ਗੁਰਦਾਸਪੁਰ ਜ਼ਿਮਨੀ ਚੋਣ ਪ੍ਰਚਾਰ 'ਚ ਕਿਹੜੇ ਮੁੱਦੇ ਰਹੇ ਭਾਰੀ?

    • ਲੇਖਕ, ਅਰਵਿੰਦ ਛਾਬੜਾ ਤੇ ਸਰਬਜੀਤ ਧਾਲੀਵਾਲ
    • ਰੋਲ, ਬੀਬੀਸੀ ਨਿਊਜ਼ ਪੰਜਾਬੀ

ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਅਮਲ ਮੁਕੰਮਲ ਹੋ ਗਿਆ ਹੈ।

ਸ਼ਾਮ ਪੰਜ ਵਜੇ ਭਾਵੇਂ ਵੋਟਿੰਗ ਦਾ ਸਮਾਂ ਪੂਰਾ ਹੋ ਗਿਆ ਸੀ ਪਰ ਕੁਝ ਥਾਵਾਂ ਉੱਤੇ ਲੋਕ ਕਤਾਰਾਂ ਵਿੱਚ ਲੱਗੇ ਹੋਏ ਸਨ।

ਸ਼ਾਮੀ ਚਾਰ ਵਜੇ ਤੱਕ ਸਮੁੱਚੇ ਹਲਕੇ ਵਿੱਚ ਕਰੀਬ 47 ਫ਼ੀਸਦ ਐਵਰੇਜ ਵੋਟਿੰਗ ਹੋਈ ਸੀ। ਸਭ ਵੱਧ ਪੋਲਿੰਗ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ 55 ਫ਼ੀਸਦ ਅਤੇ ਸਭ ਤੋਂ ਘੱਟ ਬਟਾਲਾ ਵਿੱਚ 41 ਫ਼ੀਸਦ ਹੋਈ।

ਇੱਕਾ ਦੁੱਕਾ ਮਾੜੀਆਂ ਮੋਟੀਆਂ ਝੜਪਾਂ ਨੂੰ ਛੱਡ ਕੇ ਚੋਣ ਅਮਲ ਸ਼ਾਂਤਮਈ ਰਿਹਾ।

ਮਾਝੇ ਦੀ ਇਸ ਸੀਟ ਉੱਤੇ ਕਾਂਗਰਸ, ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਪੋ-ਆਪਣੀ ਕਿਸਮਤ ਅਜਮਾ ਰਹੇ ਹਨ।

ਪ੍ਰਚਾਰ ਦੌਰਾਨ ਇਸ ਸੀਟ ਉੱਤੇ ਸਥਾਨਕ ਮੁੱਦਿਆਂ ਦੀ ਥਾਂ ਅਸ਼ਲੀਲਤਾ ਦੇ ਮੁੱਦੇ ਜ਼ਿਆਦਾ ਭਾਰੀ ਰਹੇ। ਚੋਣ ਮੈਦਾਨ 'ਚ ਉਤਰੇ ਤਿੰਨਾਂ ਉਮੀਦਵਾਰਾਂ ਦੇ ਸਿਆਸੀ ਸਫ਼ਰ 'ਤੇ ਇੱਕ ਨਜ਼ਰ:

ਸੁਨੀਲ ਜਾਖੜ,ਕਾਂਗਰਸ ਉਮੀਦਵਾਰ

ਮਾਲਵੇ ਦੀ ਪਿਛੋਕਣ ਨਾਲ ਸੰਬੰਧ ਰੱਖਣ ਵਾਲੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਪਹਿਲੀ ਵਾਰ ਮਾਝੇ ਦੇ ਦੰਗਲ ਵਿੱਚ ਆਪਣੀ ਕਿਸਮਤ ਅਜਮਾ ਰਹੇ ਹਨ।

ਜਾਖੜ ਆਪਣੇ ਹੀ ਇਲਾਕੇ ਅਬੋਹਰ ਤੋਂ ਮਿਲੀ ਹਾਰ ਦੇ ਦਾਗ ਨੂੰ ਧੋਣ ਦੀ ਕੋਸ਼ਿਸ਼ ਕਰਨਗੇ।

ਉਨ੍ਹਾਂ ਨੂੰ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਟਿਕਟ ਦਿੱਤੇ ਜਾਣ ਦਾ ਸਥਾਨਕ ਆਗੂਆਂ ਨੇ ਕਾਫ਼ੀ ਵਿਰੋਧ ਵੀ ਜਤਾਇਆ।

ਕੁੱਲ ਮਿਲਾ ਕੇ ਦੇਖਿਆ ਜਾਵੇ, ਤਾਂ ਪਾਰਟੀ ਨੇ ਜਾਖੜ ਨੂੰ ਜਤਾਉਣ ਲਈ ਪੂਰੀ ਤਾਕਤ ਲਾ ਦਿੱਤੀ ਹੈ।

ਚੰਗਾ ਪੱਖ

  • ਸੁਨੀਲ ਜਾਖੜ ਇੱਕ ਸਾਫ਼ ਛਵੀ ਤੇ ਚੰਗੀ ਬੋਲ-ਚਾਲ ਵਾਲੇ ਲੀਡਰ ਹਨ
  • ਪਾਰਟੀ ਦੇ ਸਾਰੇ ਲੀਡਰ ਇਕੱਠੇ ਹੋ ਕੇ ਉਨ੍ਹਾਂ ਲਈ ਚੋਣ ਪ੍ਰਚਾਰ ਕਰ ਰਹੇ ਹਨ
  • ਪਾਰਟੀ ਦਾ ਸੱਤਾ ਵਿੱਚ ਹੋਣ ਦਾ ਫ਼ਾਇਦਾ ਸੁਨੀਲ ਜਾਖੜ ਨੂੰ ਮਿਲ ਸਕਦਾ ਹੈ
  • ਹਿੰਦੂ ਚਿਹਰੇ ਦੇ ਨਾਲ ਨਾਲ ਚੰਗੀ ਛਵੀ ਉਨ੍ਹਾਂ ਦਾ ਚੋਣ 'ਚ ਸਾਥ ਦੇ ਸਕਦੀ ਹੈ

ਮਾੜਾ ਪੱਖ

  • ਬਾਹਰੀ ਉਮੀਦਵਾਰ ਹੋਣ ਦਾ ਨੁਕਸਾਨ ਹੋ ਸਕਦਾ ਹੈ
  • ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਮਿਲੀ ਹਾਰ ਦਾ ਸਿਲਸਿਲਾ
  • ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਕਰਜ਼ਾ ਮਾਫ਼ੀ ਦੇ ਵਾਅਦੇ ਨੂੰ ਪੂਰਾ ਨਾ ਕਰਨਾ
  • ਕਿਸਾਨ ਖੁਦਕੁਸ਼ੀਆਂ ਉਤੇ ਕਿਸੇ ਠੋਸ ਹੱਲ ਦਾ ਨਾ ਲੱਭਣਾ
  • ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਕਾਰਨ ਕਿਸਾਨਾਂ ਦੀ ਨਰਾਜ਼ਗੀ

ਸਵਰਨ ਸਲਾਰੀਆ,ਬੀਜੇਪੀ-ਅਕਾਲੀ ਦਲ

ਵਿਨੋਦ ਖੰਨਾ ਦੀ ਪਤਨੀ ਦੀ ਬਜਾਏ ਬੀਜੇਪੀ ਹਾਈ ਕਮਾਨ ਨੇ ਕਾਰੋਬਾਰੀ ਸਵਰਨ ਸਲਾਰੀਆ ਨੂੰ ਟਿਕਟ ਦਿੱਤੀ ਹੈ।

ਅਕਾਲੀ -ਬੀਜੇਪੀ ਲੀਡਰਾਂ ਨੇ ਗੁਰਦਾਸਪੁਰ ਵਿੱਚ ਸਵਰਨ ਸਲਾਰੀਆ ਦੇ ਹੱਕ 'ਚ ਚੋਣ ਪ੍ਰਚਾਰ ਸ਼ੁਰੂ ਕੀਤਾ ਹੀ ਸੀ ਕਿ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਤੇ ਸੀਨੀਅਰ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ 'ਤੇ ਰੇਪ ਦੇ ਇਲਜ਼ਾਮ ਲੱਗ ਗਏ।

ਲੰਗਾਹ ਦਾ ਕਥਿਤ ਸੈਕਸ ਵੀਡੀਓ ਵਾਇਰਲ ਹੋਇਆ। ਜਿੱਥੇ ਪਾਰਟੀ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੀ ਸੀ ਉੱਥੇ ਹੀ ਸਾਰਾ ਧਿਆਨ ਭਟਕ ਕੇ ਲੰਗਾਹ ਵਾਲੇ ਮੁੱਦੇ 'ਤੇ ਚਲਾ ਗਿਆ।

ਪਾਰਟੀ ਨੂੰ ਲੰਗਾਹ ਨੂੰ ਸਾਰਿਆਂ ਅਹੁਦਿਆਂ ਤੋਂ ਹਟਾਉਣਾ ਪਿਆ। ਇਹ ਮਾਮਲਾ ਥੋੜਾ ਠੰਡਾ ਪਿਆ ਸੀ ਕਿ ਉਮੀਦਵਾਰ ਸਵਰਨ ਸਲਾਰੀਆ ਦੇ ਕਥਿਤ ਅਸ਼ਲੀਲ ਵੀਡੀਓ ਨੇ ਮੁੜ ਤੋਂ ਚੋਣ ਪ੍ਰਚਾਰ 'ਤੇ ਬ੍ਰੇਕ ਲਗਾ ਦਿੱਤੀ।

ਚੰਗਾ ਪੱਖ

  • ਪਾਰਟੀ ਦੀ ਰਵਾਇਤੀ ਸੀਟ ਹੈ ਅਤੇ ਹਿੰਦੂ ਚਿਹਰਾ ਹੋਣ ਦਾ ਫਾਇਦਾ ਮਿਲ ਸਕਦਾ ਹੈ।

ਮਾੜਾ ਪੱਖ

  • ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਕਥਿਤ ਸੈਕਸ ਵੀਡੀਓ ਨਾਲ ਦੋਵਾਂ ਪਾਰਟੀਆਂ ਦੀ ਛਵੀ ਖ਼ਰਾਬ ਹੋਣਾ
  • ਸਲਾਰੀਆ ਨੂੰ ਬਾਹਰੀ ਉਮੀਦਵਾਰ ਹੋਣ ਦਾ ਨੁਕਸਾਨ ਹੋ ਸਕਦਾ ਹੈ
  • ਬੀਜੇਪੀ ਦੇ ਮਰਹੂਮ ਆਗੂ ਵਿਨੋਦ ਖੰਨਾ ਦੀ ਪਤਨੀ ਦਾ ਚੋਣ ਪ੍ਰਚਾਰ ਤੋਂ ਦੂਰ ਰਹਿਣਾ
  • ਸਲਾਰੀਆ ਦੀਆਂ ਕਥਿਤ ਏਤਰਾਜ਼ਯੋਗ ਤਸਵੀਰਾਂ ਦਾ ਵਿਵਾਦ

ਮੇਜਰ ਜਨਰਲ ਸੁਰੇਸ਼ ਖਜੁਰੀਆ, ਆਮ ਆਦਮੀ ਪਾਰਟੀ

ਹੁਣ ਤੱਕ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਸੁਰੇਸ਼ ਖਜੁਰੀਆ ਨੂੰ ਪਹਿਲੀ ਵਾਰ ਮਾਝੇ ਦੀ ਸਿਆਸਤ ਵਿੱਚ ਪਾਰਟੀ ਨੇ ਦਾਅ ਲਾਉਣ ਦਾ ਮੌਕਾ ਦਿੱਤਾ ਹੈ।

ਚੰਗਾ ਪੱਖ

  • ਸਾਫ ਸੁਥਰੀ ਛਵੀ
  • ਆਗੂ ਭਗਵੰਤ ਮਾਨ ਅਤੇ ਸੀਐਲਪੀ ਲੀਡਰ ਸੁਖਪਾਲ ਖਹਿਰਾ ਵੱਲੋਂ ਇੱਕ-ਜੁਟ ਹੋ ਕੇ ਚੋਣ ਪ੍ਰਚਾਰ ਕਰਨਾ

ਮਾੜਾ ਪੱਖ

  • ਪਾਰਟੀ ਦਾ ਮਾਝਾ ਇਲਾਕੇ ਵਿੱਚ ਕਮਜ਼ੋਰ ਹੋਣਾ
  • ਚੋਣਾਂ ਤੋਂ ਠੀਕ ਪਹਿਲਾਂ ਪਾਰਟੀ ਦੇ ਮਾਝਾ ਯੂਨਿਟ ਦੇ ਆਗੂਆਂ ਵੱਲੋਂ ਅਸਤੀਫਾ

ਪ੍ਰਚਾਰ ਦੌਰਾਨ ਕੀ ਰਹੇ ਮੁੱਖ ਮੁੱਦੇ?

ਗੁਰਦਾਸਪੁਰ ਜ਼ਿਮਨੀ ਚੋਣ ਨੂੰ ਇੱਕ ਅਜਿਹੀ ਚੋਣ ਵਜੋਂ ਯਾਦ ਕੀਤਾ ਜਾਵੇਗਾ ਜਿਸ ਵਿੱਚ ਸਾਰੀਆਂ ਪਾਰਟੀਆਂ ਇੱਕ-ਦੂਜੇ ਉੱਤੇ ਨਿੱਜੀ ਵਾਰ ਕਰਦੀਆਂ ਨਜ਼ਰ ਆਈਆਂ।

ਇਸਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਸੁੱਚਾ ਸਿੰਘ ਲੰਗਾਹ ਦੀ ਇੱਕ ਔਰਤ ਨਾਲ ਏਤਰਾਜ਼ਯੋਗ ਵੀਡੀਓ ਕਲਿੱਪ ਜਾਰੀ ਹੋਈ। ਇਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਬਲਾਤਕਾਰ, ਜ਼ਬਰਦਸਤੀ ਅਤੇ ਧੋਖਾਧੜੀ ਦੇ ਇਲਜ਼ਾਮਾਂ ਤਹਿਤ ਮੁਕੱਦਮਾ ਦਰਜ ਹੋਇਆ।

ਠੀਕ ਕੁਝ ਸਮਾਂ ਬਾਅਦ ਸਵਰਨ ਸਲਾਰੀਆ ਦੀਆਂ ਮੁੰਬਈ ਦੀ ਇੱਕ ਔਰਤ ਵੱਲੋਂ ਤਸਵੀਰਾਂ ਜਾਰੀ ਕੀਤੀਆਂ ਗਈਆਂ। ਜਿਸ ਨੇ ਵਿਆਹ ਦਾ ਵਾਅਦਾ ਕਰ ਕੇ ਉਸ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਸੀ।

ਇਸ ਤੋਂ ਇਲਾਵਾ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ ਮੁੱਦਾ ਕਾਫ਼ੀ ਗਰਮ ਰਿਹਾ।

ਕਾਂਗਰਸ ਸਰਕਾਰ ਦੇ ਕਰਜ਼ਾ ਮਾਫ਼ੀ ਦੇ ਵਾਅਦੇ ਨੂੰ ਪੂਰਾ ਨਾ ਕਰਨ 'ਤੇ ਗੁੱਸਾਏ ਕਿਸਾਨਾਂ ਨੇ ਇਨ੍ਹਾਂ ਦਿਨਾਂ ਵਿੱਚ ਕਈ ਵਾਰ ਰੋਸ ਪ੍ਰਦਰਸ਼ਨ ਵੀ ਕੀਤੇ।

ਨਸ਼ੇ ਦਾ ਮੁੱਦਾ ਵੀ ਪਾਰਟੀਆਂ ਨੇ ਕਾਫ਼ੀ ਛੇੜਿਆ। ਖ਼ਾਸ ਤੌਰ 'ਤੇ ਕਾਂਗਰਸ ਦਾ ਦਾਅਵਾ ਸੀ ਕਿ ਉਹ ਸਰਕਾਰ ਬਣਨ ਤੋਂ ਬਾਅਦ 4 ਹਫ਼ਤਿਆਂ ਵਿੱਚ ਹੀ ਨਸ਼ਾ ਖ਼ਤਮ ਕਰ ਦਵੇਗੀ।

ਪਰ ਵਿਰੋਧੀ ਪਾਰਟੀਆਂ ਇਸ ਨੂੰ ਖੋਖਲਾ ਦਾਅਵਾ ਦੱਸ ਰਹੀਆਂ ਹਨ।

ਵਿਕਾਸ ਦੇ ਮੁੱਦੇ ਨੂੰ ਸਾਰੀ ਪਾਰਟੀਆਂ ਨੇ ਲਗਾਤਾਰ ਚੁੱਕਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਧੂ ਵਿਕਾਸ ਲਈ ਸੁਨੀਲ ਜਾਖੜ ਨੂੰ ਵੋਟ ਦੇਣ।

ਭਾਜਪਾ ਨੇ ਕਿਹਾ ਕਿ ਉਹ ਸਲਾਰੀਆ ਨੂੰ ਜਿਤਾ ਕੇ ਮੋਦੀ ਦੇ ਵਿਕਾਸ ਦੇ ਸੁਪਨੇ ਨੂੰ ਯਕੀਨੀ ਬਣਾਉਣ।

ਮਰਹੂਮ ਸਾਂਸਦ ਅਤੇ ਬਾਲੀਵੁੱਡ ਸੁਪਰਸਟਾਰ ਵਿਨੋਦ ਖੰਨਾ ਦੇ ਨਾਂ ਤੇ ਬੀਜੇਪੀ ਨੇ ਜਨਤਾ ਤੋਂ ਵੋਟਾਂ ਬਟੋਰਨ ਦੀ ਕੋਸ਼ਿਸ਼ ਕੀਤੀ। ਬੀਜੇਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਰਟੀ ਦੀ ਜਿੱਤ ਖੰਨਾ ਨੂੰ ਸ਼ਰਧਾਂਜਲੀ ਹੋਵੇਗੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)