You’re viewing a text-only version of this website that uses less data. View the main version of the website including all images and videos.
ਧਰਮਸ਼ਾਲਾ 'ਚ ਭਾਰਤ ਨੂੰ ਸ੍ਰੀਲੰਕਾ ਨੇ 7 ਵਿਕਟਾਂ ਨਾਲ ਹਰਾਇਆ
ਭਾਰਤ-ਸ੍ਰੀਲੰਕਾ ਵਨ ਡੇ ਲੜੀ ਦੇ ਪਹਿਲੇ ਮੈਚ ਨੂੰ ਸ੍ਰੀਲੰਕਾ ਨੇ ਆਪਣੇ ਨਾਮ ਕਰ ਲਿਆ ਹੈ। ਭਾਰਤ ਨੂੰ 7 ਵਿਕਟਾਂ ਨਾਲ ਸ੍ਰੀਲੰਕਾ ਨੇ ਹਰਾ ਦਿੱਤਾ। ਸ੍ਰੀਲੰਕਾ ਨੇ 3 ਵਿਕਟਾਂ ਗੁਆ ਕੇ 114 ਦੌੜਾਂ ਬਣਾਈਆਂ।
ਮੈਚ ਵਿੱਚ ਜਦੋਂ ਭਾਰਤੀ ਟੀਮ ਧਰਮਸ਼ਾਲਾ ਦੇ ਮੈਦਾਨ ਵਿੱਚ ਪਹਿਲਾਂ ਬੈਟਿੰਗ ਕਰਨ ਉਤਰੀ ਤਾਂ ਭਾਰਤ ਦੇ ਪਹਿਲੇ 7 ਬੱਲੇਬਾਜ਼ ਟੀਮ ਦਾ ਸਕੋਰ 30 ਦੌੜਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਆਊਟ ਹੋ ਗਏ।
ਭਾਰਤੀ ਕ੍ਰਿਕਟ ਟੀਮ 38.2 ਓਵਰਾਂ ਵਿੱਚ 112 ਦੌੜਾਂ ਬਣਾ ਕੇ ਆਊਟ ਹੋ ਗਈ। ਟੀਮ ਇੰਡੀਆ ਦੇ 8 ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਨਹੀਂ ਪਾਰ ਕਰ ਸਕੇ।
ਚਾਰ ਖਿਡਾਰੀ ਬਿਨਾਂ ਖਾਤਾ ਖੋਲ੍ਹੇ ਆਊਟ ਹੋਏ ਜਦਕਿ ਚਹਿਲ ਸਿਫ਼ਰ ਦੇ ਸਕੋਰ 'ਤੇ ਨਾਟ ਆਊਟ ਰਹੇ। ਭਾਰਤ ਵੱਲੋਂ ਧੋਨੀ ਨੇ ਸਭ ਤੋਂ ਵੱਧ 65 ਦੌੜਾਂ ਬਣਾਈਆਂ।
ਭਾਰਤੀ ਟੀਮ ਦੇ ਨਵੇਂ ਰਿਕਾਰਡ ਵੀ ਬਣੇ
ਭਾਰਤ ਨੇ ਪਹਿਲੇ 10 ਓਵਰ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 11 ਦੌੜਾਂ ਬਣਾਈਆਂ ਜੋ ਬੀਤੇ ਪੰਜ ਸਾਲਾਂ ਵਿੱਚ ਵਨ ਡੇ ਮੈਚਾਂ ਵਿੱਚ ਪਹਿਲੇ 10 ਓਵਰ ਦਾ ਸਭ ਤੋਂ ਘੱਟ ਸਕੋਰ ਹੈ।
ਇਸ ਦੇ ਨਾਲ ਹੀ ਇੱਕ ਹੋਰ ਰਿਕਾਰਡ ਵੀ ਬਣਿਆ। ਦਿਨੇਸ਼ ਕਾਰਤਿਕ 18 ਗੇਦਾਂ ਖੇਡਣ ਤੋਂ ਬਾਅਦ ਬਿਨਾਂ ਕੋਈ ਰਨ ਬਣਾਏ ਆਊਟ ਹੋ ਗਏ।
ਦਿਨੇਸ਼ ਕਾਰਤਿਕ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ ਹਨ ਜਿੰਨ੍ਹਾਂ ਨੇ ਵਨਡੇ ਵਿੱਚ 18 ਗੇਂਦਾਂ ਖੇਡਣ ਦੇ ਬਾਵਜੂਦ ਕੋਈ ਸਕੋਰ ਨਹੀਂ ਬਣਾਇਆ।
ਦਿਨੇਸ਼ ਕਾਰਤਿਕ ਨੇ ਏਕਨਾਥ ਸੋਲਕਰ ਦਾ 43 ਸਾਲ ਪੁਰਾਣਾ ਰਿਕਾਰਡ ਤੋੜਿਆ ਹੈ। ਉਹ 17 ਗੇਂਦਾਂ ਖੇਡ ਕੇ ਸਿਫਰ 'ਤੇ ਆਊਟ ਹੋਏ ਸੀ।
ਇਸ ਸੀਰੀਜ਼ ਵਾਸਤੇ ਕਪਤਾਨ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ 'ਤੇ ਰੋਹਿਤ ਸ਼ਰਮਾ ਕਪਤਾਨੀ ਕਰ ਰਹੇ ਹਨ।
ਸੋਸ਼ਲ ਮੀਡੀਆ 'ਤੇ ਖਿਚਾਈ
ਇੱਕ ਟਵੀਟਰ ਯੂਜ਼ਰ ਸਾਗਰ ਨੇ ਕਿਹਾ ਕਿ ਵਿਰਾਟ ਕੋਹਲੀ ਤੋਂ ਬਗੈਰ ਭਾਰਤੀ ਟੀਮ ਇੱਕ ਬੈਂਕ ਖਾਤੇ ਵਰਗੀ ਲੱਗ ਰਹੀ ਹੈ ਜੋ ਆਧਾਰ ਕਾਰਡ ਨਾਲ ਜੁੜਿਆ ਨਹੀਂ ਹੈ।
ਇਕ ਯੂਜ਼ਰ ਡੇਬਰਾਤੀ ਮਜੂਮਦਾਰ ਨੇ ਕਿਹਾ ਹੈ ਕਿ ਸ੍ਰੀਲੰਕਾ ਦੀ ਟੀਮ ਨੇ ਭਾਰਤੀ ਬੱਲੇਬਾਜ਼ਾਂ ਦਾ ਬੁਰਾ ਹਾਲ ਨਹੀਂ ਕੀਤਾ ਸਗੋਂ ਭਾਰਤੀ ਬੱਲੇਬਾਜ਼ ਇਟਲੀ ਦੀ ਫਲਾਈਟ ਫੜਨ ਦੀ ਜਲਦਬਾਜ਼ੀ ਵਿੱਚ ਹਨ।
ਨਤਾਸ਼ਾ ਨੇ ਵਿਰਾਟ ਕੋਹਲੀ ਦੀ ਹੈਰਾਨੀ ਦੇ ਹਾਓ-ਭਾਓ ਦੀ ਤਸਵੀਰ ਪਾਈ ਹੈ। ਤਸਵੀਰ ਦੇ ਨਾਲ ਲਿਖਿਆ ਹੈ, "ਵਿਰਾਟ ਕੋਹਲੀ ਭਾਰਤੀ ਟੀਮ ਦੀ ਬੱਲੇਬਾਜ਼ੀ ਨੂੰ ਦੇਖਦੇ ਹੋਏ।''
ਇੱਕ ਟਵੀਟਰ ਹੈਂਡਲਰ ਧਨੰਜੇ ਨੇ ਦੋ ਤਸਵੀਰਾਂ ਪਾਈਆਂ ਹਨ। ਇੱਕ ਪਾਸੇ ਦਿੱਲੀ ਟੈਸਟ ਦੀਆਂ ਜਿਸ ਵਿੱਚ ਸ੍ਰੀਲੰਕਾ ਦੇ ਖਿਡਾਰੀਆਂ ਨੇ ਪ੍ਰਦੂਸ਼ਣ ਕਰਕੇ ਚਿਹਰਿਆਂ 'ਤੇ ਮਾਸਕ ਪਾਏ ਹੋਏ ਹਨ।
ਦੂਜੇ ਪਾਸੇ ਧਨੰਜੇ ਨੇ ਭਾਰਤੀ ਟੀਮ ਦੇ ਖਿਡਾਰੀਆਂ ਦੀ ਤਸਵੀਰ ਪਾਈ ਹੈ ਜਿਸ ਵਿੱਚ ਉਹੀ ਮਾਸਕ ਉਨ੍ਹਾਂ ਦੀਆਂ ਅੱਖਾਂ ਦੇ ਲਾਏ ਹੋਏ ਦਿਖਾਏ ਗਏ ਹਨ।
ਅਨਵਿਤ ਕਹਿੰਦੇ ਹਨ ਕਿ ਜੇ ਇਹ ਬਾਲੀਵੁਡ ਫਿਲਮ ਹੁੰਦੀ ਤਾਂ ਵਿਰਾਟ ਕੋਹਲੀ ਆ ਕੇ ਭਾਰਤੀ ਟੀਮ ਨੂੰ ਬਚਾ ਲੈਂਦੇ।