ਸੰਘ ਵਿਰੋਧੀ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੀ ਚੁਫੇਰਿਓਂ ਨਿੰਦਾ

ਆਰਐੱਸਐੱਸ(ਸੰਘ) ਦੇ ਕੱਟੜ ਹਿੰਦੂਵਾਦੀ ਏਜੰਡੇ ਦਾ ਵਿਰੋਧ ਕਰਨ ਵਾਲੀ ਕੰਨੜ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਦੇਸ਼ ਭਰ ਵਿੱਚ ਤਿੱਖਾ ਪ੍ਰਤੀਕਰਮ ਹੋ ਰਿਹਾ ਹੈ। ਕਈ ਥਾਵਾਂ ਤੇ ਰੋਸ ਮੁਜ਼ਾਹਰੇ ਹੋ ਰਹੇ ਹਨ।

"ਦਾਬੋਲਕਰ, ਪੰਸਾਰੇ, ਕੁਲਬਰਗੀ ਤੇ ਹੁਣ ਗੌਰੀ ਲੰਕੇਸ਼, ਜੇਕਰ ਇੱਕ ਹੀ ਤਰ੍ਹਾਂ ਦੇ ਲੋਕ ਕਤਲ ਕੀਤੇ ਜਾ ਰਹੇ ਹਨ ਤਾਂ ਕਾਤਲ ਕਿਹੇ ਜਿਹੇ ਲੋਕ ਹੋਣਗੇ?" ਜਾਣੇ ਪਛਾਣੇ ਲੇਖਕ ਜਾਵੇਦ ਅਖ਼ਤਰ ਦਾ ਇਹ ਟਵੀਟ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਦਾ ਪ੍ਰਤੀਕਰਮ ਹੈ।

ਆਜ਼ਾਦ ਤੇ ਸਥਾਪਤੀ ਵਿਰੋਧੀ ਸੋਚ ਵਾਲੇ ਲੋਕਾਂ ਦੇ ਲਗਾਤਾਰ ਹੋ ਰਹੇ ਕਤਲਾਂ ਨੂੰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਬਿਆਨ ਕਰਦਿਆਂ ਲਿਖਿਆ, "ਪੰਸਾਰੇ, ਕੁਲਬਰਗੀ, ਦਾਬੋਲਕਰ ਤੇ ਲੰਕੇਸ਼। ਅਗਲਾ ਕੌਣ ? ਇਹ ਕੀ ਹੋ ਰਿਹਾ ਹੈ? ਪਿਛਲੇ ਕੇਸਾਂ ਵਿੱਚ ਹੁਣ ਤੱਕ ਕਿਸੇ ਨੂੰ ਦੋਸ਼ੀ ਨਹੀਂ ਕਰਾਰ ਨਹੀਂ ਦਿੱਤਾ ਗਿਆ।"

ਅਜਿਹੇ ਹੀ ਹੋਰ ਬਹੁਤ ਸਾਰੇ ਪ੍ਰਤੀਕਰਮ ਸੀਨੀਅਰ ਪੱਤਰਕਾਰ ਤੇ ਦੱਖਣਪੰਥੀਆਂ ਦੀ ਆਲੋਚਕ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਦੇਸ ਭਰ ਤੋਂ ਆ ਰਹੇ ਹਨ।

ਗੌਰੀ ਲੰਕੇਸ਼ ਦੀ ਮੰਗਲਵਾਰ ਸ਼ਾਮ ਨੂੰ ਬੇਂਗਲੁਰੂ `ਚ ਉਸ ਦੇ ਘਰ ਦੀ ਡਿਉਢੀ ਉੱਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਮੋਦੀ ਮੰਤਰੀਮਡਲ `ਚ ਸ਼ਾਮਿਲ ਰਾਜਵਰਧਨ ਸਿੰਘ ਰਾਠੌਰ ਨੇ ਇੱਕ ਟਵੀਟ ਦੇ ਜ਼ਰੀਏ ਗੌਰੀ ਲੰਕੇਸ਼ ਕੇ ਕਤਲ ਦੀ ਨਿੰਦਾ ਕੀਤੀ ਹੈ।

ਕੌਣ ਸੀ ਗੌਰੀ ਲੰਕੇਸ਼

`ਲੰਕੇਸ਼` ਮੈਗਜ਼ੀਨ ਦੀ ਸੰਪਾਦਕ ਗੌਰੀ ਸਮਾਜ ਵਿੱਚ `ਫ਼ਿਰਕੂ ਸਦਭਾਵਨਾ` ਦੀ ਬਹਾਲੀ ਲਈ ਲੜਨ ਵਾਲੀ ਕਾਰਕੁੰਨ ਸੀ।

ਗੌਰੀ ਲੰਕੇਸ਼ ਦੀ ਉਮਰ 55 ਸਾਲ ਸੀ ਅਤੇ ਉਹ ਐਵਾਰਡ ਜੇਤੂ ਫਿਲਮਕਾਰ ਪੀ ਲੰਕੇਸ਼ ਦੀ ਧੀ ਸੀ ।

ਫ਼ਿਰਕੂਵਾਦੀ ਸਿਆਸਤ ਅਤੇ ਜਾਤ-ਪਾਤ ਖ਼ਿਲਾਫ਼ ਸਪੱਸ਼ਟ ਤੇ ਨਿਡਰ ਰਾਏ ਰੱਖਣ ਵਾਲੀ ਲੰਕੇਸ਼ ਹਮੇਸ਼ਾ ਦੱਖਣਪੰਥੀਆਂ ਦੇ ਨਿਸ਼ਾਨੇ ਉੱਤੇ ਰਹੀ।

ਸੋਸ਼ਲ ਮੀਡੀਆ ਉੱਤੇ ਉਹ ਹਮੇਸ਼ਾਂ 'ਪ੍ਰੈੱਸ ਦੀ ਅਜ਼ਾਦੀ' ਅਤੇ 'ਆਪਣੀ ਗੱਲ ਕਹਿਣ ਦੇ ਅਧਿਕਾਰ' ਦੀ ਵਕਾਲਤ ਕਰਦੀ ਸੀ।

ਕਿਵੇਂ ਹੋਇਆ ਕਤਲ?

ਬੈਂਗਲੁਰੂ ਦੇ ਪੁਲਿਸ ਕਮਿਸ਼ਨਰ ਸੁਨੀਲ ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਮੰਗਲਵਾਰ ਸ਼ਾਮ ਗੌਰੀ ਜਦੋਂ ਆਪਣੇ ਘਰ ਵਾਪਿਸ ਆ ਰਹੀ ਸੀ ਤਾਂ ਉਨ੍ਹਾਂ ਦੇ ਘਰ ਦੇ ਬਾਹਰ ਸੀ ਜਾਨਲੇਵਾ ਹਮਲਾ ਕੀਤਾ ਗਿਆ। ਹਮਲੇ ਦਾ ਕਾਰਨ ਕੀ ਸੀ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।"

ਨਾਮ ਨਾ ਦੱਸਣ ਦੀ ਸ਼ਰਤ ਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੌਰੀ ਜਦੋਂ ਰਾਜ ਰਾਜੇਸ਼ਵਰੀ ਨਗਰ `ਚ ਆਪਣੇ ਘਰ ਵਾਪਿਸ ਆ ਕੇ ਦਰਵਾਜ਼ਾ ਖੋਲ੍ਹ ਰਹੀ ਸੀ ਤਾਂ ਹਮਲਾਵਰਾਂ ਨੇ ਉਸ ਦੀ ਛਾਤੀ ਉੱਤੇ ਦੋ ਅਤੇ ਸਿਰ `ਚ ਇੱਕ ਗੋਲੀ ਮਾਰੀ।

ਸਿੱਧਾ ਰਮਈਆ ਦੇ ਦੋਸਤ ਸਨ ਗੌਰੀ ਦੇ ਪਿਤਾ

ਕਰਨਾਟਕ ਦੇ ਮੁੱਖ ਮੰਤਰੀ ਸਿੱਧਾ ਰਮਈਆ ਗੌਰੀ ਦੇ ਪਿਤਾ ਪੀ ਲੰਕੇਸ਼ ਦੇ ਦੋਸਤ ਰਹੇ ਹਨ। ਉਨ੍ਹਾਂ ਗੌਰੀ ਦੇ ਕਤਲ ਉੱਤੇ ਟਵੀਟ ਰਾਹੀਂ ਸਖ਼ਤ ਟਿੱਪਣੀ ਕੀਤੀ ਹੈ।

ਉਨ੍ਹਾਂ ਨੇ ਇਸ ਨੂੰ ਸ਼ਬਦਾਂ ਵਿੱਚ ਨਾ ਬਿਆਨ ਕੀਤਾ ਜਾਣ ਵਾਲਾ ਸਾਕਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਘਿਨੌਨੇ ਜ਼ੁਰਮ ਨੂੰ ਸ਼ਬਦਾਂ `ਚ ਬਿਆਨ ਨਹੀਂ ਕੀਤਾ ਜਾ ਸਕਦਾ।

"ਇਹ ਲੋਕਤੰਤਰ ਦਾ ਕਤਲ ਹੈ। ਗੌਰੀ ਲੰਕੇਸ਼ ਦੀ ਮੌਤ ਨਾਲ ਕਰਨਾਟਕ ਨੇ ਇੱਕ ਪ੍ਰਗਤੀਵਾਦੀ ਅਵਾਜ਼ ਅਤੇ ਮੈਂ ਇੱਕ ਦੋਸਤ ਗਵਾ ਦਿੱਤਾ ਹੈ।"

ਗੌਰੀ ਦੇ ਦੋ ਆਖਿਰੀ ਟਵੀਟ

ਗੌਰੀ ਲੰਕੇਸ਼ ਨੇ ਇੰਨ੍ਹਾਂ ਟਵੀਟਸ `ਚ ਲਿਖਿਆ ਸੀ, "ਅਸੀਂ ਕੁਝ ਫਰਜ਼ੀ ਪੋਸਟ ਸ਼ੇਅਰ ਕਰਨ ਦੀ ਗਲਤੀ ਕਰਦੇ ਹਾਂ। ਆਓ ਇੱਕ ਦੂਜੇ ਨੂੰ ਦੱਸੀਏ ਅਤੇ ਇੱਕ-ਦੂਜੇ ਨੂੰ ਐਕਸਪੋਜ਼ ਕਰਨ ਦੀ ਕੋਸ਼ਿਸ਼ ਨਾ ਕਰੀਏ।"

ਆਪਣੇ ਅਗਲੇ ਟਵੀਟ `ਚ ਗੌਰੀ ਲਿਖਦੀ ਹੈ, "ਮੈਨੂੰ ਅਜਿਹਾ ਕਿਉਂ ਲੱਗ ਰਿਹਾ ਹੈ ਕਿ ਸਾਡੇ `ਚੋਂ ਕਈ ਲੋਕ ਖੁਦ ਨਾਲ ਹੀ ਲੜਾਈ ਲੜ ਰਹੇ ਹਨ। ਅਸੀਂ ਆਪਣੇ ਸਭ ਤੋਂ ਵੱਡੇ ਦੁਸ਼ਮਣ ਨੂੰ ਜਾਣਦੇ ਹਾਂ। ਕੀ ਅਸੀਂ ਸਾਰੇ ਇਸ `ਤੇ ਧਿਆਨ ਲਾ ਸਕਦਾ ਹਾਂ।"

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)