ਸੋਸ਼ਲ: ਪ੍ਰਿਅੰਕਾ ਚੋਪੜਾ ਨੇ ਬਣਾਇਆ ਈਮੇਲ ਨਾ ਪੜ੍ਹਣ ਦਾ ਰਿਕਾਰਡ

    • ਲੇਖਕ, ਸ਼ੇਰੀ ਰਾਇਡਰ, ਟੋਮ ਗੋਰਕੇਨ
    • ਰੋਲ, ਬੀਬੀਸੀ ਪੱਤਰਕਾਰ

ਤੁਹਾਡੇ ਈਮੇਲ ਇਨਬਾਕਸ 'ਚ ਕਿੰਨੇ ਅਜਿਹੇ ਈਮੇਲ ਹੋਣਗੇ ਜਿੰਨਾਂ ਨੂੰ ਤੁਸੀਂ ਅਜੇ ਤੱਕ ਨਹੀਂ ਪੜਿਆ ? 50, 100 ਫਿਰ ਹਜ਼ਾਰ ਤੋਂ ਜ਼ਿਆਦਾ..?

ਇਸ ਮਾਮਲੇ 'ਚ ਤੁਹਾਨੂੰ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦਾ ਮੁਕਾਬਲਾ ਕਰਨ ਲਈ ਕਾਫ਼ੀ ਮਿਹਨਤ ਕਰਨੀ ਪਵੇਗੀ।

ਦਰਅਸਲ ਪ੍ਰਿਅੰਕਾ ਦੇ ਈਮੇਲ ਇਨ-ਬਾਕਸ 'ਚ ਢਾਈ ਲੱਖ ਅਜਿਹੇ ਈਮੇਲਜ਼ ਹਨ, ਜਿਨਾਂ ਨੂੰ ਉਸ ਨੇ ਅਜੇ ਤੱਕ ਪੜ੍ਹਿਆ ਹੀ ਨਹੀਂ ਹੈ।

ਪ੍ਰਿਅੰਕਾ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਅਦਾਕਾਰਾਂ ਵਿਚੋਂ ਇੱਕ ਹਨ ਅਤੇ ਭਾਰਤ 'ਚ ਉਹ ਸਭ ਤੋਂ ਪ੍ਰਸਿੱਧ ਹਸਤੀ ਵਜੋਂ ਹੈਸੀਅਤ ਵੀ ਰੱਖਦੀ ਹੈ।

ਉਹ 50 ਤੋਂ ਵੱਧ ਭਾਰਤੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ ਅਤੇ ਸਾਲ 2000 'ਚ ਮਿਸ ਵਰਲਡ ਵੀ ਰਹਿ ਚੁੱਕੀ ਹੈ।

ਪ੍ਰਿਅੰਕਾ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਸੰਗਠਨ ਯੂਨੀਸੇਫ ਦੀ ਵੀ ਦੂਤ ਹੈ।

ਅਮਰੀਕੀ ਅਦਾਕਾਰ ਏਲੇਨ ਪਾਵੇਲ ਨੇ ਪ੍ਰਿਅੰਕਾ ਦੀ ਇੱਕ ਤਸਵੀਰ ਆਪਣੇ ਇੱਕ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਫੋਨ 'ਤੇ 2,57,623 ਈਮੇਲਜ਼ ਹਨ, ਜੋ ਅਜੇ ਤੱਕ ਪੜ੍ਹੀਆਂ ਨਹੀਂ ਗਈਆਂ।

ਏਲੇਨ ਪਾਵੇਲ ਅਮਰੀਕੀ ਨਾਟਕ 'ਕਵਾਂਟਿਕੋ' ਦੀ ਤੀਜੀ ਸੀਰੀਜ਼ ਵਿੱਚ ਪ੍ਰਿਅੰਕਾ ਨਾਲ ਨਜ਼ਰ ਆਉਣਗੇ।

ਪਾਵੇਲ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਲਿਖਿਆ, "ਪ੍ਰਿਅੰਕਾ ਨੂੰ ਕਦੇ ਈਮੇਲ ਨਾ ਕਰਨਾ ਕਿਉਂਕਿ ਲੱਗਦਾ ਹੈ ਉਹ ਆਪਣੇ ਈਮੇਲ ਕਦੀ ਨਹੀਂ ਪੜ੍ਹਦੀ। ਇਹ ਇੱਕ ਰਿਕਾਰਡ ਹੈ, ਮੈਂ ਚੁਣੌਤੀ ਦਿੰਦਾ ਹੈਂ ਕੋਈ ਇਸ ਨੂੰ ਤੋੜ ਕੇ ਦਿਖਾਏ।"

ਇਸ ਤੋਂ ਬਾਅਦ ਕਈ ਲੋਕਾਂ ਨੇ ਉਨ੍ਹਾਂ ਦੀ ਪੋਸਟ ਦਾ ਜਵਾਬ ਦਿੰਦਿਆਂ ਈਮੇਲ ਇਨਬੋਕਸ 'ਚ ਬਿਨਾਂ ਪੜੇ ਈਮੇਲਜ਼ ਦੀ ਸੰਖਿਆ ਦਿਖਾਉਂਦੇ ਹੋਏ ਆਪਣੇ ਫੋਨ ਦੇ ਸਕਰੀਨ ਸ਼ੌਟਸ ਦੀਆਂ ਪੋਸਟਾਂ ਸਾਂਝੀਆਂ ਕੀਤੀਆਂ।

ਇਨ੍ਹਾਂ 'ਚੋਂ ਕੁਝ ਲੋਕਾਂ ਨੇ 11 ਹਜ਼ਾਰ ਤੱਕ ਨੰਬਰਾਂ ਦੀ ਪੋਸਟ ਪਾਈ।

ਜਯੰਕ ਗੁਪਤਾ ਨੇ ਲਿਖਿਆ, "ਮੇਰਾ ਹਾਲ ਵੀ ਕੁਝ ਅਜਿਹਾ ਹੈ।"

ਸੰਦੀਪ ਨੇ ਇਸ ਸੰਖਿਆ ਨੂੰ ਅੱਗੇ ਵਧਾਉਂਦੇ ਵੱਖ ਵੱਖ ਈਮੇਲਜ ਅਕਾਊਂਟ 'ਚ 60 ਹਜ਼ਾਰ ਤੋਂ ਵੱਧ ਅਜਿਹੇ ਈਮੇਲਜ਼ ਦਿਖਾਏ।

ਇਸ ਮਾਮਲੇ 'ਚ ਸਭ ਤੋਂ ਅੱਗੇ ਰਹੇ ਪੀਯੂਸ਼ ਰਾਕਾ, ਜਿਨਾਂ ਨੇ 3.8 ਲੱਖ ਈਮੇਲਜ਼ ਹੁਣ ਤੱਕ ਨਾ ਪੜ੍ਹੇ ਜਾਣ ਦੀ ਇੱਕ ਪੋਸਟ ਸਾਂਝੀ ਕੀਤੀ, ਜੋ ਪ੍ਰਿਅੰਕਾ ਦਾ ਰਿਕਾਰਡ ਤੋੜਨ ਲਈ ਕਾਫੀ ਵੱਡੀ ਸੰਖਿਆ ਸੀ।

ਸੋਸ਼ਲ ਮੀਡੀਆ 'ਤੇ ਲੋਕਾਂ ਨੇ ਸ਼ੱਕ ਜਤਾਉਂਦਿਆਂ ਛੇਤੀ ਹੀ ਪ੍ਰਤੀਕਿਰਿਆ ਦਿੱਤੀ ਕਿ ਇਹ ਫੋਟੋਸ਼ਾਪ ਹੈ।

ਇਸ ਦੇ ਨਾਲ ਹੀ ਲੋਕਾਂ ਨੇ ਪ੍ਰਿਅੰਕਾ ਦੀ ਈਮੇਲਜ਼ 'ਤੇ ਹੈਰਾਨੀ ਜਤਾਉਂਦੇ ਹੋਏ ਕਿਹਾ, "ਤੁਹਾਨੂੰ ਆਪਣਾ ਈਮੇਲ ਅਕਾਉਂਟ ਬੰਦ ਕਰ ਦੇਣਾ ਚਾਹੀਦਾ ਹੈ।"

ਪਰ ਅਜਿਹੇ ਵੱਡੇ ਕਦਮ ਚੁੱਕਣ ਦੀ ਲੋੜ ਪ੍ਰਿਅੰਕਾ ਨੂੰ ਨਹੀਂ ਹੈ, ਕਿਉਂਕਿ ਆਈਫੋਨ ਯੂਜਰ ਆਪਣੇ ਫੋਨਾਂ 'ਤੇ ਬਿਨਾਂ ਪੜ੍ਹੇ ਹੋਏ ਈਮੇਲਜ਼ ਦੀ ਸੰਖਿਆ ਅਸਾਨੀ ਨਾਲ ਲੁਕਾ ਸਕਦੇ ਹਨ।

ਇਸ ਲਈ ਉਨ੍ਹਾਂ ਨੂੰ ਆਪਣੇ ਫੋਨ ਦੀ ਸੈਟਿੰਗ 'ਚ ਜਾ ਕੇ ਈਮੇਲ ਅਕਾਊਂਟ ਲਈ ਬੈਜ ਐਪ ਆਇਕਨ ਨੂੰ ਬੰਦ ਕਰਨਾ ਪਵੇਗਾ।

ਕੁਝ ਨੂੰ ਲੱਗਾ ਕਿ ਸੰਖਿਆ ਵਿੱਚ ਦਿੱਖ ਰਿਹਾ ਪਹਿਲਾਂ ਕੋਮਾ ਦੂਜੇ ਕੋਮੇ ਨਾਲੋਂ ਥੋੜਾ ਵੱਖਰਾ ਹੈ। ਉਨ੍ਹਾਂ ਨੇ ਇਸ ਤਸਵੀਰ ਦੀ ਸੱਚਾਈ 'ਤੇ ਸ਼ੱਕ ਵੀ ਜ਼ਾਹਿਰ ਕੀਤਾ।

ਇੰਸਟਾਗ੍ਰਾਮ 'ਤੇ ਏਂਟੋਨੀ ਡੇਲਾਕ੍ਰੂਜ਼ ਨੇ ਪਾਵੇਲ ਦੀ ਪੋਸਟ ਕੀਤੀ ਤਸਵੀਰ 'ਤੇ ਲਿਖਿਆ, "2,57,623 ਤਾਂ ਕੋਈ ਨੰਬਰ ਹੀ ਨਹੀਂ ਹੈ। ਇਹ ਸਹੀ ਤਸਵੀਰ ਹੈ ਜਾਂ ਝੂਠੀ ਤਸਵੀਰ ਹੈ।"

ਇਸ 'ਤੇ ਕਈ ਲੋਕਾਂ ਨੇ ਸਫਾਈ ਦਿੱਤੀ ਕਿ ਭਾਰਤੀ ਨੰਬਰ ਸਿਸਟਮ 'ਚ 9,000 ਤੋਂ ਵੱਡੀ ਸੰਖਿਆ ਨੂੰ ਲਿਖਣ ਵੇਲੇ ਦੋ ਨੰਬਰਾਂ ਵਿਚਾਲੇ ਕੋਮਾ ਲਗਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਇੱਕ ਲੱਖ ਦੀ ਸੰਖਿਆ ਨੂੰ ਇੰਝ 1,00,000 ਲਿਖਿਆ ਜਾਵੇਗਾ।

ਇਸ ਹਿਸਾਬ ਨਾਲ ਪ੍ਰਿਅੰਕਾ ਨੇ ਅਜੇ ਤੱਕ 2.5 ਲੱਖ ਈਮੇਲਜ਼ ਨਹੀਂ ਪੜੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)