You’re viewing a text-only version of this website that uses less data. View the main version of the website including all images and videos.
#BBCInnovators: ਉਹ ਯੰਤਰ, ਜਿਸਨੇ ਕੈਂਸਰ ਮਰੀਜ਼ਾਂ ਨੂੰ ਮੁੜ ਬੋਲਣਾ ਸਿਖਾਇਆ
- ਲੇਖਕ, ਕੈਰੋਲਿਨ ਰਾਇਸ
- ਰੋਲ, ਬੀਬੀਸੀ ਇਨੋਵੇਟਰਸ
ਡਾਕਟਰ ਵਿਸ਼ਾਲ ਰਾਓ ਨੇ ਭਾਰਤ ਵਿੱਚ ਗਲੇ ਦੇ ਕੈਂਸਰ ਦੇ ਮਰੀਜ਼ਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਮੁਲਕ ਵਿੱਚ ਹਰ ਸਾਲ ਇਸ ਕੈਂਸਰ ਦੇ ਲਗਭਗ ਤੀਹ ਹਜ਼ਾਰ ਮਾਮਲੇ ਸਾਹਮਣੇ ਆਉਂਦੇ ਹਨ।
ਬੀਮਾਰੀ ਦੇ ਆਖਰੀ ਪੜਾਅ ਵਿੱਚ ਪਹੁੰਚੇ ਮਰੀਜ਼ਾਂ ਦਾ ਆਵਾਜ਼ ਵਾਲਾ ਅੰਗ ਕੱਢਣ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਸਦੇ ਬਿਨਾਂ ਹੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਹੈ।
ਆਵਾਜ਼ ਦਾ ਨਕਲੀ ਅੰਗ ਲਵਾਉਣ ਦੀ ਕੀਮਤ ਇੱਕ ਹਜ਼ਾਰ ਡਾਲਰ ਤੱਕ ਹੋ ਸਕਦੀ ਹੈ। ਕਈ ਮਰੀਜ਼ ਐਲਾ ਖ਼ਰਚਾ ਨਹੀਂ ਚੁੱਕ ਸਕਦੇ।
ਬੰਗਲੁਰੂ ਦੇ ਹੈਲਥ ਕੇਅਰ ਗਲੋਬਲ ਦੇ ਕੈਂਸਰ ਸਰਜਨ ਡਾਕਟਰ ਰਾਓ ਦੱਸਦੇ ਹਨ, "ਵਧੇਰੇ ਸਿਹਤ ਸੇਵਾਵਾਂ ਗ਼ੈਰ ਸਰਕਾਰੀ ਅਤੇ ਮਹਿੰਗੀਆਂ ਹਨ। ਮੈਂ ਮਹਿਸੂਸ ਕੀਤਾ ਕਿ ਮਰੀਜ਼ਾਂ ਦੀ ਆਵਾਜ਼ ਵਾਪਸ ਲਿਆਉਣਾ ਅਹਿਮ ਅਤੇ ਫੌਰੀ ਕਾਰਜ ਹੈ। ਆਵਾਜ਼ ਮਨੁੱਖ ਦੀ ਸਹੂਲਤ ਨਹੀਂ ਸਗੋਂ ਹੱਕ ਹੈ।
ਬੇਕਾਰ ਹੋਣ ਦਾ ਅਹਿਸਾਸ
ਨਰਾਇਣ ਸਵਾਮੀ ਦੀ ਆਵਾਜ਼ ਕੈਂਸਰ ਨਾਲ ਚਲੀ ਗਈ। ਆਵਾਜ਼ ਜਾਣ ਨਾਲ ਉਨ੍ਹਾਂ ਦੀ ਜ਼ਿੰਦਗੀ 'ਤੇ ਵੱਡਾ ਅਸਰ ਹੋਇਆ।
ਉਹ ਕਹਿੰਦੇ ਹਨ, "ਮੈਂ ਅਪਣੀ ਕੰਪਨੀ ਵਿੱਚ ਜਥੇਬੰਦੀ ਦਾ ਆਗੂ ਸੀ। ਆਵਾਜ਼ ਤੋਂ ਬਿਨ੍ਹਾਂ ਮੈਂ ਉਨ੍ਹਾਂ ਲਈ ਬੇਕਾਰ ਸੀ।
"ਆਵਾਜ਼ ਗੁਆਉਣਾ ਜ਼ਿੰਦਗੀ ਗੁਆਉਣ ਬਰਾਬਰ ਹੈ। ਮੈਂ ਖ਼ੁਦਕੁਸ਼ੀ ਕਰਨੀ ਚਾਹੁੰਦਾ ਸੀ। ਮੈਂ ਜ਼ਿੰਦਗੀ ਨੂੰ ਜਿਊਂਣ ਤੋਂ ਸੱਖਣਾ ਹੋ ਗਿਆ ਸੀ।''
ਸਵਾਮੀ ਵਰਗੇ ਮਰੀਜ਼ਾਂ ਨੂੰ ਮਿਲਣ ਤੋਂ ਬਾਅਦ ਡਾਕਟਰ ਰਾਓ ਨੇ ਉਨ੍ਹਾਂ ਲਈ ਕੁਝ ਕਰਨ ਬਾਰੇ ਸੋਚਿਆ।
ਉਨ੍ਹਾਂ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਸਸਤੇ ਭਾਅ ਦਾ ਆਵਾਜ਼ ਯੰਤਰ ਬਣਾਉਣ ਦੀ ਸਲਾਹ ਦਿੱਤੀ। ਇਸ ਸਲਾਹ ਨੇ ਉਨ੍ਹਾਂ ਨੂੰ ਨਵਾਂ ਰਸਤਾ ਦਿਖਾਇਆ। ਡਾਕਟਰ ਰਾਓ ਨੇ ਅਪਣੇ ਸਨਅਤੀ ਇੰਜੀਨੀਅਰ ਦੋਸਤ ਸ਼ਸ਼ਾਂਕ ਮਹੇਸ ਨਾਲ ਮਿਲ ਕੇ ਖੋਜ ਸ਼ੁਰੂ ਕਰ ਦਿੱਤੀ।
ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲਾ ਯੰਤਰ
ਦੋ ਸਾਲ ਬਾਅਦ ਇੱਕ ਡਾਲਰ ਕੀਮਤ ਦਾ ਉਮ ਆਵਾਜ਼ ਯੰਤਰ ਸਾਹਮਣੇ ਆ ਗਿਆ। ਇੱਕ ਸੈਂਟੀਮੀਟਰ ਲੰਬਾਈ ਦਾ ਛੋਟਾ ਜਿਹਾ ਯੰਤਰ ਉਨ੍ਹਾਂ ਮਰੀਜ਼ਾਂ ਦੇ ਗਲੇ ਵਿੱਚ ਪਾਇਆ ਗਿਆ ਜਿਨ੍ਹਾਂ ਦੀ ਆਵਾਜ਼ ਵਾਲਾ ਅੰਗ ਬਾਹਰ ਕੱਢ ਦਿੱਤਾ ਗਿਆ ਸੀ।
ਇਸ ਯੰਤਰ ਨੇ ਨਾਲਿਨੀ ਸੱਤਿਆਨਰਾਇਣ ਵਰਗੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦਿੱਤੀ।
ਹੁਣ ਉਹ ਬੋਲ ਸਕਦੀ ਹੈ। ਉਹ ਗਲੇ ਦੀ ਸਰਜਰੀ ਦੇ ਮਰੀਜ਼ਾਂ ਦੀ ਮਦਦ ਕਰਦੀ ਹੈ ਅਤੇ ਵੱਡਮੁੱਲੀਆਂ ਸਲਾਹਾਂ ਦਿੰਦੀ ਹੈ।
ਉਹ ਦੱਸਦੀ ਹੈ, "ਮੈਂ ਜ਼ਿੰਦਗੀ ਨੂੰ ਮੁੜ ਜਿਉਣਾ ਅਤੇ ਮਾਨਣਾ ਸ਼ੁਰੂ ਕੀਤਾ ਹੈ। ਮੈਂ ਕੈਂਸਰ ਤੋਂ ਉੱਭਰ ਕੇ ਜ਼ਿੰਦਗੀ ਅਤੇ ਖੁਸ਼ਹਾਲੀ ਦੀ ਮਿਸਾਲ ਹਾਂ।
ਡਾਕਟਰ ਵਿਸ਼ਾਲ ਰਾਓ ਦੱਸਦੇ ਹਨ, "ਬੀਮਾਰੀ ਦੇ ਚੌਥੇ ਪੜਾਅ ਉੱਤੇ ਗਲੇ ਦੇ ਕੈਂਸਰ ਦੇ ਮਰੀਜ਼ ਆਵਾਜ਼ ਗੁਆਉਣੀ ਸ਼ੁਰੂ ਕਰ ਦਿੰਦੇ ਹਨ। ਇਸ ਸਮੇਂ ਤੱਕ ਆਵਾਜ਼ ਵਾਲਾ ਅੰਗ ਪੂਰੀ ਤਰ੍ਹਾਂ ਨਕਾਰਾ ਹੋ ਜਾਂਦਾ ਹੈ।"
ਇਸ ਤਰ੍ਹਾਂ ਦੇ ਮਰੀਜ਼ ਦੋਬਾਰਾ ਬੋਲਣ ਯੋਗ ਹੋ ਸਕਦੇ ਹਨ ਜੇ ਸਾਹ ਨਾਲੀ ਨੂੰ ਭੋਜਨ ਨਲੀ ਨਾਲ ਜੋੜ ਦਿੱਤਾ ਜਾਵੇ। ਫੇਫੜਿਆਂ ਤੋਂ ਆਈ ਹਵਾ ਨਾਲ ਭੋਜਨ ਨਲੀ ਵਿੱਚ ਥਰਥਰਾਹਟ ਪੈਦਾ ਹੁੰਦੀ ਹੈ। ਦਿਮਾਗ ਭੋਜਨ ਨਾਲੀ ਨੂੰ ਦੋਬਾਰਾ ਚਲਣਾ ਸਿਖਾ ਦਿੰਦਾ ਹੈ ਅਤੇ ਮਰੀਜ਼ ਬੋਲਣ ਲਗਦਾ ਹੈ।
ਉਮ ਆਵਾਜ਼ ਯੰਤਰ ਦੀ ਖੋਜ ਕਰਨ ਵਾਲਿਆਂ ਨੇ ਅਪਣੇ ਸਮਾਂ ਅਤੇ ਹੁਨਰ ਦੀ ਕੋਈ ਕੀਮਤ ਨਹੀਂ ਲਗਾਈ। ਇਸ ਕਰਕੇ ਯੰਤਰ ਦੀ ਕੀਮਤ ਘੱਟ ਸੰਭਵ ਹੋ ਸਕੀ।
ਡਾਕਟਰ ਰਾਓ ਦਾ ਮੰਨਣਾ ਹੈ ਕਿ ਯੰਤਰ ਬਣਾਉਣ ਵਾਲੇ ਦਲ ਦਾ ਉਦੇਸ਼ ਸਮਾਜ ਵਿੱਚ ਤਬਦੀਲੀ ਲਿਆਉਣਾ ਸੀ। ਉਹ ਸਸਤੀਆਂ ਸਿਹਤ ਸੇਵਾਵਾਂ ਨੂੰ ਆਮ ਮਰੀਜ਼ਾਂ ਤੱਕ ਪੁਚਾਉਣਾ ਚਾਹੁੰਦੇ ਸਨ।
ਯੰਤਰ ਭਾਰਤ ਵਿਚ ਬਣਿਆ
ਇਹ ਯੰਤਰ ਭਾਰਤ ਵਿਚ ਬਣਿਆ ਹੈ। ਦੂਜੇ ਆਵਾਜ਼ ਯੰਤਰ ਬਾਹਰਲੇ ਮੁਲਕਾਂ ਤੋਂ ਆਉਣ ਕਰਕੇ ਮਹਿੰਗੇ ਹੁੰਦੇ ਹਨ।
ਏਮਸ ਵਿੱਚ ਸਿਰ ਅਤੇ ਗਰਦਨ ਦੀ ਸਰਜਰੀ ਦੇ ਮਾਹਰ ਡਾਕਟਰ ਅਲੋਕ ਠਾਕਰ ਦਾ ਯਕੀਨ ਹੈ ਕਿ ਉਮ ਆਵਾਜ਼ ਯੰਤਰ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਵਿੱਚ ਸਹਾਈ ਸਾਬਤ ਹੋ ਸਕਦਾ ਹੈ।
ਉਹਨਾਂ ਦਾ ਕਹਿਣਾ ਹੈ, "ਇਹ ਸਾਦਾ ਜਿਹਾ ਯੰਤਰ ਹੈ। ਇਹ ਮਰੀਜ਼ਾਂ ਨੂੰ ਰੁਜ਼ਗਾਰ ਅਤੇ ਬਿਹਤਰ ਜ਼ਿੰਦਗੀ ਵੱਲ ਵਾਪਸ ਲਿਜਾਣ ਦੀ ਕੁੰਜੀ ਹੈ।"
ਉਹ ਖ਼ਦਸ਼ਾ ਜ਼ਾਹਰ ਕਰਦੇ ਹਨ ਕਿ ਡਾਕਟਰ ਰਾਓ ਅਤੇ ਉਨ੍ਹਾਂ ਦੇ ਸਾਥੀਆਂ ਸਾਹਮਣੇ ਇਸ ਯੰਤਰ ਨੂੰ ਵੱਡੇ ਪੱਧਰ ਉੱਤੇ ਮੁਹੱਈਆ ਕਰਵਾਉਣ ਦੀ ਚੁਣੌਤੀ ਰਹੇਗੀ।
ਉਹ ਕਹਿੰਦੇ ਹਨ ਕਿ ਪਹਿਲਾਂ ਵੀ ਇੱਕ ਮੁਹਿੰਮ ਇਸ ਕਰਕੇ ਜ਼ਿਆਦਾ ਨਹੀਂ ਚੱਲ ਸਕੀ ਕਿਉਂਕਿ ਉਹ ਲੋੜੀਂਦੀ ਗਿਣਤੀ ਵਿੱਚ ਯੰਤਰ ਮੁਹੱਈਆ ਨਹੀਂ ਕਰਵਾ ਸਕੇ।
ਡਾਕਟਰ ਰਾਓ ਸਿਹਤ ਸੇਵਾਵਾਂ ਦੇ ਖੇਤਰੀ ਕੈਂਸਰ ਕੇਂਦਰਾਂ ਵਿੱਚ ਅਪਣੀ ਖੋਜ ਨੂੰ ਪਹੁੰਚਾਉਣ ਦੀ ਮੁਹਿੰਮ ਉੱਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਗਲੇ ਦੇ ਕੈਂਸਰ ਨਾਲ ਪੀੜਤ ਸਾਰੇ ਮਰੀਜ਼ਾਂ ਤੱਕ ਅਪਣਾ ਯੰਤਰ ਪਹੁੰਚਾਉਣ ਦਾ ਬੀੜਾ ਚੁੱਕਿਆ ਹੋਇਆ ਹੈ।