਹੀ ਹੁਣ ਦੇਸ ਦੇ ਚੀਫ਼ ਜਸਟਿਸ ਕੋਲੋਂ ਨਿਆਂ ਮੰਗ ਰਹੇ ਹਨ।

ਰੋਲਫ਼ ਗਾਂਧੀ ਨਾਂ 'ਤੇ ਟਵੀਟਰ ਹੈਂਡਲ ਨੇ ਟਵੀਟ ਕੀਤਾ, "ਇੱਕ ਹੋਰ ਚੀਜ਼ ਪਹਿਲੀ ਵਾਰ ਹੋ ਰਹੀ ਹੈ। ਨਰਿੰਦਰ ਮੋਦੀ ਦੇਸ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ, ਜਿਨ੍ਹਾਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਪ੍ਰੈੱਸ ਕਾਨਫਰੰਸ ਕਰਨ ਲਈ ਮਜਬੂਰ ਕਰ ਦਿੱਤਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)