You’re viewing a text-only version of this website that uses less data. View the main version of the website including all images and videos.
ਰੱਦ ਹੋਈਆਂ ਫ਼ਤਿਹਗੜ੍ਹ ਸਾਹਿਬ ਦੀਆਂ ਸਿਆਸੀ ਕਾਨਫਰੰਸਾਂ
ਫ਼ਤਿਹਗੜ੍ਹ ਸਾਹਿਬ 'ਚ ਸ਼ਹੀਦੀ ਜੋੜ ਮੇਲ ਦੌਰਾਨ ਕਾਂਗਰਸ ਵੀ ਸਿਆਸੀ ਕਾਨਫਰੰਸ ਨਹੀਂ ਕਰੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਨਟ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ।
ਕੈਪਨਟ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ, ''ਅਸੀਂ ਫ਼ੈਸਲਾ ਕੀਤਾ ਹੈ ਕਿ ਫ਼ਤਿਹਗੜ੍ਹ ਸਾਹਿਬ ਵਿੱਚ ਸਿਆਸੀ ਕਾਨਫਰੰਸ ਨਹੀਂ ਕੀਤੀ ਜਾਵੇਗੀ। ਸਾਨੂੰ ਸਾਰਿਆਂ ਨੂੰ ਅਜਿਹੇ ਮੌਕੇ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ। ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਸਮਾਗਮ ਦੀ ਪਵਿੱਤਰਤਾ ਕਾਇਮ ਰੱਖੀ ਜਾਵੇ।''
ਪੰਜਾਬ ਵਿਧਾਨਸਭਾ 'ਚ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਆਮ ਆਦਮੀ ਪਾਰਟੀ ਨੇ ਸ਼ਹੀਦੀ ਜੋੜ ਮੇਲ ਦੌਰਾਨ ਸਿਆਸੀ ਕਾਨਫਰੰਸ ਨਾ ਕਰਨ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ।
ਆਮ ਆਦਮੀ ਪਾਰਟੀ ਆਗੂ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਆਪਣੇ ਫ਼ੇਸਬੁੱਕ ਅਕਾਊਂਟ ਉੱਤੇ ਇੱਕ ਸਟੇਟਸ ਵਿੱਚ ਇਸਦੀ ਜਾਣਕਾਰੀ ਦਿੱਤੀ।
ਸ੍ਰੀ ਚਮਕੌਰ ਸਾਹਿਬ ਤੇ ਫ਼ਤਿਹਗੜ੍ਹ ਸਾਹਿਬ ਵਿੱਚ ਕਾਂਗਰਸ, ਸ੍ਰੋਮਣੀ ਅਕਾਲੀ ਦਲ ਤੇ ਹੋਰ ਧਿਰਾਂ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾਂਦੀਆਂ ਰਹੀਆਂ ਹਨ।
ਕਾਫ਼ੀ ਸਮੇਂ ਤੋਂ ਇਹ ਮੰਗ ਉੱਠਦੀ ਰਹੀ ਹੈ ਕਿ ਅਜਿਹੇ ਮੌਕਿਆਂ 'ਤੇ ਪਾਰਟੀਆਂ ਇੱਕ ਦੂਜੇ 'ਤੇ ਸਿਆਸੀ ਦੂਸ਼ਣਬਾਜ਼ੀ ਕਰਦੀਆਂ ਹਨ ਇਸ ਲਈ ਅਜਿਹੇ ਸਿਆਸੀ ਸਮਾਗਮ ਨਹੀਂ ਹੋਣੇ ਚਾਹੀਦੇ।
ਸਿਆਸੀ ਕਾਨਫਰੰਸਾ ਦੇ ਮੁੱਦੇ 'ਤੇ ਫ਼ਤਿਹਗੜ੍ਹ ਸਾਹਿਬ 'ਚ ਸਿਆਸੀ ਤੇ ਧਾਰਮਿਕ ਆਗੂਆਂ ਨਾਲ ਰਣਜੋਧ ਸਿੰਘ ਨੇ ਗੱਲਬਾਤ ਕੀਤੀ।
ਸਿਆਸੀ ਕਾਨਫਰੰਸਾਂ ਦੇ ਵਿਰੋਧ ਵਿੱਚ ਸਤਿਕਾਰ ਕਮੇਟੀ ਧਰਨੇ 'ਤੇ ਬੈਠੀ ਸੀ।
ਫ਼ਤਿਹਗੜ੍ਹ ਸਾਹਿਬ 'ਚ ਰਣਜੋਧ ਸਿੰਘ ਨੂੰ ਸਤਿਕਾਰ ਕਮੇਟੀ ਦੇ ਵਿਸਾਖਾ ਸਿੰਘ ਨੇ ਕਿਹਾ, "ਕਾਨਫਰੰਸਾਂ ਦੌਰਾਨ ਇੱਕ-ਦੂਜੇ ਖ਼ਿਲਾਫ਼ ਕੀਤੀ ਜਾਂਦੀ ਦੂਸ਼ਣਬਾਜੀ ਸ਼ਹੀਦਾਂ ਦਾ ਅਪਮਾਨ ਹੈ। ਕਾਨਫਰੰਸਾਂ 'ਚ ਆਉਣ ਵਾਲੇ ਸਿਆਸੀ ਆਗੂਆਂ ਦੇ ਵੀਆਈਪੀ ਹੂਟਰ ਮਾਰਦੀਆਂ ਗੱਡੀਆਂ ਸੰਗਤ ਲਈ ਪਰੇਸ਼ਾਨੀ ਦਾ ਸਬੱਬ ਬਣਦੀਆਂ ਹਨ।"
ਪੰਜਾਬ ਵਿਧਾਨਸਭਾ ਦੇ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਨੇ ਪ੍ਰਸਾਸ਼ਨ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ, "ਸਿਆਸੀ ਪਾਰਟੀਆਂ ਸ਼ਹੀਦੀ ਜੋੜ ਮੇਲ 'ਤੇ ਸਿਆਸੀ ਕਾਨਫਰੰਸਾਂ ਕਰਕੇ ਇੱਕ-ਦੂਜੇ 'ਤੇ ਚਿੱਕੜ ਉਛਾਲਦੀਆਂ ਹਨ, ਜੋ ਕਿ ਸ਼ਹੀਦਾਂ ਦਾ ਅਪਮਾਨ ਹੈ।"
ਉਨ੍ਹਾਂ ਰਣਜੋਧ ਸਿੰਘ ਨਾਲ ਗੱਲਬਾਤ ਦੌਰਾਨ ਅੱਗੇ ਕਿਹਾ ਕਿ ਜੇਕਰ ਗਾਂਧੀ ਜਯੰਤੀ 'ਤੇ ਪੂਰੇ ਦੇਸ 'ਚ ਸ਼ਰਾਬ ਦੇ ਠੇਕੇ ਬੰਦ ਹੋ ਸਕਦੇ ਹਨ ਤਾਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸ਼ਰਾਬ ਦੇ ਠੇਕੇ ਤਿੰਨ ਦਿਨ ਲਈ ਕਿਉਂ ਬੰਦ ਨਹੀਂ ਹੋ ਸਕਦੇ। ਕਿਸੇ ਵੀ ਕੀਮਤ 'ਤੇ ਸਿਆਸੀ ਕਾਨਫਰੰਸ ਨਹੀਂ ਹੋਣ ਦੇਵਾਂਗੇ।
ਸ਼੍ਰੋਮਣੀ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਸਿਆਸੀ ਕਾਨਫਰੰਸਾਂ ਦੀ ਵਕਾਲਤ ਕਰਦੇ ਹੋਏ ਕਹਿੰਦੇ ਹਨ, "ਕਾਨਫਰੰਸਾਂ ਹੋਣੀਆਂ ਚਾਹੀਦੀਆਂ ਹਨ। ਸਤਿਕਾਰ ਕਮੇਟੀ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹਾਂ, ਪਰ ਸਤਿਕਾਰ ਕਮੇਟੀ ਨੂੰ ਕਾਨਫਰੰਸਾਂ ਬੰਦ ਕਰਵਾਉਣ ਦੀ ਥਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਕਾਨਫਰੰਸਾਂ ਦੀ ਮਰਿਆਦਾ ਤੈਅ ਕਰਵਾਉਣੀ ਚਾਹੀਦੀ ਹੈ।"
ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਤੇ ਕਥਾ ਵਾਚਕ ਭਾਈ ਹਰਪਾਲ ਸਿੰਘ ਦਾ ਕਹਿਣਾ ਹੈ, "ਸ਼ਹੀਦੀ ਸਭਾ ਦੌਰਾਨ ਕਿਸੇ ਦੇ ਆਉਣ 'ਤੇ ਪਾਬੰਦੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸੰਬੋਧਨ ਕਰਨ ਵਾਲੀ ਭਾਵਨਾ ਸ਼ੁੱਧ ਤੇ ਚੰਗੀ ਹੋਣ ਦੇ ਨਾਲ ਬੋਲੀ ਵੀ ਸ਼ੁੱਧ ਹੋਣੀ ਚਾਹੀਦੀ ਹੈ।"