You’re viewing a text-only version of this website that uses less data. View the main version of the website including all images and videos.
ਸੋਸ਼ਲ: ਟਵੀਟ-ਟਵੀਟ ਖੇਡਣ ਦੀ 'ਸਿਆਸਤ' ਕਰ ਰਹੇ ਹਨ ਕੈਪਟਨ-ਕੇਜਰੀਵਾਲ?
ਦਿੱਲੀ ਸਣੇ ਪੂਰੇ ਉੱਤਰੀ ਭਾਰਤ 'ਚ ਸਮੋਗ ਦਾ ਕਹਿਰ ਹੈ। ਪੰਜਾਬ ਅਤੇ ਦਿੱਲੀ-ਐੱਨਸੀਆਰ ਵਿੱਚ ਸਕੂਲੀ ਬੱਚਿਆਂ ਨੂੰ ਵੀ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।
ਕੌਮੀ ਰਾਜਧਾਨੀ ਵਿੱਚ ਸਿਹਤ ਐਂਮਰਜੈਂਸੀ ਐਲਾਨੀ ਜਾ ਚੁੱਕੀ ਹੈ ਅਤੇ ਪੰਜਾਬ ਵਿੱਚ ਸਾੜੀ ਜਾਂਦੀ ਪਰਾਲੀ ਨੂੰ ਰੋਕਣ ਲਈ ਦਿੱਲੀ ਤੇ ਲਹੌਰ ਇੱਕਸੁਰ ਹੋ ਗਏ ਹਨ।
ਧੂੰਏਂ ਦਾ ਸਭ ਤੋਂ ਵੱਧ ਕਹਿਰ ਤਾਂ ਦਿੱਲੀ 'ਚ ਹੈ, ਜਿਸ ਦੀ ਜਿੰਮੇਵਾਰੀ ਪੰਜਾਬ ਦੇ ਕਿਸਾਨਾਂ 'ਤੇ ਸੁੱਟੀ ਜਾ ਰਹੀ ਹੈ। ਇਸੇ ਲਈ ਪੰਜਾਬ ਦੀ ਰਾਜਧਾਨੀ ਤੋਂ ਲੈ ਕੇ ਦੇਸ਼ ਦੀ ਰਾਜਧਾਨੀ ਤੱਕ ਸਮੋਗ 'ਤੇ ਗਰਮਾ ਗਰਮ ਸਿਆਸਤ ਹੋ ਰਹੀ ਹੈ।
ਇਹ ਸਿਆਸਤ ਆਹਮੋ-ਸਾਹਮਣੇ ਨਹੀਂ ਸਗੋਂ ਵਾਇਆ ਟਵਿੱਟਰ ਹੋ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਗੰਭੀਰ ਮੁੱਦੇ ਉੱਤੇ ਇੱਕ ਦੂਜੇ ਨੂੰ ਸਿਆਸਤ ਨਾ ਕਰਨ ਦੀ ਨਸੀਹਤ ਦੇ ਰਹੇ ਹਨ, ਪਰ ਟਵਿੱਟਰ 'ਤੇ ਇੱਕ ਦੂਜੇ ਖ਼ਿਲਾਫ ਤਿੱਖੇ ਵਾਰ ਕਰ ਰਹੇ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਟਵੀਟ ਕਰਦੇ ਹਨ, ''ਮੇਰਾ ਦਫ਼ਤਰ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਤੋਂ ਸਮਾਂ ਲੈਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਦੋਹਾਂ ਨਾਲ ਮੇਰੀ ਮੁਲਾਕਾਤ ਹੋ ਸਕੇ। ਇਹ ਐਮਰਜੈਂਸੀ ਹੈ।''
ਇਸ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਜਵਾਬ ਦਿੱਤਾ, ''ਅਰਵਿੰਦ ਕੇਜਰੀਵਾਲ, ਮੈਂ ਪਰਾਲੀ ਸਾੜਨ ਅਤੇ ਪ੍ਰਦੂਸ਼ਣ 'ਤੇ ਤੁਹਾਡੀ ਚਿੰਤਾ ਸਮਝਦਾ ਹਾਂ ਪਰ ਇਸ ਸਮੱਸਿਆ ਦਾ ਹੱਲ ਸਿਰਫ਼ ਕੇਂਦਰ ਕੱਢ ਸਕਦਾ ਹੈ ਕਿਉਂਕਿ ਇਸਦਾ ਅਸਰ ਮੁਲਕ ਭਰ 'ਚ ਹੈ''
ਅੱਗੇ ਕੇਜਰੀਵਾਲ ਨੇ ਟਵੀਟ ਕੀਤਾ, ''ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਕੇਂਦਰ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਪਰ ਮੈਨੂੰ ਕੁਝ ਸਮਾਂ ਦਿਓ ਤਾਂ ਜੋ ਅਸੀਂ ਲੋਕ ਵਿਚਾਰ ਕਰਕੇ ਕੇਂਦਰ ਸਾਹਮਣੇ ਇੱਕ ਯੋਜਨਾ ਰੱਖ ਸਕੀਏ। ਦਿੱਲੀ 'ਚ ਸਾਹ ਘੁੱਟ ਰਿਹਾ ਹੈ।''
ਫ਼ਿਰ ਅਮਰਿੰਦਰ ਨੇ ਇੱਕ ਹੋਰ ਟਵੀਟ ਕੀਤਾ, ''ਹਾਲਾਤ ਸੰਜੀਦਾ ਹਨ ਪਰ ਪੰਜਾਬ ਲਾਚਾਰ ਹੈ ਕਿਉਂਕਿ ਸਮੱਸਿਆ ਵੱਡੀ ਹੈ ਅਤੇ ਸੂਬੇ ਕੋਲ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਕੋਈ ਪੈਸਾ ਨਹੀਂ ਹੈ ਜਿਸ ਨਾਲ ਉਨ੍ਹਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਜਾ ਸਕੇ।''
ਫ਼ਿਰ ਕੇਜਰੀਵਾਲ ਆਪਣੇ ਲਹਿਜੇ ਵਿੱਚ ਆਏ, ''ਸਰ, ਚੰਗਾ ਹੋਵੇਗਾ ਅਸੀਂ ਮੁਲਾਕਾਤ ਕਰੀਏ। ਕੀ ਤੁਸੀਂ ਦੱਸ ਸਕਦੇ ਹੋ ਕਿ ਕਿੰਨੇ ਫੰਡ ਦੀ ਲੋੜ ਹੋਵੇਗੀ? ਅਸੀਂ ਦੋਹੇਂ ਮਿਲ ਕੇ ਕੇਂਦਰ ਨੂੰ ਗੁਜ਼ਾਰਿਸ਼ ਕਰ ਸਕਦੇ ਹਾਂ। ਇਸ ਨਾਲ ਦੋਹਾਂ ਸੂਬਿਆਂ ਨੂੰ ਪਰੇਸ਼ਾਨੀ ਹੋ ਰਹੀ ਹੈ।''
ਇੱਕ ਪਾਸੇ ਕੇਜਰੀਵਾਲ ਦਿੱਲੀ 'ਚ ਫ਼ੈਲੇ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕਰਨਾ ਚਾਹੁੰਦੇ ਹਨ ਤਾਂ ਦੂਜੇ ਪਾਸੇ ਉਨ੍ਹਾਂ ਦੀ 'ਆਪ' ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਖ਼ੁਦ ਪਰਾਲੀ ਨੂੰ ਸਾੜਦੇ ਹੋਏ ਨਜ਼ਰ ਆਏ ਸਨ, ਜਿਸ ਬਾਬਤ ਉਨ੍ਹਾਂ ਨੇ ਬਕਾਇਦਾ ਪਰਾਲੀ ਸਾੜਦੇ ਹੋਏ ਵੀਡੀਓ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਸੀ।
ਇਸ 'ਚ ਉਨ੍ਹਾਂ ਲਿਖਿਆ ਸੀ ਕਿ, ''ਐਨਜੀਟੀ ਦੇ ਹੁਕਮ ਲਾਗੂ ਕਰੋ ਜਾਂ 5000 ਪ੍ਰਤੀ ਏਕੜ ਸਬਸੀਡੀ ਕਿਸਾਨਾਂ ਨੂੰ ਦਿਓ ਅਤੇ ਕੇਸ ਬੰਦ ਕਰੋ, ਨਹੀਂ ਤਾਂ ਅਸੀਂ ਪਰਾਲੀ ਸਾੜਦੇ ਰਹਾਂਗੇ - ਖਹਿਰਾ''
ਉਧਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਅੰਗਰੇਜ਼ੀ ਅਖ਼ਬਾਰ 'ਚ ਅੱਜ ਆਪਣੇ ਲੇਖ ਰਾਹੀਂ ਪਰਾਲੀ ਸਾੜਨ ਦੇ ਮੁੱਦੇ ਪੰਜਾਬ ਦਾ ਪੱਖ ਰੱਖਿਆ।
ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦਿਆ ਕੈਪਟਨ ਨੇ ਕਿਹਾ ਕਿ ਇਸ ਦਾ ਹੱਲ ਕੇਂਦਰ ਹੀ ਦੇ ਸਕਦਾ ਹੈ, ਉਨ੍ਹਾਂ ਕਿਹਾ ਕਿ 20 ਲੱਖ ਟਨ ਪਰਾਲੀ ਨੂੰ ਸਾਂਭਣ ਦੀ ਸਲਾਹ ਦੇਣ ਵਾਲੇ ਦੱਸਣ ਕਿ ਇਸ ਦੀ ਟਰਾਂਸਪੋਰਟ ਲਈ ਪੈਸਾ ਕਿੱਥੋਂ ਆਵੇਗਾ।
ਸਮੋਗ ਮਾਮਲੇ ਦੀ ਗੇਂਦ ਮੋਦੀ ਦੇ ਪਾਲੇ ਵਿੱਚ ਸੁੱਟਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਜੂਨ ਮਹੀਨੇ ਵਿੱਚ ਹੀ ਮੋਦੀ ਤੋਂ 100 ਰੁਪਏ ਪ੍ਰਤੀ ਕੁਇੰਟਲ ਬੋਨਸ ਮੰਗਿਆ ਸੀ, ਪਰ ਉਨ੍ਹਾਂ ਦੀ ਮੰਗ ਨਹੀਂ ਮੰਨੀ ਗਈ।
ਉਹ ਆਰਥਿਕ ਮੰਦੀ ਦਾ ਸ਼ਿਕਾਰ ਆਪਣੇ ਸੂਬੇ ਦੇ ਕਿਸਾਨਾਂ ਦਾ ਗਲ਼ਾ ਕਿਉਂ ਘੁੱਟ ਸਕਦੇ ਹਨ, ਜਿਨ੍ਹਾਂ ਨੂੰ ਸਮੋਗ ਮਾਮਲੇ ਵਿੱਚ ਮੁਲਜ਼ਮ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਮੁਤਾਬਕ ਪਰਾਲੀ ਸਾੜਨਾ ਸਿਆਸੀ ਨਾਲੋ ਵੱਧ ਇੱਕ ਆਰਥਿਕ ਮੁੱਦਾ ਹੈ। ਇਸ ਦੇ ਅਸਲ ਹੱਲ ਲਈ ਗੰਭੀਰ ਕੋਸ਼ਿਸ਼ਾਂ ਦੀ ਲੋੜ ਹੈ।