ਨਵੀਆਂ ਆਸਾਂ ਲੈ ਕੇ ਭਾਰਤੀ ਜੇਲ੍ਹ 'ਚ ਪੈਦਾ ਹੋਈ ਹਿਨਾ ਪਰਤ ਗਈ ਪਾਕਿਸਤਾਨ

    • ਲੇਖਕ, ਰਵਿੰਦਰ ਸਿੰਘ ਰੋਬਿਨ
    • ਰੋਲ, ਅੰਮ੍ਰਿਤਸਰ ਤੋਂ ਬੀਬੀਸੀ ਪੰਜਾਬੀ ਦੇ ਲਈ

ਭਾਰਤੀ ਜੇਲ੍ਹ ਵਿੱਚ ਪੈਦਾ ਹੋਈ ਹਿਨਾ ਨੇ ਆਪਣੀ ਮਾਂ ਅਤੇ ਮਾਸੀ ਦੇ ਨਾਲ ਅਟਾਰੀ-ਵਾਗਾ ਬਾਡਰ ਪਾਰ ਕਰ ਪਾਕਿਸਤਾਨ ਪਰਤ ਗਈ ਹੈ।

ਹਿਨਾ ਨੂੰ ਜਿੱਥੇ ਖੂਨ ਦੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਚਾਅ ਹੈ ਉੱਥੇ ਭਾਰਤ ਵਿੱਚ ਬਣੇ ਇਨਸਾਨੀ ਰਿਸ਼ਤਿਆਂ ਨੂੰ ਉਹ ਯਾਦ ਕਰਦੀ ਰਹੇਗੀ।

ਹਿਨਾ ਪਾਕਿਸਤਾਨੀ ਨਾਗਰਿਕ ਫਾਤਿਮਾ ਦੀ ਧੀ ਹੈ ਜਿਸ ਦਾ ਜਨਮ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਹੋਇਆ ਅਤੇ ਇੱਥੇ ਹੀ ਉਸ ਦਾ ਪਾਲਣ-ਪੋਸ਼ਣ ਅਤੇ ਮੁੱਢਲੀ ਪੜ੍ਹਾਈ ਹੋਈ।

ਹਿਨਾ ਦੀ ਮਾਂ ਅਤੇ ਉਸਦੀ ਮਾਸੀ ਮੁਮਤਾਜ਼ ਨੂੰ ਅਟਾਰੀ ਰੇਲਵੇ ਸਟੇਸ਼ਨ 'ਤੇ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੂੰ ਸਾਢੇ 10 ਸਾਲ ਸਜ਼ਾ ਅਤੇ 2-2 ਲੱਖ ਰੁਪਏ ਜੁਰਮਾਨਾ ਹੋਇਆ ਸੀ।

ਜੁਰਮਾਨਾ ਨਾ ਦੇਣ ਦੀ ਸੂਰਤ ਵਿੱਚ 2-2 ਸਾਲ ਹੋਰ ਸਜ਼ਾ ਭੁਗਤਣੀ ਪੈਣੀ ਸੀ ਪਰ ਇੱਕ ਸਥਾਨਕ ਵਕੀਲ ਨਵਜੋਤ ਕੌਰ ਚੱਬਾ ਅਤੇ ਸਮਾਜਸੇਵੀ ਜਥੇਬੰਦੀ ਨੇ ਉਨ੍ਹਾਂ ਦਾ ਕੇਸ ਲੜਿਆ ਅਤੇ ਜੁਰਮਾਨਾ ਜਮ੍ਹਾ ਕਰਵਾ ਕੇ ਰਿਹਾਈ ਸੰਭਵ ਬਣਾਈ।

ਬੀਬੀਸੀ ਨਾਲ ਗੱਲਬਾਤ ਦੌਰਾਨ ਹਿਨਾ ਨੇ ਕਿਹਾ ਕਿ ਉਹ ਰਿਹਾਈ ਤੋਂ ਬਾਅਦ ਪਾਕਿਸਤਾਨ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਲਈ ਉਤਸਕ ਹੈ ਪਰ ਉਸਨੂੰ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬਣੀਆਂ ਉਸਦੀਆਂ ਮਾਸੀਆ ਅਤੇ ਉਸਦੇ ਕੇਸ ਦੀ ਪੈਰਵੀ ਕਰਨ ਵਾਲੀ ਵਕੀਲ ਨਵਜੋਤ ਕੌਰ ਚੱਬਾ ਖਾਸਤੌਰ 'ਤੇ ਯਾਦ ਆਏਗੀ।

ਹਿਨਾ ਦੱਸਦੀ ਹੈ, "ਨਵਜੋਤ ਕੌਰ ਮਾਸੀ ਨੇ ਸਾਡਾ ਕੇਸ ਲੜਿਆ, ਜੁਰਮਾਨੇ ਦੇ ਪੈਸੇ ਭਰਵਾਏ ਅਤੇ ਮੇਰੇ ਪਿਤਾ ਨਾਲ ਮੈਨੂੰ ਮਿਲਾਇਆ।''

"ਮੈਂ ਉਨ੍ਹਾਂ ਦਾ ਸ਼ੁਕਰੀਆ ਕਰਦੀ ਹਾਂ ਤੇ ਕਹਿਣਾ ਚਾਹਾਂਗੀ ਆਈ ਲਵ ਯੂ ਮਾਸੀ। ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਅਤੇ ਹੋਰ ਉੱਚੇ ਅਹੁਦੇ ਦੇਵੇ।''

ਅਸੀਂ ਗਲਤ ਪਛਾਣ ਦਾ ਸ਼ਿਕਾਰ ਹੋਏ

ਆਪਣੇ ਉੱਤੇ ਲੱਗੇ ਇਲਜ਼ਾਮਾਂ ਬਾਰੇ ਹਿਨਾ ਦੀ ਮਾਂ ਫਾਤਿਮਾ ਕਹਿੰਦੀ ਹੈ ਕਿ ਉਹ ਬੇਕਸੂਰ ਸਨ।

ਫਾਤਿਮਾ ਮੁਤਾਬਕ ਉਹ ਗੁਜਰਾਂਵਾਲਾ ਤੋਂ ਭਾਰਤ ਵਿੱਚ ਸਾਮਾਨ ਵੇਚਣ ਆਈਆਂ ਸਨ।

ਉਸ ਨੇ ਦਾਅਵਾ ਕੀਤਾ ਕਿ ਜਦੋਂ ਉਹ ਰੇਲਵੇ ਸਟੇਸ਼ਨ ਉੱਤੇ ਬੈਠੀਆਂ ਸਨ ਤਾਂ ਇੱਕ ਪਾਕਿਸਤਾਨੀ ਮੁੰਡਾ ਇਹ ਕਹਿ ਕੇ ਚਲਾ ਗਿਆ ਕਿ ਮੇਰੇ ਸਾਮਾਨ ਦਾ ਖਿਆਲ ਰੱਖਿਓ।

ਇੰਨੇ ਨੂੰ ਪੁਲਿਸ ਆ ਗਈ। ਪੁਲਿਸ ਨੇ ਉਨ੍ਹਾਂ ਨੂੰ ਪੁੱਛਿਆ ਕਿ ਇਹ ਕਿਸਦਾ ਸਾਮਾਨ ਹੈ। ਉਨ੍ਹਾਂ ਤੋਂ ਕਿਹਾ ਗਿਆ ਕਿ ਆਪਣਾ ਹੀ ਹੈ।

ਫਾਤਿਮਾ ਮੁਤਾਬਕ ਪੁਲਿਸ ਉਨ੍ਹਾਂ ਨੂੰ ਸਾਮਾਨ ਦੇ ਨਾਲ ਲੈ ਗਈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸਮਝ ਆਈ ਕਿ ਇਹ ਤਾਂ ਨਸ਼ੀਲੇ ਪਦਾਰਥ ਸਨ।

ਉਨ੍ਹਾਂ ਮੁਤਾਬਕ ਜਿਸ ਵਿਅਕਤੀ ਦਾ ਉਹ ਸਾਮਾਨ ਸੀ ਉਹ ਲਹੌਰ ਦਾ ਰਹਿਣ ਵਾਲਾ ਸੀ ਜਿਸ ਨਾਲ ਉਨ੍ਹਾਂ ਦਾ ਕੋਈ ਵਾਹ-ਵਾਸਤਾ ਨਹੀਂ ਸੀ।

ਰਿਹਾਈ ਦੀ ਖੁਸ਼ੀ ਪਰ ਵਿਛੋੜੇ ਦਾ ਗਮ

ਫਾਤਿਮਾ ਕਹਿੰਦੀ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਰਿਹਾਈ ਸੰਭਵ ਹੋ ਸਕੀ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਇਸ ਸਮੇਂ ਦੌਰਾਨ ਬਹੁਤ ਕੁਝ ਬਦਲ ਗਿਆ।

ਉਸਦੀ ਮਾਂ ਦਾ ਇੰਤਕਾਲ ਭਾਰਤ ਵਿੱਚ ਹੀ ਹੋਇਆ ਸੀ ਜਦਕਿ ਉਨ੍ਹਾਂ ਦੇ ਪਿਤਾ ਦੀ ਮੌਤ ਪਾਕਿਸਤਾਨ ਵਿੱਚ ਹੋ ਗਈ। ਇਸ ਤਰ੍ਹਾਂ ਜੇਲ੍ਹ ਵਿੱਚ ਬਿਤਾਏ ਸਮੇਂ ਦੌਰਾਨ ਉਸ ਦੀ ਮਾਂ ਅਤੇ ਪਿਤਾ ਦੋਵੇਂ ਫੌਤ ਹੋ ਗਏ।

ਫਾਤਿਮਾ ਕਹਿੰਦੀ ਹੈ ਕਿ ਉਹ ਇਸ ਸਮੇਂ ਨੂੰ ਭੁੱਲ ਕੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੀ ਹੈ ਅਤੇ ਆਪਣੇ ਪਰਿਵਾਰ ਦੀ ਦੇਖਭਾਲ ਕਰਨਾ ਚਾਹੁੰਦੀ ਹੈ।

ਭਾਰਤ ਸਰਕਾਰ ਦਾ ਧੰਨਵਾਦ

ਫਾਤਿਮਾ ਭਾਰਤ ਸਰਕਾਰ ਦਾ ਇਸ ਗੱਲ ਲਈ ਧੰਨਵਾਦ ਕਰਦੀ ਹੈ ਕਿ ਉਸ ਦੀ ਧੀ ਹਿਨਾ ਨੂੰ ਉਸਦੇ ਨਾਲ ਹੀ ਰਹਿਣ ਦਿੱਤਾ ਗਿਆ ਅਤੇ ਉਸ ਦੀ ਪੜ੍ਹਾਈ ਲਿਖਾਈ ਦਾ ਵੀ ਖ਼ਾਸ ਖ਼ਿਆਲ ਰੱਖਿਆ ਗਿਆ।

ਫਾਤਿਮਾ ਦੋਹਾਂ ਦੇਸਾਂ ਦੀਆਂ ਸਰਕਾਰਾਂ ਨੂੰ ਅਪੀਲ ਕਰਦੀ ਹੈ ਕਿ ਉਹ ਰਿਸ਼ਤਿਆਂ ਨੂੰ ਸੁਖਾਵੇਂ ਬਣਾਉਣ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਇੱਕ-ਦੂਜੇ ਦੇ ਨਾਗਰਿਕਾਂ ਨੂੰ ਰਿਹਾਅ ਕਰਨ।

ਪਿਆਰ ਦੀ ਨਿਸ਼ਾਨੀ

ਹਿਨਾ ਦਾ ਕੇਸ ਲੜਨ ਵਾਲੀ ਵਕੀਲ ਨਵਜੋਤ ਕੌਰ ਚੱਬਾ ਅਤੇ ਹਿਊਮੈਨਿਟੀ ਕਲੱਬ ਨੇ ਹਿਨਾ ਨੂੰ ਕਈ ਤੋਹਫ਼ੇ ਦਿੱਤੇ ਹਨ।

ਹਿਊਮੈਨਿਟੀ ਕਲੱਬ ਵੱਲੋਂ ਇੱਕ ਖਾਸ ਤਰ੍ਹਾਂ ਦਾ ਲਾਕੇਟ ਹਿਨਾ ਨੂੰ ਤੋਹਫੇ ਵਜੋਂ ਦਿੱਤਾ ਗਿਆ ਹੈ ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦੋਵਾਂ ਦੇ ਝੰਡੇ ਬਣਾ ਕੇ ਅਮਨ ਸ਼ਾਂਤੀ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)