You’re viewing a text-only version of this website that uses less data. View the main version of the website including all images and videos.
ਸੋਸ਼ਲ꞉ ਜ਼ਾਇਰਾ ਵਸੀਮ ਮਾਮਲੇ 'ਤੇ ਕੀ ਬੋਲੇ ਦਿੱਗਜ?
ਦੰਗਲ ਤੇ ਸੀਕ੍ਰੇਟ ਸੁਪਰਸਟਾਰ ਵਰਗੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਜ਼ਾਇਰਾ ਵਸੀਮ ਵੱਲੋਂ ਫਲਾਈਟ ਦੌਰਾਨ ਇੱਕ ਸ਼ਖਸ ਵੱਲੋਂ ਛੇੜਖਾਨੀ ਦੇ ਇਲਜ਼ਾਮਾਂ ਦਾ ਕੌਮੀ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ।
ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਅਤੇ ਹੋਰ ਅਹਿਮ ਸ਼ਖਸ਼ੀਅਤਾਂ ਦੇ ਜ਼ਾਇਰਾ ਵਸੀਮ ਦੇ ਪੱਖ ਵਿੱਚ ਬੋਲਣ ਮਗਰੋਂ ਕਈ ਹੋਰ ਸੈਲੀਬ੍ਰਿਟੀਜ਼ ਵੀ ਇਸ ਮਸਲੇ ਵਿੱਚ ਇਸ ਅਦਾਕਾਰਾ ਨਾਲ ਖੜ੍ਹੇ ਹੋ ਰਹੇ ਹਨ।
ਪਹਿਲਵਾਨ ਬਬੀਤਾ ਫ਼ੋਗਟ ਅਤੇ ਉਨ੍ਹਾਂ ਦੀ ਭੈਣ ਗੀਤਾ ਫ਼ੋਗਟ ਨੇ ਵੀ ਵੱਖੋ-ਵੱਖ ਟਵੀਟ ਕਰਕੇ ਜ਼ਾਇਰਾ ਵਸੀਮ ਨੂੰ ਸਾਬਤ ਕਦਮ ਬਣੇ ਰਹਿਣ ਲਈ ਕਿਹਾ ਹੈ।
ਗੀਤਾ ਫ਼ੋਗਟ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ,"ਜ਼ਾਇਰਾ ਵਸੀਮ ਨਾਲ ਜੋ ਕੁੱਝ ਵੀ ਹੋਇਆ ਉਹ ਬੇਹੱਦ ਸ਼ਰਮਨਾਕ ਹੈ ਪਰ ਜੇ ਮੈਂ ਉਨ੍ਹਾਂ ਦੀ ਥਾਂ ਹੁੰਦੀ ਤਾਂ ਰੋਣਾ ਉਸਨੂੰ ਪੈਂਦਾ ਜਿਸਨੇ ਅਜਿਹੀ ਹਰਕਤ ਕੀਤੀ ਹੈ!!"
ਜ਼ਿਕਰਯੋਗ ਹੈ ਕਿ ਦੰਗਲ ਫ਼ਿਲਮ ਵਿੱਚ ਜ਼ਾਇਰਾ ਵਸੀਮ ਨੇ ਗੀਤਾ ਫ਼ੋਗਟ ਦੇ ਹੀ ਬਚਪਨ ਦਾ ਕਿਰਦਾਰ ਨਿਭਾਇਆ ਸੀ।
ਗੀਤਾ ਦੀ ਭੈਣ ਬਬੀਤਾ ਫ਼ੋਗਟ ਨੇ ਇੱਕ ਵੀਡੀਓ ਟਵੀਟ ਰਾਹੀਂ ਸਾਰੀਆਂ ਹੀ ਕੁੜੀਆਂ ਨੂੰ ਛੇੜਖਾਨੀ ਕਰਨ ਵਾਲਿਆਂ ਨੂੰ ਸਾਹਮਣੇ ਲਿਆਉਣ ਅਤੇ ਮਜ਼ਬੂਤ ਤੇ ਹੁਸ਼ਿਆਰ ਹੋਣ ਲਈ ਕਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਲੋਕਾਂ ਨੂੰ ਜਵਾਬ ਦਿਓ। ਉਨ੍ਹਾਂ ਜ਼ਾਇਰਾ ਨੂੰ ਵੀ ਕਿਹਾ ਕਿ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਹੈ।
ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਨੇ ਵੀ ਇਸ ਬਾਰੇ ਰੋਸ ਜਾਹਰ ਕੀਤਾ ਹੈ। ਉਨ੍ਹਾਂ ਲਿਖਿਆ, "ਔਰਤਾਂ ਦੇ ਸ਼ੋਸ਼ਣ/ ਜੁਰਮਾਂ ਨਾਲ ਜਲਦੀ ਤੇ ਸਖ਼ਤੀ ਨਾਲ ਨਿਰਟਣਾ ਚਾਹੀਦਾ ਹੈ। ਦੋ ਕੁੜੀਆਂ ਦੀ ਮਾਂ ਹੋਣ ਵਜੋਂ ਜ਼ਾਇਰਾ ਵਸੀਮ ਨਾਲ ਜੋ ਹੋਇਆ ਉਸ ਨਾਲ ਮੈਂ ਡਰ ਗਈ ਹਾਂ। ਉਮੀਦ ਹੈ ਇਸ ਨਾਲ ਜੁੜੀਆਂ ਅਥਾਰਟੀਆਂ ਸਖ਼ਤ ਕਦਮ ਚੁੱਕਣਗੀਆਂ।"
ਸੂਬੇ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਬਾਰੇ ਟਵੀਟ ਕਰਦਿਆਂ ਕਿਹਾ,"ਏਅਰ ਵਿਸਤਾਰਾ ਨੂੰ ਉਸ ਬੰਦੇ ਦੀ ਪਛਾਣ ਕਰਕੇ ਪੁਲਿਸ ਨੂੰ ਦੱਸਣਾ ਚਾਹੀਦਾ ਹੈ ਤੇ ਕਨੂੰਨੀ ਕਾਰਵਾਈ ਲਈ ਮਾਮਲਾ ਦਰਜ ਕਰਾਉਣਾ ਚਾਹੀਦਾ ਹੈ।"
ਇਸ ਮਸਲੇ 'ਤੇ ਟਵੀਟ ਕਰਦਿਆਂ ਆਮ ਆਦਮੀ ਪਾਰਟੀ ਆਗੂ ਤੇ ਕਵੀ ਕੁਮਾਰ ਵਿਸ਼ਵਾਸ ਨੇ ਲਿਖਿਆ,"ਆਪਣੇ ਹੁਨਰ ਨਾਲ ਪਹਿਚਾਣ ਬਣਾਉਣ ਵਾਲੀ ਬੱਚੀ ਏਅਰ ਵਿਸਤਾਰਾ ਵਿੱਚ ਆਪਣੇ ਨਾਲ ਹੋਈ ਛੇੜਖਾਨੀ ਰੋਂਦਿਆਂ ਹੋਇਆਂ ਦਸਦੀ ਹੈ ਤਾਂ ਧਾਰਮਿਕ ਨਫ਼ਰਤ ਨਾਲ ਭਰੀਆਂ ਔਰਤਾਂ ਉਸਦੇ ਦੁੱਖ ਦਾ ਇਲਾਜ ਕਰਨ ਦੀ ਥਾਂ ਇਸ ਨੂੰ ਵੀ ਉਸ ਬੱਚੀ ਦਾ ਮਸ਼ਹੂਰ ਹੋਣ ਲਈ ਕੀਤਾ ਕੰਮ ਦੱਸ ਰਹੀਆਂ ਹਨ? ਸਿਰਫ ਜ਼ਾਇਰਾ ਨਾਮ ਕਰਕੇ ? ਅਸੀਂ ਸ਼ਾਇਦ ਜ਼ਿਆਦਾ ਹੀ ਬੀਮਾਰ ਹੋ ਰਹੇ ਹਾਂ।"
ਇੱਕ ਹੋਰ ਟਵਿਟਰ ਵਰਤੋਂਕਾਰ ਪ੍ਰਸੂਨ ਸ਼੍ਰੀਵਾਸਤਵ ਨੇ ਕੁੱਝ ਤਸਵੀਰਾਂ ਟਵੀਟ ਕਰਦਿਆਂ ਕਿਹਾ ਕਿ, "ਇਹ ਮਸਲਾ ਛੇੜਖਾਨੀ ਦਾ ਨਹੀਂ ਬਲਕਿ ਤਹਿਜ਼ੀਬ ਦਾ ਹੈ, ਕਿਸੇ ਬਾਰੇ ਐਨੀ ਛੇਤੀ ਰਾਇ ਨਹੀਂ ਬਣਾਉਣੀ ਚਾਹੀਦੀ।"
ਅਦਾਕਾਰਾ ਸਵਰਾ ਭਾਸਕਰ ਨੇ ਵੀ ਇਸ ਬਾਰੇ ਟਵੀਟ ਕੀਤਾ ਤੇ ਲਿਖਿਆ, "ਬੇਹੱਦ ਸ਼ਰਮਨਾਕ ਤੇ ਨਾ ਕਾਬਲੇ ਬਰਦਾਸ਼ਤ। ਹੁਣ ਅਸੀਂ ਅਜਿਹੀ ਹਾਲਤ ਵਿੱਚ ਪਹੁੰਚ ਗਏ ਹਾਂ ਜਿੱਥੇ ਇੱਕ 17 ਸਾਲਾਂ ਦੀ ਬੱਚੀ ਨੂੰ ਦੱਸਣਾ ਪੈ ਰਿਹਾ ਹੈ ਕਿ ਕੀ ਠੀਕ ਹੈ ਤੇ ਕੀ ਗਲਤ। ਤੁਹਾਡੇ ਆਸ ਪਾਸ ਦੇ ਲੋਕ ਤੁਹਾਡਾ ਮਨੋਬਲ ਡੇਗਣ ਦੀ ਕੋਸ਼ਿਸ਼ ਕਰਨਗੇ ਪਰ ਤੁਹਾਨੂੰ ਲੜਦਿਆਂ ਰਹਿਣਾ ਪਵੇਗਾ। ਕਈ ਲੋਕ ਤੁਹਾਡੇ ਨਾਲ ਹਨ।"
ਏਅਰ ਵਿਸਤਾਰਾ ਨੇ ਕੀ ਕਿਹਾ ਹੈ?
ਇਸ ਮਸਲੇ 'ਤੇ ਏਅਰ ਵਿਸਤਾਰਾ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ, "ਅਸੀਂ ਪਿਛਲੀ ਰਾਤ ਦਿੱਲੀ ਤੋਂ ਮੁੰਬਈ ਦੀ ਆਪਣੀ ਉਡਾਣ ਵਿੱਚ ਜ਼ਾਇਰਾ ਵਸੀਮ ਦੇ ਕਿਸੇ ਹੋਰ ਸਹਿ ਯਾਤਰੂ ਨਾਲ ਮਾੜੇ ਤਜ਼ਰਬੇ ਤੋਂ ਜਾਣੂੰ ਹਾਂ। ਅਸੀਂ ਮਸਲੇ ਦੀ ਵਿਸਥਰਿਤ ਜਾਂਚ ਕਰ ਰਹੇ ਹਾਂ ਜਿਸ ਵਿੱਚ ਸਾਫ਼ ਤੌਰ 'ਤੇ ਕੋਈ ਪੁਰਸ਼ ਯਾਤਰੀ ਸ਼ਾਮਲ ਹੈ। ਅਸੀਂ ਉਡਾਣ ਦੇ ਸਾਡੇ ਕਰਿਊ ਨਾਲ ਵੀ ਗੱਲ ਕਰ ਰਹੇ ਹਾਂ ਤੇ ਹੋਰ ਯਾਤਰੀਆਂ ਤੱਕ ਵੀ ਪਹੁੰਚ ਕਰ ਰਹੇ ਹਾਂ। ਜੇ ਮੈਡਮ ਵਸੀਮ ਮਸਲਾ ਪੁਲਿਸ ਕੋਲ ਲਿਜਾਣਾ ਚਾਹੁੰਦੇ ਹਨ ਅਸੀਂ ਉਸ ਵਿੱਚ ਵੀ ਸਹਾਇਤਾ ਕਰਾਂਗੇ। ਜਾਪਦਾ ਹੈ ਕਿ ਕਰਿਊ ਇਸ ਤੋਂ ਜਹਾਜ ਦੇ ਉੱਤਰਦੇ ਵਖ਼ਤ ਹੀ ਵਾਕਫ਼ ਹੋਇਆ। ਬਾਕੀ ਗੱਲਾਂ ਅਗਲੀ ਤਫ਼ਤੀਸ਼ ਤੋਂ ਸਾਹਮਣੇ ਆਉਣਗੀਆਂ ਜੋ ਕਿ ਜੋਰਾਂ ਨਾਲ ਚੱਲ ਰਹੀ ਹੈ।
ਜੋ ਕੁੱਝ ਮੈਡਮ ਵਸੀਮ ਨੂੰ ਅਨੁਭਵ ਕਰਨਾ ਪਿਆ ਅਸੀਂ ਉਸ ਲਈ ਮੁਆਫ਼ੀ ਚਾਹੁੰਦੇ ਹਾਂ ਤੇ ਅਸੀਂ ਅਜਿਹਾ ਵਿਹਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ।"
ਕੀ ਕਿਹਾ ਸੀ ਜ਼ਾਇਰਾ ਵਸੀਮ ਨੇ?
ਅਦਾਕਾਰਾ ਜ਼ਾਇਰਾ ਵਸੀਮ ਨੇ ਸ਼ੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ 'ਤੇ ਵੀਡੀਓ ਅਪਲੋਡ ਕਰ ਇਲਜ਼ਾਮ ਲਾਇਆ ਸੀ ਕਿ ਫਲਾਈਟ ਵਿੱਚ ਉਨ੍ਹਾਂ ਦੇ ਪਿੱਛੇ ਬੈਠੇ ਇੱਕ ਸ਼ਖਸ ਵੱਲੋਂ ਛੇੜਖਾਨੀ ਦੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਕਿਹਾ ਕਿ ਫਲਾਈਟ ਵਿੱਚ ਹਲਕੀ ਰੋਸ਼ਨੀ ਸੀ ਅਤੇ ਉਸ ਵੇਲੇ ਉਸ ਯਾਤਰੀ ਵੱਲੋਂ ਅਜਿਹੀਆਂ ਹਰਕਤਾਂ ਕੀਤੀਆਂ ਗਈਆਂ।