You’re viewing a text-only version of this website that uses less data. View the main version of the website including all images and videos.
ਸੋਸ਼ਲ: ਕਿਵੇਂ ਭਖਿਆ ਜ਼ਾਇਰਾ ਵਸੀਮ ਦੀ ਛੇੜਖਾਨੀ ਦਾ ਮੁੱਦਾ
ਦੰਗਲ ਤੇ ਸੀਕ੍ਰੇਟ ਸੁਪਰਸਟਾਰ ਵਰਗੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਜ਼ਾਇਰਾ ਵਸੀਮ ਵੱਲੋਂ ਫਲਾਈਟ ਦੌਰਾਨ ਇੱਕ ਸ਼ਖਸ ਵੱਲੋਂ ਛੇੜਖਾਨੀ ਦੇ ਇਲਜ਼ਾਮਾਂ ਦਾ ਕੌਮੀ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ।
ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਟਵੀਟ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਏਅਰ ਵਿਸਤਾਰਾ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।
ਨੋਟਿਸ ਵਿੱਚ ਏਅਰਲਾਈਂਸ ਤੋਂ ਪੁੱਛਿਆ ਜਾਵੇਗਾ ਕਿ ਕਿਉਂ ਉਨ੍ਹਾਂ ਵੱਲੋਂ ਜ਼ਾਇਰਾ ਦੀ ਮਦਦ ਨਹੀਂ ਕੀਤੀ ਗਈ ਅਤੇ ਕਿਉਂ ਫਲਾਈਟ ਤੋਂ ਉੱਤਰਦਿਆਂ ਹੀ ਉਸ ਸ਼ਖਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਇਸਦੇ ਨਾਲ ਹੀ ਕੌਮੀ ਮਹਿਲਾ ਕਮਿਸ਼ਨ ਵੱਲੋਂ ਮਹਾਰਾਸ਼ਟਰ ਦੇ ਡੀਜੀਪੀ ਨੂੰ ਵੀ ਇਸ ਮਾਮਲੇ ਦੀ ਜਾਂਚ ਕਰਨ ਦੀ ਹਦਾਇਤ ਦਿੱਤੀ ਜਾਵੇਗੀ।
ਅਦਾਕਾਰਾ ਜ਼ਾਇਰਾ ਵਸੀਮ ਨੇ ਸ਼ੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ 'ਤੇ ਵੀਡੀਓ ਅਪਲੋਡ ਕਰ ਇਲਜ਼ਾਮ ਲਾਇਆ ਸੀ ਕਿ ਫਲਾਈਟ ਵਿੱਚ ਉਨ੍ਹਾਂ ਦੇ ਪਿੱਛੇ ਬੈਠੇ ਇੱਕ ਸ਼ਖਸ ਵੱਲੋਂ ਛੇੜਖਾਨੀ ਦੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਕਿਹਾ ਕਿ ਫਲਾਈਟ ਵਿੱਚ ਹਲਕੀ ਰੋਸ਼ਨੀ ਸੀ ਅਤੇ ਉਸ ਵੇਲੇ ਉਸ ਯਾਤਰੀ ਵੱਲੋਂ ਅਜਿਹੀਆਂ ਹਰਕਤਾਂ ਕੀਤੀਆਂ ਗਈਆਂ।
ਜ਼ਾਇਰਾ ਨੇ ਇਲਜ਼ਾਮ ਲਾਇਆ ਕਿ ਫਲਾਈਟ ਵਿੱਚ ਮੌਜੂਦ ਸਟਾਫ ਨੇ ਵੀ ਉਨ੍ਹਾਂ ਦੀ ਮਦਦ ਨਹੀਂ ਕੀਤੀ।
ਉੱਧਰ ਏਅਰ ਵਿਸਤਾਰਾ ਵੱਲੋਂ ਵੀ ਪ੍ਰਤੀਕਰਮ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਏਅਰਲਾਈਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਵੱਲੋਂ ਜ਼ਾਇਰਾ ਨੂੰ ਪੂਰੀ ਮਦਦ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਏਅਰਲਾਈਨ ਵੱਲੋਂ ਅਜਿਹਾ ਵਤੀਰਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਂਦਾ ਹੈ।
ਸੋਸ਼ਲ ਮੀਡੀਆ 'ਤੇ ਜ਼ਾਇਰਾ ਵੱਲੋਂ ਲਾਏ ਇਲਜ਼ਾਮਾਂ ਤੋਂ ਬਾਅਦ ਕਈ ਪ੍ਰਤੀਕਰਮ ਸਾਹਮਣੇ ਆ ਰਹੇ ਹਨ।
ਸਮਾਜਿਕ ਕਾਰਕੁੰਨ ਸਲਮਾਨ ਅਨੀਸ ਨੇ ਇਸ ਮਾਮਲੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਜ਼ਾਇਰਾ ਨੇ ਇਸ ਮਾਮਲੇ ਵਿੱਚ ਆਵਾਜ਼ ਚੁੱਕੀ।
ਇੱਕ ਹੋਰ ਟਵੀਟਰ ਯੂਜ਼ਰ ਗੀਤਿਕਾ ਸਵਾਮੀ ਨੇ ਵੀ ਜ਼ਾਇਰਾ ਵੱਲੋਂ ਆਵਾਜ਼ ਚੁੱਕੇ ਜਾਣ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ, "ਜਦੋਂ ਤੱਕ ਅਸੀਂ ਖੁਦ ਨਹੀਂ ਆਪਣੇ ਲਈ ਲੜਾਂਗੇ ਉਦੋਂ ਤੱਕ ਸਾਡੇ ਲਈ ਕੋਈ ਨਹੀਂ ਲੜੇਗਾ।''
ਟਵੀਟਰ ਤੇ ਕੁਝ ਲੋਕਾਂ ਵੱਲੋਂ ਇਸ ਨੂੰ ਪਬਲੀਸਿਟੀ ਸਟੰਟ ਵੀ ਕਰਾਰ ਦਿੱਤਾ ਗਿਆ।
ਇੱਕ ਹੈਂਡਲਰ ਜਾਗਰਤੀ ਸ਼ੁਕਲਾ ਨੇ ਕਿਹਾ ਕਿ ਜ਼ਾਇਰਾ ਨੇ ਕਿਸੇ ਨੂੰ ਸ਼ਿਕਾਇਤ ਕਰਨ ਜਾਂ ਸੀਟ ਬਦਲਣ ਦੀ ਥਾਂ ਵੀਡੀਓ ਪਾਉਣਾ ਕਿਉਂ ਜ਼ਰੂਰੀ ਸਮਝਿਆ।