You’re viewing a text-only version of this website that uses less data. View the main version of the website including all images and videos.
ਤਸਵੀਰਾਂ: ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨਾਲ ਸਬੰਧਤ ਇਤਿਹਾਸਕ ਸਥਾਨ
- ਲੇਖਕ, ਅਜੇ ਜਲੰਧਰੀ
- ਰੋਲ, ਬੀਬੀਸੀ ਪੰਜਾਬੀ ਲਈ
ਸਿੱਖ ਇਤਿਹਾਸ ਵਿੱਚ ਪੋਹ ਦਾ ਮਹੀਨਾ (ਦਸੰਬਰ ਅੱਧ ਤੋਂ ਸ਼ੁਰੂ) ਬੇਹੱਦ ਉਦਾਸੀਨਤਾ ਭਰਿਆ ਹੁੰਦਾ ਹੈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ, ਚਾਰੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ, ਇਸੇ ਮਹੀਨੇ ਹੀ ਇਹ ਸਭ ਦੁਖਾਂਤ ਵਾਪਰੇ ਸਨ।
ਫਤਹਿਗੜ੍ਹ ਸਾਹਿਬ ਦੇ ਇਸੇ ਠੰਡੇ ਬੁਰਜ 'ਚ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਕੈਦ ਕਰ ਦਿੱਤਾ ਗਿਆ।
ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੂੰ ਸਿੱਖਾਂ ਦਾ ਕਰਬਲਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਥਾਂ 'ਤੇ ਹੀ ਦੁਨੀਆਂ ਦਾ ਇਕ ਅਜੀਬ ਸਾਕਾ ਵਾਪਰਿਆ। ਇਕ ਪਾਸੇ ਮੁਗਲ ਹਕੂਮਤ ਤੇ ਦੂਜੇ ਪਾਸੇ 7 ਤੇ 9 ਸਾਲ ਦੀ ਉਮਰ ਦੇ ਛੋਟੇ-ਛੋਟੇ ਬੱਚੇ।
ਭੋਰਾ ਸਾਹਿਬ, ਇਹ ਉਹ ਇਤਿਹਾਸਕ ਅਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਦੀਵਾਰ ਵਿੱਚ ਚਿਣਵਾ ਦਿੱਤਾ ਗਿਆ ਸੀ।
ਗੁਰਦੁਆਰਾ ਬਿਬਾਨਗੜ੍ਹ ਸਾਹਿਬ, ਜਿੱਥੇ ਮਾਤਾ ਗੁਜਰੀ ਜੀ ਨੂੰ ਭਾਈ ਮੋਤੀ ਰਾਮ ਮਹਿਰਾ ਨੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਪੂਰੀ ਗਾਥਾ ਸੁਣਾਈ ਅਤੇ ਇਸੇ ਥਾਂ 'ਤੇ ਹੀ ਮਾਤਾ ਗੁਜਰੀ ਜੀ ਨੇ ਆਪਣੇ ਸਵਾਸ ਤਿਆਗੇ।
ਗੁਰਦੁਆਰਾ ਸ੍ਰੀ ਜੋਤੀ ਸਰੂਪ ਫਤਹਿਗੜ੍ਹ ਸਾਹਿਬ, ਜਿਸ ਨੂੰ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਵੀ ਕਿਹਾ ਜਾਂਦਾ ਹੈ। ਇੱਥੇ ਹੀ ਦੋਵਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਅੰਤਮ ਸਸਕਾਰ ਕੀਤਾ ਗਿਆ।
ਫਤਹਿਗੜ੍ਹ ਸਾਹਿਬ ਜੀ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨਾਲ ਸਬੰਧਤ ਕਈ ਇਤਿਹਾਸਕ ਗੁਰਧਾਮ ਬਣੇ ਹੋਏ ਹਨ। ਜਿੱਥੇ ਵੱਡੀ ਗਿਣਤੀ ਵਿੱਚ ਲੋਕ ਸਿਜਦਾ ਕਰਨ ਆਉਂਦੇ ਹਨ।
ਗੁਰਦੁਆਰਾ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ ਉਹ ਇਤਿਹਾਸਕ ਸਥਾਨ ਹੈ, ਜਿੱਥੇ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਮੁਗ਼ਲਾਂ ਨਾਲ ਲੜਦੇ ਹੋਏ ਜੰਗ-ਏ-ਮੈਦਾਨ ਵਿੱਚ ਸ਼ਹੀਦ ਹੋਏ ਸਨ।
ਇਸ ਦੇ ਨਾਲ ਹੀ ਪੰਜਾਂ ਪਿਆਰਿਆਂ ਵਿਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਵੀ ਸ਼ਹੀਦ ਹੋਏ ਸਨ। ਅੱਜ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਸਾਹਿਬ ਸੁਸ਼ੋਭਿਤ ਹਨ।
ਵੱਡੇ ਸਾਹਿਬਜ਼ਾਦਿਆਂ ਅਤੇ 27 ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਗੁਰੂ ਜੀ ਨੇ ਚਮਕੌਰ ਦੀ ਗੜ੍ਹੀ ਛੱਡ ਕੇ ਮਾਛੀਵਾੜੇ ਜਾਣ ਤੋਂ ਪਹਿਲਾਂ ਇਸੇ ਇਤਿਹਾਸਕ ਬੁਰਜ 'ਤੇ ਬਾਬਾ ਜੀਵਨ ਸਿੰਘ ਨੂੰ ਆਪਣੀ ਕਲਗੀ ਤੇ ਸ਼ਸਤਰ-ਬਸਤਰ ਸੌਂਪ ਕੇ ਬਿਠਾਇਆ ਸੀ।
ਗੁਰਦੁਆਰਾ ਚਮਕੌਰ ਸਾਹਿਬ ਵਿਖੇ ਇਸ ਪਵਿੱਤਰ ਖੂਹੀ ਤੋਂ ਗੁਰੂ ਗੋਬਿੰਦ ਸਿੰਘ ਜੀ ਅਤੇ ਵੱਡੇ ਸਾਹਿਬਜ਼ਾਦਿਆਂ ਨੇ ਜਲ ਛਕਿਆ ਸੀ।
ਇਹ ਵੀ ਪੜ੍ਹੋ:
ਸ਼ਹੀਦੀ ਸਾਕੇ ਦੀ ਯਾਦ ਵਿੱਚ ਹਰ ਸਾਲ ਗੁਰਦੁਆਰਾ ਗੁਰ ਸਾਗਰ ਤੋਂ ਇੱਕ ਮਹਾਨ ਸ਼ਹੀਦੀ ਨਗਰ ਕੀਰਤਨ ਚਮਕੌਰ ਸਾਹਿਬ ਤੋਂ ਫਤਹਿਗੜ੍ਹ ਸਾਹਿਬ ਤੱਕ ਸਜਾਇਆ ਜਾਂਦਾ ਹੈ।
ਨਗਰ ਕੀਰਤਨ ਦੌਰਾਨ ਲੰਗਰ ਦੀ ਸੇਵਾ ਕਰਦੇ ਹੋਏ ਗੁਰੂ ਘਰ ਦੇ ਸੇਵਾਦਾਰ।
ਗੁਰਦੁਆਰੇ ਵਿੱਚ ਜੋੜਿਆਂ ਦੀ ਸੇਵਾ ਕਰਦੇ ਹੋਏ ਇੱਕ ਬਜ਼ੁਰਗ।
ਗੁਰਦੁਆਰਾ ਕੋਤਵਾਲੀ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਦੇ ਪਿੰਡ ਸਹੇੜੀ ਤੋਂ ਗ੍ਰਿਫ਼ਤਾਰ ਕਰਕੇ ਥਾਣਾ ਕੋਤਵਾਲੀ ਮੋਰਿੰਡਾ ਵਿਖੇ ਕੈਦ ਕੀਤਾ ਗਿਆ ਸੀ।
ਇਹ ਉਹੀ ਇਤਿਹਾਸਕ ਸਥਾਨ ਹੈ ਜਿੱਥੇ ਬਿਰਧ ਮਾਤਾ ਆਪਣੇ ਛੋਟੇ ਪੋਤਿਆਂ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਨਾਲ ਕੈਦ ਵਿੱਚ ਰਹੇ ਸਨ। ਇਸ ਪੁਰਾਤਨ ਇਮਾਰਤ ਦੀ ਦਿੱਖ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ ਗਿਆ।
(ਇਹ ਫੋਟੋ ਫ਼ੀਚਰ ਮੂਲ ਰੂਪ ਵਿੱਚ 26 ਦਸੰਬਰ 2017 ਨੂੰ ਛਾਪਿਆ ਗਿਆ ਸੀ।)
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਵੇਖੋ